ਇੱਕ ਦਿਨ ਆਪਣੇ ਗਰਾਈਂ ਸਾਥੀ ਦੀ ਭਾਲ ਵਿੱਚ ਨਿਕਲ ਤੁਰੇ । ਗਰਾਈਂ ਦਾ ਪਤਾ ਹੈ ਇਨ੍ਹਾਂ ਕੋਲ ਪਰ ਪੰਜਾਬੀ ਵਿੱਚ ਲਿਖਿਆ ਹੈ । ਜਬਾਨ ਦਾ ਅੜਿੱਕਾ ਹੈ । ਕੀਹਨੂੰ ਪੁੱਛਣ ਬੜੇ ਔਖੇ ਹੋ ਗਏ ।
ਜਦੋਂ ਪ੍ਰਦੇਸ ਵਿੱਚ ਗੁਆਚ ਜਾਈਏ ਤਾਂ ਸੱਤੇ ਭੁੱਲ ਜਾਂਦੀਆਂ ਹਨ । ਕੁੱਝ ਭੀ ਤਾਂ ਨਹੀਂ ਸੁਝਦਾ । ਸਿਆਣੇ ਭੀ ਅਕਲ ਗੁਆ ਬੈਠਦੇ ਹਨ । ਇਨ੍ਹਾਂ ਨਾਲ ਭੀ ਏਹੀ ਹੋ ਰਿਹਾ ਸੀ । ਚਲਦੇ ਚਲਦੇ ਇੱਕ ਪਾਰਕ ਲਾਗੇ ਜਾ ਪਹੁੰਚੇ । ਕੁਝ ਆਰਾਮ ਕਰਨ ਦਾ ਖਿਆਲ ਆਇਆ ਅੰਦਰ ਚਲੇ ਗਏ ।
ਭੁੱਲੇ ਭਟਕੇ ਦੀ ਜਦ ਕੋਈ ਮਦਦ ਨ ਕਰੇ ਕੋਈ ਆਸਰਾ ਨ ਦੇਵੇ ਪ੍ਰਮਾਤਮਾ ਨੂੰ ਫਿਕਰ ਪੈ ਜਾਂਦਾ ਹੈ ਅਤੇ ਉਹ ਕੋਈ ਅਜਿਹੀ ਵਿਉਂਤ ਬਣਾਉਦਾ ਹੈ ਕਿ ਪੌਂ ਬਾਰਾਂ ਹੋ ਜਾਂਦੀਆਂ ਹਨ । ਏਸੇ ਪਾਰਕ ਦੇ ਲਾਗੇ ਹੀ ਸੀ ਇਨ੍ਹਾਂ ਦੇ ਗਰਾਈਂ ਦਾ ਟਿਕਾਣਾ ।
ਸ਼ਾਮ ਹੋ ਗਈ ਬੈਠਿਆਂ ਨੂੰ । ਹੁਣ ਤਾਂ ਇਨ੍ਹਾਂ ਨੂੰ ਮੁੜਕੇ ਢਾਬੇ ਭੀ ਪਹੁੰਚਣਾ ਮੁਸ਼ਕਲ ਹੋ ਗਿਆ ਸੀ ਕਿਉਂ ਜੋ ਬੜੀਆਂ ਗਲੀਆਂ ਬੜੇ ਮੋੜ ਕੱਟਕੇ ਪਹੁੰਚੇ ਸਨ ਏਸ ਪਾਰਕ ਵਿੱਚ ।
ਇਹ ਉਹੀ ਪਾਰਕ ਹੈ ਜਿਸ ਵਿੱਚੋਂ ਗੋਰੀ ਤੇ ਜੀਤਾ ਬਾਬੇ ਨਾਲ ਗਏ ਸਨ । ਏਧਰ ਉਧਰ ਦੇਖ ਤਾਂ ਰਹੇ ਹੀ ਸਨ ਕਿ ਦੇਵਨੇਤ ਨਾਲ ਇਨ੍ਹਾਂ ਦਾ ਗਰਾਈਂ ਪਾਰਕ ਕੋਲ ਦੀ ਲੰਘਦਾ ਇੰਨ੍ਹਾਂ ਚੋਂ ਇੱਕ ਦੀ ਨਜ਼ਰ ਪੈ ਗਿਆ । ਪਹਿਲੋਂ ਤਾਂ ਉਹਨੇ ਸਮਝਿਆ ਕਿ ਇੱਕ ਪੰਜਾਬੀ ਭਰਾ ਜਾਂਦਾ ਹੈ ਇਸ ਤੋਂ ਕੁੱਝ ਪੁੱਛਾਂਗੇ ਪਰ ਗੌਰ ਨਾਲ ਦੇਖਿਆ ਤਾਂ ਉਹੀ ਗਰਾਈਂ ਮਿਲ ਗਿਆ ਜਿਸ ਦੀ ਭਾਲ ਵਿੱਚ ਨਿਕਲੇ ਸਨ ।
ਫੇਰ ਕੀ ਸੀ ਸਾਰੇ ਦੌੜ ਕੇ ਜਾ ਮਿਲੇ । ਖੁਸ਼ੀ ਤਾਂ ਐਨੀ ਹੋਈ ਕਿ ਇਨ੍ਹਾਂ ਨੂੰ ਤਹਿਰਾਨ ਸ਼ਹਿਰ ਹੀ ਹਸਦਾ ਗਾਉਂਦਾ ਅਨੁਭਵ ਹੋਵੇ । ਪ੍ਰਦੇਸਾਂ ਵਿੱਚ ਘਰ ਦਾ ਬੰਦਾ ਮਿਲ ਜਾਏ ਰੱਬ ਦੇ ਮਿਲਣ ਜੇਡੀ ਖੁਸ਼ੀ ਹੁੰਦੀ ਹੈ । ਗਰਾਈ ਭੀ ਖੁਸ਼ ਹੋਇਆ ਕਿਉਕਿ ਉਹ ਭੀ ਇਨਾਂ ਦੀ ਟੋਲ ਵਿੱਚ ਸੀ । ਜੀਤੇ ਤੇ ਗੋਰੀ ਨੇ ਜਦੋਂ ਤੋ ਇਨਾਂ ਬਾਰੇ ਦੱਸਿਆ ਸੀ ਇਸ ਨੂੰ ੳਦੋਂ ਤੋਂ ਇਨਾਂ ਬਾਰੇ ਚਿੰਤਾ ਸੀ। ਘਰ ਲੈ ਆਇਆ ਸਾਰਿਆਂ ਨੂੰ ਅੱਠ ਜਾਣੇ ਸਨ ਇਹ ।
ਇਨਾਂ ਨੇ ਗਰਾਈਂ ਨੂੰ ਦੱਸਿਆ ਕਿ ਜਾਤਾ ਤੇ ਗੋਰੀ ਪੋਲੀਸ ਨੇ ਫੜ ਲਏ ਸਨ ਹੁਣ ਪਤਾ ਨਹੀਂ ਵਿਚਾਰਿਆਂ ਨਾਲ ਕੀ ਬੀਤੀ ਹੋਊ । ਪਰ ਜਦੋ ਗਰਾਈਂ ਨੇ ਦੱਸਿਆ ਕਿ ਉਹ ਆ ਗਏ ਸੀ ਉਸ ਕੋਲ ਪਰ ਪਤਾ ਨਹੀਂ ਬਗੈਰ ਦੱਸੇ ਈ ਕਿਧਰ ਚਲੇ ਗਏ । ਫੇਰ ਕੋਈ ਉੱਘ ਸੁੱਘ ਨਹੀਂ ਨਿਕਲੀ। ਰਹੇ ਨੇ ਦੋ ਦਿਨ ਉਸ ਪਾਸ ਪਰ ਦੁੱਖ ਇਸ ਗੱਲ ਦਾ ਹੈ ਕਿ ਜੇ ਉੱਜੜਨਾ ਈ ਸੀ ਤਾਂ ਦੱਸ ਕੇ ਚਲੇ ਜਾਂਦੇ । ਪਰ ਹੁਣ ਕੀ ਹੋ ਸਕਦਾ ਸੀ । ਸਾਰੇ ਬੜੇ ਹੈਰਾਨ ਹੋਏ ਇਹ ਸੁਣਕੇ ।
ਪੰਜ ਛੀ ਦਿਨ ਕਟਾਏ ਗਰਾਈਂ ਨੇ ਇਨ੍ਹਾਂ ਦੇ । ਕੁਝ ਪੈਸੇ ਭੀ ਦਿੱਤੇ ਆਪਣੇ ਕੋਲੋਂ । ਗਰਾਈਂ ਆਪਣੇ ਪਾਲਿਉਂ ਡਰੇ ਕਿ ਪੋਲੀਸ ਨੂੰ ਪਤਾ ਲੱਗ ਗਿਆ ਤਾਂ ਏਹਨਾ ਨਾਲ ਤਾਂ ਜੋ ਹੋਊ ਸੋ ਹੋਊ ਉਸਦੀ ਪਹਿਲਾਂ ਨੌਕਰੀ ਜਾਊ ਫੇਰ ਦੇਸ ਨਿਕਾਲਾ ।
ਹੁਣ ਏਜੰਟ ਤੋਂ ਤਾਂ ਸਾਰੇ ਬੇਆਸ ਹੋ ਗਏ ਸਨ । ਹੋਰ ਕੋਈ ਪਾਸਾ ਭੀ ਝਲਦਾ ਨਜ਼ਰ ਨਹੀਂ ਸੀ ਆਉਂਦਾ ।ਕੰਮ ਮਿਲਨਾ ਤਾਂ ਦੂਰ ਦੀ ਗੱਲ ਸੀ । ਤਾਂ ਏਹੀ ਰਾਏ ਬਣੀ ਕਿ ਕਿਵੇਂ ਨਾ ਕਿਵੇਂ ਵਾਪਸ ਭਾਰਤ ਪਹੁੰਚੀਏ ।
ਗਰਾਈਂ ਕਾਫੀ ਦੇਰ ਦਾ ਰਹਿੰਦਾ ਸੀ ਏਥੇ । ਵਾਕਫ ਸੀ ਸ਼ਹਿਰ ਦਾ । ਇਨਾਂ ਸਾਥੀਆਂ ਨੂੰ ਲੋਕਲ ਬਸ ਚੜ੍ਹਾਕੇ ਭਾਰਤੀ ਦੂਤ ਘਰ ਲੈ ਆਇਆ । ਬੇਨਤੀ ਕੀਤੀ ਕਿ ਇਹ ਮੁੰਡੇ ਇੱਕ ਏਜੰਟ ਦੇ ਹੱਥੀਂ ਚੜ੍ਹਕੇ ਏਥੇ ਆ ਗਏ ਸਨ ।ਹੁਣ ਏਜੰਟ ਗਾਇਬ ਹੈ ਤੇ ਇਨਾਂ ਪਾਸ ਨ ਕੋਈ ਥਾਂ ਟਿਕਾਣਾ ਹੈ ਤੇ ਨ ਹੀ ਖਰਚਾ । ਇਨਾਂ ਨੂੰ ਭਾਰਤ ਪਹੁੰਚਾਇਆ ਜਾਵੇ ।
ਪਹਿਲਾਂ ਤਾਂ ਉਨ੍ਹਾਂ ਨੇ ਪੈਰਾਂ ਤੇ ਪਾਣੀ ਨ ਪੈਣ ਦਿੱਤਾ । ਪਰ ਜਦ ਭਾਰਤ ਚੋਂ ਭਾਰਤ ਸਰਕਾਰ ਦਾ ਸੰਦੇਸ਼ ਪਹੁੰਚਿਆ ਤਾਂ ਉਨ੍ਹਾਂ ਦੇ ਕੰਨ ਤੇ ਜੂੰ ਸਰਕੀ ।
ਅਖਬਾਰਾਂ ਵਿੱਚ ਇਨ੍ਹਾਂ ਬਾਰੇ ਰੋਜ ਚਰਚਾ ਛਪਦੀ ਸੀ । ਮਾਂ ਬਾਪ ਨੇ ਦਿੱਲੀ ਆ ਕੇ ਭੱਜ ਨੱਸ ਕੀਤੀ ਤਾਂ ਜਾ ਕੇ ਇਨ੍ਹਾਂ ਦੀ ਵਾਪਸੀ ਦਾ ਸਬੱਬ ਬਣਿਆ ।
ਪਹਿਲੋਂ ਤਾਂ ਇਨ੍ਹਾਂ ਦਾ ਪ੍ਰਬੰਧ ਹੋਟਲ ਵਿੱਚ ਕਰ ਦਿੱਤਾ ਗਿਆ । ਕਾਬਲ ਜਾਣ ਵਾਲੀ ਫਲਾਈਟ ਵਿੱਚ ਇਨ੍ਹਾਂ ਦਾ ਜਾਣ ਦਾ ਪ੍ਰਬੰਧ ਕੀ ਤਾ ਗਿਆ । ਚੌਥੇ ਦਿਨ ਇਹ ਕਾਬਲ ਆ ਪਹੁੰਚੇ । ਜਿੱਥੇ ਕੁਝ ਦਿਨ ਪਹਿਲਾਂ ਇਹ ਭਾਰਤ ਚੋਂ ਆ ਕੇ ਉਤਰੇ ਸਨ । ਉਸ ਸਮੇ ਤਾਂ ਮਨਾਂ ਅੰਦਰ ਘਰਾਂ ਦਾ ਚਾਉ ਸੀ ਪਰ ਅੱਜ ਸਭ ਦੇ ਦਿਲ ਮਸੋਸੇ ਹੋਏ ਹਨ । ਚਾਅ ਅਲੋਪ ਹੋ ਗਏ ਸਨ । ਪਛਤਾਵਾ ਹੀ ਪਛਤਾਵਾ ਸੀ ਸਭ ਦੇ ਮਨਾਂ ਵਿੱਚ । ਫੇਰ ਭੀ ਸ਼ੁਕਰ ਕਰਦੇ ਸਨ ਕਿ ਮਰਨੋਂ ਤਾਂ ਬਚੇ । ਘਰ ਤਾਂ ਪਹੁੰਚ ਜਾਣਗੇ ।
ਦੋ ਦਿਨ ਕਾਬਲ ਇੰਤਜ਼ਾਰ ਕਰਨਾ ਪਿਆ । ਏਥੇ ਭੀ ਇਕ ਹੋਟਲ ਵਿੱਚ ਪ੍ਰਬੰਧ ਕੀਤਾ ਗਿਆ ਸੀ । ਹੁਣ ਤੇ ਇਹ ਸਰਕਾਰੀ ਮਹਿਮਾਨ ਸਨ । ਖਾਣਾ ਪੀਣਾ ਅਤੇ ਆਰਾਮ ਦੇ ਸਾਰੇ ਪ੍ਰਬੰਧ ਸਨ ਭਾਵੇਂ ਇਹ ਸਾਰਾ ਖਰਚਾ ਮਾਂ ਬਾਪ ਤੋਂ ਲਿਆ ਜਾਣਾ ਸੀ ਪਰ ਇਹ ਸੁਖੀ ਸਨ ।
ਕਾਬਲ ਤੋਂ ਭਾਰਤ ਲਈ ਰਵਾਨਾ ਹੋਏ ਤਾਂ ਗੱਲੀਂ ਪੈ ਗਏ ।
'ਸਾਲਿਉ ਕਿਵੇਂ ਮੱਥੇ ਲੱਗਾਂਗੇ ਲੋਕਾਂ ਦੇ ।' ਇਕ ਬੋਲਿਆ ।
'ਮੱਥਿਆਂ ਨੂੰ ਕੀ ਕੋਹੜ ਚੱਲਿਆ ਬਸ ਗਏ ਸੀ ਆ ਗੇ । ਚੱਲੋ ਆਪਾਂ ਪੰਡਤ ਨੂੰ ਦੋ ਗਾਲਾਂ ਵੱਧ ਕੱਢ ਦਿਆ ਕਰਾਂਗੇ ।' ਦੂਜੇ ਨੇ ਕਿਹਾ ।
'ਉਏ ਆਪਾਂ ਤੁਰਨ ਵੇਲੇ ਤਾਂ ਕਹਿੰਦੇ ਸੀ ਸੋਨੇ ਦੀਆਂ ਕੰਧਾਂ ਬਣਾ ਦਿਆਂਗੇ ਹੁਣ ਸਾਲਿਉ ਬੇਬੇ ਦੀਆਂ ਮੁਰਕੀਆਂ ਜੋਗਾ ਹੀ ਲੈ ਵਲੋ ।' ਤੀਜੇ ਨੇ ਕਿਹਾ ।
'ਉਏ ਫਿਰ ਬਾਪੂ ਰੁੱਸ ਜੂ ਜੇ ਛਾਪ ਨਾ ਲੈ ਕੇ ਗਏ ।' ਪਹਿਲੇ ਨੇ ਕਿਹਾ ।
'ਆਪਾਂ ਕੋਈ ਕੰਮ ਕਰੋ ਚੱਲਕੇ । ਐਂ ਨੀ ਠੀਕ ਲਗਦਾ ।' ਦੂਜੇ ਨੇ ਕਿਹਾ ।
'ਕੰਮ ਮੈਂ ਦਸਦਾਂ । ਕੱਟੇ ਖਰੀਦਿਆ ਕਰੋ ਤੇ ਟਰੱਕ ਭਰਕੇ ਦਿੱਲੀ । ਸਾਰੇ ਈ ਅਰਾਨ ਐ ।'
'ਉਏ ਕੋਈ ਚੱਜਦੀ ਗੱਲ ਵੀ ਕਰ ਲਿਆ ਕਰੋ ਕਿ ਜਭਲੀਆਂ ਈ ਮਾਰੀ ਜਾਉਂਗੇ ।' ਪਹਿਲੇ ਨੇ ਕਿਹਾ ।
'ਚੁੱਪ ਕਰਕੇ ਬੈਠ,ਦਿੱਲੀ ਜਾ ਕੇ ਸੋਚਾਂਗੇ ਬਈ ਕਿਹੜੀ ਜੇਲ੍ਹ ਠੀਕ ਰਹੂ । ਆਪਾਂ ਜੇਲ੍ਹ ਚ ਤੇ ਘਰਦੇ ਕਹਿਣਗੇ ਅਰਾਨ ਗਏ ਅਜੇ ਕਮਾਈ ਚ ਰੁੱਝੇ ਐ ।' ਦੂਜਾ ਬੋਲਿਆ
ਉਏ ਸਾਰੀਆਂ ਗੱਲਾਂ ਛੱਡੋ, ਜੀਤੇ ਤੇ ਗੋਰੀ ਬਾਰੇ ਕੀ ਦੱਸਾਂਗੇ । ਸਾਲੇ ਮਾੜਛੂ ਜੇ ਪਤਾ ਨੀ ਕਿਧਰ ਛਿਪਨ ਹੋਗੇ ।'ਪਹਿਲੇ ਨੇ ਕਿਹਾ ।
'ਹੋਰ ਕੀ ਕਹਾਂਗੇ , ਬਸ ਬਈ ਔਟਲਗੇ ਕਿਤੇ । ਅਸੀਂ ਬੜੇ ਭਾਲੇ ਥਿਆਏ ਈ ਨੀ ।' ਜੂਦਾ ਬੋਲਿਆ ।
'ਏਸ ਗੱਲ ਦਾ ਤਾ ਆਪਣਾ ਗਰਾਈਂ ਗਵਾਹ ਐ ਆਪਾਂ ਨੂੰ ਕਾਹਦਾ ਫਿਕਰ ਐ ।' ਤੀਜੇ ਨੇ ਕਿਹਾ।
ਗੱਲਾਂ ਕਰਦਿਆਂ ਨੂੰ ਈ ਦਿੱਲੀ ਆ ਗਈ ਉੱਤਰ ਆਏ ਮਾਵਾਂ ਦੇ ਕਮਾਊ ਪੁੱਤ । ਪਹਿਲਾਂ ਏਜੰਟ ਨੇ ਖੁੰਗਲ ਕਰਤੇ ਹੁਣ ਸਾਰਾ ਖਰਚ ਸਰਕਾਰ ਆਦਰੂ ਕਮੌਣ ਗਏ ਘਰ ਦੀ ਤੜੀ ਤਪੜੀ ਵਿਕਵਾ ਕੇ ਗਏ ।
ਸਾਰੀਆਂ ਦੇ ਮਾਪੇ ਅੱਡੇ ਉਪਰ ਆਏ ਹੋਏ ਸਨ । ਬੱਚਾ ਚਾਹੇ ਸਿਰ 'ਚ ਕਿੱਲ ਗੱਡੇ ਮਾਂ ਬਾਪ ਨੂੰ ਫੇਰ ਭੀ ਦੇਖ ਕੇ ਚੈਨ ਆ ਜਾਂਦਾ ਹੈ । ਸੁਖ ਹੀ ਮੰਗਦੇ ਹਨ ਹਰ ਘੜੀ ।
ਜਦੋਂ ਬਾਹਰ ਆਏ ਪੋਲੀਸ ਦੀ ਪੁੱਛ ਗਿੱਛ ਉਪਰੰਤ ਮਾਪਿਆਂ ਨੇ ਬੁਕਲੀਂ ਲੈ ਲਏ ਸ਼ਾਂਤ ਹੋ ਗਏ ਸਾਰਿਆਂ ਦੇ ਦਿਲ । ਪਰ ਬੱਚਿਆਂ ਦੇ ਚੇਹਰਿਆਂ ਉਪੱਰ ਨਮੋਸ਼ੀ ਦਾ ਅਹਿਸਾਸ ਹੈ । ਚੁੱਪ ਹਨ ।
ਬਾੜੀਆਂ ਚੰਗੀਆਂ ਸੇਹਤਾਂ ਸਨ ਜਦ ਘਰੋਂ ਗਏ ਸਨ ਪਰ ਅੱਜ ਤਾਂ ਗੱਲ੍ਹਾਂ ਪਿਚਕੀਆ ਪਈਆਂ ਹਨ ਅੱਖਾਂ ਅੰਦਰ ਧਸੀਆਂ ਪਈਆਂ ਹਨ । ਸਰੀਰ ਪਿੰਜਰ ਸਮਾਨ ਹੋਏ ਪਏ ਹਨ । ਕਿਸਮਤ ਦਾ ਉਦਰਥ ਸੰਗੀਤ ਗੂੰਜ ਰਿਹਾ ਹੈ
"ਦੇਖ ਬੰਦੇ ਦੇ ਭਾਗ ,ਰੇ ਭਾਈ ਦੇਖ ਬੰਦੇ ਦੇ ਭਾਗ "
ਆ ਉੱਤਰੇ ਬਠਿੰਡੇ ਪੰਜਾਬ ਮੇਲ ਵਿੱਚ ਚੜ੍ਹਕੇ । ਤੇ ਦਿਨ ਚੜਦੇ ਨੂੰ ਘਰ ਪਹੁੰਚ ਗਏ । ਦੇਖ ਕੇ ਮਾਵਾਂ ਸ਼ੁਕਰ ਸ਼ੁਕਰ ਵੀ ਕਰਦੀਆਂ ਨੇ ਤੇ ਅੱਖਾਂ ਚੋਂ ਹੰਝੂ ਵੀ ਕੇਰਦੀਆਂ ਹਨ । ਪਤਾਂ ਨਹੀਂ ਇਹ ਹੰਝੂ ਖੁਸ਼ੀਦੇ ਹਨ ਕਿ ਨਮੋਸ਼ੀ ਦੇ । ਜਾਂ ਫਿਰ ਦੁੱਖ ਦੇ ਕਿ ਕਮਾਕੇ ਨਹੀਂ ਲਿਆਏ ਸਗੋਂ ਕਰਜ਼ਾ ਸਿਰ ਚੜ੍ਹਾ ਕੇ ਆ ਗਏ ਹਨ ।
ਇਨ੍ਹਾਂ ਨਾਲ ਜਦ ਜੀਤਾ ਤੇ ਗੋਰੀ ਨ ਆਏ ਤਾਂ ਉਨ੍ਹਾਂ ਦੇ ਮਾਪਿਆਂ ਦੀਆਂ ਸੱਤੇ ਭੁੱਲ ਗਇਆਂ । ਦੁੱਖ ਦਾ ਪਹਾੜ ਟੁੱਟ ਪਿਆ ਉੁਨ੍ਹਾਂ ਦੇ ਸਿਰ ਉੱਪਰ । ਰੋ ਰੋ ਅੱਖਾਂ ਸੁਜਾ ਲਈਆਂ ਮਾਵਾਂ ਨੇ। ਮੇਜਰ ਤੇ ਜੈ ਸਿੰਘ ਦਲਾਸਾ ਦੇਣ ਪਰ ਮਾਂ ਦਾ ਦਿਲ ਮਾਂ ਦਾ ਹੀ ਹੰਦਾ ਹੈ ਬਿਨਾਂ ਪੁੱਤਰ ਨੂੰ ਹਿੱਕ ਨਾਲ ਲਾਏ ਧਰਵਾਸ ਨਹੀਂ ਔਦਾ ।
'ਕਿਉਂ ਦੀਦੇ ਗਾਲਦੀਉਂ । ਜੇਹੜੇ ਨਕੰਮੇ ਸੀ ਮੂੰਹ ਲਟਕਾਉਂਦੇ ਆ ਗਏ । ਸਾਡੇ ਪੁੱਤ ਸ਼ੇਰ ਹਨ ਕਮਾਕੇ ਔਣਗੇ । ਉਨ੍ਹਾਂ ਦੀ ਜਾਨ ਦੀ ਸੁੱਖ ਮਨਾਉ ।'ਮੇਜਰ ਨੇ ਕਿਹਾ ।
'ਵੇ ਜੀਤੇ ਦੇ ਬਾਪੂ ਮੈਨੂੰ ਤਾਂ ਮੇਰਾ ਪੁੱਤ ਚਾਹੀਦੈ ਮੈਨੂੰ ਨੀ ਲੋੜ ਕਮਾਈ ਦੀ । ਮੈਨੂੰ ਤਾਂ ਮੇਰਾ ਪੁੱਤ ਲਿਆਦੇ।' ਭਾਨੋ ਤੜਪ ਉਠੀ ।
'ਨੀ ਤੇਰਾ ਪੁੱਤ ਮੇਰੇ ਚਾਦਰੇ ਦੇ ਲੜ ਬੰਨਿਆ ਹੋਇਐ ਬਈ ਖੋਲਕੇ ਦੇ ਦਿਆਂ । ਕਰਦੀ ਕੀ ਐ । ਅਰਾਨ ਗਿਐ ਆ ਜੂਗਾ ।'
'ਵੇ ਕੁਝ ਪਤਾ ਥਹੁ ਵੀ ਲੱਗੇ ਬਈ ਕਿੱਥੇ ਐ । ਫੇਰ ਤਾਂ ਦਿਲ ਟਿਕਜੇ ਐਵੇਂ ਕਿਵੇਂ ਟਿਕੇ । ਕੋਈ ਕਾਂ ਚਿੜੀ ਕੰਨ ਵਲੇਲ ਤਾਂ ਪਾਵੇ ।'
'ਕਾਂ ਤੇ ਚਿੜੀਆਂ ਵੇਹਲੀਆਂ ਨੀ ਜੇਹੜੀਆਂ ਤੇਰੇ ਪੁੱਤ ਨੂੰ ਭਾਲਣ ਚੜ੍ਹ ਜਾਣ । ਕਮਲੀਏ ਜੀਹਨੇ ਖੱਟਿਐ ਉਹਨੇ ਗੁਆਚ ਕੇ ਖੱਟਿਐ । ਤੂੰ ਟਿਕਕੇ ਬਹਿ ਜਾ ।'
'ਤੂੰ ਠੀਕ ਕਹਿਨੀ ਏ ਭੈਣੇ ਪਰ ਜੇਠ ਤਾਂ ਊਂ ਈ ਭੂਸਰਿਆ ਫਿਰਦੈ । ਟਕਾ ਦੀ ਗੱਲ ਈ ਨੀ ਕਰਦਾ । ਨੀ ਮੈਂ ਮਰਜਾਂ ਸਾਡੇ ਤਾਂ ਕਾਲਜੇ ਪਾਟੀ ਜਾਂਦੇ ਐ ਇਹ ਹੋ ਹੂਈ ਗੱਲ ਕਰਦੇਆ ।' ਸੰਤੀ ਵੀ ਤਪੀ ਪਈ ਸੀ ।
'ਨੀ ਇਹ ਤਾਂ ਪੱਥਰ ਐ ਜਾਏ ਖਾਣੇ ਦਾ । ਇਹਦੇ ਕਹਿਣੇ ਦਾ ਬੁਰਾ ਨਾ ਮਨਾਈਂ ।'
'ਹਾਂ, ਪਰ ਆਪਾਂ ਸੋਚੀਏ ਜੇ ਉਨ੍ਹਾਂ ਨੇ ਔਣਾ ਹੁੰਦਾ ਇਨ੍ਹਾਂ ਦੇ ਨਾਲ ਈ ਆ ਜਾਂਦੇ । ਕੋਈ ਗੋਂਦ ਗੁੰਦੀ ਹੋਊ ਉਨ੍ਹਾਂ ਨੇ ਉਹ ਕਿਸੇ ਦੇ ਆਸਰੇ ਠਹਿਰਗੇ ਨੇ । ਕੁਸ ਬਣਕੇ ਔਣਗੇ । ਤੂੰ ਦੇਖਲੀਂ । ਯਾਦ ਰੱਖੀਂ ,ਸਹੀ ਆ ਇਹ ਗੱਲ ।' ਸੰਤੀ ਨੇ ਦਿਲਾਸਾ ਦਿੰਦਿਆਂ ਕਿਹਾ ।
ਲੱਗੀਆਂ ਘਰ ਘਰ ਗੱਲਾਂ ਹੋਣ । ਸਫ਼ਰ ਦੀਆਂ ਕਹਾਣੀਆਂ ਜੋ ਇਹ ਦੱਸਣ ਲੋਕ ਏਥੇ ਬੈਠੇ ਡਰੀ ਜਾਣ । ਨਾਲ ਦਿਲ ਧਰੌਣ ਬਈ ਖੂਹ ਪਵੇ ਕਮਾਈ ਤੁਸੀਂ ਸੁਖ ਨਾਲ ਜਿਉਂਦੇ ਜਾਗਦੇ ਆ ਗਏ ।
ਜੀਤੇ ਤੇ ਗੋਰੀ ਦਾ ਦੁੱਖ ਸਾਰੇ ਈ ਨਗਰ ਨੂੰ ਹੈ । ਜਿਨ੍ਹਾਂ ਦੇ ਘਰੋਂ ਧਨ ਗਿਆ ਜਵਾਨ ਪੁੱਤ ਭੀ ਗਏ ਉਨ੍ਹਾਂ ਦਾ ਰਹਿ ਕੀ ਗਿਆ । ਲੋਕ ਦਿਲ ਧਰਾਉਂਦੇ ਨੇ । ਰੋ ਧੋ ਕੇ ਬੈਠ ਗਏ ਸਾਰੇ ।
.......ਚਲਦਾ......