ਇੰਗਲੈਂਡ ਤੋ ਬਾਅਦ ਹੁਣ ਪੋਲੈਂਡ ਨੇ ਵੀ ਕੀਤੇ ਪੰਜਾਬੀਆਂ ਲਈ ਹੱਥ ਖੜੇ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਆਸਟਰੇਲੀਆ ਅਤੇ ਇੰਗਲੈਂਡ ਨੇ ਜਹਾਜ ਭਰ-ਭਰ ਪਹੁੰਚੇ ਪੰਜਾਬੀ ਵਿਦਿਆਰਥੀਆਂ ਲਈ ਜਦੋ ਦਰਵਾਜੇ ਬੰਦ ਕਰ ਦਿੱਤੇ ਤਾਂ ਹੁਣ ਯੂਰਪੀਨ ਯੁਨੀਅਨ ਦਾ ਹਿੱਸਾ ਬਣਨ ਜਾ ਰਹੇ ਕੁੱਝ ਮੁੱਲਕਾਂ ਨੇ ਵਿਦਿਆ ਦਾ ਚਾਨਣ ਵੰਡਣ ਲਈ ਏਸੀਅਨ ਭਾਈਚਾਰੇ ਨੂੰ ਝੱਲਣ ਦਾ ਮਨ ਬਣਾਇਆ ਹੈ ਜਿਸ ਦੇ ਇਸ਼ਤਿਹਾਰ ਪੰਜਾਬੀ ਦੀਆਂ ਅਖ਼ਬਾਰਾਂ ਅਤੇ ਬਿਜਲਈ ਮੀਡੀਏ 'ਚ ਧੜਾਧੜ ਆ ਰਹੇ ਹਨ । ਜਿਨ੍ਹਾਂ 'ਚੋ ਪੋਲੈਂਡ ਦੇਸ਼ ਨੂੰ ਪੰਜਾਬੀ ਬਹੁਤ ਤਵੱਜੋ ਦੇ ਰਹੇ ਹਨ ਕਿਉਂਕਿ ਪੋਲੈਂਡ 'ਚ ਜਿਥੇ 2012 'ਤੋ ਯੂਰੋ ਚੱਲ ਪਵੇਗਾ ਉਥੇ ਇਹ ਮੁੱਲਕ ਦੇ ਦਰਵਾਜੇ ਰਾਹੀ ਹਜਾਰਾਂ ਹੀ ਪੰਜਾਬੀ ਪਹਿਲਾਂ ਯੂਰਪ 'ਚ ਦਾਖਲ ਹੋਏ ਹਨ ।
ਪਹਿਲਾਂ ਜਿਸ ਪੋਲੈਂਡ ਤੱਕ ਪਹੁੰਚਦਿਆਂ ਕਈ ਬਾਰਡਰ ਲੰਘਣ ਲਈ ਜਾਂਨ ਜੋਖਮ 'ਚ ਪਾਉਣੀ ਪੈਂਦੀ ਸੀ (ਕਈਆਂ ਨੇ ਤਾਂ ਭਰ ਜਵਾਂਨੀ 'ਚ ਇਹਨਾਂ ਰਾਂਹਾ 'ਚ ਹੀ ਦਮ ਤੋੜ ਦਿੱਤੇ ਸਨ) 'ਤੇ ਹੁਣ ਤਾਂ ਜਹਾਜ 'ਚ ਬੈਠ ਕੇ ਸਿੱਧਾ ਉਥੇ ਹੀ ਉਤਰਨਾਂ ਤਾਂ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਹੋਰ ਵੀ ਆਕਰਸ਼ਤ ਕਰਦਾ ਹੈ । ਸੋ ਇਸ ਮੰਜਿਲ ਨੂੰ ਪਾਉਣ ਲਈ ਵਿਦਿਆਰਥੀਆਂ ਦਾ ਭੇਸ ਧਾਰ ਪੰਜਾਬੀਆਂ ਨੇ ਵਹੀਰਾਂ ਪੋਲੈਂਡ ਦੀ ਅੰਬੈਂਸੀ ਨੂੰ ਘੱਤ ਲਈਆਂ ਜਿਥੇ ਫਾਈਲਾਂ ਜਮ੍ਹਾਂ ਕਰਵਾਉਣ ਦੇ ਕਾਹਲਿਆਂ ਨੂੰ ਲੜਦਿਆਂ ਦੇਖ ਇੱਕ ਵਾਰ ਦਿੱਲੀ ਪੁਲਿਸ ਨੇ ਲਾਠੀਚਾਰਜ ਵੀ ਕੀਤਾ ।
ਇੱਕਾ-ਦੁੱਕਾ ਵੀਜੇ ਦੇ ਕੇ ਪੋਲੈਂਡ ਨੇ ਵੀ ਹੁਣ ਤਕਰੀਬਨ ਸਭ ਦਰਖਾਸਤਾਂ ਰੱਦ ਕਰਨੀਆਂ ਸੁਰੂ ਕਰ ਦਿੱਤੀਆਂ ਹਨ । ਇਸ ਇਕੱਲੇ ਵੀਰਵਾਰ ਨੂੰ ਹੀ ਪੰਦਰਾਂ ਵਿਦਿਆਰਥੀਆਂ ਦੇ ਪਾਸਪੋਰਟ ਬਗੈਰ ਕਾਰਨ ਦੱਸੇ ਬੇਰੰਂਗ ਮੋੜ ਦਿੱਤੇ ਜਦਕਿ ਸੈਕੜੇਂ ਅਜੇ ਫੈਸਲੇ ਦੀ ਉਡੀਕ 'ਚ ਹਨ । ਵੀਜਾ ਨਾ ਮਿਲਣ ਕਾਰਨ ਨਿਰਾਸ਼ ਇੱਕ ਪੰਜਾਬੀ ਨੌਜਵਾਂਨ ਨੇ ਦੱਸਿਆ ਕਿ ਉਸ ਨੇ ਨਾਭੇ ਦੇ ਇੱਕ ''ਵਕੀਲ'' ਨੂੰ ਸਟੱਡੀ ਵੀਜੇ ਲਈ ਛੇ ਲੱਖ ਰੁਪਿਆ ਦਿੱਤਾ ਸੀ ਪਰ ਉਹ ਹੁਣ ਪੈਸੇ ਵਾਪਸੀ ਲਈ ਟਾਲਮਟੋਲ ਕਰ ਰਿਹਾ ਹੈ । ਇਸ ਨੌਜਵਾਨ ਦਾ ਕਹਿਣਾਂ ਹੈ ਕਿ ਉਹ ਜਲਦੀ ਹੀ ਪੁਲਿਸ ਕੋਲ ਇਸ ਸਬੰਧੀ ਸਿਕਾਇਤ ਦਰਜ ਕਰਵਾ ਕੇ ਵਕੀਲ ਵੱਲੋਂ ਉਸ ਦੇ ਨਾਂ 'ਤੇ ਬੈਂਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਖੁਲਵਾਏ ਜਾਅਲੀ ਬੈਂਕ ਖਾਤਿਆ ਬਾਰੇ ਪਾਜ ਉਧੇੜੇਗਾ ।