ਨਕਲੀ ਅਸਲੀ ਬਲਵੰਤ ਗਾਰਗੀ

ਲੇਖਕ ਬਲਰਾਜ ਸਿੱਧੂ, ਬ੍ਰਮਿੰਘਮ, ਯੂ.ਕੇ.
ਅੰਗਰੇਜ਼ੀ ਦਾ ਇਕ ਵਿਸ਼ਵਪ੍ਰਸਿੱਧ ਸਾਹਿਤਕਾਰ ਹੋਇਆ ਹੈ ਡੀ. ਐਚ. ਲੌਰੈਂਸ। ਲੌਰੈਂਸ ਨੇ ਇਕ ਗਰਮਾ ਗਰਮ ਨਾਵਲ ਲਿਖਿਆ 'ਲੇਡੀ ਚੈਟਰਲੀ'ਸ ਲਵਰ' ਭਾਵ ਲੇਡੀ ਚੈਟਰਲੀ ਦਾ ਪ੍ਰੇਮੀ।ਜਿਦਣ ਨਾਵਲ ਛੱਪਿਆ, ਉਦਣ ਹੀ ਇੰਗਲੈਂਡ ਦੇ ਲੇਖਕ ਲਾਰੌਸ ਵਿਰੁੱਧ ਲਾਮਬਧ ਹੋ ਗਏ। ਜਿਵੇਂ ਕਿ ਉਸ ਨੇ ਨਾਵਲ ਲਿਖ ਕੇ ਕੋਈ ਗੁਨਾਹ ਕਰ ਦਿੱਤਾ ਹੁੰਦਾ ਹੈ। ਅਸ਼ਲੀਲਤਾ ਦਾ ਦੋਸ਼ ਲਾ ਕੇ ਅਦਾਲਤ ਵਿਚ ਲੈ ਗਏ। ਨਾਵਲ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ ਕਿ ਲੇਡੀ ਚੈਟਰਲੀ ਇਕ ਅਮੀਰ ਔਰਤ ਹੁੰਦੀ ਹੈ ਤੇ ਉਸਦਾ ਅਪਾਹਜ ਪਤੀ ਸਰ ਕਲਿਫਫੋਰਡ ਚੈਟਰਲੀ ਉਸਦੀਆਂ ਸ਼ਰੀਰਕ ਲੋੜ੍ਹਾਂ ਨਹੀਂ ਪੂਰੀਆਂ ਕਰ ਸਕਦਾ ਹੁੰਦਾ ਤੇ ਲੇਡੀ ਚੈਟਰਲੀ ਆਪਣੇ ਨੌਕਰ ਮਿਲਰਸ ਨਾਲ ਸੰਬਧ ਬਣਾ ਲੈਂਦੀ ਹੈ।ਇਕ ਵਿਵਰਜਿਤ ਰਿਸ਼ਤਾ ਅਤੇ ਉਸਤੋਂ ਗਰਭਵਤੀ ਹੋ ਜਾਂਦੀ ਹੈ। ਸਮਾਜ ਸੇਵਕ ਜਥੇਬੰਦੀਆਂ ਨੇ ਲੌਰੈਂਸ ਵਿਰੁਧ ਝੰਡੇ ਚੁੱਕ ਲਏ ਕਿ ਇਹ ਨਾਵਲ ਅਪਾਹਜਾਂ ਵਿਚ ਹੀਣ ਭਾਵਨਾ ਪੈਦਾ ਕਰਦਾ ਹੈ।ਲੌਰੈਂਸ ਨੇ ਐਸੀਆਂ ਦਲੀਲਾਂ ਦਿੱਤੀਆਂ ਕਿ ਸਭ ਦੇ ਮੂੰਹ ਬੰਦ ਹੋ ਗਏ। ਲੌਰੈਂਸ ਬਰੀ ਹੋ ਗਿਆ।ਨਾਵਲ ਉੱਤੇ ਫਿਲਮ ਬਣੀ ਤੇ ਨੌ ਨੌ ਮਿੰਟ ਦੇ ਕਾਮੁਕ ਦ੍ਰਿਸ਼ ਟੈਲੀਵਿਜ਼ਨ ਵਾਲਿਆਂ ਨੇ ਬਿਨਾਂ ਕੈਂਚੀ ਮਾਰਿਆਂ ਦਿਖਾਏ। ਇੰਗਲੈਂਡ ਅਤੇ ਅਮਰੀਕਾ ਵਿਚ ਇਸ ਨਾਵਲ ਉੱਤੇ ਪਾਬੰਧੀ ਲੱਗ ਜਾਂਦੀ ਹੈ। ਨਾਵਲ ਦੀ ਵਿਕਰੀ ਵੱਧ ਗਈ ਤੇ ਲੱਖਾਂ ਦੀ ਗਿਣਤੀ ਵਿਚ ਨਕਲੀ ਉਤਪਾਦਨ ਹੋ ਕੇ ਨਾਵਲ ਬਲੈਕ ਵਿਚ ਵਿਕਿਆ।
ਸਾਡੇ ਪੰਜਾਬੀ ਲੇਖਕ ਬਲਵੰਤ ਗਾਰਗੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਲੱਭ ਕੇ ਨਾਵਲ ਇਕੋ ਬੈਠਕ ਵਿਚ ਪੜ੍ਹਿਆ।ਨਾਵਲ ਪੜ੍ਹਕੇ ਗਾਰਗੀ ਨੂੰ ਫੂਰਨਾ ਫੂਰਿਆ ਬਈ ਇਹ ਚੀਜ਼ ਤਾਂ ਇੰਗਲੈਂਡ ਦੇ ਅੰਗਰੇਜ਼ਾਂ ਨੂੰ ਹਜ਼ਮ ਨਹੀਂ ਹੋਈ, ਪੰਜਾਬੀ ਪਾਠਕਾਂ ਦੇ ਗਲੇ ਵਿਚੋਂ ਕਿਥੋਂ ਉਤਰਨੀ ਹੈ। ਗਾਰਗੀ ਨੇ ਨਾਵਲ ਚੋਰੀ ਕਰਨ ਦਾ ਮਨ ਬਣਾ ਕੇ ਕੁਝ ਸੋਚਿਆ। ਫਿਰ ਉਸਦੇ ਮਨ ਵਿਚ ਖਿਆਲ ਆਇਆ ਕਿ ਕਮਲਿਆ ਸੋਚੀ ਕੀ ਜਾਂਦਾ ਹੈਂ? ਇਹ ਕੰਮ ਤਾਂ ਲੌਰੈਂਸ ਬਥੇਰਾ ਕਰ ਚੁੱਕਿਆ ਹੈ। ਖਾਣਾ ਬਣਿਆ ਪਿਆ ਹੈ ਮਾਇਕਰੋਵੇਵ ਵਿਚ ਰੱਖ, ਗਰਮ ਕਰਕੇ ਪੰਜਾਬੀ ਪਾਠਕਾਂ ਨੂੰ ਪਰੋਸ।ਗਾਰਗੀ ਨੇ ਨਾਵਲ ਮੇਜ਼ 'ਤੇ ਮੂਧਾ ਪਾ ਕੇ ਉਸਦਾ ਅਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ 'ਲੋਹਾ ਕੁੱਟ' ਨਾਟਕ ਲਿਖ ਕੇ ਤਿਆਰ ਕਰ ਦਿੱਤਾ। ਲੌਰੈਂਸ ਅੰਗਰੇਜ਼ੀ ਦਾ ਸ਼ਬਦ ੜਅਘੂਓਲ਼ੈ ਬਹੁਤ ਵਰਤਦਾ ਹੁੰਦਾ ਸੀ। ਇਹ ਉਸਦਾ ਪਾਲਤੂ ਸ਼ਬਦ ਸੀ। ਉਸ ਦੀ ਰੀਸ ਕਰਨ ਲਈ ਪੰਜਾਬੀ ਵਿਚ ਗਾਰਗੀ ਵੇਗ ਸ਼ਬਦ ਇਸਤੇਮਾਲ ਕਰਨ ਲੱਗ ਪਿਆ। ਲੇਡੀ ਚੈਟਰਲੀ ਦਾ ਘਟਨਾ ਕਾਲ ਸੰਸਾਰ ਜੰਗ ਹੁੰਦਾ ਹੈ ਤੇ ਗਾਰਗੀ ਵੀ ਨਾਟਕ ਦਾ ਕਾਰਜ ਕਾਲ ਸੰਸਾਰ ਜੰਗ ਵੇਲੇ ਦਾ ਬਣਾ ਦਿੰਦਾ ਹੈ। ਲੇਡੀ ਚੈਟਰਲੀ ਦੇ ਵਿਆਹ ਤੋਂ ਬਾਅਦ ਉਸਦੇ ਪਤੀ ਦੇ ਇਕ ਨਾਟਕਕਾਰ ਦੋਸਤ ਨਾਲ ਸ਼ਰੀਰਕ ਸੰਬੰਧ ਬਣਦੇ ਹਨ। ਗਾਰਗੀ ਨੇ ਉਹ ਹਿੱਸਾ ਚੁੱਕ ਕੇ ਆਪਣੇ ਅਤੇ ਰਾਜੀ ਉੱਤੇ ਫਿੱਟ ਕਰਕੇ ਹੂ-ਬਾ-ਹੂ ਆਪਣੀ ਸਵੈ-ਜੀਵਨੀ ਵਿਚ ਗੱਡ ਦਿੱਤਾ।ਲੇਡੀ ਚੈਟਰਲੀ ਦਾ ਪ੍ਰੇਮੀ ਲੁਹਾਰਾ ਕੰਮ ਕਰ ਚੁੱਕਿਆ ਹੁੰਦਾ ਹੈ ਤੇ ਗਾਰਗੀ ਨੂੰ ਇਥੋਂ ਹੀ ਲੋਹਾ ਕੁੱਟ ਲੱਭ ਜਾਂਦਾ ਹੈ। ਹੋਰ ਤਾਂ ਹੋਰ ਲੌਰੈਂਸ ਆਪਣੀ ਨਾਇਕਾ ਕੌਨੀ ਦੀ ਮਰਦਾਂ ਬਾਰੇ ਸੋਚ ਨੂੰ ਰੂਪਮਾਨ ਕਰਨ ਲਈ ਜੋ ਵਾਕ ਪਹਿਲੇ ਕਾਂਡ ਦੇ ਸਫਾ ਨੰਬਰ ੯ 'ਤੇ ਲਿਖਦਾ ਹੈ, ਇੰਨ-ਬਿੰਨ ਉਹੀ ਡਾਇਲਾਗ ਗਾਰਗੀ ਦੀ ਨਾਇਕਾ ਸੰਤੀ ਦੇ ਪਹਿਲੇ ਐਕਟ ਦੇ ਪਹਿਲੇ ਸੀਨ ਵਿਚ ਹੁੰਦੇ ਹਨ। ਗਾਰਗੀ ਇਸ ਉੱਤੇ ਆਪਣੀ ਮੌਲਿਕਤਾ ਦੀ ਮੋਹਰ ਲਾਉਣ ਲਈ ਪਾਠਕਾਂ ਨੂੰ ਝੂਠ ਬੋਲ ਕੇ ਦੱਸਦਾ ਹੈ ਕਿ ਇਹ ਸੀਨ ਉਸਨੇ ਮੁਰਾਦਾਬਾਦ ਸਟੇਸ਼ਨ 'ਤੇ ਬੈਠ ਕੇ ਲਿਖਿਆ। ਨਾਲ ਉਹ ਇਹ ਨਹੀਂ ਦੱਸਦਾ ਕਿ ਉਹਦੇ ਖੀਸੇ ਵਿਚ ਲੇਡੀ ਚੈਟਰਲੀ'ਸ ਲਵਰ ਵੀ ਸੀ ਜਿਸ ਤੋਂ ਨਕਲ ਮਾਰ ਕੇ ਲਿਖਿਆ।ਲੇਡੀ ਚੈਟਰਲੀ ਦੇ ਕਿਰਦਾਰ ਦੀਆਂ ਦੋਨਾਂ ਪਰਤਾਂ ਨੂੰ ਗਾਰਗੀ ਸੰਤੀ ਅਤੇ ਬੈਣੋ ਦੋ ਔਰਤਾਂ ਦੇ ਚਰਿਤ੍ਰ ਵਰਣਨ ਰਾਹੀਂ ਉਘਾੜਦਾ ਹੈ।ਲੌਰੈਂਸ ਦਾ ਮਾਇਕਲਸ ਗਾਰਗੀ ਦਾ ਗੱਜਣ, ਮੈਲਰਸ ਗਾਰਗੀ ਦਾ ਸਰਵਣ, ਕਲਿਫਫੋਰਡ ਚੈਟਰਲੀ ਗਾਰਗੀ ਦਾ ਕਾਕੂ ਲੁਹਾਰ ਅਤੇ ਬਰਥਾ ਗਾਰਗੀ ਦੀ ਬਣਸੋ ਹੈ। ਓਲੀਵਰ ਮਿਲਰਸ ਦੇ ਵਿਅਕਤਿਤਵ ਨੂੰ ਦਰਸਾਉਣ ਲਈ ਲੌਰੈਂਸ ਉਸ ਦੀ ਬੱਚੀ ਕੌਨੀ ਮਿਲਰਸ ਪਾਤਿਰਾ ਦੀ ਵਰਤੋਂ ਕਰਦਾ ਹੈ। ਉਸੇ ਦੀ ਰੀਸ ਨਾਲ ਗਾਰਗੀ ਦੀਪੂ ਨਾਮੀ ਬੱਚੇ ਕਿਰਦਾਰ ਘੜ ਲੈਂਦਾ ਹੈ। ਹਾਲਾਂਕਿ ਗਾਰਗੀ ਨੂੰ ਉਸ ਬੇਲੋੜੇ ਪਾਤਰ ਦੀ ਕੋਈ ਜ਼ਰੂਰਤ ਨਹੀਂ ਸੀ।
ਅਲਬੱਤਾ, ਲੋਹਾ ਕੁੱਟ ਨਾਟਕ ਦੇ ਮੰਚਨ ਹੋਏ ਪੰਜਾਬੀ ਲੇਖਕ ਕੁਸਕੇ ਨਾ। ਗਾਰਗੀ ਨੂੰ ਫਿਕਰ ਹੋਣ ਲੱਗਾ ਕਿ ਕਿਧਰੇ ਪੰਜਾਬੀਆਂ ਨੇ ਇਹ ਹਜ਼ਮ ਤਾਂ ਨਹੀਂ ਕਰ ਲਿਆ। ਗਾਰਗੀ ਨੂੰ ਇਲਮ ਨਹੀਂ ਸੀ ਕਿ ਪੰਜਾਬੀ ਸਮਾਜ ਜੇ ਹਜ਼ਮ ਕਰਨ 'ਤੇ ਆਵੇ ਤਾਂ ਸੋਭਾ ਸਿੰਘ ਦੀ ਬਣਾਈ ਹੋਈ 'ਸੋਹਣੀ ਮਹਿਵਾਲ' ਵਰਗੀ ਅਸ਼ਲੀਲ ਪੇਂਟਿੰਗ ਨੂੰ ਵੀ ਸਵਿਕਾਰ ਲੈਂਦਾ ਹੈ। ਸੋਭਾ ਸਿੰਘ ਨੇ ਸਿੱਖ ਗੁਰੂਆਂ ਦੇ ਪੋਰਟਰੇਟ ਬਣਾਏ। ਉਹ ਪ੍ਰਸਿੱਧ ਨਾ ਹੋਇਆ। ਉਹਨੇ ਗੁਰੂ ਨਾਨਕ ਦੀ ਪੇਂਟਿੰਗ ਬਣਾਈ।ਪੇਂਟਿੰਗ ਬਣਾਉਣ ਤੋਂ ਪਹਿਲਾਂ ਸੋਭਾ ਸਿੰਘ ਨੇ ਅਧਿਐਨ ਕੀਤਾ।ਜੋਤਿਸ਼ ਵਿਦਿਆ ਦੀਆਂ ਕਿਤਾਬਾਂ ਪੜ੍ਹੀਆਂ। ਲਾਲ ਕਿਤਾਬ… ਭਿਰਗੂ ਦਾ ਗ੍ਰੰਥ… ਤੇ ਹੋਰ ਬੜਾ ਕੁਝ; ਤਾਂ ਜੋ ਗੁਰੂ ਨਾਨਕ ਦੇ ਹੱਥਾਂ ਦੀਆਂ ਲਕੀਰਾਂ ਸਹੀ ਵਾਹੀਆਂ ਜਾ ਸਕਣ।ਫਿਰ ਉਹ ਗੁਰੂ ਨਾਨਕ ਦੀ ਤਸਵੀਰ ਬਣਾਉਂਦਾ ਹੈ ਤੇ ਗੁਰੂ ਨਾਨਕ ਦੇ ਹੱਥ ਦੀ ਕਰਮ ਚੱਕਰ ਰੇਖਾ ਨੂੰ ਜਾਣ-ਬੁੱਝ ਕੇ ਗੂੜੀ ਕਰ ਦਿੰਦਾ ਹੈ।ਜਿਸਦੇ ਕੁਝ ਅਰਥ ਨਿਕਲਦੇ ਹਨ। ਲੇਕਿਨ ਸੋਭਾ ਸਿੰਘ ਨੂੰ ਸ਼ੁਹਰਤ ਨਹੀਂ ਮਿਲਦੀ। ਉਹ ਆਪਣੀਆਂ ਪੇਂਟਿੰਗਾਂ ਆਪਣੇ ਪੈਸੇ ਖਰਚ ਕੇ ਛਪਵਾਉਂਦਾ ਤੇ ਵੇਚਦਾ ਹੈ।ਸੋਭਾ ਸਿੰਘ ਦੇ ਮਨ ਵਿਚ ਉਭਾਲ ਉੱਠਦਾ ਹੈ ਤੇ ਉਹ ਦੋ ਮਾਸਟਰ ਪੀਸ ਬਣਾਉਂਦਾ ਹੈ, 'ਸੋਹਣੀ ਮਹਿਵਾਲ' ਤੇ 'ਸੋਹਣੀ ਇੰਨ ਹੈਵਨ' ਸੋਹਣੀ ਮਹਿਵਾਲ ਦੀ ਤਸਵੀਰ ਬਣਾਉਣ ਬਾਅਦ ਪੰਜਾਬੀ ਜਗਤ ਵਿਚ ਤਰਥੱਲੀ ਮੱਚ ਜਾਂਦੀ ਹੈ।ਸੋਭਾ ਸਿੰਘ ਥੀਮ ਬਹੁਤ ਵਧੀਆ ਫੜ੍ਹਦਾ ਹੈ। ਸੋਹਣੀ ਮਹਿਵਾਲ ਨੂੰ ਮਿਲਣ ਝਨਾਅ ਕੱਚੇ ਘੜ੍ਹੇ ਉੱਤੇ ਤਰਕੇ ਆਉਂਦੀ ਹੈ।ਸੋਭਾ ਸਿੰਘ ਨੇ ਦਰਸਾਇਆ ਹੈ ਕਿ ਸੋਹਣੀ ਝਨਾਅ ਵਿਚ ਗੋਤੇ ਖਾਹ ਰਹੀ ਹੈ। ਮਹਿਵਾਲ ਉਹਨੂੰ ਕੱਢ ਕੇ ਲਿਆਉਂਦਾ ਹੈ ਤੇ ਉਸਦੇ ਘੜ੍ਹੇ ਦੀ ਕੰਨੀ ਭੂਰੀ ਹੋਈ ਹੈ।ਇੱਥੇ ਸੋਭਾ ਸਿੰਘ ਤੋਂ ਇਕ ਗਲਤੀ ਹੁੰਦੀ ਹੈ। ਮਹਿਵਾਲ ਦੀਆਂ ਬਾਹਾਂ ਵਿਚ ਜਕੜੀ ਹੋਈ ਸੋਹਣੀ ਦੇ ਸਤਨਾਂ ਵਿਚ ਅਕੜਾ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਕ ਇਸਤਰੀ ਦੇ ਸਤਨਾਂ ਵਿਚ ਅਕੜਾ ਕਦੋਂ ਆਉਂਦਾ ਹੈ? ਇਹ ਅਕੜਾ ਸਿਰਫ ਦੋ ਕਾਰਨਾਂ ਕਰਕੇ ਆਉਂਦਾ ਹੈ। ਇਕ ਤਾਂ ਜਦੋਂ ਔਰਤ ਬੱਚੇ ਨੂੰ ਦੁੱਧ ਚੁੰਘਾ ਰਹੀ ਹੋਵੇ ਤੇ ਦੂਜਾ ਜਦੋਂ ਉਹ ਕਾਮ ਸਿਖਰ 'ਤੇ ਪਹੁੰਚ ਚੁੱਕੀ ਹੋਵੇ। ਤੀਜਾ ਕੋਈ ਕਾਰਨ ਨਹੀਂ ਹੈ ਕਿ ਔਰਤ ਦੀਆਂ ਛਾਤੀਆਂ ਠੋਸ ਹੋ ਜਾਵਣ।ਸਾਡਾ ਸੋਭਾ ਸਿੰਘ ਸੋਹਣੀ ਦੇ ਨਿਪਲ ਤਣੇ ਹੋਏ ਦਿਖਾਉਂਦਾ ਹੈ। ਤੇ ਉਹ ਵੀ ਝਨਾਅ ਦੇ ਠੰਡੇ ਪਾਣੀ ਵਿਚੋਂ ਨਿਕਲੀ ਹੋਈ ਦੇ।ਕੀ ਇਹ ਸੰਭਵ ਹੈ? ਪਰ ਪੰਜਾਬੀ ਸਮਾਜ ਨੇ ਉਹ ਕਬੂਲਿਆ ਹੈ ਤੇ ਸੋਭਾ ਸਿੰਘ ਸਾਡਾ ਮਹਾਨ ਆਟਰਟਿਸਟ ਹੈ।
ਖੈਰ, ਗਾਰਗੀ ਤੜਫਿਆ ਬੜਾ। ਉਹ ਲੇਖਕਾਂ ਨੂੰ ਆਪ ਨਾਟਕ ਉੱਤੇ ਕੀਤੇ ਜਾਣ ਵਾਲੇ ਇਤਰਾਜ਼ ਦੱਸਣ ਲੱਗਾ। ਉਸਨੇ ਗੁਰਬਖਸ਼ ਸਿੰਘ ਪ੍ਰੀਤਲੜ੍ਹੀ ਤੋਂ ਉਚੇਚਾ ਇਤਰਾਜ਼ ਕਰਵਾਏ।ਗਾਰਗੀ ਲੌਰੈਂਸ ਵਾਲੀਆਂ ਹੀ ਘੜੀਆਂ ਹੋਈਆਂ ਦਲੀਲਾਂ ਦੇ ਕੇ ਵਿਦਵਤਾ ਝਾੜਣ ਲੱਗ ਪਿਆ ਤੇ ਇੰਝ ਅਸੀਂ ਪੰਜਾਬੀ ਦਾ ਇਕ ਵੱਡਾ ਨਾਟਕਕਾਰ ਪੈਦਾ ਕਰ ਲਿਆ। ਨਕਲੋਂ ਅਸਲ ਬਣਾਉਣ ਦਾ ਗਾਗਰੀ ਨੂੰ ਵਿਸ਼ੇਸ਼ ਵਲ ਆਉਂਦਾ ਸੀ। ਗਾਰਗੀ ਆਪਣੇ ਨਾਲ ਇਹ ਭਰਮ ਲੈ ਕੇ ਸ਼ਾਂਤੀ ਨਾਲ ਮਰ ਗਿਆ ਕਿ ਉਸਦੀ ਚੋਰੀ ਫੜ੍ਹ ਨਹੀਂ ਹੋਈ। ਪਰ ਉਹ ਆਪਣੀਆਂ ਸਵੈ-ਜੀਵਨੀਆਂ 'ਨੰਗੀ ਧੁੱਪ' ਅਤੇ 'ਕਾਸ਼ਨੀ ਵੇਹੜਾ'ਵਿਚ ਆਪਣੀ ਚੋਰੀ ਦੇ ਸਬੂਤ ਛੱਡ ਗਿਆ।