ਲੋਕਾਂ ਦੀ ਜੋ ਗੱਲ ਲਿਖੇ,ਉਸ ਪੋਟੇ ਨੂੰ ਸਲਾਮ....
ਓਏ ਕਲਮਾਂ ਵਾਲਿਓ....
ਓਏ ਅਕਲਾਂ ਵਾਲਿਓ...
ਲੋਕਾਈ ਨੂੰ ਰਾਹ ਦਰਸਾਵੇ,
ਬਾਣੀ ਕਲਮ ਦੀ ਕੁੱਖ 'ਚੋਂ ਉਪਜੀ।
ਜਗ ਦੀ ਹਰ ਇੱਕ ਕਥਾ- ਕਹਾਣੀ,
ਏਸੇ ਕਲਮ ਦੇ ਮੁੱਖ 'ਚੋਂ ਉਪਜੀ।
ਗਿਆਨ ਲਓ ਤੇ ਗਿਆਨ ਵੰਡੋ,
ਕਲਮਾਂ ਦਾ ਪੈਗਾਮ.........
ਓਏ ਕਲਮਾਂ ਵਾਲਿਓ.....
ਓਏ ਅਕਲਾਂ ਵਾਲਿਓ..........
ਬੇਸ਼ੱਕ ਪੀਲੂ ਮਿਰਜ਼ਾ ਲਿਖਿਆ,
ਬੇਸ਼ੱਕ ਵਾਰਿਸ਼ ਹੀਰ ਲਿਖੀ।
ਨਾਨਕ, ਭਗਤ ਕਬੀਰ, ਫਰੀਦ ਨੇ,
ਦੁਨੀਆਂ ਦੀ ਤਕਦੀਰ ਲਿਖੀ
ਜ਼ਫਰਨਾਮਾ ਜ਼ਾਲਮ ਲਈ ਬਣਿਆ,
ਗੁਰੁ ਗੋਬਿੰਦ ਦਾ ਕਲਾਮ..........
ਓਏ ਕਲਮਾਂ ਵਾਲਿਓ.....
ਓਏ ਅਕਲਾਂ ਵਾਲਿਓ............
ਐਸੀ ਲਿਖੋ ਇਬਾਰਤ ਸੱਜਣੋ,
ਦੁਖੀਆਂ ਦੇ ਜੋ ਦੁੱਖ ਹਰ ਜਾਵੇ।
ਕਲਮ ਨਹੀਂ ਨਫ਼ਰਤ ਦੀ ਹਾਮੀ,
ਇਹ ਤਾਂ ਹਰ ਪਲ ਪਿਆਰ ਸਿਖਾਵੇ
ਇਹ ਨਾ ਹੋਵੇ ਕਿ ਬਗਲ 'ਚ ਛੁਰੀਆਂ,
ਮੂੰਹੋਂ ਰਾਮ- ਰਾਮ.............
ਓਏ ਕਲਮਾਂ ਵਾਲਿਓ.....
ਓਏ ਅਕਲਾਂ ਵਾਲਿਓ............
ਕਲਮ ਸਿਰਫ ਕ ਲ ਮ,
ਤਿੰਨ ਅੱਖਰਾਂ ਦਾ ਹੀ ਸੁਮੇਲ ਨਹੀਂ
ਉਹ ਕੀ ਕਲਮ ਨਾਲ ਖੇਤੀ ਕਰ ਲਊ,
ਜੀਹਦੇ ਤਿਲਾਂ ਵਿੱਚ ਤੇਲ ਨਹੀਂ।
ਕੀ ਜੀਣਾ ਤੇਰਾ ਦੱਸ "ਖੁਰਮੀਆਂ"
ਜੇ ਸੱਚ ਨਹੀਂ ਲਿਖਣਾ ਸ਼ਰ੍ਹੇਆਮ.. .
ਓਏ ਕਲਮਾਂ ਵਾਲਿਓ.....
ਓਏ ਅਕਲਾਂ ਵਾਲਿਓ..........