ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ...ਨੀ ਮੁੰਡਾ ਹੱਥਾ 'ਚ ਲੁਟਕਦਾ ਆਵੇ।

ਇੱਕ ਸੀ ਚਮਕੀਲਾ .....ਜੋਗਿੰਦਰ ਬਾਠ ਹੌਲੈਡ
ਪਿੰਡ ਮਹਿਸਪੁਰ। ਦਿੱਨ ਅੱਠ ਮਾਰਚ 1986 ਦਾ ਹੈ। ਜਲੰਧਰ ਨੇੜੇ ਇਸ ਪਿੰਡ ਵਿੱਚ ਇੱਕ ਵਿਆਹ ਦਾ ਸਾਹਾ ਹੈ। ਦੂਰੋਂ ਦੂਰੋਂ ਲੋਕ ਤੁਰ ਕੇ, ਸਾਇਕਲਾਂ, ਟਰੈਕਟਰਾਂ ਟਰਾਲੀਆਂ ਉੱਪਰ ਇਸ ਵਿਆਹ ਤੇ ਲੱਗਣ ਵਾਲੇ ਅਖਾੜੇ ਨੂੰ ਸੁਣਨ ਵਾਸਤੇ ਹੁੰਮ ਹੁੰਮਾ ਕੇ ਪਹੁੰਚ ਰਹੇ ਹਨ। ਅਖਾੜਾ ਦੁਪਹਿਰ ਦੇ ਦੋ ਵਜੇ ਤੋਂ ਬਾਅਦ ਲੱਗਣਾ ਹੈ। ਫੱਗਣ ਚੇਤ ਦੇ ਦਿਨ ਹੋਣ ਕਰਕੇ ਕਿਸਾਨ ਅੱਜ ਕੱਲ੍ਹ ਵਿਹਲੇ ਹਨ। ਵਿਆਹ ਵਾਲਾ ਘਰ ਖੇਤਾਂ ਵਿੱਚ ਹੋਣ ਕਰਕੇ ਘਰ ਦੇ ਚਾਰ ਚੁਫੇਰੇ ਸਿੱਟਿਆਂ ਤੇ ਆਈਆਂ ਕਣਕਾਂ ਤੇ ਸਰੋਂ ਦੇ ਪੀਲੇ ਫੁੱਲ੍ਹ ਕੋਸੀ ਕੋਸੀ ਧੁੱਪ ਵਿੱਚ ਕਮਾਲ ਦਾ ਨਜ਼ਾਰਾ ਪੇਸ਼ ਕਰ ਰਹੇ ਹਨ। ਕਣਕ ਦੇ ਖੇਤਾਂ ਵਿੱਚ ਕੱਢੀਆਂ aਲੀਆਂ ਵਿੱਚ ਖੜੀ ਸਰ੍ਹੋਂ ਦੇ ਫੁੱਲ੍ਹ ਇaਂ ਲੱਗਦੇ ਹਨ ਜਿਸ ਤਰਾਂ੍ਹ ਕੁੱਦਰਤ ਨੇ ਹਰੇ ਸਿੱਟਿਆਂ ਉੱਪਰ ਪੀਲੇ ਬਦਾਨੇ ਰੰਗੇ ਨਿੱਕੇ ਨਿੱਕੇ ਸਾਫੇ ਬੰਨ ਦਿੱਤੇ ਹੋਣ। ਪਿੱਛਲੇ ਕੁਸ਼ ਸਾਲਾਂ ਤੋਂ ਲੋਕ ਪਤਾ ਨਹੀਂ ਕਿaਂ ਆਪਣੇ ਖੇਤਾਂ ਵਿੱਚ ਕਮਾਦ ਵੀ ਬੀਜਣ ਲੱਗ ਪਏ ਹਨ। ਕਮਾਦ ਦੇ ਖੇਤ ਕਣਕਾਂ ਅਤੇ ਸਰੋਂ ਦੇ ਖੇਤਾਂ ਵਿੱਚ ਕਿਸੇ ਚੌਰਸ ਜੰਗੀ ਕਿਲਿਆਂ ਵਰਗੇ ਲੱਗਦੇ ਹਨ। ਪੰਜਾਬ ਦੇ ਲੋਕ ਇਨ੍ਹਾਂ ਦਿਨਾਂ ਵਿੱਚ ਕਮਾਦ ਦੀ ਫ਼ਸਲ ਨੂੰ ਭੈਅ ਅਤੇ ਛੱਕ ਨਾਲ ਵੇਖਦੇ ਹਨ। ਕੋਈ ਚੂਪਣ ਲਈ ਵੀ ਕਿਸੇ ਸੁੰਨੇ ਪਏ ਖੇਤ ਵਿੱਚੋ ਗੰਨਾ ਭੰਨਣ ਦਾ ਹੀਂਆ ਨਹੀ ਕਰਦਾ। ਕਮਾਲ ਹੈ ? ਐਨੇ ਮਾੜੇ, ਛੱਕੀ, ਤੇ ਦਹਿਸ਼ਤੀ ਸਮੇਂ ਹੋਣ ਦੇ ਬਾਵਜੂਦ ਵੀ ਲੋਕ ਕਿਸ ਤਰ੍ਹਾਂ ਮਨਪ੍ਰਚਾਵੇ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਵਹੀਰਾਂ ਘੱਤ ਕੇ ਆਪਣੇ ਚਹੇਤੇ ਗਾਇਕ ਨੂੰ ਸੁਣਨ ਆ ਰਹੇ ਹਨ। ਪੰਡਾਲ ਵਾਲੀ ਜਗ੍ਹਾ ਨੇੜੇ ਉੱਘੜ ਦੁੱਘੜੀਆਂ ਅੱਧ ਵਧੀਆਂ ਦਾਹੜੀਆਂ ਤੇ ਪੀਲੀਆਂ ਪੱਗਾ, ਸਾਫਿਆਂ, ਪੱਟਕਿਆਂ ਵਾਲੇ ਦਰਸ਼ਕ-ਸਰੋਤੇ ਲੋਕਾਂ ਦੇ ਝੁੰਡ ਆਪਸ ਵਿੱਚ ਖੜ੍ਹੇ ਹਾਸਾ ਠੱਠਾ ਕਰ ਰਹੇ ਹਨ ਕੁੱਸ਼ ਤਾਂ ਲੱਗਣ ਵਾਲੇ ਗਾਇਕ ਦੇ ਗੀਤ ਵੀ ਗੁਣ ਗੁਣਾ ਰਹੇ ਹਨ "ਭੈਣ ਸਾਲੀਏ ਤੇਰੀ ਨੀ ਹੁਣ ਕੰਡਮ ਹੋਗੀ"। ਸਾਰੇ ਪੰਜਾਬ ਵਿੱਚ ਇਨ੍ਹਾਂ ਸਮਿਆਂ ਵਿੱਚ ਅੱਤਵਾਦ ਦਾ ਦੈਂਤ ਆਦਮ-ਬੋ ਆਦਮ-ਬੋ ਕਰਦਾ ਫਿਰਦਾ ਹੈ। ਪੰਜਾਬ ਦੇ ਸਾਰੇ ਹੀ ਪਿੰਡਾਂ ਵਿੱਚ ਇਹਨੀ ਦਿਨੀਂ ਸ਼ਾਮ ਪੈਂਦਿਆ ਹੀ ਦਹਿਸ਼ਤ ਦਾ ਰਾਜ ਹੋ ਜਾਂਦਾ ਹੈ। ਪਿੰਡਾ ਦੇ ਘਰਾਂ ਵਿੱਚ ਲੱਗੇ ਬਿਜਲੀ ਦੇ ਲਾਟੂ ਵੇਲੇ ਸਿਰ ਹੀ ਬੁੱਝ ਜਾਦੇ ਹਨ ਲੋਕ ਦਿਨ ਖੜ੍ਹੇ ਹੀ ਰੋਟੀ ਟੁੱਕ ਖਾ ਕੇ ਅੰਦਰੀ ਵੜ੍ਹ ਜਾਂਦੇ ਹਨ। ਗਲੀਆਂ ਵਿੱਚ ਹਨੇਰਾ ਹੋਣ ਤੋਂ ਪਹਿਲਾ ਹੀ ਸੂੰਨਸਾਨ ਹੋ ਜਾਂਦੀ ਹੈ। ਘੁਸ-ਮੁਸੇ ਤੋਂ ਬਾਅਦ ਕੋਈ ਵੀ ਮਨੁੱਖ ਕਿਸੇ ਬਹੁਤ ਹੀ ਜ਼ਰੂਰੀ ਕੰਮ ਤੋਂ ਬਗੈਰ ਘਰੋਂ ਬਾਹਰ ਨਹੀਂ ਨਿਕਲਦਾ। ਲੋਕਾਂ ਨੇ ਪਾਣੀ ਵਾਲੀਆਂ ਬੰਬੀਆਂ ਨੂੰ ਰਾਤ ਬਰਾਤੇ ਚਲਾਉਣ ਲਈ ਐਟੋਮੈਟਿਕ ਸ਼ੀਹ ਸਟਾਟਰ ਲਗਵਾ ਲਏ ਹਨ। ਰਾਤ ਨੂੰ ਕੋਈ ਪਾਣੀ ਦਾ ਨੱਕਾ ਮੋੜਨ ਲਈ ਵੀ ਨਹੀਂ ਉੱਠਦਾ। ਤਰਕਾਲ ਸੰਧਿਆ ਨੂੰ ਹੀ ਸਾਰੇ ਪਿੰਡਾਂ ਵਿੱਚ ਹਨੇਰੇ ਦਾ ਰਾਜ ਹੋ ਜਾਂਦਾ ਹੈ ਚਾਨਣ ਸਾਰੀ ਰਾਤ ਸਿਰਫ਼ ਮੱੜ੍ਹੀਆਂ ਵਿੱਚ ਹੀ ਰਹਿੰਦਾ ਹੈ ਕਿaਂਕਿ ਹਰ ਦੂਜੇ ਤੀਜੇ ਅਣਆਈ ਮੌਤੇ ਮਰੇ ਲੋਕ ਲਾਸ਼ਾ ਦੇ ਰੂਪ ਵਿੱਚ ਲੱਕੜਾ ਸਮੇਤ ਸਿਵਿਆਂ ਨੂੰ ਭਾਗ ਲਾ ਰਹੇ ਹਨ। ਪੰਜ਼ਾਬ ਦੀ ਫ਼ਿਜ਼ਾ ਵਿੱਚ ਅੱਜ ਕੱਲ੍ਹ ਝੋਨੇ ਦੇ ਪੱਕੇ ਖੇਤਾਂ ਦੀ ਅੱਤਰ ਵਰਗੀ ਖੁਸ਼ਬੂ ਦੇ ਨਾਲ ਨਾਲ ਸੜਦੇ ਜਵਾਨ ਮਾਸ ਦੀ ਬਦਬੋ ਦੇ ਬੁਲੇ ਵੀ ਨੱਕ ਸਾੜ ਰਹੇ ਹਨ। ਇਨਾਂ੍ਹ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਗੀਤ ਨਾ-ਮਾਤਰ ਪਰੰਤੂ ਵੈਣ ਹਰ ਰੋਜ਼ ਪਾਏ ਜਾਂਦੇ ਹਨ। ਜੰਗਲ-ਪਾਣੀ ਦਾ ਕੰਮ ਵੀ ਲੋਕ ਅੱਜ ਕੱਲ੍ਹ ਡੰਗਰਾਂ ਵਾਲਿਆ ਕੋਠਿਆਂ ਵਿੱਚ ਹੀ ਨਬੇੜਨ ਲੱਗ ਪਏ ਹਨ। ਸਮਰੱਥਾਵਾਨ ਘਰਾਂ ਨੇ ਤਾਂ ਖੇਤਾਂ ਵਿੱਚ ਰਹਿੰਦਿਆ ਵੀ ਘਰ ਦੀ ਚਾਰ ਦਿਵਾਰੀ ਅੰਦਰ ਹੀ ਨਿੱਘਰਵੀਆਂ ਟੱਟੀਆਂ ਬਣਵਾ ਲਈਆਂ ਹਨ। ਖੁੱਲ੍ਹੀਆ ਕੱਚੀਆਂ ਹਵੇਲੀਆਂ ਦੁਵਾਲੇ ਵੀ ਕੰਧਾਂ ਉੱਸਰ ਆਈਆਂ ਹਨ ਅਤੇ ਅਣ-ਘੜਤ ਦਰਵਾਜੇ ਕਿਸੇ ਅਣਜਾਣੇ ਡਰ ਨਾਲ ਸਾਰਾ ਦਿਨ ਹੀ ਭਿੜੇ ਰਹਿੰਦੇ ਹਨ। ਪਿੰਡਾਂ ਵਿੱਚ ਜਿੰਨਾਂ ਦੇ ਘਰੀਂ ਅਣਆਈ ਮੌਤ ਨੇ ਸੱਥਰ ਵੀ ਵਿਛਾ ਛੱਡੇ ਹਨ ਉਹ ਵੀ ਸ਼ਾਮ ਦੇ ਵੱਕਤ ਵੈਣ ਪਾਉਣੋ ਹੱਟ ਜਾਂਦੇ ਹਨ ਤੇ ਢਿੱਡ ਵਿੱਚ ਹੀ ਬਗੈਰ ਅਵਾਜ਼ ਤੋ ਹਟਕੋਰੇ ਉਹਨਾਂ ਦੀਆਂ ਆਂਦਰਾਂ ਵਿੱਚ ਗੁੰਝਲੇ ਪਾਈ ਜਾਂਦੇ ਹਨ। ਬੰਦੇ ਤਾ ਕੀ ਇਹਨਾਂ ਸਮਿਆਂ ਵਿੱਚ ਜਨੌਰਾਂ ਨੇ ਵੀ ਗੀਤ ਗਾਉਂਣੇ ਬੰਦ ਕਰ ਦਿੱਤੇ ਹਨ। ਲੋਕਾਂ ਨੇ ਮਜਬੂਰੀ ਵੱਸ ਆਪਣੇ ਪਾਲਤੂ ਕੁੱਤਿਆ ਦੇ ਮੂੰਹਾ ਨੂੰ ਵੀ ਰੱਸੀਆਂ ਨਾਲ ਜਕੜ ਦਿੱਤਾ ਹੈ ਤਾਂ ਜੋ ਉਹ ਰਾਤ ਦੀ ਦਹਿਸ਼ਤੀ ਚੁੱਪ ਨੂੰ ਭੌਂਕ ਕੇ ਭੰਗ ਨਾ ਕਰ ਸਕਣ। ਅਵਾਰਾਂ ਕੁੱਤਿਆਂ ਨੂੰ ਲਗਾਤਾਰ ਚੂਹੇ ਮਾਰਨ ਵਾਲੀਆਂ ਗੋਲੀਆਂ ਪਾ ਕੇ ਕੁੱਤੇ ਦੀ ਮੌਤ ਤੋ ਵੀ ਬੱਦਤਰ ਚੂਹਿਆਂ ਦੀ ਮੌਤੇ ਮਾਰਿਆ ਜਾ ਰਿਹਾ ਹੈ। ਹੁਣ ਇਸ ਹੱਸਦੇ ਰੱਸਦੇ ਗਾaਂਦੇ ਤੇ ਗੁਰਾਂ ਦੇ ਨਾਮ ਤੇ ਜ਼ਿਉਂਦੇ ਪੰਜਾਬ ਵਿੱਚ ਕਿਸੇ ਨੂੰ ਗਾਉਂਣ ਦਾ ਤਾਂ ਦੂਰ ਉੱਚੀ ਰੋਣ ਦੀ ਵੀ ਹੱਕ ਨਹੀਂ ਹੈ 'ਤੇ ਇਹੋ ਜਿਹੇ ਸਮੇਂ ਵਿੱਚ ਮਹਿਸਪੁਰ ਪਿੰਡ ਵਿੱਚ ਇਸ ਗਲੇਸ਼ੀਅਰੀ- ਦਹਿਸ਼ਤ ਦੇ ਮੂੰਹ ਨੂੰ ਛਿੱਬੀਆਂ ਦਿੰਦਾ ਇੱਕ ਅਖਾੜਾ ਲੱਗਣ ਜਾ ਰਿਹਾ ਹੈ। ਲੋਕ ਬੇਸਬਰੀ ਨਾਲ ਆਪਣੀ ਚਹੇਤੀ ਗਾਇਕ ਜੋੜੀ ਨੂੰ ਉਡੀਕ ਰਹੇ ਹਨ।
ਅੱਜ ਦਿਨ ਮੰਗਲਵਾਰ ਹੈ। ਅਫ਼ੀਰ ਦਿਨ ਦੇ ਦੋ ਵਜੇ ਲੋਕਾਂ ਦੇ ਚਹੇਤੇ ਗਇਕ ਦੀ ਕਾਰ ਵਿਆਹ ਵਾਲੇ ਘਰ ਕੋਲ ਪਹੁੰਚਦੀ ਹੈ। ਲੋਕਾਂ ਵਿੱਚ ਖੁਸ਼ੀ ਨਾਲ ਹਫੜਾ ਦਫੜੀ ਵਾਲਾ ਮਹੌਲ ਬਣ ਜਾਂਦਾ ਹੈ। ਲੋਕ ਕਾਰ ਵੱਲ ਭੱਜਦੇ ਹਨ ਗਇਕ ਜੋੜੀ ਨੂੰ ਇੱਕ ਨਜ਼ਰ ਨੇੜਿਉ ਵੇਖਣ ਲਈ। ਭੀੜ ਵਿੱਚ "ਆਗੇ aਏ, ਆਗੇ aਏ" ਦਾ ਰੌਲ੍ਹਾਂ ਮੱਚ ਜਾਂਦਾ ਹੈ। ਕਾਰ ਰੁੱਕਦੀ ਹੈ। ਦਰਵਾਜ਼ਾ ਖੁੱਲ੍ਹਦਾ ਹੈ ਗਾਇਕ ਅਜੇ ਗੱਡੀ 'ਚੌ ਬਾਹਰ ਹੀ ਨਿਕਲਦਾ ਹੈ ਤਾੜ ਤਾੜ ਏ ਕੇ ਸੰਤਾਲੀ ਦੀਆਂ ਗੋਲੀਆਂ ਦੇ ਭੜਾਕੇ ਪੈਂਦੇ ਹਨ। ਦਰਖਤਾਂ ਤੇ ਬੈਠੇ ਜਨੌਰ ਤਰਾਹ ਕੇ ਚੀਫ਼ ਚਿਹਾੜਾਂ ਪਾਉਂਦੇ ਅਸਮਾਨ ਵੱਲ ਉੱਡ ਜਾਂਦੇ ਹਨ। ਚਾਰ ਗੋਲੀਆਂ ਗਾਇਕ ਦੀ ਛਾਤੀ ਵਿੱਚ ਠੋਕੀਆਂ ਜਾਂਦੀਆਂ ਹਨ ਤੇ ਨਾਲ ਹੀ ਗਰਭਵਤੀ ਗਾਇਕਾ ਦੀ ਹਿੱਕ ਵੀ ਗੋਲੀਆਂ ਨਾਲ ਛਲਣੀ ਕਰ ਦਿੱਤੀ ਜਾਂਦੀ ਹੈ। ਗਾਇਕ ਜੋੜੀ ਦੀਆਂ ਤੜਫਦੀਆਂ ਲਹੂ ਲੁਹਾਨ ਦੇਹਾਂ ਡੰਗਰਾਂ ਦੇ ਤਾਜੇ ਕੀਤੇ ਗੋਹੇ ਉੱਪਰ ਧੜੱਮ ਢਹਿ ਢੇਰੀ ਹੋ ਜਾਂਦੀਆਂ ਹਨ। ਸਾਜ਼ ਵਜਾਉਣ ਵਾਲੇ ਸਾਜਿੰਦੇ ਵੀ ਸਾਜ਼ਾਂ ਸਮੇਤ ਗੋਲੀਆਂ ਨਾਲ ਭੁੰਨ ਦਿੱਤੇ ਜਾਦੇ ਹਨ। ਸਕਿੰਟਾਂ ਵਿੱਚ ਹੀ ਇਹ ਕੌਤਕੀ-ਭਾਣਾ ਵਰਤ ਜਾਂਦਾ ਹੈ। ਲੋਕ ਗੋਲੀਆਂ ਦੇ ਕੜਾਕੇ ਸੁਣ ਕੇ ਜਿੱਧਰ ਨੂੰ ਮੂੰਹ ਹੁੰਦਾ ਹੈ aਧਰ ਨੂੰ ਹੀ ਲਾਂਗੜਾਂ ਚੁੱਕ ਕੇ ਦੌੜ ਜਾਂਦੇ ਹਨ। ਇੱਕ ਦੱਮ ਮੋਟਰ ਸਾਇਕਲ ਸਟਾਰਟ ਹੁੰਦੇ ਹਨ ਕਾਤਲ ਉਤਾਹ ਨੂੰ ਗੋਲੀਆਂ ਚਲਾਉਂਦੇ ਰਾਹੇ ਪੈ ਜਾਂਦੇ ਹਨ। ਰਾਹ ਵਿੱਚ ਉਹਨਾਂ ਨੂੰ ਕੁਸ਼ ਲੋਕ ਮਿਲਦੇ ਹਨ ਜੋ ਲੇਟ ਹੋਣ ਦੀ ਵਜਹਾਂ ਨਾਲ ਅਖਾੜੇ ਵਾਲੇ ਸਥਾਨ ਵੱਲ ਤੇਜੀ ਨਾਲ ਸਾਹੋ ਸਾਹ ਹੁੰਦੇ ਭੱਜੇ ਆ ਰਹੇ ਹਨ। ਮੋਟਰ ਸਾਇਕਲਾਂ ਵਾਲੇ ਕਾਤਲ ਉਨ੍ਹਾਂ 'ਚੌ ਇੱਕ ਬਜ਼ੁਰਗ ਨੂੰ ਲਲਕਾਰ ਕੇ ਕਹਿੰਦੇ ਹਨ।

"ਬਾਬਾ ਮੁੜਜਾ ਪਿਛਾਹ ਨੂੰ ਅਸੀਂ ਚਮਕੀਲੇ ਦਾ ਭੋਗ ਪਾ ਤਾ ਹੈ"।
ਤੜਕੇ ਦਾ ਵਕਤ ਸੀ
ਸੁਹਾਗਣਾ ਮਧਾਣੀ ਪਾਈ
ਸੁਣਿਆ ਜਾ ਵਾਕਿਆ ਸੀ
ਸਾਰੀ ਕੰਬ ਗਈ ਲੋਕਾਈ
ਸੌਹਿਰਿਆਂ ਦੇ ਘਰਾਂ ਵਿੱਚੋ
ਨਾਰੀਆਂ ਸ਼ੁਕੀਨਣਾਂ ਦੇ ਹੱਥਾਂ ਵਿੱਚੋ ਡਿੱਗ ਪਏ ਰੁਮਾਲ।
ਇੱਕੀ ਜੁਲਾਈ ੧੯੬੦ ਨੂੰ ਲੁਧਿਅਣੇ ਦੀਆਂ ਜੜ੍ਹਾਂ ਵਿੱਚ ਪਂੈਦੈ ਦੁੱਗਰੀ ਪਿੰਡ ਦੇ ਚਮਿਆਰ ਜਾਤੀ ਦੇ ਅੱਤ ਦੇ ਗਰੀਬ ਪਰਵਾਰ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ। ਇਸ ਘਰ ਦੇ ਮੁੱਖੀ ਦਾ ਨਾਂ ਹਰੀ ਸਿੰਘ ਹੈ ਅਤੇ ਉਸ ਦੀ ਘਰ ਵਾਲੀ ਦਾ ਨਾ ਕਰਤਾਰੋ ਹੈ। ਗ਼ਰੀਬਾਂ ਦੀਆਂ ਔਰਤਾਂ ਦੇ ਪੂਰੇ ਤੇ ਸਹੀ ਨਾਂ ਸਾਰੀ ਹਯਾਤੀ ਵਿੱਚ ਸਿਰਫ਼ ਦੋ ਹੀ ਸਮਿਆਂ ਤੇ ਬੋਲੇ ਜਾਂਦੇ ਹਨ ਜਾਂ ਤਾ ਜੰਮਣ ਵੇਲੇ ਤੇ ਜਾਂ ਫਿਰ ਖੱਫ਼ਣ ਪਾਉਂਣ ਵੇਲੇ। ਇਹ ਜੰਮਿਆਂ ਬੱਚਾ ਹਰੀ ਸਿੰਘ ਅਤੇ ਬੀਬੀ ਕਰਤਾਰ ਕੌਰ ਦੀ ਸੱਭ ਤੋਂ ਛੋਟੀ ਘਰੋੜੀ ਦੀ ਔਲਾਦ ਹੈ। ਮਾਂਪੇ ਇਸ ਚਾਹੀ ਅਣਚਾਹੀ ਔਲਾਦ ਦਾ ਨਾਂ ਜੋ ਜਲਦੀ ਲੱਭਿਆਂ ਜਾਂ ਜੋ ਨਾਂ ਉਚਾਰਣ ਵਿੱਚ ਉਨ੍ਹਾਂ ਨੂੰ ਸੌਖ ਹੋਵੇ ਚੌਂਹ ਅੱਖਰਾਂ ਦਾ 'ਦੁਨੀ ਰਾਮ' ਰੱਖ ਦਿੰਦੇ ਹਨ। ਭੁੱਖ, ਗ਼ਰੀਬੀ ਤੇ ਜੁਗਾਂ ਜੁਗਾਂਤਰਾਂ ਤੋਂ ਥੁੜ੍ਹਾਂ ਮਾਰੇ ਕੰਮੀਆਂ ਦੇ ਵੇਹੜਿਆਂ ਦੇ ਦੂਜੇ ਅੰਨੇ,ਕਾਣੇ, ਨੱਕ ਵਗਦੇ,ਅੱਖਾ ਚੁੰਨ੍ਹੀਆਂ ਤੇ ਕਰੇੜੇ ਭਰੇ ਦੰਦਾਂ ਵਾਲੇ ਜਵਾਕਾਂ ਵਾਂਗ ਇਸ ਬੱਚੇ ਦਾ ਵੀ ਬੱਚਪਣ ਗੁਜ਼ਰਨ ਲੱਗਦਾ ਹੈ। ਸ਼ਾਇਦ ਵੱਡਾ ਅਫ਼ਸਰ ਬਣਾਉਣ ਦੀ ਰੀਝ ਨਾਲ ਮਾਂ ਬਾਪ ਇਸ ਬੱਚੇ ਨੂੰ 'ਦੁੱਕੀ' ਫੀਸ਼ ਮਹੀਨਾਂ ਵਾਲੇ ਗੁਜਰ ਫ਼ਾਨ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾ ਦਿੰਦੇ ਹਨ ਪਰੰਤੂ ਇੱਕ ਗੁਣ ਇਸ ਬੱਚੇ ਵਿੱਚ ਦੂਜੇ ਬੱਚਿਆਂ ਨਾਲੋ ਜਿਆਦਾ ਸੀ। ਦਸਾਂ ਸਾਲਾਂ ਦੀ ਉਮਰ ਵਿੱਚ ਹੀ ਦੁਨੀ ਰਾਮ ਗੀਤਾਂ ਦੀਆਂ ਤੁੱਕਾਂ ਜੋੜਨ ਤੇ ਗਾਂਉਣ ਲੱਗ ਪੈਂਦਾ ਹੈ। ਘਰ ਦੀਆਂ ਆਰਥਿਕ ਤੰਗੀਆਂ ਤੁਰਛੀਆਂ ਹਮੇਸ਼ਾ ਆਂਮ ਦੂਸਰੇ ਗਰੀਬਾਂ ਵਾਂਗ ਦੁਨੀ ਰਾਮ ਨੂੰ ਵੀ ਪੜ੍ਹਨੋ ਹੋੜ ਕੇ ਬਿਜਲੀ ਦਾ ਕੰਮ ਸਿੱਖਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਤੇ ਦੁਨੀ ਰਾਮ ਇਲੈਕਟਰੀਸ਼ਨ ਬਣਨ ਦੇ ਸੁਫ਼ਨੇ ਵੇਖਣ ਲੱਗਦਾ ਹੈ। ਘਰ ਦੀ ਗੁਰਬਤ ਤੇ ਕੰਗਾਲੀ ਦੁਨੀ ਰਾਮ ਨੂੰ ਬਿਜਲਈਆਂ ਵੀ ਬਣਨ ਨਹੀਂ ਦਿੰਦੀ ਉਹ ਬਿਜਲੀ ਦਾ ਕੰਮ ਛੱਡ ਕੇ ਬਾਪ ਦੀ ਕਬੀਲਦਾਰੀ ਨੂੰ ਮ੍ਹੋਢਾ ਦੇਣ ਲਈ ਕੱਪੜਾ ਮਿੱਲ ਵਿੱਚ ਕੰਮ ਕਰਨ ਲੱਗ ਪੈਂਦਾ ਹੈ ਪਰੰਤੂ ਉਸ ਦੇ ਸਿਰ ਵਿੱਚ ਤਾਂ ਹਮੇਸ਼ਾ ਸੰਗੀਤ ਦਾ ਅਨਹਦ ਨਾਂਦ ਡੋਲਬੀ ਸਰਾਂਊਡਰ ਵਾਂਗੂ ਚਾਰੇ ਕੂਟਾਂ ਤੋਂ ਤਰਜ਼ਾ ਸਮੇਤ ਖੌਰੂ ਪਾaਂਦਾ ਰਹਿੰਦਾ ਸੀ। ਜੁੜੇ ਜੜਾਏ ਗੀਤਾਂ ਦੇ ਝੱਖੜ ਖੋਪੜੀ ਵਿੱਚ ਝੁੱਲਦੇ ਰਹਿੰਦੇ ਸਨ। ਦੁਨੀ ਰਾਮ ਦਿਨੇ ਰਾਤ ਗੀਤ ਸੰਗੀਤ ਵਿੱਚ ਗੜੁੱਚ ਆਪ ਪੂਰਾਂ ਜਿaਂਦਾਂ ਜਾਗਦਾ ਸਾਜ਼ ਬਣਿਆ ਪਿਆ ਸੀ। ਕੰਮ ਦੇ ਨਾਲੋ ਨਾਲ ਉਸ ਨੇ ਢੋਲਕੀ ਦੀਆਂ ਬਹੁੜੀਆ ਵੀ ਪਵਾਉਣੀਆਂ ਸੁਰੂ ਕਰ ਦਿੱਤੀਆਂ। ਦਿਨਾਂ ਵਿੱਚ ਹੀ ਫਰਾਂਸ ਤੋ ਭੱਜ ਕੇ ਪੰਜਾਬੀ ਸੰਗੀਤ ਵਿੱਚ ਦਾਖਲ ਹੋਇਆ ਹਾਰਮੋਨੀਅਮ ਦੁਨੀ ਰਾਮ ਨੂੰ ਵੇਖਦਿਆਂ ਡਰਦਾ ਮਾਰਾ ਆਪੇ ਹੀ ਸੁਰਾਂ ਕੱਢਣ ਲੱਗ ਪੈਂਦਾ। ਤੂੰਬੀ ਤਾ ਜਿਵਂੇ ਦੁਨੀ ਰਾਮ ਦੀਆ ਉਂਗਲਾਂ ਦੇ ਪੋਟਿਆਂ ਦੀ ਛੋਹ ਨੂੰ ਅਹਿਲਿਆ ਵਾਂਗ ਸਦੀਆਂ ਤੋਂ ਉਡੀਕਦੀ ਪਈ ਹੋਵੇ। ਜਦੋ ਦੁਨੀ ਰਾਮ ਅਤੇ ਸਾਜਾਂ ਵਿੱਚ ਕੋਈ ਫ਼ਰਕ ਨਾ ਰਿਹਾ ਤਾਂ ਇੱਕ ਦਿਨ ਉਸ ਨੇ ਰਾਜਕੁਮਾਰ ਗੌਤਮ ਸਿਧਾਰਥ ਵਾਂਗ ਕੰਮ ਤੋਂ ਘਰ ਜਾਣ ਦੀ ਬਜਾਏ ਅਪਣਾ ਪੁਰਾਣਾ ਸਾਇਕਲ ਉਸ ਸਮਂੇ ਦੇ ਮਸ਼ਹੂਰ ਕਲੀਆਂ ਦੇ ਗਾਇਕ ਸੁਰਿੰਦਰ ਛਿੰਦੇ ਦੇ ਦਫਤਰ ਵੱਲ ਮੋੜ ਦਿੱਤਾ। ਦਰੀ ਦੇ ਬਣੇ ਰੰਗ ਉੱਡੇ ਝੋਲੇ ਵਿੱਚ ਪੋਣੇ ਵਿੱਚ ਵਲੇਟੀਆਂ ਰੋਟੀਆਂ ਵੀ ਸ਼ਾਇਦ ਉਸ ਫ਼ੈਂਸਲੇ ਦੇ ਦਿਨ ਉਸ ਤੋ ਖਾ ਨਾ ਹੋਈਆਂ। ਆਪਣੇ ਲਿਖੇ ਗੀਤਾਂ ਦੀ ਕਾਪੀ ਅਤੇ ਮੈਲੇ ਕੁਚੈਲੇ ਪੋਣੇ ਵਿੱਚ ਬੰਨੀਆਂ ਸੁੱਕੀਆਂ ਰੋਟੀਆਂ ਸਮੇਤ ਆਪਣੇ ਆਪ ਨੂੰ ਚਿੱਤੋ ਮਨਂਂੋ ਧਾਰੇ ਉਸਤਾਦ ਦੇ ਚਰਨੀ ਢੇਰੀ ਕਰ ਦਿੱਤਾ। ਉਸ ਸ਼ਾਮ ਸਿੰਦੇ ਨੇ ਉਸ ਨੂੰ ਰੂਹ ਨਾਲ ਸੁਣਿਆ ਤੇ ਆਪਣਾ ਸ਼ਾਗਿਰਦ ਬਣਾ ਲਿਆ। ਹੁਣ ਦੁਨੀ ਰਾਮ ਆਪਣੇ ਸ਼ੌਕ, ਗੀਤ ਸੰਗੀਤ ਦੇ ਗਾਡੀ ਰਾਹ ਪੈ ਚੁੱਕਿਆ ਸੀ। ਬਾਕੀ ਸੱਭ ਕੁਸ਼ ਭੁੱਲ ਭੁਲਾ ਕੇ ਉਸ ਨੇ ਆਪਣੇ ਉਸਤਾਦ ਕੋਲੋ ਜੋ ਸਿੱਖ ਸਕਦਾ ਸੀ ਸਿੱਖਿਆ ਨਾਲੋ ਨਾਲ ਉਹ ਗੀਤਾਂ ਦੀ ਸਿਰਜਣਾ ਵੀ ਨਿਰੰਤਰ ਕਰਦਾ ਰਿਹਾ। ਉਸ ਨੇ ਸੁਰਿੰਦਰ ਛਿੰਦੇ ਲਈ ਬਹੁਤ ਸਾਰੇ ਗੀਤ ਲਿਖੇ। ਛਿੰਦੇ ਦੀ ਸਟੇਜ ਤੇ ਦੁਨੀ ਰਾਮ ਉਸ ਦੀ ਟੋਲੀ ਨਾਲ ਢੋਲਕੀ, ਹਾਰਮੋਨੀਅਮ, ਅਤੇ ਤੂੰਬੀ ਵੀ ਵਜਾਉਂਦਾ। ਹੌਲੀ ਹੌਲੀ ਅਖਾੜਿਆਂ ਦੌਰਾਨ ਉਹ ਆਪ ਵੀ ਗਾਉਂਣ ਲੱਗ ਪਿਆ ਤੇ ਖਾੜੇ ਦੌਰਾਨ ਗਾਇਕ ਜੋੜੀ ਨੂੰ ਸਾਹ ਵੀ ਦਵਾਉਣ ਲੱਗ ਪਿਆ। ਉਸ ਦੀ ਕਲਾ ਅਤੇ ਹਰਮਨ ਪਿਆਰਤਾ ਦੀ ਖੁਸ਼ਬੂ ਦੂਜੇ ਚੋਟੀ ਦੇ ਗਾਇਕਾਂ ਤੱਕ ਵੀ ਫੈਲ ਗਈ। ਉਸ ਦੇ ਲਿਖੇ ਗੀਤ ਉਸ ਸਮਂੇ ਦੇ ਲੱਗ ਭੱਗ ਸਾਰੇ ਹੀ ਸਟਾਰ ਗਇਕਾ ਨੇ ਗਾਏ। ਕੇ ਦੀਪ, ਮੁਹੰਮਦ ਸਦੀਕ, ਕੁਲਦੀਪ ਮਾਣਕ ਨਾਲ ਵੀ ਉਸ ਨੇ ਕੰਮ ਕੀਤਾ। ਦੁਨੀ ਰਾਮ ਦਿਨੇ ਰਾਤ ਆਪਣੀ ਧੁੰਨ ਵਿੱਚ ਗੀਤਾਂ ਦੀ ਸਿਰਜਨਾ ਕਰਦਾ ਰਹਿੰਦਾ ਉਸ ਦੇ ਲਿਖੇ ਗੀਤ ਉਸ ਸਮੇਂ ਦੀਆਂ ਚੋਟੀ ਦੀਆਂ ਦੋਗਾਂਣੇ ਗਾਂਉਣ ਵਾਲੀਆਂ ਜੋੜੀਆਂ ਗਾ ਰਹੀਆ ਸਨ। ਉਹ ਆਪਣੀ ਇਸ ਪ੍ਰਾਪਤੀ ਤੇ ਬਹੁਤ ਖੁਸ਼ ਸੀ। ਪਰੰਤੂ ਗੀਤਾਂ ਦਾ ਮੇਹਨਤਾਨਾਂ ਉਸ ਦੇ ਟੱਬਰ ਦਾ ਗੁਜ਼ਾਰਾ ਨਹੀਂ ਸੀ ਕਰ ਸਕਦਾ ਕਿaਂਕਿ ਇਸ ਦੌਰਾਨ ਦੁਨੀ ਰਾਮ ਬੀਬੀ ਗੁਰਮੇਲ ਕੌਰ ਨਾਲ ਵਿਆਹਿਆ ਵੀ ਗਿਆ ਸੀ ਤੇ ਦੋ ਧੀਆਂ ਅਮਨਦੀਪ ਕੌਰ ਅਤੇ ਕਮਲਦੀਪ ਕੌਰ ਦਾ ਬਾਪ ਵੀ ਬਣ ਚੁੱਕਿਆ ਸੀ। ਹੁਣ ਉਸ ਨੇ ਆਪ ਆਪਣੇ ਨਾਂ ਤੇ ਆਪਣੀ ਸੰਗੀਤ ਮੰਡਲੀ ਬਣਾਉਣ ਦੀ ਠਾਣ ਲਈ। ਉਸ ਨੇ ਆਪਣਾ ਵਪਾਰਕ ਨਾਮ ਅਮਰ ਸਿੰਘ ਚਮਕੀਲਾਂ ਰੱਖਿਆਂ ਕਿਉਂਕਿ ਗਾਂਉਣ ਵਾਲੇ 'ਰੰਗੀਲੇ ਜੱਟ' ਜੋ ਉਸ ਦਾ ਆਦਰਸ਼ ਅਤੇ ਰੋਲ ਮਾਡਲ ਵੀ ਸੀ ਤੋਂ ਦੁਨੀ ਰਾਮ ਬਹੁਤ ਪ੍ਰਭਾਵਤ ਸੀ। ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਮੋਗੇ ਵਾਲੇ ਵੈਦਾਂ ਦੇ ਚੁਬਾਰਿਆਂ ਵਿੱਚ ਉਸ ਨੇ ਆਪਣਾ ਦਫਤਰ ਵੀ ਬਣਾ ਲਿਆ। ਪਹਿਲੀ ਜੋੜੀ ਉਸ ਨੇ ਗਾਇਕਾ ਸੁਰਿੰਦਰ ਸੋਨੀਆਂ ਨਾਲ ਬਣਾਈ। ਜਦੋ ਚਮਕੀਲੇ ਅਤੇ ਸੁਰਿੰਦਰ ਸੋਨੀਆਂ ਦਾ ਪਹਿਲਾ ਐਲ ਪੀ ਚਰਨਜੀਤ ਅਹੂਜਾਂ ਦੇ ਸੰਗੀਤ ਵਿੱਚ ਪਰੋਇਆ ਮਾਰਕੀਟ ਵਿੱਚ ਆਇਆ ਤਾਂ ਸਰੋਤਿਆ ਨੇ ਇਸ ਜੋੜੀ ਨੂੰ ਹੱਥੋ ਹੱਥੀ ਚੁੱਕ ਲਿਆ। ਇਸ ਐਲ ਪੀ ਵਿੱਚ ਚਮਕੀਲੇ ਦੇ ਆਪਣੇ ਲਿਖੇ, ਕੰਪੋਜ਼ ਕੀਤੇ ਅਤੇ ਗਾਏੇ ਅੱਠ ਦੋ-ਗਾਣੇ ਸਨ। ੧੯੭੯ ਵਿੱਚ ਆਏ ਇਸ ਇਸ ਐਲ ਪੀ ਨੇ ਚਮਕੀਲੇ ਨੂੰ ਰਾਤੋ ਰਾਤ ਸਟਾਰ ਗਇਕ ਦੇ ਰੁੱਤਬੇ ਤੇ ਲਿਆ ਖੜ੍ਹਾ ਕੀਤਾ। ਉਸ ਦੇ ਗੀਤਾਂ ਨੂੰ ਸਰੋਤਿਆਂ ਨੇ ਜੀ ਆਇਆਂ ਆਖਿਆਂ ਤੇ ਛੇਤੀ ਹੀ ਗੀਤਾਂ ਦੇ ਮੁੱਖੜੇ ਲੋਕਾਂ ਦੀ ਜ਼ੁਬਾਨ ਤੇ ਚੱੜ੍ਹ ਗਏ। ਸੁਰਿੰਦਰ ਸੋਨੀਆਂ ਨਾਲ ਉਸ ਦੀ ਜੋੜੀ ੧੯੮੦ ਵਿੱਚ ਛੇਤੀ ਹੀ ਟੁੱਟ ਗਈ ਤੇ ਨਵੀਂ ਸਾਥਣ ਗਇਕਾਂ ਆ ਰਲੀ੍ਹ ਮਿਸ ਊਸ਼ਾ। ਮਿਸ ਊਸ਼ਾ ਸ਼ਾਇਦ ਚਮਕੀਲੇ ਦੀ ਬੁਲੰਦ ਅਵਾਜ਼ ਦੇ ਮੇਚ ਦੀ ਨਹੀਂ ਸੀ ਇਹ ਜੋੜੀ ਵੀ ਬਹੁਤਾ ਚਿਰ ਹੰਢਣ ਸਾਰ ਸਾਬਤ ਨਾ ਹੋਈ। ਏਸੇ ਹੀ ਸਾਲ ਚਮਕੀਲੇ ਨੇ ਅਖੀਰ ਆਪਣੇ ਨਾਲ ਮਰਣ ਤੱਕ ਗਾਉਣ ਵਾਲੀ ਅਮਰਜੋਤ ਨੂੰ ਜਾ ਲੱਭਿਆ। ਉਹਨਾਂ ਦਿਨਾਂ ਵਿੱਚ ਅਮਰਜੋਤ ਮਿਸ ਪੂਜਾ ਦੇ ਨਾਂ ਤੇ ਗਾਇਕੀ ਦੇ ਖੇਤਰ ਵਿੱਚ ਹੱਥ ਪੈਰ ਮਾਰ ਰਹੀ ਸੀ ਉਸ ਨੇ ਗਾਇਕੀ ਦੇ ਖੇਤਰ ਵਿੱਚ ਬੁਲੰਦੀ ਹਾਸਲ ਕਰਨ ਲਈ ਆਪਣਾ ਦੰਪਤੀ ਜੀਵਨ ਵੀ ਆਪਣੇ ਸੌਕ ਲਈ ਦਾਅ ਤੇ ਲਾ ਦਿੱਤਾ ਸੀ ਤੇ ਹੁਣ ਉਹ ਤਲਾਕ-ਸ਼ੁਦਾ ਸੀ। ਚਮਕੀਲੇ ਨੂੰ ਮਿਲਣ ਸਮੇਂ ਉਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ ਪਰੰਤੂ ਕੁਲਦੀਪ ਮਾਣਕ ਦੀ ਸਟੇਜ਼ ਤਾਂ ਕਲੀਆਂ ਦੇ ਬਾਦਸ਼ਾਹ ਮਾਣਕ ਜੋਗੀ ਹੀ ਸੀ ਉਥੇ ਮਿਸ ਪੂਜਾ ਦਾ ਕੀ ਵੱਟੀਦਾ ਸੀ ?। ਸਾਥਣ ਗਾਇਕਾ ਤਾ ਮਾਣਕ ਸਿਰਫ਼ ਸ਼ਰਾਬੀ ਜਾਂਜੀਆਂ ਦੇ ਮਨਪ੍ਰਚਾਵੇ ਲਈ ਹੀ ਲੈ ਕੇ ਜਾਂਦਾ ਸੀ ਵੈਸੇ ਤਾਂ ਉਹ ਇਕੱਲਾਂ ਹੀ ਬਥੇਰਾ ਸੀ। ਜਿਵਂੇ ਲੰਡੇ ਨੂੰ ਖੁੰਡਾ ਸੌਅ ਵਲ ਪਾ ਕੇ ਮਿਲ ਹੀ ਪੈਂਦਾ ਹੈ ਉਸੇ ਤਰਾਂ ਚਮਕੀਲੇ ਨੇ ਅਮਰਜੋਤ ਦੀ ਕਲਾ ਪਛਾਣ ਲਈ ਸੀ। ਬਸ ਫਿਰ ਕੀ ਸੀ ਜਦਂੋਂ ਦੋ ਬੁਲੰਦ ਅਵਾਜ਼ਾ ਇਕੱਠੀਆਂ ਪਿੰਡਾਂ ਦੇ ਕੋਠਿਆਂ ਉੱਪਰ ਦੋ ਮੰਜੀਆਂ ਜੋੜ ਕੇ ਲਾਏ ਸਪੀਕਰਾਂ ਵਿੱਚ ਗੂੰਜੀਆਂ ਤਾਂ ਜੋੜੀ ਗਾਇਕੀ ਦੇ ਅਸਮਾਨ ਤੇ ਧਰੂ ਤਾਰੇ ਵਾਂਗੂ ਚੱਮਕਣ ਲੱਗੀ। ਇਧਰ ਚਮਕੀਲਾਂ ਤੇ ਉਸ ਦੇ ਗੀਤ ਅਸਮਾਨ ਨੂੰ ਛੂਹਣ ਲੱਗੇ ਸਨ ਤੇ aਧਰ ਅੱਤਵਾਦ ਦਾ ਦੈਂਤ ਵੀ ਪੰਜਾਬ ਵਿੱਚ ਦਿਨੋ ਦਿਨ ਹੋਰ ਤੋਂ ਹੋਰ ਪ੍ਰਚੰਡ ਰੂਪ ਵਿੱਚ ਤਾਂਡਵ ਨਾਚ ਕਰਨ ਲੱਗਾ। ਹਰ ਰੋਜ਼ ਪੁਲਿਸ ਅਤੇ ਮੋਟਰਸਾਇਕਲ ਵਾਲੇ ਯੋਧੇ ਆਂਮ ਜਨ ਸਧਾਰਣ ਨੂੰ ਕੁੱਟ ਮਾਰ ਤੇ ਕਤਲ ਕਰ ਕੇ ਆਪੋ ਆਪਣਾ ਧਰਮ ਕਮਾਈ ਜਾਂਦੇ ਸਨ। 'ਚਿੱੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ' ਵਾਲੀ ਸਥਿਤੀ ਬਣੀ ਪਈ ਸੀ। ਇੱਕ ਪਾਸੇ ਲੋਕਾਂ ਨੂੰ ਅਮ੍ਰਿਤ ਛਕਾ ਕੇ ਅਖੌਤੀ ਧਰਮੀ ਲੋਕ ਨਸ਼ਾ ਛੁਡਾਉਣ ਤੇ ਖਾੜਕੂ ਸਿੰਘ ਸਜਣ ਸਜਾਉਣ ਦੀ ਮੁਹਿੰਮ ਚਲਾਈ ਜਾਂਦੇ ਸਨ ਤੇ ਦੂਸਰੇ ਪਾਸੇ ਅਮਰ ਸਿੰਘ ਚਮਕੀਲਾ ਇਹ ਗਾਈ ਜਾ ਰਿਹਾ ਸੀ।
"ਜਦ ਚੱਲਿਆ ਨਾ ਕੋਈ ਚਾਰਾ ਤੇ ਸੁੱਖਾ ਪੀ ਕੇ ਲਿਆ ਨਜਾਰਾ।
ਚਿੱਤ ਬੜਾ ਸੀ ਭਾਰਾ ਭਾਰਾ, ਮਿਲਦੇ ਅਫੀਮ ਨਾ ਡੋਡੇ ਨੀ, ਜੇ ਲੈਣਾ ਸੁਰਗ ਦਾ ਝੂਟਾ ਚੱੜ੍ਹ ਅਮਲੀ ਦੇ ਮੋਢੇ ਨੀ" ਜਾਂ
ਜੀਹਨੇ ਭੰਗ ਪੋਸਤ ਨਾ ਪੀਤੀ।
ਤੀਂਵੀ ਕੁੱਟ ਕੇ ਸਿੱਧੀ ਨਾਂ ਕੀਤੀ।
ਜੀਹਨੇ ਨਸ਼ਾਂ ਪਾਣੀ ਨਹੀਂ ਪੀਣਾਂ।
ਉਸ ਭੱੜੂਏ ਦਾ ਕੀ ਜੀਣਾਂ।
ਕੰਡਾ ਕੱਢਿਆਂ ਨਾਂ ਜੀਹਨੇ ਭੈਣ ਦੀ ਨਨਾਣ ਦਾ।
ਉਹ ਵੈਲੀ ਕਾਹਦਾ ਕੋੜ੍ਹੀ ਹੈ ਜ਼ਹਾਨ ਦਾ।
ਧਰਮੀ ਬੰਦੇ ਮੋਟਰ ਸਾਇਕਲ, ਬੰਬ ਬੰਦੂਕਾਂ ਸਿੱਖਣ ਬਣਾਉਣ ਤੇ ਚਲਾਉਣ ਲਈ ਰਾਗੀਆਂ ਢਾਡੀਆਂ ਨਾਲ ਨੌਜਵਾਨਾਂ ਨੂੰ ਪ੍ਰੇਰ ਰਹੇ ਸਨ ਤੇ ਦਾਹੜੀਆਂ ਕੇਸ ਰੱਖਵਾ ਕੇ ਖਾਲਿਸਤਾਨ ਦੀ ਮੁਹਿੰਮ ਵਿੱਚ ਕੁੱਦਣ ਲਈ ਉਕਸਾ ਰਹੇ ਸਨ। ਇੱਕ ਪਾਸੇ 'ਧੋਤੀ ਟੋਪੀ ਜਮਨਾ ਪਾਰ' ਤੇ ਦੂਜੇ ਪਾਸੇ ਕੱਛਾਂ, ਕੜਾ, ਕ੍ਰਿਪਾਨ ਤਿੰਨੋ ਭੇਜੋ ਪਾਕਿਸਤਾਨ' ਦੇ ਨਾਹਰੇ ਲੱਗ ਰਹੇ ਸਨ। ਪਿੰਡਾਂ ਦੇ ਧਾਰਮਿਕ ਸਥਾਨਾਂ ਤੇ ਨਾਭੇ ਵਾਲੀਆਂ ਬੀਬੀਆਂ ਦਾਂ ਕਵੀਸ਼ਰੀ ਜੱਥਾ ਜ਼ੋਰਾਂ ਸ਼ੋਰਾ ਨਾਲ ਖਾੜਕੂ ਸ਼ਹੀਦਾ ਦੀਆਂ ਵਾਰਾਂ ਗਾਈ ਜਾ ਰਿਹਾ ਸੀ। ਤੇ ਲੱਗਦਾ ਇਉਂ ਸੀ ਜਿਵੇਂ ਚਮਕੀਲਾ ਇਸ ਬਣੀ ਬਣਾਈ ਖੀਰ ਤੇ ਆਪਣੇ ਗਾਏ ਗੀਤਾਂ ਨਾਲ ਖੇਹ ਪਾਈ ਜਾ ਰਿਹਾ ਸੀ।
"ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ, ਲੱਭਦਾ ਫਿਰੇ ਵੇ ਤੇਰਾ ਕੀ ਖੋਹ ਗਿਆ"
"ਤੇਰੀ ਮਾਂ ਦੀ ਤਲਾਸੀ ਲੈਣੀ ਨੀ ਬਾਪੂ ਸਾਡਾ ਗੁੰਮ ਹੋ ਗਿਆ। ਜਾਂ
ਘਰ ਸਾਲੀ ਦੇ ਫਿਰਦਾ ਜੀਜਾ।
ਠਰਕ ਭੋਰਦਾ ਫਿਰਦਾ ਜੀਜਾ।
ਪੈਣਾ ਤੇਰੇ ਕੁਸ਼ ਨਹੀਂ ਪੱਲੇ।
ਨਹੀਂ ਵਕਤ ਵੇਹਲੜਾ ਗਾਲੀਦਾ।
ਜੀਜਾ ਵੇ ਤੈਨੂੰ,,, ਚਸਕਾ ਪੈ ਗਿਆ ਸਾਲੀ ਦਾ।
ਜਾਣ ਜਾਣ ਕੇ, ਪੰਗਾਂ ਲੈਣਾ।
ਘੜੀ ਮੁੜੀ ਨੀ, ਜੀਜੇ ਨਾਲ ਖਹਿਣਾ।
ਜਾਨ ਮੁੱਠੀ 'ਚੋਂ ਕਿਰ ਜਾਂਦੀ।
ਜਦੋ ਲੰਘਦੀ ਲੱਕ ਲਚਕਾਕੇ ਨੀ।
ਗਲ ਲੱਗ ਜਾ ਸਾਲੀਏ, ਸਾਢੂ ਤੋਂ ਅੱਖ ਬਚਾ ਕੇ ਨੀ...।
੧੯੮੧ ਵਿੱਚ ਹਿੰਦ ਸਮਾਚਾਰ ਸਮੂੰਹ ਦੇ ਬਾਨੀ ਲਾਲਾ ਜਗਤ ਨਰਾਇਣ ਦੇ ਦਹਿਸ਼ਤ ਗਰਦਾ ਖਾੜਕੂਆਂ ਹੱਥੋ ਹੋਏ ਕਤਲ ਤੋਂ ਲੈ ਕੇ ਆਏ ਦਿਨ ਪੰਜਾਬ ਵਿੱਚ ਲੁੱਟਾਂ-ਖੋਹਾਂ, ਕਤਲਾਂ, ਉਧਾਲਿਆਂ, ਫਿਰੌਤੀਆਂ ਦਾ ਬਜ਼ਾਰ ਦਿਨੋ ਦਿਨੋ ਭਖਦਾ ਹੀ ਜਾਂਦਾ ਸੀ। ਧਰਮ ਯੁੱਧ ਮੋਰਚਾ ਪੂਰੇ ਜ਼ੋਰਾਂ ਤੇ ਚਲ ਰਿਹਾ ਸੀ। ਪਰ ਚਮਕੀਲਾ ਗਾ ਰਿਹਾ ਸੀ।
ਕੱਚ ਦੇ ਗਿਲਾਸ ਵਿੱਚ ਰੰਗ ਲਾਲ ਨੀ
ਬਾਬਾ ਖੁੱਦੋ ਖੂੰਡੀ ਖੇਡਦਾ ਜਵਾਕਾਂ ਨਾਲ ਨੀ। ਜਾਂ
ਠੱਤੀਆਂ ਪਿੰਡਾਂ 'ਚ ਬਣੀ ਮੇਰੀ ਠਾਠ ਨੀ।
ਬੁੱਢੜਾ ਨਾ ਜਾਣੀ ਪੱਟਦੂੰ ਚੁਗਾਠ ਨੀ
ਜਿਵੇਂ ਜਿਵਂੇ ਪੰਜਾਬ ਵਿੱਚ ਅੱਤਵਾਦ ਚੜ੍ਹਾਈ ਕਰਦਾ ਜਾ ਰਿਹਾ ਸੀ, ਬਹੁਤੇ ਗਾਉਣ ਅਤੇ ਖਾੜੇ ਲਾਉਣ ਵਾਲੇ ਯਰਕਣ ਲੱਗ ਪਏ ਸਨ। ਬਹੁਤਿਆ ਨੇ ਤਾ ਬੱਸ ਅੱਡੇ ਦੇ ਸਾਹਮਣੇ ਲੱਗੇ ਆਪਣੇ ਹੋਰਡਾਂ ਅਤੇ ਬੋਰਡਾਂ ਉੱਪਰ ਚਿੱਟੀ ਕਲੀ ਦੀਆਂ ਕੂਚੀਆਂ ਫੇਰ ਦਿੱਤੀਆਂ ਸਨ। ਇਸ ਦੌਰਾਨ ਦਰਬਾਰ ਸਾਹਿਬ ਉੱਪਰ ਸਰਕਾਰ ਨੇ ਹਮਲਾ ਕਰ ਕੇ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿਤਾ। ਫਿਰ ਏਸੇ ਹੀ ਸਾਲ ਸ੍ਰੀ ਮਤੀ ਇੰਦਰਾ ਗਾਧੀ ਦਾ ਕਤਲ ਉਸ ਦੇ ਸਿੱਖ ਬਾਡੀਗਾਰਡਾਂ ਨੇ ਕਰ ਦਿੱਤਾ ਜਿਸ ਦੇ ਪ੍ਰਤੀਕਰਮ ਵੱਜੋ ਸਾਰੀ ਦਿੱਲੀ ਹੀ ਮੱਚ ਉੱਠੀ। ਸਾਰੇ ਭਾਰਤ ਵਿੱਚ ਹਜ਼ਾਰਾਂ ਹੀ ਬੇਦੋਸ਼ਿਆਂ ਦਾ ਕਤਲੇਆਮ ਹੋਇਆ। ਸਾਰਾ ਪੰਜ਼ਾਬ ਫੌਜ਼ ਅਤੇ ਸੀ. ਆਰ. ਪੀ. ਦੇ ਹਵਾਲੇ ਕਰ ਦਿੱਤਾ ਗਿਆ। ਹਰ ਰੋਜ਼ ਅਣਮਿਥੇ ਸਮਂੇ ਲਈ ਕਰਫ਼ਿਉ, ਬੰਦ, ਰੋਸ, ਮੁਜ਼ਾਹਰੇ ਪੰਜਾਬ ਦੇ ਲੋਕਾਂ ਦੀ ਹੋਣੀ ਬਣ ਗਏ। ਪਰ ਚਮਕੀਲਾ ਅਜੇ ਵੀ ਗਾ ਰਿਹਾ ਸੀ:
ਨੀ ਮਂੈ ਰੀਠੇ ਖੇਡਣ ਲਾ-ਲੀ ਨੀ, ਕੰਤ ਨਿਆਣੇ ਨੇ। ਜਾਂ
ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲਜੇ ਲਾਉਣ ਨੂੰ ਨੀ ਮੇਰਾ ਜੀ ਕਰਦਾ।
ਲੋਕ ਚਮਕੀਲੇ ਤੋਂ ਪੁੱਛ ਕੇ ਆਪਣੇ ਵਿਆਹਾਂ ਦੀਆਂ ਤਰੀਕਾਂ ਤੇ ਸਾਹੇ ਬੰਨਣ ਲੱਗ ਪਏ। ਉਹ ਤਿੰਨ ਤਿੰਨ ਅਖਾੜੇ ਦਿਹਾੜੀ ਦੇ ਲਾਉਂਣ ਲੱਗ ਪਿਆ। ਖਾੜਕੂਆਂ ਨੇ 'ਕੋਡ ਔਫ ਕੰਡਕਟ' ਦੀਆਂ ਦਹਿਸ਼ਤੀ ਚਿੱਠੀਆ ਪੰਜਾਬ ਦੇ ਸਕੂਲਾਂ, ਕਾਲਜਾਂ ਅਖਬਾਰਾਂ, ਰੇਡੀਉ, ਦੂਰਦਰਸ਼ਨ ਤੇ ਹੋਰ ਪਬਲਿਕ ਅਦਾਰਿਆਂ ਦੇ ਅਫ਼ਸਰਾਂ ਨੂੰ ਪਾਉਣੀਆਂ ਸ਼ੂਰੁ ਕਰ ਦਿੱਤੀਆਂ। ਹਰ ਬੁੱਧੀਜੀਵੀ, ਗੀਤਕਾਰ, ਨਾਟਕਕਾਰ, ਪੱਤਰਕਾਰ, ਸਿਆਸੀ ਲੀਡਰ, ਸਿੱਖ, ਹਿੰਦੂ, ਮੁਸਲਮਾਨ ਜੋ ਵੀ ਪੰਜਾਬ ਦੇ ਲੋਕਾਂ ਵਿੱਚ ਆਪਸੀ ਭਾਈਚਾਰੇ ਅਤੇ ਸਦ-ਭਾਵਨਾ ਦੀ ਗੱਲ ਕਰਦਾ ਸੀ ਖਾੜਕੂਆਂ ਦਹਿਸ਼ਤਗਰਦਾ ਦੀ ਹਿੱਟ ਲਿਸਟ ਉੱਪਰ ਸੀ ਇਥਂੋ ਤੱਕ ਲਲਾਰੀਆਂ, ਨਾਂਈਆਂ, ਝੱਟਕਈਆਂ, ਸਿਗਰਟਾਂ, ਸ਼ਰਾਬ, ਗੀਤ-ਸੰਗੀਤ ਦੀਆਂ ਕੈਸਿਟਾਂ ਵੇਚਣ ਵਾਲਿਆ ਨੇ ਆਪਣੇ ਧੰਦੇ ਠੱਪ ਕਰ ਦਿੱਤੇ ਸਨ। ਸ਼ਹਿਰਾਂ ਵਿੱਚ ਹਾਰ ਸ਼ਿੰਗਾਰ ਅਤੇ ਅਤਰ ਫੁਲੇਲ ਵਾਲੇ ਭੀੜੇ ਬਜ਼ਾਰ, ਜੋ ਕਦੀ ਪੰਜਾਬ ਦੀਆਂ ਜਵਾਨ ਨੱਢੀਆਂ ਦੇ ਟੋਲਿਆਂ ਨਾਲ ਭਰੇ ਹੁੰਦੇ ਸਨ, ਹੁਣ ਚਾਰ ਵਜੇ ਤੋਂ ਬਾਅਦ ਭਾਂਅ ਭਾਂਅ ਕਰਨ ਲੱਗ ਪਏ ਸਨ। ਮੋਚਨੇ, ਬਲੇਡ, ਸੁਰਖੀ, ਨਹੁੰ ਪਾਲਿਸ਼, ਪਾਊਡਰ, ਰੰਗ ਬਰੰਗੀਆਂ ਵੰਗਾਂ ਦੇ ਡੱਬੇ ਦੁਕਾਨਦਾਰਾਂ ਨੇ ਪਿੱਛਲੇ ਅੰਦਰੀ ਸਾਂਭ ਦਿੱਤੇ ਸਨ। ਤਿੱਖੀ ਕਟਾਰ ਵਰਗੀਆਂ ਸੇਹਲੀਆਂ ਦੀ ਥਾਂ ਤੇ ਹੁਣ ਮੋਟ੍ਹੇ ਭਰਵੱਟਿਆ ਦਾ ਰਾਜ ਸੀ। ਲੰਮੀਆਂ ਸਰੀਰ ਦੇ ਅੱਧ ਤੱਕ ਆaਂਦੀਆਂ ਗੱਜ ਗੱਜ ਲੰਮੀਆਂ ਰੰਗ ਬਰੰਗੇ ਪਰਾਂਦਿਆਂ ਨਾਲ ਸਜੀਆਂ ਗੁੱਤਾਂ ਹੁਣ ਪੀਲੇ ਦੁਪੱਟਿਆਂ ਥੱਲੇ ਅੱਧ ਮੋਏ ਨਾਗਾਂ ਵਾਂਗ ਸਹਿਕ ਰਹੀਆਂ ਸਨ ਜਾਂ ਫਿਰ ਸਿਰਾਂ ਉੱਪਰ ਜੂੜਿਆਂ ਦੇ ਰੂਪ ਵਿੱਚ ਉੱਗ ਆਈਆਂ ਸਨ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚੋ ਨਿੱਕੇ ਤੋਂ ਲੈ ਕੇ ਵੱਡਾ ਕਾਰੋਬਾਰੀ ਬੰਦਾ ਦਹਿਸ਼ਤ ਦਾ ਮਾਰਿਆਂ ਆਪਣਾ ਧੰਦਾ ਮਹਿਗਾ ਸਸਤਾ ਵੇਚ ਕੇ ਅੱਖਾਂ ਵਿੱਚ ਹੈਰਾਨੀ ਦੇ ਅੱਥਰੂ ਲਈ ਹਰਿਆਣੇ ਦਿੱਲੀ ਵੱਲ ਪਲਾਇਨ ਕਰਦਾ ਜਾ ਰਿਹਾ ਸੀ। ਖਾੜਕੂਆਂ, ਦਹਿਸ਼ਤਗਰਦਾਂ ਦੀ ਖਿੱਚੀ ਕੋਡ ਔਫ ਕੰਡਕਟ ਦੀ ਲੀਕ ਨਾਲ ਮੇਚ ਨਾ ਆਉਂਣ ਵਾਲੇ ਅਖਬਾਰਾਂ ਦੇ ਮਾਲਕਾਂ, ਪੱਤਰਕਾਰਾਂ, ਇਥੋ ਤੱਕ ਅਖਬਾਰ ਵੰਡਣ ਵਾਲੇ ਗ਼ਰੀਬ ਹਾਕਰ ਏ. ਕੇ. ਸੰਤਾਲੀ ਦੀਆਂ ਮੂਫ਼ਤ ਇੰਮਪੋਰਟ ਹੋਈਆਂ ਵਿਦੇਸ਼ੀ ਗੋਲੀਆਂ ਦਾ ਸ਼ਿਕਾਰ ਬਣਨ ਲੱਗ ਪਏ ਸਨ। ਦਹਿਸ਼ਤਗਰਦਾਂ ਖਾੜਕੂਆਂ ਨੇ ਕੋਡ ਔਫ ਕੰਡਕਟ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਝੂਟੇ ਦੇਣੇ ਤੇ ਗੱਡੀ ਚਾਹੜਨਾ ਰੂਟੀਨ ਵਿੱਚ ਸ਼ੂਰੁ ਕਰ ਦਿੱਤਾ ਸੀ। ਇਥੇ ਚਮਕੀਲਾਂ ਕਿਹੜੇ ਬਾਗ ਦੀ ਮੂਲੀ ਸੀ? ਉਸ ਸਮੇਤ ਸਾਰੇ ਹੋਰ ਗਾਉਂਣ ਵਾਲਿਆ ਨੂੰ ਵੀ ਦਹਿਸ਼ਤੀ ਰੁੱਕੇ ਆਉਂਣ ਲੱਗੇ। ਬਹੁਤ ਸਾਰੇ ਮਸ਼ਹੂਰ ਗਾਇਕ ਚੁੱਪ ਸਾਧ ਗਏ, ਕਈ ਵਿਦੇਸ਼ਾ ਵਿੱਚ ਜਾ ਕੇ ਬੈਠ ਗਏ ਤੇ ਕਈ ਨਾਮੀ ਗਾਇਕ ਬੰਬੇ ਜਾ ਕੇ ਫਿਲਮਾਂ ਵਿੱਚ ਮਾੜੇ ਮੋਟੇ ਹੱਥ ਪੈਰ ਮਾਰਨ ਲੱਗ ਪਏ। ਪਰ ਚਮਕੀਲਾ ਅਜੇ ਵੀ ਪਿੰਡਾਂ ਵਿੱਚ ਪੰਜ਼ਾਬ ਪੁਲੀਸ ਵੱਲੋ ਲੋਕਾਂ ਵਿੱਚੋ ਖਾੜਕੂਆਂ ਦੀ ਦਹਿਸ਼ਤ ਚੁੱਕਣ ਦੇ ਮਨਸੂਬੇ ਨਾਲ ਲਵਾਏ ਖਾੜਿਆਂ ਵਿੱਚ ਲਗਾਤਾਰ ਮੁਫਤ ਗਾ ਰਿਹਾ ਸੀ ਜਾਂ ਉਸ ਤੋਂ ਗਵਾਇਆ ਜਾ ਰਿਹਾ ਸੀ। ਉਸ ਨੁੰ ਲਗਾਤਾਰ ਦਹਿਸ਼ਤੀ ਚਿੱਠੀਆਂ ਆ ਰਹੀਆ ਸਨ, ਜੇ ਉਹ ਲੱਚਰ ਗਾਂਉਣੋ ਨਾ ਰੁਕਿਆ ਤਾਂ ਉਸ ਨੂੰ ਸੋਧ ਦਿੱਤਾ ਜਾਵੇਗਾ। ਇੱਕ ਸਾਲ ਚਮਕੀਲਾ ਬਿਲਕੁਲ ਮੌਨ ਧਾਰ ਗਿਆ। ਸਾਲ ਬਾਅਦ ਚਮਕੀਲੇ ਤੇ ਅਮਰਜੋਤ ਦੇ ਤਿੰਨ ਧਾਰਮਿਕ ਐਲ. ਪੀ. ਮਾਰਕੀਟ ਵਿੱਚ ਆਏ।
ਬਾਬਾ ਤੇਰਾ ਨਨਕਾਣਾ।
ਤਲਵਾਰ ਮੈ ਕਲਗੀਧਰ ਦੀ ਹਾਂ।
ਨਾਂਮ ਜੱਪ ਲੈ।
ਚਮਕੀਲਾ ਅਤੇ ਅਮਰਜੋਤ
ਦੂਜੇ ਗੀਤਾਂ ਵਾਂਗ ਇਹ ਧਾਰਮਿਕ ਗੀਤ ਵੀ ਰਾਤੋ ਰਾਤ ਲੋਕਾਂ ਦੀ ਜੁਬਾਨ ਤੇ ਚੜ੍ਹ ਗਏ। ਇਨਾਂ ਤਿੰਨਾ ਹੀ ਐਲ ਪੀਆਂ ਦੀ ਰਇਲਟੀ ਵਿੱਚੋ ਚਮਕੀਲੇ ਨੇ ਇੱਕ ਧੇਲਾ ਵੀ ਨਹੀ ਲਿਆ। ਸਾਰਾ ਲਾਭ ਸਥਾਨਕ ਗਰੂਦਵਾਰਿਆਂ ਅਤੇ ਧਾਰਮਿਕ ਸਥਾਨਾਂ ਨੂੰ ਦਾਨ ਦੇ ਰੂਪ ਵਿੱਚ ਭੇਟ ਕਰ ਦਿੱਤਾ। ਦਲੀਲ ਚਮਕੀਲੇ ਦੀ ਇਹ ਸੀ ਕਿ ਜੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਉਸ ਨੂੰ ਏਡੀ ਬੁਲੰਦ ਅਵਾਜ਼ ਦਿੱਤੀ ਹੈ ਤਾਂ ਉਸ ਦਾ ਵੀ ਗੁਰੂਆਂ ਪ੍ਰਤੀ ਕੁਛ ਫਰਜ਼ ਬਣਦਾ ਹੈ, ਜਿੰਨ੍ਹਾਂ ਨੇ ਕੌਮ ਲਈ ਸਰਬੰਸ ਵਾਰ ਦਿੱਤਾ ਸੀ। ਪਿੰਡ ਮਹਿਸਮਪੁਰ ਮੌਤ ਦੀ ਆਖਰੀ ਸਟੇਜ ਤੱਕ ਪਹੁੰਚਦਿਆਂ ਚਮਕੀਲੇ ਤੇ ਅਮਰਜੋਤ ਦੀ ਜੋੜੀ ਨੇ ਚਮਕੀਲੇ ਦੇ ਲਿਖੇ ਨੱਬੇ ਗੀਤ ਰਿਕਾਰਡ ਕਰਵਾ ਦਿੱਤੇ ਸਨ ਅਤੇ ਦੋ ਸੌ ਦੇ ਕਰੀਬ ਗੀਤ ਚਮਕੀਲੇ ਨੇ ਹੋਰ ਲਿਖੇ ਪਏ ਸਨ। ਇੱਕ ਢੋਲਕੀ, ਦੂਜਾ ਹਾਰਮੋਨੀਅਮ, ਤੇ ਤੀਜੀ ਤੂੰਬੀ ਤੋ ਵੱਧ ਇਸ ਬੁਲੰਦ ਅਵਾਜ਼ ਦੇ ਮਾਲਕ ਗਾਇਕ ਨੂੰ ਹੋਰ ਕੁੱਝ ਵੀ ਨਹੀਂ ਚਾਹੀਦਾ ਸੀ। ਚਮਕੀਲਾ ਕਲਮ ਅਤੇ ਅਵਾਜ਼ ਦਾ ਧਨੀ ਸੀ। ਚਮਕੀਲੇ ਦੇ ਗੀਤ ਪੰਜਾਬੀ ਫਿਲਮਾਂ ਲਈ ਵੀ ਚੁਣੇ ਜਾਣ ਲੱਗੇ। 'ਪਹਿਲੇ ਲਲਕਾਰੇ ਨਾਲ ਮੈ ਡਰ ਗਈ' ੧੯੮੭ ਵਿੱਚ ਬਣੀ ਫਿਲਮ 'ਪਟੋਲਾ' ਦਾ ਸਾਂਉਡ ਟਰੈਕ ਸੀ। 'ਮੇਰਾ ਜੀ ਕਰਦਾ' ਇਹ ਦੂਜਾ ਗੀਤ ਉਸ ਨੇ ਪੰਜਾਬੀ ਫਿਲਮ 'ਦੁਪੱਟੇ' ਲਈ ਗਾਇਆ ਇਹ ਦੋਵੇ ਫਿਲਮਾਂ ਚਮਕੀਲੇ ਦੇ ਗੀਤਾਂ ਅਤੇ ਫਿਲਮ ਵਿੱਚ ਵਿਖਾਏ ਚਮਕੀਲੇ ਅਤੇ ਅਮਰਜੋਤ ਦੇ ਅਖਾੜੇ ਕਰ ਕੇ ਸੁਪਰ ਹਿੱਟ ਹੋਈਆਂ। ਚਮਕੀਲੇ ਨੇ ਦੂਰਦਰਸ਼ਨ ਤੇ ਵੀ ਗਾਇਆ। ਜਿਸ ਦਿਨ ਚਮਕੀਲੇ ਦੇ ਕਤਲ ਦੀ ਖਬਰ ਅਖਬਾਰਾਂ ਵਿੱਚ ਛਪੀ, ਸਰਕਾਰੀ ਅਦਾਰੇ ਦੂਰਦਰਸ਼ਨ ਦੇ ਪ੍ਰਬੰਧਕਾਂ ਨੇ ਡਰਦਿਆਂ ਅਗਲੇ ਦਿਨ ਹੀ ਚਮਕੀਲੇ ਦੀ ਵੀਡੀਉ ਹਵਾ ਵਿੱਚੋਂ ਗਾਇਬ ਕਰ ਦਿਤੀ। ਗ਼ਰੀਬ ਕਲਾਕਾਰ ਮਾਰਿਆ ਗਿਆ ਜਿਹੋ ਜਿਹਾ ਕਾਂ ਬਿਜਲੀ ਦੀ ਤਾਰ ਨਾਲ ਲੱਗ ਕੇ ਮਰ ਗਿਆ ਸਾਥਣ ਗਇਕਾ ਅਮਰਜੋਤ ਅਤੇ ਸਾਥੀ ਸਾਜਿੰਦੇ ਵੀ ਮਾਰੇ ਗਏ ਆਖਿਰ ਕਿਉਂ...?
ਸਰਕਾਰੀ ਕਾਗਜ਼ਾ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ ਅੱਜ ਤੱਕ ਵੀ ਅਣਸੁਲਝਿਆ ਕਤਲ ਹੈ। ਪਰੰਤੂ ਕਿਆਫ਼ੇ ਇਉਂ ਹਨ, ਅਖੇ,
੧. ਚਮਕੀਲਾ ਲੱਚਰ ਗਾaਂਦਾ ਸੀ ਜਾਂ ਗਾ ਕੇ ਖਾੜਕੂਆਂ ਦੀ ਦਹਿਸ਼ਤ ਦੀ ਕਾਲੀ ਛੱਤਰੀ ਵਿੱਚ ਮਘੋਰਾ ਕਰਦਾ ਸੀ। ਸ਼ਇਦ ਤਾਂ ਹੀ ਖਾੜਕੂਆਂ ਨੇ ਸੋਧ ਦਿੱਤਾ ?।
੨. ਅਮਰਜੋਤ ਤਰਖਾਣੀ ਜਾਂ ਜੱਟੀ ਸੀ ? ਦੁਨੀ ਰਾਮ ਉਰਫ਼ ਅਮਰ ਸਿੰਘ ਚਮਕੀਲਾ ਚਮਿਆਰ ਸੀ। ਇਹ ਰਿਸ਼ਤਾ ਅਮਰਜੋਤ ਦੇ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ ਸ਼ਾਇਦ ਅਮਰਜੋਤ ਦੇ ਮਾਪਿਆ ਨੇ ਇਹ ਕਤਲ ਕਰਵਾਏ ਹੋਣ ?
੩. ਕੁਛ ਲੋਕ ਇਉਂ ਵੀ ਕਹਿ ਰਹੇ ਹਨ। ਸਮਕਾਲੀ ਗਾਇਕਾਂ ਜੋ ਚਮਕੀਲੇ ਦੀ ਚੜ੍ਹਾਈ ਨਾਲ ਹੱਸਦ ਕਰਦੇ ਸਨ, ਉਨ੍ਹਾਂ ਨੇ ਸੁਪਾਰੀ ਦੇ ਕੇ ਚਮਕੀਲੇ ਦਾ ਕਤਲ ਕਰਵਾ ਦਿੱਤਾ ਤਾਂ ਜੋ ਮੈਦਾਨ ਉਨ੍ਹਾਂ ਲਈ ਸਾਫ਼ ਹੋ ਸਕੇ ?।
ਪਰ ਭੱਠੇ ਦੀ ਚਿਮਨੀ ਵਰਗਾ ਧੂੰਆਂ ਛੱਡਦਾ ਸਵਾਲ ਮੱਗਰਮੱਛ ਜਿੱਡਾ ਮੂੰਹ ਅੱਡੀ ਅੱਜ ਬਾਈ ਸਾਲ ਬਾਅਦ ਵੀ ਉਵੇਂ ਦਾ ਉਵਂੇ ਹੀ ਕਾਲੇ ਨਾਗ ਵਾਂਗ ਫੰਨ੍ਹ ਖਿਲਾਰੀ ਖਲੋਤਾ ਹੈ। ਕਿਉਂ ਤੇ ਕਿਉਂ ਸਿਰਫ ਚਮਕੀਲੇ ਦਾ ਹੀ ਇਸ ਅਖੌਤੀ ਲੱਚਰਤਾ ਦੇ ਦੋਸ਼ ਵਿੱਚ ਬੇਦਰਦੀ ਨਾਲ ਕਤਲ ? ਅਖੇ ਚਮਕੀਲਾ 'ਲੱਚਰ' ਗਾਂਉਦਾ ਸੀ। ਚਮਕੀਲੇ ਦੇ ਖਾੜਿਆਂ ਨੂੰ ਪਿੰਡਾ ਦੇ ਸੌਕੀ ਜਵਾਨ ਤੇ ਸਮਰੱਥਾਵਾਨ ਗੱਭਰੂ ਹੀ ਆਪਣੇ ਵਿਆਹਾਂ ਤੇ ਚਾਰ ਚਾਰ ਹਜ਼ਾਰ ਰੁਪੱਈਆਂ ਤਿੰਨ ਤਿੰਨ ਮਹੀਨੇ ਪਹਿਲਾਂ ਪੂਰਾ ਅਡਵਾਂਸ ਦੇ ਕੇ ਲਗਵਾਉਂਦੇ ਸਨ। ਵਿਆਹ ਵਾਲੇ ਦੋਵੇ ਘਰ ਹੀ ਚਮਕੀਲੇ ਦੇ ਖਾੜੇ ਲਈ ਸਹਿਮਤ ਹੁੰਦੇ ਸਨ। ਦੋਹਾਂ ਹੀ ਘਰਾਂ ਦੇ ਪਰਿਵਾਰ ਆਪਣੇ ਬੱਚਿਆਂ, ਔਰਤਾਂ ਸਮੇਤ ਖਾੜੇ ਵਿੱਚ ਹਾਜ਼ਰ ਹੋ ਕੇ ਉਸ ਦੇ ਗੀਤ ਜੋ ਉਨ੍ਹਾਂ ਦੀ ਹੀ ਸਮਝ ਵਿੱਚ ਆਂਉਣ ਵਾਲੀ ਪੇਂਡੂ ਭਾਸ਼ਾ ਵਿੱਚ ਹੁੰਦੇ ਸਨ, ਸੁਣਦੇ ਸਨ, ਆਨੰਦ ਮਾਣਦੇ ਸਨ ਤੇ ਹੱਸ ਛੱਡਦੇ ਸਨ। ਮੈਂ ਅੱਜ ਤੱਕ ਕਿਤੇ ਵੀ ਇਹ ਨਹੀਂ ਸੁਣਿਆ ਕਿ ਕਿਸੇ ਆਦਮੀ ਨੇ ਚਮਕੀਲੇ ਦਾ ਖਾੜਾ ਵੇਖ ਕੇ ਰਾਹ ਜਾਂਦੀ ਕਿਸੇ ਔਰਤ ਨਾਲ ਬਲਾਤਕਾਰ ਕਰ ਲਿਆ ਹੋਵੇ ? ਜੇ ਚਮਕੀਲਾ ਪਿੰਡਾਂ ਦੇ ਸਧਾਰਣ ਲੋਕਾਂ ਨੂੰ ਗਾਂਉਦਾ ਲੱਚਰ ਪ੍ਰਤੀਤ ਹੁੰਦਾਂ ਤਾਂ ਉਸ ਦਾ ਕਤਲ ਪਿੰਡਾਂ ਦੀਆਂ ਮਾਤਾਵਾਂ ਜਾ ਬਜ਼ੁਰਗਾਂ ਨੇ ਆਪਣਿਆਂ ਖੂੰਡਿਆਂ ਜਾਂ ਤੰਦੂਰ ਵਿੱਚ ਅੱਗ ਹਿਲਾਉਣ ਵਾਲੇ ਧੂੰਆਂ ਛੱਡਦੇ ਕੁੱਢਣਾਂ ਜਾਂ ਖੁੱਲਣੀਆਂ ਨਾਲ ਕਰਨਾ ਸੀ, ਨਾ ਕਿ ਸਮਾਜ ਦੇ ਅਖੌਤੀ ਠੇਕੇਦਾਰਾਂ, ਏ. ਕੇ. ਸੰਤਾਲੀ ਵਾਲਿਆ ਨੇ! ਜੇ ਇਸੇ ਹੀ ਲੱਚਰਤਾ ਵਾਲੇ ਗਜ ਨਾਲ ਮਿਣ ਕੇ ਲੇਖਕਾਂ, ਗਇਕਾਂ, ਕਲਾਕਾਰਾਂ ਦਾ ਕਤਲ ਜਾਇਜ਼ ਹੈ ਤਾਂ ਸੱਭ ਤੋਂ ਪਹਿਲਾ ਅੱਜ ਤੋਂ ਚੌਵੀ ਸੌ ਸਾਲ ਪਹਿਲਾ ਲਿਖੇ ਜਗਤ ਪ੍ਰਸਿਧ ਗਰੰਥ ਕਾਮ-ਸੂਤਰ ਦੇ ਲੇਖਕ ਮਹਾਰਿਸ਼ੀ ਮਾਲੰਗਾ ਵਾਤਸਿਆਨ ਨੂੰ ਗੋਲੀ ਮਾਰਨੀ ਚਾਹੀਦੀ ਸੀ ਅਤੇ ਫਿਰ ਦਸ਼ਮ ਗਰੰਥ ਵਿੱਚ ਦਰਜ ਚਰਿਤ੍ਰੋਪਾਖਿਆਂਨ ਦੇ ਲੇਖਕ ਨੂੰ ਦੁਗਾੜਾ ਵੱਜਣਾ ਚਾਹੀਦਾ ਸੀ। ਉਸ ਤੋਂ ਬਾਅਦ ਹੀਰ ਦੇ ਰਚੇਤਾ ਵਾਰਿਸ ਸ਼ਾਹ ਦੀ ਵਾਰੀ ਆaਂਦੀ ਹੈ ਬੰਬ ਨਾਲ ਉਡਾਉਣ ਦੀ, ਤੇ ਫਿਰ ਭਾਵੇਂ ਚਮਕੀਲੇ ਤੇ ਐਟਮ-ਬੰਬ ਵੀ ਸੁੱਟ ਦਿੰਦੇ। ਹੋਰ ਵੀ ਬਥੇਰੇ ਗਾਇਕ ਜੀਜਾ ਸਾਲੀ, ਦਿਉਰ ਭਰਜਾਈ, ਕੁੜਮ ਕੁੜਮਣੀਆਂ ਬਾਰੇ ਪੁੱਠੀਆਂ ਸਿੱਧੀਆਂ ਤਾਰਾਂ ਜੋੜਨ ਵਾਲੇ ਗੀਤ ਗਾਈ ਜਾਂਦੇ ਸਨ। ਰੋਜ਼ ਦੇ ਦੋ-ਗਾਣੇ ਸੁਣਨ ਵਾਲਿਆਂ ਵਾਸਤੇ ਇਹ ਜਾਣਕਾਰੀ ਦੇਣੀ ਕੋਈ ਜਰੂਰੀ ਨਹੀਂ ਹੈ। ਅਣ-ਸੁਲਝਿਆਂ ਕੇਸ ਤਾਂ ੨੩ ਜੂਨ ੧੯੮੫ ਨੂੰ ਟੋਰੰਟੌ ਤੋਂ ਦਿੱਲੀ ਜਾ ਰਹੀ ਏਅਰ ਇੰਡੀਆਂ ਦੀ ੧੮੨ ਨੰਬਰ ਫਲਾਇਟ ਦਾ ਵੀ ਹੈ, ਜੋ ੩੨੯ ਮੁਸ਼ਾਫਰਾਂ ਸਮੇਤ ਵਿੱਚ ਰੱਖੇ ਬੰਬ ਦੇ ਫਟਣ ਦੀ ਵਜਾਹ ਨਾਲ ਖੱਖੜੀਆਂ ਕਰੇਲੇ ਹੋ ਕੇ ਸਮੁੰਦਰ ਵਿੱਚ ਡਿੱਗ ਪਈ ਸੀ । ਬੰਬ ਘਾੜਾ ਅਜੇ ਵੀ ਲਗਾਤਾਰ ਸੌਂਹਾ ਖਾ ਖਾਂ ਕੇ ਅਦਾਲਤ ਵਿੱਚ ਝੂਠ ਬੋਲ ਰਿਹਾ ਹੈ। ਮਸਲਾ, ਪੰਜਾਬ ਵਿੱਚ ਹਜ਼ਾਰਾ ਬੇਕਸੂਰੇ ਸਿੱਖ, ਹਿੰਦੂ, ਤੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਕਾਮਰੇਡਾਂ ਜਿੰਨਾਂ ਦਾ ਸਿਰਫ਼ ਤੇ ਸਿਰਫ ਇੱਕੋ ਹੀ ਧਰਮ ਸੀ 'ਇਨਸਾਨੀਅਤ' ਦੇ ਕਤਲਾਂ ਦਾ ਵੀ ਹੈ। ਲੋਕ ਮਰਿਆ ਸੁਣ ਕੇ ਹੀ ਕਿਸੇ ਨੂੰ ਮਰਿਆ ਯਕੀਨ ਨਹੀਂ ਕਰ ਲਂੈਦੇ। ਉਨ੍ਹਾਂ ਨੂੰ ਮੌਤ ਦੇ ਕਾਰਨਾਂ, ਲਾਸ਼ ਦੀ ਪਛਾਣ, ਜਾਂ ਕੋਈ ਮਰ ਗਏ ਆਪਣੇ ਘਰ ਦੇ ਜੀਅ ਦੇ ਪੁਖਤਾ ਸਬੂਤ ਹੀ ਭੋਗ ਪਾਉਣ ਲਈ ਤਿਆਰ ਕਰ ਸਕਦੇ ਹਨ। ਨਹੀਂ ਤਾਂ ਗਵਾਚਿਆਂ ਨੂੰ ਲੋਕ ਰਹਿੰਦੀ ਹਯਾਤੀ ਤੱਕ ਉਡੀਕਦੇ ਰਹਿੰਦੇ ਹਨ। ਇਸੇ ਕਰਕੇ ਚਮਕੀਲਾ ਮਰਿਆ ਨਹੀਂ ਹੈ! ਉਹ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਅੱਜ ਵੀ ਜ਼ਿੰਦਾ ਹੈ। ਉਹ ਗਵਾਚਿਆ ਹੈ, ਤੇ ਉਸ ਦੇ ਗੀਤ ਅੱਜ ਵੀ ਜ਼ਿੰਦਾ ਹਨ। ਦਰਜ਼ਨਾਂ ਹੀ ਗਾਇਕ ਜੋੜੀਆਂ ਨੇ ਚਮਕੀਲੇ ਅਤੇ ਅਮਰਜੋਤ ਦੀ ਤਰਜ਼ ਤੇ ਗੀਤ ਗਾ ਕੇ ਤੇ ਉਸ ਮੁਕਾਮ ਤੇ ਪਹੁੰਚਣ ਦੀ ਕੋਸ਼ਸ ਵਿੱਚ ਚਮਕੀਲੇ ਦੀ ਗਾਇਕੀ ਦੇ ਸੇਕ ਨੂੰ ਲਗਾਤਾਰ ਅੱਜ ਤੱਕ ਜ਼ਿੰਦਾ ਰੱਖਿਆਂ ਹੈ। ਭੁੱਬਲ ਵਿੱਚ ਦੱਬੀ ਅੱਗ ਵਾਂਗ। ਉਸ ਦੇ ਗੀਤ ਅੱਜ ਵੀ ਗੁਰਦਵਾਰਿਆਂ, ਬੱਸਾਂ, ਟਰੱਕਾਂ, ਮੋਬਾਇਲ ਟੈਲੀਫੋਨਾਂ ਵਿੱਚ ਲਗਾਤਾਰ ਵੱਜ ਰਹੇ ਹਨ। ਬੌਲੀਵੁੱਡ ਅਦਾਕਾਰ ਕੁਨਾਲ ਕਪੂਰ ਨੇ ਤਾਂ ਚਮਕੀਲੇ ਦੀ ਜਿੰਦਗੀ ਉੱਪਰ ਫਿਲਮ ਵੀ ਬਣਾ ਦਿੱਤੀ ਹੈ। ਇੰਟਰਨੈਟ ਉੱਪਰ ਕੱਤੀ ਸੌਅ ਵੈਬ ਸਾਇਟਾਂ ਹਨ ਚਮਕੀਲੇ ਦੇ ਨਾਂ ਦੀਆਂ। ਅਮਰ ਸਿੰਘ ਚਮਕੀਲੇ ਦੀ ਧੀ ਕਮਲ ਚਮਕੀਲਾ ਨੇ ਆਪਣੇ ਬਾਬਲ ਦੇ ਗੀਤਾਂ ਨੂੰ ਆਪਣੀ ਅਵਾਜ਼ ਵਿੱਚ ਗਾ ਕੇ ਪਿਉ ਨੂੰ ਸੱਚੀ ਹੀ ਸਰਧਾਂਜ਼ਲੀ ਦਿੱਤੀ ਹੈ। ਅਸਲ ਵਿੱਚ ਇਹ ਸਰਧਾਜ਼ਲੀ ਨਹੀਂ ਹੈ। ਇਹ ਤਾਂ 'ਵੈਣ' ਹਨ। ਉਸ ਧੀ ਦੇ, ਜਿਸ ਦਾ ਕਲਾਕਾਰ ਬਾਪ ਉਸ ਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਬੇਕਸੂਰਾ ਵਿਦੇਸੀ ਗੋਲੀਆਂ ਦੀਆਂ ਬੁਛਾੜਾਂ ਨਾਲ ਨਿਹੱਕਾ ਹੀ ਮਾਰਿਆ ਗਿਆ ਸੀ।
ਅੰਬਰਾਂ ਨੂੰ ਛੂਹਣਗੀਆਂ, ਸੂਰਾਂ ਸੁਰੀਲੀਆਂ ਜੱਗ ਵਿੱਚ ਲੱਖਾਂ। ਉਹਦੀ ਰੂਹ ਨੂੰ ਵਿਲਕਦੀਆਂ, ਰਹਿਣਗੀਆਂ ਸਾਰੇ ਜੱਗ ਦੀਆਂ ਅੱਖਾਂ। ਅੱਜ ਭਲਕੇ ਸੱਦ ਲੈਣਾਂ, ਸੱਭ ਨੂੰ ਧਰਮਰਾਜ ਦੇ ਸੰਮਣਾ। ਲੱਖ ਜੰਮਦੀ ਰਹੂ ਦੁਨੀਆ, ਲੋਕੋ ਨਹੀਂ ਚਮਕੀਲਾ ਜੰਮਣਾ। (ਕਮਲ ਚਮਕੀਲਾ)