ਅੱਖੀਂ ਦੇਖਿਆ 'ਮੀਡੀਆ ਪੰਜਾਬ' ਦਾ ਦੂਜਾ ਸਾਲਾਨਾ ਸਮਾਗਮ.....ਸ਼ਿਵਚਰਨ ਜੱਗੀ ਕੁੱਸਾ

ਕਿਸ਼ਤ ਪਹਿਲੀ
14 ਅਗਸਤ 2010 ਵਾਲ਼ੇ 'ਮੀਡੀਆ ਪੰਜਾਬ' ਦੇ ਪ੍ਰੋਗਰਾਮ ਬਾਰੇ ਤਾਂ ਮੈਨੂੰ ਤਕਰੀਬਨ ਛੇ ਮਹੀਨੇ ਤੋਂ ਹੀ ਪਤਾ ਸੀ। ਕਿਉਂਕਿ ਮੈਨੂੰ ਇਸ ਗੱਲ ਦਾ ਅਥਾਹ ਮਾਣ ਹੈ ਕਿ 'ਮੀਡੀਆ ਪੰਜਾਬ' ਦੇ ਸੰਪਾਦਕ ਸ਼ ਬਲਦੇਵ ਸਿੰਘ ਬਾਜਵਾ ਨੇ ਜਦੋਂ ਕੋਈ ਵੀ ਸਾਹਿਤਕ ਕੰਮ ਵਿੱਢਣਾ ਹੋਵੇ ਤਾਂ ਘੱਟੋ-ਘੱਟ ਮੇਰੀ ਰਾਇ ਜ਼ਰੂਰ ਲੈ ਲੈਂਦਾ ਹੈ, ਮੇਰੇ ਆਖੇ ਲੱਗੇ ਚਾਹੇ ਨਾ ਲੱਗੇ, ਇਹ ਇਕ ਵੱਖਰੀ ਗੱਲ ਹੈ! ਇਸ ਲਈ ਉਹ ਮੈਨੂੰ ਕਦੇ-ਕਦੇ 'ਬਗਲਾ-ਭਗਤ' ਜਿਹਾ ਵੀ ਲੱਗਣ ਲੱਗ ਪੈਂਦਾ ਹੈ। ਜਦ ਉਸ ਨੇ 'ਮੀਡੀਆ ਪੰਜਾਬ' ਪੇਪਰ ਸ਼ੁਰੂ ਕਰਨਾ ਸੀ ਤਾਂ ਉਸ ਦਾ ਮੈਨੂੰ ਪੰਜਾਬ ਤੋਂ ਫ਼ੋਨ ਆਇਆ, "ਬਾਈ ਜੀ ਮੈਂ ਇਕ ਅਖ਼ਬਾਰ ਸ਼ੁਰੂ ਕਰਨ ਲੱਗਿਐਂ..!" ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਇਹ ਕੀ 'ਸਿਆਪਾ' ਖੜ੍ਹਾ ਕਰਨ ਲੱਗਿਐ? ਮੈਂ ਉਸ ਨੂੰ ਇਮਾਨਦਾਰ ਜਿਹਾ ਬਣ ਕੇ ਆਖਿਆ, "ਬਾਜਵਾ, ਜੁਆਨੀ ਵੇਲ਼ੇ ਲੁੱਟੇ ਬਾਣੀਏਂ - ਹੁਣ ਰੱਬ ਦੀ ਭਗਤਣੀ ਹੋਈ ਵਾਲ਼ੀ ਗੱਲ ਤਾਂ ਸੁਣੀ ਸੀ, ਪਰ ਆਹ ਅਖ਼ਬਾਰ ਵਾਲ਼ੀ ਨਵੀਂ ਘਤਿੱਤ ਤਾਂ ਮੈਂ ਕਦੇ ਨੀ ਸੀ ਸੁਣੀ..!" ਮੈਂ ਉਸ ਨੂੰ ਵਿਅੰਗਮਈ ਉੱਤਰ ਦਿੱਤਾ।
ਪਰ ਬਾਜਵਾ ਜੀ ਦੀ ਤੋਤਾ-ਰਟ ਭੈੜ੍ਹੀ ਸੀ, "ਨਹੀਂ ਬਾਈ..! ਮੈਂ ਚੱਕ ਦੇਣੇ ਐਂ ਫ਼ੱਟੇ, ਤੇਰਾ ਸਹਿਯੋਗ ਚਾਹੀਦੈ..!" ਉਸ ਦੀ ਅੜੀ ਜਿਹੀ ਸੁਣ ਕੇ ਮੈਂ ਸੰਖੇਪ ਉੱਤਰ ਦਿੱਤਾ, "ਸਹਿਯੋਗ ਦੀ ਤਾਂ ਕੋਈ ਗੱਲ ਨਹੀਂ, ਤੇਰੇ ਨਾਲ਼ ਈ ਐਂ, ਪਰ ਤੈਨੂੰ ਇਹ ਅਖ਼ਬਾਰ ਦਾ ਪੰਗਾ ਲੈਣ ਦੀ ਘਤਿੱਤ ਦਿੱਤੀ ਕੀਹਨੇ ਐ..?" ਪਰ ਬਾਜਵੇ ਨੇ ਮੈਨੂੰ ਕੋਈ ਸਾਰਥਿਕ ਉੱਤਰ ਨਾ ਦਿੱਤਾ ਅਤੇ ਆਪਣਾ ਹੀ ਰਾਗ ਅਲਾਪ ਕੇ ਫ਼ੋਨ ਰੱਖ ਦਿੱਤਾ। ਉਸ ਦੀ ਇਕੋ-ਇਕ ਗੱਲ ਮਾੜੀ ਹੈ, ਉਹ ਫ਼ੋਨ 'ਤੇ ਆਪਣੀ ਗੱਲ ਸੁਣਾ ਜ਼ਰੂਰ ਜਾਂਦਾ ਹੈ, ਪਰ ਕਿਸੇ ਦੀ ਸੁਣਦਾ ਨਹੀਂ! ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਉਹ ਘੱਟੋ-ਘੱਟ ਮੇਰੀ ਗੱਲ ਘੱਟ ਹੀ ਸੁਣਦਾ ਹੈ! ਉਸ ਨਾਲ਼ ਫ਼ੋਨ 'ਤੇ ਗੱਲ ਬਾਤ ਕਰਨ ਦੌਰਾਨ ਮੈਨੂੰ ਇੰਦਰ ਦੇਵਤਾ ਦੇ 'ਬੋਲ਼ੇ ਬੱਦਲ਼' ਵਾਲ਼ੀ ਘਟਨਾ ਚੇਤੇ ਆ ਜਾਂਦੀ ਹੈ।
ਇਕ ਵਾਰ ਇੰਦਰ ਦੇਵਤਾ ਨੇ ਸਾਰੇ ਬੱਦਲ਼ ਆਪਣੇ ਦਰਬਾਰ ਇੱਕਠੇ ਕਰ ਲਏ। ਉਸ ਮੀਟਿੰਗ ਵਿਚ 'ਬੋਲ਼ਾ' ਬੱਦਲ਼ ਵੀ ਸ਼ਾਮਿਲ ਸੀ। ਸੁਣਦਾ ਤਾਂ ਵਿਚਾਰੇ ਨੂੰ 'ਲੰਗੇ-ਡੰਗ' ਹੀ ਸੀ। ਇੰਦਰ ਦੇਵਤਾ ਜੀ ਨੇ ਹੁਕਮ ਚਾੜ੍ਹਿਆ ਕਿ ਜਿੰਨਾਂ ਚਿਰ ਮੈਂ ਆਗਿਆ ਨਾ ਦੇਵਾਂ, ਗੋਕਲ ਪੁਰੀ ਵਿਚ ਕੋਈ ਵੀ ਬੱਦਲ਼ ਬਰਖ਼ਾ ਨਹੀਂ ਕਰੇਗਾ। ਵਿਚਾਰੇ ਬੋਲ਼ੇ ਬੱਦਲ਼ ਨੂੰ 'ਗੋਕਲ ਪੁਰੀ' ਤੇ 'ਬਰਖ਼ਾ' ਹੀ ਸੁਣੀ! ਉਸ ਨੇ ਪੈਰ ਜੁੱਤੀ ਨਾ ਪਾਈ ਅਤੇ ਜਿੰਨਾਂ ਕੁ ਉਸ ਵਿਚ ਤਮਾਨ ਸੀ, ਉਹ ਤੱਟ-ਫ਼ੱਟ ਜਾ ਕੇ ਉਥੇ ਪੂਰੇ ਤਾਣ ਨਾਲ਼ ਮੋਹਲ਼ੇਧਾਰ 'ਵਰਨ੍ਹ' ਲੱਗ ਪਿਆ। ਆਥਣੇ ਜਿਹੇ ਆ ਕੇ ਬਾਕੀ ਬੱਦਲ਼ਾਂ ਨੇ ਇੰਦਰ ਦੇਵਤਾ ਕੋਲ਼ ਸ਼ਕਾਇਤ ਕੀਤੀ ਕਿ ਮਹਾਰਾਜ ਦੇਵਤਾ ਜੀ, ਤੁਸੀਂ ਤਾਂ ਸਾਨੂੰ ਗੋਕਲ ਪੁਰੀ 'ਤੇ ਵਰਨ੍ਹ ਤੋਂ ਰੋਕਿਆ ਸੀ, ਪਰ ਆਪਣੇ ਬੋਲ਼ਾ ਬੱਦਲ਼ ਸਾਹਿਬ ਤਾਂ ਬੜੀ ਮੜਕ ਨਾਲ਼ ਉਥੇ ਤੜਕੇ ਦੇ ਹੀ ਲਹਿਰਾਂ-ਬਹਿਰਾਂ ਕਰੀ ਜਾ ਰਹੇ ਹਨ! ਇੰਦਰ ਦੇਵਤਾ ਨੇ ਸੁਨੇਹਾਂ ਭੇਜ ਕੇ ਬੋਲ਼ੇ ਬੱਦਲ਼ ਨੂੰ ਬੁਲਾ ਲਿਆ। ਥੱਕਿਆ ਹਾਰਿਆ ਵਿਚਾਰਾ ਉਹ ਦਰਬਾਰ ਪਹੁੰਚ ਗਿਆ। ਜਦ ਸਾਹੋ-ਸਾਹ ਹੋਏ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਨਿਮਾਣਾ ਜਿਹਾ ਹੋ ਕੇ, ਹੱਥ ਜੋੜ ਫ਼ੁਰਮਾਉਣ ਲੱਗਿਆ, "ਮਹਾਰਾਜ ਦੇਵਤਾ ਜੀ..! ਮੈਨੂੰ ਤਾਂ ਗੋਕਲ ਪੁਰੀ ਤੇ ਬਰਖ਼ਾ ਹੀ ਸਮਝ ਪਈ, ਮੈਂ ਤਾਂ ਆਪ ਜੀ ਦੀਆਂ ਖ਼ੁਸ਼ੀਆਂ ਲੈਣ ਵਾਸਤੇ ਉਥੇ ਜਾਣ ਸਾਰ ਬਰਖ਼ਾ ਕਰਨੀ ਸ਼ੁਰੂ ਕਰ ਦਿੱਤੀ ਤੇ ਆਪਣਾ ਪੂਰਾ ਤਾਣ ਲਾ ਕੇ ਜਲ-ਥਲ ਕਰ ਮਾਰਿਆ..!"
ਕਈ ਵਾਰ ਬਾਜਵਾ ਵੀ ਬੋਲ਼ੇ ਬੱਦਲ਼ ਵਾਂਗੂੰ ਗੱਲਾਂ ਦੀ ਜਲ-ਥਲ ਕਰਕੇ ਫ਼ੋਨ ਰੱਖ ਦਿੰਦਾ ਹੈ ਅਤੇ ਮੇਰੀ ਗੱਲ ਹੀ ਨਹੀਂ ਸੁਣਦਾ। ਮੈਨੂੰ ਇਹ ਨਹੀਂ ਸਮਝ ਲੱਗਦੀ ਹੁੰਦੀ ਕਿ ਮੈਨੂੰ ਇਸ ਨੇ ਖ਼ੁਸ਼ੀ ਲੈਣ ਵਾਸਤੇ ਫ਼ੋਨ ਕੀਤਾ ਸੀ ਕਿ ਗਾਲ਼ਾਂ ਲੈਣ ਵਾਸਤੇ? ਮੇਰੇ ਘਰਵਾਲ਼ੀ ਪੁੱਛੂ, ਕਾਹਦੇ ਵਾਸਤੇ ਫ਼ੋਨ ਆਇਆ ਸੀ ਬਾਜਵਾ ਭਾਈ ਸਾਹਿਬ ਦਾ? ਮੈਂ ਆਖਦਾ ਹੁੰਦਾ ਹਾਂ, ਪਤਾ ਨਹੀਂ! ਤਾਂ ਉਹ ਮੇਰੇ ਵੱਲ ਅਨੋਖੀ ਨਜ਼ਰ ਨਾਲ਼ ਦੇਖਦੀ ਹੈ ਕਿ ਕਿਸੇ ਬੰਦੇ ਦਾ ਫ਼ੋਨ ਕਿਸੇ ਕੰਮ ਲਈ ਆਉਂਦਾ ਹੈ, ਪਰ ਮੇਰਾ ਬੰਦਾ ਕੋਈ ਗੱਲ ਨਹੀਂ ਦੱਸਦਾ। ਪਰ ਦੱਸਾਂ ਤਾਂ ਮੈਂ ਤਾਂ, ਜੇ ਮੈਨੂੰ ਕਿਸੇ ਗੱਲ ਦਾ ਪਤਾ ਹੋਵੇ? ਕਈ ਵਾਰ ਮੈਂ ਬੇਕਸੂਰ ਹੁੰਦਾ ਹੋਇਆ ਵੀ 'ਦੋਸ਼ੀ' ਬਣ ਜਾਂਦਾ ਹਾਂ! ਘਰਵਾਲ਼ੀ ਸਾਹਮਣੇ ਤਾਂ ਕਦੇ-ਕਦੇ ਮੇਰੀ ਵੱਡੇ ਬਾਈ ਸੁੱਚਾ ਸਿੰਘ ਬਾਜਵਾ ਦੀ ਹਾਸ-ਰਸ ਕਵਿਤਾ, "ਮੈਂ ਗੱਭਰੂ ਦੇਸ਼ ਪੰਜਾਬ ਦਾ ਤੇ 'ਦੌਲੀ' ਮੇਰਾ ਨਾਂ..!" ਵਾਲ਼ੀ ਹਾਲਤ ਬਣ ਜਾਂਦੀ ਐ। ਬਾਹਰ ਚਾਹੇ ਕੋਈ ਕਿੱਡਾ ਵੀ ਲਿਖਾਰੀ ਜਾਂ ਅਫ਼ਸਰ ਮੰਨਿਆਂ ਜਾਂਦਾ ਹੋਵੇ, ਪਰ ਘਰਵਾਲ਼ੀ ਸਾਹਮਣੇ ਪੱਗ ਕੱਛ 'ਚ ਦੇ ਕੇ ਘਰੇ ਵੜਦਾ ਹੈ! ਕਿਉਂ ਬਾਈ ਸੁੱਚਾ ਸਿੰਘ ਬਾਜਵਾ ਜੀ..? ਕੀ ਮੈਂ ਝੂਠ ਬੋਲਿਆ..? ਮੈਂ ਤਾਂ ਕਦੇ-ਕਦੇ ਰੁਬੀਨਾਂ ਜੀ ਤੋਂ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਘਰਵਾਲ਼ੀ ਦੀ ਕੁੱਟ ਖਾਣ ਤੋਂ ਬਾਅਦ 'ਕਿਹੜੇ' ਰੰਗ ਦੀ ਹਲ਼ਦੀ ਪੀਣੀ ਚਾਹੀਦੀ ਐ ਜੀ? ਕਿਉਂਕਿ ਕੁੱਟ ਤੋਂ ਬਾਅਦ ਤਾਂ ਬੰਦੇ ਨੂੰ ਧਰਤੀ ਵੀ ਹਲ਼ਦੀ ਵਰਗੀ ਦਿਸਣ ਲੱਗ ਪੈਂਦੀ ਐ! ਪਰ ਬੰਦੇ ਦੇ ਮੱਥੇ 'ਚ ਟੀਕ ਤਾਂ ਕਈ ਵਾਰ ਅੰਜੂ ਸ਼ਰਮਾਂ ਜੀ ਦੀਆਂ 'ਬਾਦਲ-ਬਾਦਲ' ਮਾਰਕਾ ਖ਼ਬਰਾਂ ਵੀ ਚਲਾ ਜਾਂਦੀਆਂ ਨੇ, ਜ਼ਰੂਰੀ ਨਹੀਂ ਕਿ ਉਥੇ 'ਘੋਟਣਾਂ' ਹੀ ਵਰਤਿਆ ਜਾਵੇ!
ਮੇਰਾ ਇਰਾਦਾ ਤਾਂ ਕਮਲਜੀਤ ਸਿੰਘ ਰਾਏ ਨੂੰ ਹਲ਼ਦੀ ਪਿਆ ਕੇ 'ਸੇਵਾ' ਕਰਨ ਦਾ ਬਣਦਾ ਸੀ, ਪਰ ਹੁਣ ਸੰਕੋਚ ਹੀ ਕਰਦਾ ਹਾਂ! ਛੋਟਾ ਭਰਾ ਹੋਣ ਦੇ ਤੌਰ 'ਤੇ ਜਰਮਨ ਆਇਆਂ ਨੂੰ ਵੀ ਮਿਲਣ ਨਹੀਂ ਆਉਂਦਾ! ਕਮਲਜੀਤ ਸਿੰਘ ਰਾਏ ਨੂੰ ਆਖਦਾ ਹਾਂ, ਬਾਬਾ ਰਵਿੰਦਰ ਸਿੰਘ ਆਲਮਗੀਰ ਤਾਂ ਅਰਦਾਸ ਵਾਸਤੇ ਤਿਆਰ ਹੀ ਰਹਿੰਦਾ ਹੈ, ਨਾਲ਼ ਦੀ ਨਾਲ਼ ਅਗਲੀ ਵਾਰ ਸੋਨੂੰ ਘੋਤੜਾ, ਗੁਰਿੰਦਰ ਗਿੰਦੀ, ਕੁਲਦੀਪ ਕਾਕਾ ਅਤੇ ਕਰਨੈਲ ਮਣੀ ਵਰਗਿਆਂ ਨੂੰ ਕਹੂੰਗਾ ਕਿ ਅਗਲੀ ਵਾਰੀ ਚਾਹ-ਪਾਣੀ ਪਿਆਉਣ ਤੋਂ ਪਹਿਲਾਂ ਮੈਨੂੰ ਪੁੱਛ ਲਿਆ ਕਰਨ ਕਿ ਚਾਹ ਕਿਸ ਨੂੰ ਤੇ 'ਚਾਹਟਾ' ਕਿਸ ਨੂੰ ਛਕਾਉਣਾ ਹੈ? ਛੋਟੇ ਭਰਾ ਵੱਡਿਆਂ ਦੀ ਵੀ ਸ਼ਰਮ ਨਹੀਂ ਕਰਦੇ! ਸੁਣ ਗਿਆ ਕਮਲਜੀਤ ਸਿਆਂ? ਇਹ ਹਦਾਇਤਾਂ ਜੀਆਂ ਮੈਥੋਂ ਵਾਰ-ਵਾਰ ਨਹੀਂ ਦਿੱਤੀਆਂ ਜਾਣੀਆਂ! ਅਗਲੀ ਵਾਰੀ ਪੰਜਾਬੀ ਨੂੰ ਨਹੀਂ, ਤੈਨੂੰ ਹੀ ਬਿੰਦੀਆਂ-ਟਿੱਪੀਆਂ ਤੇ ਕੰਨੇ ਲਾਵਾਂਗੇ! ਮੈਂ ਹੁਣ ਹੌਲ਼ੀ ਬੋਲਣ ਲੱਗ ਪਵਾਂ, ਕਿਤੇ ਸਾਡੇ ਵੱਡੇ ਬਾਈ ਆਦਰਸ਼ ਪਾਲ ਸਿੰਘ ਘੋਤੜਾ ਹੋਰੀਂ ਨਾ ਸੁਣ ਲੈਣ, ਉਹ ਤਾਂ ਕੁੱਟਦੇ ਘੱਟ, ਪਰ ਘੜ੍ਹੀਸਦੇ ਜ਼ਿਆਦਾ ਨੇ! ਬਚ ਕੇ ਮੋੜ ਤੋਂ ਬਾਈ ਜੀ! ਬਾਈ ਕੇਹਰ ਸ਼ਰੀਫ਼ ਨੂੰ ਕਹਿੰਦਾ ਸੀ 'ਬਚ ਕੇ ਮੋੜ ਤੋਂ!' ਪਤੰਦਰ ਨਾਂ ਦਾ ਈ ਸ਼ਰੀਫ਼ ਐ, ਬੋਲਣ ਲੱਗਿਆ ਤਾਂ 'ਡਰੈਗਨ' ਵਾਂਗੂੰ ਮੂੰਹ 'ਚੋਂ ਅੱਗ ਈ ਉਗਲ਼ਦੈ! ਤੇ ਉਹ ਵੀ ਕਈ ਤਰ੍ਹਾਂ ਦੀ!
ਚਲੋ ਇਕ ਤਾਂ ਵਧੀਆ ਹੋਇਆ, ਕੇਹਰ ਸ਼ਰੀਫ਼ ਤੇ ਅਮਰਜੀਤ ਸਿੱਧੂ ਦਾ ਮੱਛਰਪੁਣਾਂ ਤਾਂ 'ਕੱਲਾ ਅਮਨਦੀਪ ਕਾਲਕਟ ਹੀ ਲਾਹ ਗਿਆ। ਪਰ ਅਮਰਜੀਤ ਸਿੱਧੂ ਨੂੰ ਕਹਿੰਨੈਂ, ਤਾਇਆ ਬੱਕਰੀਆਂ ਵਾਲ਼ਾ ਤਾਂ ਜਿਹੜਾ ਅੜਬ ਸੀ, ਉਹ ਤਾਂ ਵੱਖਰੀ ਗੱਲ ਐ! ਪਰ ਜਿਹੜਾ ਆਹ ਅਮਨਦੀਪ ਕਾਲਕਟ ਉਠ ਕੇ ਥੋਡੇ 'ਬਾਦ' ਪੈ ਗਿਆ, ਉਹਦੀ ਟਰੱਕ ਆਲ਼ੀ 'ਫ਼ੇਟ' ਤੋਂ ਬਚਿਓ! ਸਿੱਧੂ ਸਿਆਂ, ਕਿਤੇ 'ਫ਼ਿੱਡੂ' ਆਲ਼ੀ ਫ਼ੂਕ 'ਚ ਈ ਨਾ ਮਾਰ ਖਾਜੀਂ ਬਾਈ! 'ਸਟੀਲ' ਦੇ ਗੋਡਿਆਂ ਦੀ ਭੱਜਣ ਦੀ ਫ਼ਿੱਡੂ ਜਿੰਨੀ 'ਮਾਰ' ਨਹੀਂ ਹੁੰਦੀ! ਕਿਤੇ ਨਾਂ ਦੇ ਗੇੜ 'ਚ ਆਫ਼ਰਿਆ ਦੌੜ ਲਾਉਣ ਤੁਰ ਪਵੇਂ! ਤੇਰੇ ਤਾਂ ਬੋਤੇ ਵਾਂਗੂੰ ਬਰੇਕ ਵੀ ਨੀ ਲੱਗਣੇ! ਬਾਈ ਕੇਹਰ ਸ਼ਰੀਫ਼ ਨੂੰ ਤਾਂ ਫ਼ੜ ਕੇ ਵੀ ਬਿਠਾ ਲਵਾਂਗੇ, ਪਰ ਤੇਰੇ ਮੂਹਰੇ 'ਇੱਛ-ਇੱਛ' ਕੌਣ ਕਰੀ ਜਾਊ? ਆਹ ਆਪਣੇ ਛੋਟੇ ਭਰਾ ਸੇਵਾ ਸਿੰਘ ਸੋਢੀ ਦਾ ਭਾਵੇਂ ਮਿੰਨਤ-ਤਰਲਾ ਕਰ ਲਈਏ, ਸ਼ਾਇਦ ਉਹ ਹੀ ਤੈਨੂੰ ਬੁਛਕਾਰ ਕੇ ਬਿਠਾ ਲਵੇ? ਨਹੀਂ ਫ਼ੇਰ ਭੈਣ ਕੁਲਵੰਤ ਕੌਰ ਚੰਨ ਨੂੰ ਆਖਰੀ ਹਥਿਆਰ ਵਜੋਂ ਜੋਦੜੀ ਕਰਾਂਗੇ, ਕਿ ਭੈਣ ਜੀ ਕੋਈ ਮਿੱਠਾ ਜਿਆ ਗੀਤ ਸੁਣਾ ਕੇ 'ਸਿੱਧੂ' ਨੂੰ ਮਲੱਠੀ ਦਿਓ! ...ਤੇ ਨਹੀਂ ਅਖੀਰ 'ਚ ਆਪਣੇ ਕੋਲ਼ ਪ੍ਰਮਿੰਦਰ ਬੈਂਸ ਤਾਂ ਹੈਗਾ ਈ ਐ, ਉਹਨੂੰ ਕਹਿੰਦੇ ਕੰਪਿਊਟਰ ਦੀ ਬਾਹਵਾ ਜਾਂਚ ਐ? ਉਹਨੂੰ ਹੱਥ ਜੋੜਾਂਗੇ, ਬਈ ਜੇ ਸਿੱਧੂ ਤੇ ਕੇਹਰ ਸ਼ਰੀਫ਼ ਸਾਡੇ ਖ਼ਿਲਾਫ਼ ਦੌੜ ਲਾਉਣ ਤੁਰ ਪਏ, ਤਾਂ ਬਾਈ ਬਣਕੇ ਇਹਨਾਂ ਦਾ 'ਗਰਿੱਪ' ਜ਼ਰੂਰ ਕੱਢ ਲਵੀਂ! ਸਾਡੇ 'ਸ਼ਾਟ' ਨਾ ਮਾਰ ਜਾਣ! ਆਹ ਬਾਈ ਨਿਰਮਲ ਕੰਧਾਲ਼ਵੀ ਨੂੰ ਨੀ ਬੁਲਾਉਣਾ! ਇਹ ਤਾਂ ਪਤੰਦਰ ਮਿਰਜ਼ੇ ਨੂੰ ਵੀ ਮਾਰੂਤੀ 'ਤੇ ਈ ਚਾੜ੍ਹੀ ਰੱਖਦੈ, ਤੇ ਨਾਲ਼ੇ ਢਹਾਉਂਦੈ ਕੰਧੋਲ਼ੀਆਂ! ਆਪ ਪਤਾ ਨਹੀਂ ਕਿਹੜੇ 'ਰਾਗਟ' 'ਤੇ ਚੜ੍ਹ ਕੇ ਸਾਡੀ ਹਿੱਕ 'ਚ ਵੱਜੂ! ਪਰ ਇਹਨੂੰ ਤਾਂ ਮੋਤਾ ਸਿੰਘ ਸਰਾਏ ਤੇ ਹਰਜਿੰਦਰ ਸੰਧੂ ਈ ਸਾਂਭ ਲੈਣਗੇ! ਉਹਨਾਂ ਕੋਲ਼ੇ ਗਿੱਦੜਸਿੰਗੀ ਹੈਗੀ! ਉਹਨਾਂ ਨੂੰ ਬਾਈ ਦੀ ਪੁੱਠੀ ਰਗ ਦਾ ਪਤੈ! ਐਤਕੀਂ ਚਰਨਜੀਤ ਧਾਲੀਵਾਲ਼ ਸੈਦੋਕੇ ਕਹਿੰਦੀ ਸੀ, ਅਖੇ ਜੀ ਲਾਈਪਜ਼ਿੱਗ ਤਾਂ ਬਰੇਮਨ ਤੋਂ ਬਹੁਤ ਦੂਰ ਐ..! ਮੈਂ ਤਾਂ ਆ ਨਹੀਂ ਸਕਣਾ, ਅਖੇ ਇਕ ਰਾਜ ਇੰਡੀਆ ਗਿਆ ਹੋਇਆ ਹੈ! ਜੇ ਪਹਿਲਾਂ ਪਤਾ ਹੁੰਦਾ ਤਾਂ ਉਹਨੂੰ ਲੈਣ ਮਿਰਜ਼ੇ ਦੀ ਮਾਰੂਤੀ ਈ ਭੇਜ ਛੱਡਦੇ, ਕੰਧਾਲ਼ਵੀ ਸਾਹਿਬ ਨੇ ਪਹਿਲਾਂ ਗੱਲ ਈ ਨਹੀਂ ਸੀ ਕੀਤੀ ਕਦੇ! ਰਾਜ ਨੂੰ ਤਾਂ 'ਕੱਲੇ ਕੰਧਾਲਵੀ ਸਾਹਿਬ ਹੀ ਮੋਢਿਆਂ 'ਤੇ ਚੁੱਕ ਲਿਆਉਂਦੇ! ਲੋਕਾਂ ਨੂੰ 'ਕੰਧਿਆਂ' 'ਤੇ ਚੱਕਣ ਤੋਂ ਈ ਤਾਂ ਇਹਨਾਂ ਦਾ ਨਾਂ 'ਕੰਧਾਲ਼ਵੀ' ਪਿਐ! ਪਰ ਇਹਨਾਂ 'ਚ ਇਕ 'ਖੋਟ' ਵੀ ਹੈ ਕਿ ਕਦੇ-ਕਦੇ ਇਹ ਲੋਕਾਂ ਨੂੰ 'ਕੰਧਿਆਂ' 'ਤੇ ਘੱਟ, ਪਰ ਸਿੰਗਾਂ 'ਤੇ ਜ਼ਿਆਦਾ ਚੱਕਦੇ ਨੇ! ਜੇ ਕਿਤੇ ਗੱਲ ਜ਼ਿਆਦਾ ਹੀ ਵਿਗੜਦੀ ਤਾਂ ਵੱਡੇ ਵੀਰ ਸ਼ ਸਤਨਾਮ ਸਿੰਘ ਬੱਬਰ ਦੀ 'ਨਾਗਣੀ' ਤਾਂ ਫ਼ਿਰ ਕਿੱਧਰੇ ਗਈ ਨਹੀਂ ਸੀ! ਅਸੀਂ ਉਹਨਾਂ ਨੂੰ ਬੇਨਤੀ ਕਰ ਲੈਂਦੇ? ਤਰਸੇਮ ਸਿੰਘ ਅਟਵਾਲ਼ ਨੂੰ ਇਹੀ ਨਾਗਣੀ ਦਿਖਾ ਕੇ ਤਾਂ ਅਸੀਂ ਹੌਲ ਪਾਈ ਰੱਖੀਦੇ ਐ! ਜੱਸੀ ਖ਼ਾਲਸਾ ਤੇ ਪਰਮਜੀਤ ਹੁੰਦਲ ਹੋਰੀਂ ਵੀ ਇੰਡੋ-ਇਟਾਲੀਅਨ ਟਾਈਮਜ਼ ਦੇ ਸੰਪਾਦਕ ਵਿਸ਼ਾਲ ਨੂੰ ਇਸੇ ਨਾਗਣੀ ਦੇ ਜ਼ੋਰ 'ਤੇ ਹੀ 'ਡਰਾਈ' ਰੱਖਦੇ ਨੇ! ਮੈਂ ਡਰਾਉਣ-ਧਮਕਾਉਣ ਦੀ ਗੱਲ ਨਹੀਂ ਕੀਤੀ ਬਾਈ ਜੀ। 'ਡਰਾਈ' ਬੰਦਾ ਉਦੋਂ ਹੁੰਦਾ ਹੈ, ਜਦੋਂ ਪੀਤੀ ਨਾ ਹੋਵੇ! ਚਾਹੇ ਰਾਜੂ ਹਠੂਰੀਆ, ਬੀਰਬਲ, ਬਾਈ ਰਵੇਲ ਸਿੰਘ ਤੇ ਸੁੱਖੇ ਨੱਤ ਵਰਗੇ ਬਥੇਰਾ ਵਿਸ਼ਾਲ ਨੂੰ ਹੌਸਲਾ ਦਿੰਦੇ ਐ, ਪਰ..! ਕੀ ਕਰੀਏ ਇਸ ਗੋਲ਼ੀ ਪੈਣੇ ਵਿਸ਼ਾਲ ਦਾ..? ਹੁਣ ਤਾਂ ਪੇਪਰ ਵੀ ਭੇਜਣੋਂ ਹਟ ਗਿਆ। ਪਤਾ ਨਹੀਂ ਜ਼ਿਆਦਾ ਹੀ 'ਡਰਾਈ' ਰਹਿਣ ਲੱਗ ਪਿਆ? ਕਿਉਂਕਿ ਪੀ ਕੇ ਬੰਦਾ 'ਦਲੇਰ' ਜਿਉਂ ਹੋ ਜਾਂਦੈ! ਖ਼ਬਰ ਤਾਂ ਹੁਣ ਬੈਲਜੀਅਮ ਵਾਲ਼ੇ ਹਰਚਰਨ ਸਿੰਘ ਢਿੱਲੋਂ ਤੇ ਪੈਰਿਸ ਵਾਲ਼ੇ ਸੁਖਬੀਰ ਸੰਧੂ ਦੀ ਵੀ ਲੈਣੀ ਪੈਣੀ ਐਂ! ਇਕ ਅੰਬਰਸਰੀਆ ਤੇ ਇਕ ਮਲਵਈ! ਫ਼ੋਕੇ ਈ ਦਾਅਵੇ ਕਰੀ ਜਾਣਗੇ, ਅਸੀਂ ਬਾਈ ਜੀ ਥੋਨੂੰ ਬੜਾ ਮੋਹ ਕਰਦੇ ਐਂ..! ਪਰ ਮਿਲਣ ਕਦੇ ਆਏ ਨਹੀਂ! ਐਤਕੀਂ ਕੀ ਬਿੱਲੀ ਛਿੱਕ ਗਈ ਸੀ ਬਾਈ ਜੀ..? ਉਏ ਜੇ ਆਪਾਂ ਪੈਰਿਸ, ਇੰਗਲੈਂਡ ਜਾਂ ਬੈਲਜੀਅਮ ਨਹੀਂ ਮਿਲ਼ ਸਕਦੇ, ਬਾਜਵੇ ਦੇ ਪ੍ਰੋਗਰਾਮ 'ਤੇ ਈ ਆ ਕੇ ਮਿਲ਼ ਜਿਆ ਕਰੋ ਟੁੱਟ ਪੈਣਿਓਂ..! ਕਹਿੰਦੇ ਅਗਲੇ ਸਾਲ ਬਰੇਮਨ ਪ੍ਰੋਗਰਾਮ ਹੋਣਾ ਹੈ? ਉਥੇ ਜ਼ਰੂਰ ਆ ਜਾਇਓ! ਉਹ ਤੁਹਾਨੂੰ ਸੱਦਾ ਦੇਣ ਚਾਹੇ ਨਾ ਦੇਣ, ਮਰਾਸੀ ਵਾਂਗੂੰ ਸੱਦਾ ਮੈਂ ਹੀ ਦੇ ਦਿੰਦਾ ਹਾਂ! ਨਾਲ਼ੇ ਬਰੇਮਨ ਵਾਲ਼ੇ ਖ਼ੁਸ਼ ਹੋ ਜਾਣਗੇ, "ਕਮਲ਼ੇ-ਰਮਲ਼ੇ ਸੱਜਣ ਘਰ ਆਏ - ਹੈਰਾਨੀ ਦੇ ਵਿਚ ਨੈਣ ਖੜ੍ਹੇ..!"
...ਅਗਲੀ ਕਿਸ਼ਤ ਦੀ ਉਡੀਕ ਕਰੋ!