3 ਰਚਨਾਵਾਂ.......ਜਰਨੈਲ ਘੁਮਾਣ

ਰੰਗਲਾ ਕਿਵੇਂ ਪੰਜਾਬ ਕਹਿ ਦਿਆਂ

ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ ।
ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ ।
ਆਪਣੇ ਘਰ ਨੂੰ , ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
· ਤੋੜ ਰਹੀ ਹੈ ਲੱਕ ਕਿਰਸਾਨੀ , ਵੇਖ ਕੇ ਝੱਲ ਨਹੀਂ ਹੁੰਦੀ ।
ਕਰਜ਼ੇ ਦੇ ਵਿੱਚ ਦੱਬ ਚੱਲੀ , ਸਮੱਸਿਆ ਹੱਲ ਨਹੀਂ ਹੁੰਦੀ ।
ਮੁਰਝਾਈਆਂ ਕਲੀਆਂ ਤਾਂਈਂ, ਕਿਵੇਂ ਗ਼ੁਲਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


· ਵਿਹੜੇ ਸੱਖਣੇ ਸੱਖਣੇ ਇਸਦੇ , ਚਾਵਾਂ ਖੁਸ਼ੀਆਂ ਤੋਂ ।
ਵਿਹਲੇ ਨਹੀਂਓ ਲੋਕ ਨੱਚਣ ਨੂੰ , ਹੁਣ ਖੁਦਕੁਸ਼ੀਆਂ ਤੋਂ ।
ਝੱਲ ਲਓ ਵਿਆਜਾਂ ਵਾਲਾ ਕਿਸ ਨੂੰ , ਤਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


· ਸੱਤ ਦਰਿਆ ਸਨ ਵਗਦੇ , 'ਸਪਤ ਸਿੰਧੂ' ਅਖਵਾਉਂਦਾ ਸੀ ।
ਸਿਆਲਕੋਟ ਤੋਂ ਦਿੱਲੀ ਤੀਕਰ , ਪੈਰ ਫੈਲਾਉਂਦਾ ਸੀ ।
ਕਿਵੇਂ ਢਾਈ ਪਾਣੀਆਂ ਵਾਲੇ ਨੂੰ , ਪੰਜ-ਆਬ ਕਹਿ ਦਿਆ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


· ਵਿੱਚ ਵਿਦੇਸ਼ਾਂ ਜਾ ਜਵਾਨੀ , ਵੱਸਦੀ ਜਾਂਦੀ ਐ ।
ਬਾਕੀ ਬੱਚਦੀ ਵਿੱਚ ਨਸ਼ਿਆਂ ਦੇ , ਧੱਸਦੀ ਜਾਂਦੀ ਐ ।
ਸੁੱਕ ਚੱਲੇ ਰੁਜ਼ਗਾਰਾਂ ਵਾਲੇ , ਝਨਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ ,ਰੰਗਲਾ ਪੰਜਾਬ ਕਹਿ ਦਿਆਂ ਮੈਂ ॥


· ਕਾਵਾਂ ਰੌਲੀ ਬਹੁਤ ਸੁਣਨ ਨੂੰ , ਉਂਝ ਤਰੱਕੀਆਂ ਦੀ ।
ਲੁੱਟ ਕਸੁੱਟ ਤਾਂ ਅੱਜ ਵੀ ਉਹੀਓ , ਫਸਲਾਂ ਪੱਕੀਆਂ ਦੀ ।
ਘਾਟੇ ਵਾਲੇ ਸੌਦੇ ਵਿੱਚ ਕਿੰਝ , ਲਾਭ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


· ਸਿਆਸਤਦਾਨਾਂ ਦੇ ਵੱਗ ਫਿਰਦੇ ਨੇ , ਮੈਂ ਕਿਸਨੂੰ ਦੁੱਖ਼ ਕਹਾਂ ।
ਘਰ , ਰੁਜ਼ਗਾਰ ਜਾਂ ਢਿੱਡ ਦੀ , ਆਖਿਰ ਕਿਹੜੀ ਭੁੱਖ ਕਹਾਂ ।
ਸਾਹਿਬਗੜ੍ਹਾਂ ਦਾ ਸੂਬਾ , ਕਿਸ ਨੂੰ ਸਾਹਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


· ਕਲਮਾਂ ਹੋਣ ਆਵਾਜ਼ ਲੋਕਾਂ ਦੀ , ਉਹ ਵੀ ਵਿੱਕ ਚੱਲੀਆਂ ।
ਪੈਸੇ ਵਾਲਿਆਂ ਕਲਮਾਂ ਦੀਆਂ , ਜ਼ਮੀਰਾਂ ਜਾ ਮੱਲੀਆਂ ।
ਕੰਨੋ ਬੋਅਲੀ ਭੀੜ 'ਚ ,ਕਿਹੜਾ ਰਾਗ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


· ਕਲੋਨੀਵਾਦ ਖਾ ਗਿਆ ਪਿੰਡ ,'ਤੇ ਛਾਵਾਂ ਬੋਹੜ ਦੀਆਂ ।
ਨਸ਼ਾਖੋਰ ਪੁੱਤਰਾਂ ਦੀਆਂ ਸੁੱਖਾਂ , ਮਾਵਾਂ ਲੋੜਦੀਆਂ ।
ਚੌਂਕੀਦਾਰ ਹੀ ਸੁੱਤੇ ਕਿਸਨੂੰ , ਜਾਗ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


ਐ ਦੌਲਤ ਦੀ ਦੌੜ ਦੌੜਦਿਓ , ਕੁੱਝ ਤਾਂ ਸ਼ਰਮ ਕਰੋ ।
ਬੱਚ ਜਾਵੇ ਪੰਜਾਬ 'ਘੁਮਾਣਾ' , ਐਸਾ ਕਰਮ ਕਰੋ ।
ਨਾਲ ਨਾ ਜਾਣ ਖਜ਼ਾਨੇ , ਸੁਣੋ ਜਨਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


ਗੀਤਕਾਰੀ ਬਦਨਾਮ ਹੋਈਂ ਜਾਂਦੀ ਐ
---------------------
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ।

ਲਿਖਣ ਦਾ ਸ਼ੌਕ ਹੋਵੇ , ਲਿਖਣਾ ਵੀ ਚਾਹੀਂਦਾ ਹੈ ।
ਲਿਖਣ ਤੋਂ ਪਹਿਲਾਂ , ਕੁੱਝ ਸਿੱਖਣਾ ਵੀ ਚਾਹੀਂਦਾ ਹੈ ।
ਨਵੀਂ ਨਵੀਂ ਕਲਮ , ਨਿਲਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


* ਬੇਲਿਆਂ 'ਚ ਮੰਗੂ ਨਾ , ਚਰਾਉਣ ਜੋਗੇ ਹੈਗੇ ਤੁਸੀਂ ।
ਮੋਬਾਇਲਾਂ ਵਿੱਚ ਕਾਰਡ, ਪੁਵਾਉਣ ਜੋਗੇ ਰਹਿਗੇ ਤੁਸੀਂ ।
ਮਿਸ ਕਾਲਾਂ ਵਾਲੀ ਗੱਲ ,ਏਥੇ ਆਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਦੇਵ ਜਿਹੀਆਂ ਕਲੀਆਂ , ਜਾਂ ਲਿਖੋ ਨੂਰਪੁਰੀ ਜਿਹਾ ।
ਦਵਿੰਦਰ ਜਾਂ ਵਿਜੇ ਧੰੰਮੀ ,ਦੇਬੀ ਮਖ਼ਸੂਸਪੁਰੀ ਜਿਹਾ ।
ਪੰਜਾਬੀ ਗੀਤਕਾਰੀ ਵਾਲੀ , ਸ਼ਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਗੀਤਾਂ 'ਚ ਪੰਜਾਬਣ , ਸਲਾਹੁਣੀ ਥੋਨੂ ਆਈ ਨਾ ।
ਸੱਚੇ ਆਸ਼ਕਾਂ ਲਈ ਕਦੇ , ਕਲਮ ਘਸਾਈ ਨਾ ।
ਬੰਬੂਕਾਟਾਂ ਤੱਕ , ਰੋਕਥਾਮ ਹੋਈ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


ਬੇਦਿਲ ਤੇ ਭਿੰਦਰ ਦੇ ਦੌਰ ਵਾਲੀ ਗੱਲ ਕਰੋ ।
ਸੰਧੂ ਵਾਂਗੂੰ ਗੀਤ ਲਿਖ, ਕੁੱਝ ਹਲ ਚਲ ਕਰੋ ।
ਕਲਮਾਂ ਦੀ ਸਿਆਹੀ , ਕਾਹਤੋਂ ਜਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਰਾਏਕੋਟੀ , ਹਸਨਪੁਰੀ ਤੋਂ , ਕੁੱਝ ਸਿੱਖਣਾ ਸੀ ।
ਕਾਲੇ ਘੱਗਰੇ ਦਾ ਗਾਣਾ , ਤੁਸਾਂ ਕੋਈ ਲਿਖਣਾ ਸੀ ।
ਕਾਲਜਾਂ ਦੀ ਗੱਲ ਤਾਂ , ਤਮਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਪੜ੍ਹ ਲੈਂਦੇ ਪਾਰਸ ਨੂੰ , ਸੁਣ ਲੈਂਦੇ ਯਮਲੇ ਨੂੰ ।
ਜੀਨਾਂ ਛੀਨਾਂ ਛੱਡ ,ਕਿਤੇ ਮਾਵਾ ਲਾਉਂਦੇ ਸ਼ਮਲੇ ਨੂੰ ।
ਨੰਗੀ ਤਾਂ ਕਲਮ , ਸ਼ਰੇਆਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਬਾਪਲੇ ਵਾਲੇ ਜਿਉਂ ਕੁੱਝ , ਗੀਤਾਂ ਵਿੱਚ ਹਾਸਾ ਪਾਉਂਦੇ ।
ਵਿਰਕ ਜਿਉਂ ਪਿਆਰ 'ਚ, ਮਿਠਾਸ ਤੋਲਾ ਮਾਸਾ ਪਾਉਂਦੇ ।
ਸ਼ਬਦਾਂ 'ਚ ਧੂਮ ਤੇ ਧੜਾਮ ਹੋਈ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਗਿੱਲਾਂ ਦੇ ,ਤਿਵਾੜੀਆਂ ਦੇ ,ਢਿੱਲੋਂਆਂ ਦੇ ਗੀਤ ਸੁਣੋ ।
ਗੀਤਾਂ ਵਿੱਚ ਵਿਸ਼ਾ ਕੋਈ , ਸੇਧ ਦੇਣ ਵਾਲਾ ਚੁਣੋ ।
ਕਾਹਲੀ ਉਂਝ ਲੈਣ ਨੂੰ , ਇਨਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਲੈ ਲੈਂਦੇ ਗਿਆਨ ਥੋੜਾ , ਬਾਬੇ ਗੁਰਦਾਸ ਤੋਂ ।
ਮਾਂ ਬੋਲੀ ਬਚ ਜਾਂਦੀ , ਕੀਤੇ ਸੱਤਿਆਨਾਸ ਤੋਂ ।
ਕਲਮ ਤੁਹਾਡੀ , ਬੇ ਲਗ਼ਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਜੱਟ ਮਸਾਂ ਛੱਡਿਆ ਸੀ , ਫੜ ਲਿਆ ਮੋਬਾਇਲ ਹੁਣ ।
ਆਸ਼ਕੀ ਦੇ ਨਵੇਂ ਹੀ , ਸਿਖ਼ਾਉਨੇ ਓ ਸਟਾਇਲ ਹੁਣ ।
ਗੋਲ ਗੱਪੇ ਖਾਓ , ਤੇਲੂ ਰਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਮਾੜਾ ਚਮਕੀਲਾ ਐਵੇਂ , ਕਈਆਂ ਤੋਂ ਕਹਾ ਗਿਆ ।
ਚੌਗੁਣਾ ਨਿਘਾਰ ਹੁਣ , ਕਲਮਾਂ 'ਚ ਆ ਗਿਆ ।
ਦਿਨੋ ਦਿਨ ਅਸਲੋਂ , ਨਾਕਾਮ ਹੋਈ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


· ਧੀਆਂ ਦੇ ਚਿੱਤਰ ਹਾੜਾ , ਐਦਾਂ ਨਾ ਚਿਤਾਰੋ ਤੁਸੀਂ ।
ਸਾਰੀਆਂ ਨੂੰ ਕਹੋਂ ਹੀਰਾਂ , ਕੁੱਝ ਤਾਂ ਵਿਚਾਰੋ ਤੁਸੀਂ ।
ਵਿਗਾੜਤਾ ਸਮਾਜ , ਗੱਲ ਨਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥


ਲਿਖਣਾ ਹੈ ਲਿਖੋ ਕੁੱਝ , ਬਾਬੂ ਸਿੰਘ ਮਾਨ ਜਿਹਾ ।
ਹਲਕਾ ਹੀ ਲਿਖਣੈ ,ਤਾਂ ਲਿਖ ਲਓ " ਘੁਮਾਣ " ਜਿਹਾ ।
ਐਵਂੇ ਧੂਰੀ , ਦਿੜ੍ਹਬਾ , ਸੁਨਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥

ਐ ਸਮੇਂ ਦੇ ਹਾਣੀਓ !

ਐ ਸਮੇਂ ਦੇ ਹਾਣੀਓ !
ਲਿਖਾਰੀਓ , ਕਵਿਤਾ ਦੇ ਸਿਰਜਣਹਾਰੋ ।
ਚੁੱਕੋ ਕਲਮ ਦਵਾਤ ਜ਼ਰਾ , ਇੱਕ ਹੰਭਲਾ ਮਾਰੋ ।
ਨਿੱਘਰ ਚੱਲੇ ਸਮਾਜ ਨੇ ਵੇਖ਼ੋ , ਕੈਸਾ ਕੱਟਿਆ ਮੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ ।
ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ


· ਭਟਕ ਗਈ ਜਵਾਨੀ , ਭਟਕੀ ਰਾਹ ਨਸ਼ਿਆਂ ਦੇ ਪੈ ਗਈ ।
ਕੀਤੀ ਕਰੀ ਪੜ੍ਹਾਈ ਸਾਰੀ , ਇਸ਼ਕ ਮੁਸ਼ਕ ਤੱਕ ਰਹਿ ਗਈ ।
ਕੁੱਝ ਇੰਟਰਨੈੱਟ , ਮੋਬਾਇਲਾਂ ਨੇ ,
ਕੁੱਝ ਚਿੰਬੜੇ ਨਵੇਂ ਹੀ ਵੈਲਾਂ ਨੇ ,
ਕੁੱਝ ਰੀਸੋ ਰੀਸੀ ਵੇਖ਼ ਵੇਖ਼ ,
ਲਾ ਲਈਆਂ ਵਿਦੇਸ਼ੀ ਜੈੱਲਾਂ ਨੇ ,
ਹਾਏ ! ਲਿਆ ਡਕਾਰ ਜਵਾਨੀ ਨੂੰ , ਲਾ ਦਿੱਤਾ ਕੱਚਾ ਕੋਹੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥


· ਕਰਜ਼ੇ ਹੇਠ ਕਿਸਾਨ ਦੱਬ ਗਿਆ , ਕਿਉਂ ਖ਼ੁਦਕੁਸ਼ੀਆਂ ਕਰਦਾ ।
ਸਭਨਾ ਦਾ ਢਿੱਡ ਭਰਨ ਵਾਲੇ ਦਾ , ਆਪਣਾ ਢਿੱਡ ਨਹੀਂ ਭਰਦਾ ।
ਹੱਲ ਲੱਭੋ ਉਲਝੀ ਤਾਣੀ ਦਾ ,
ਸਿਰ ਤੋਂ ਲੰਘ ਚੱਲੇ ਪਾਣੀ ਦਾ ,

ਸਰਕਾਰਾਂ ਤਾਈ ਸੁਚੇਤ ਕਰੋ ,
ਦੁੱਖ਼ ਦੱਸੋ ਲਿਖ ਕਿਰਸਾਣੀ ਦਾ ,
ਇਹਦੇ ਤਣੇ ਖੋਖਲੇ ਹੋ ਗਏ ਨੇ , ਜੋ ਨਜ਼ਰੀ ਆਉਂਦਾ ਬੋਹੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥

· ਦਾਜ ਦਾ ਦੈਂਤ ਹੈ ਨਿਗਲੀਂ ਜਾਂਦਾ , ਸੱਜ ਮੁਕਲਾਈਆਂ ਕੁੜੀਆਂ ।
ਕਦੋਂ ਦੇਣਗੀਆਂ ਧੀ ਦਾ ਦਰਜਾ , ਨੂੰਹ ਨੂੰ , ਸੱਸਾਂ ਰੁੜੀ੍ਹਆਂ ।
ਤੁੱਛ ਛਿੱਲੜਾਂ ਬਦਲੇ ਜਾਨ ਲਈ ,
ਸ਼ਰੀਕਾਂ ਵਿੱਚ ਫੋਕੀ ਸ਼ਾਨ ਲਈ ,
ਕਿਉਂ ਪਤੀਦੇਵ ਜੀ ਚੁੱਪ ਰਹੇ ,
ਮਾਤਾ ਦੇ ਗਲਤ ਫ਼ੁਰਮਾਨ ਲਈ ,
ਕਿਉਂ ਝਪਟ ਮਾਰਕੇ ਬਾਜ਼ ਜਿਉਂ ,ਇੱਕ ਦਿੱਤੀ ਚਿੜ੍ਹੀ ਝੰਜੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥

· ਕੁੱਖਾਂ ਦੇ ਵਿੱਚ ਕਤਲ ਹੋ ਰਹੀ , ਜੱਗ ਜਨਨੀ , ਜੱਗ ਦਾਤੀ ।
ਮਾਂ ਨੇ ਆਪਣੇ ਖੂਨ ਚੋਂ ਉਪਜੀ , ਕੁੱਖ ਵਿੱਚ ਮਾਰ ਮੁਕਾਤੀ ।
ਕੁਲ ਤੁਰਦੀ ਕੁੜੀਆਂ ਨਾਲ ਅਗਾਂਹ ,
ਧੀ , ਭੈਣ , ਵਹੁਟੀ ਤੇ ਬਣਦੀ ਮਾਂ ,
ਪੁੱਤ ਛੱਡਦੂ ਬੁੱਢੇ ਮਾਪਿਆਂ ਨੂੰ ,
ਧੀ ਸਹੁਰੇ ਘਰ ਵੀ ਸਾਂਭੂ ਤਾਂ ,
ਪੁੱਤਰਾਂ ਨਾਲੋਂ ਵਫ਼ਾਦਾਰ , ਅਟੱਲ ਸੱਚਾਈ , ਨਚੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥

· ਮਸਲੇ ਬਹੁਤ ਵਿਚਾਰਨ ਖਾਤਿਰ , ਇੱਕ ਇੱਕ ਕਰਕੇ ਛੇੜੋ ।
ਸਰਕਾਰਾਂ ਦੇ ਕੋਲ ਵਿਹਲ ਨਹੀਂ , ਕਲਮਾਂ ਦੇ ਧਨੀ ਨਬੇੜੋ ।
ਇੱਕ ਸਤਰ ਯੁੱਗ ਪਲਟਾ ਸਕਦੀ ,
ਸੁੱਤਿਆਂ ਨੂੰ ਕੂਕ ਜਗਾ ਸਕਦੀ ,
ਰਸਤੇ ਤੋਂ ਭਟਕੇ ਰਾਹੀ ਨੂੰ ,
ਗੱਲ ਕਹੀ ਮੰਜ਼ਿਲ ਵੱਲ ਪਾ ਸਕਦੀ ,
ਟੁੱਟਦੇ ਜਾਂਦੇ ਪਰਿਵਾਰਾਂ ਨੂੰ , ਕਲਮ ਹੀ ਸਕਦੀ ਜੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥

· ਤਲਵਾਰ ਦੇ ਨਾਲੋਂ ਕਲਮ ਦੀ ਤਾਕਤ, ਸਿਆਣੇ ਕਹਿਣ ਵਡੇਰੀ ।
ਚੁੱਕ ਲਵੋ ਫਿਰ ਭਲਿਓ ਲੋਕੋ , ਹੁਣ ਕਿਸ ਗੱਲ ਦੀ ਦੇਰੀ ।
ਕੋਈ ਕਵਿਤਾ ਜਾਂ ਫਿਰ ਗੀਤ ਲਿਖ਼ੋ ,
ਨਫ਼ਰਤ ਨਹੀਂ , ਪਿਆਰ-ਪ੍ਰੀਤ ਲਿਖ਼ੋ ,
ਉੱਠ ਉਪਰ , ਛੱਡ ਇੱਕ ਪਾਸੜ ਨੂੰ ,
ਸਭਨਾਂ ਲਈ ਬਣ ਮਨ-ਮੀਤ ਲਿਖੋ ,
ਨਾ ਹੋਣ ਬਗਾਵਤੀ ਸ਼ਬਦ ਜਿਹੇ ,
" ਘੁਮਾਣ " ਲੱਗੀ ਜੋ ਹੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥
ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ ।
ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ