ਮੈਂ ਅਮਰਦੀਪ ਗਿੱਲ ਆਪਣੇ ਪੂਰੇ ਹੋਸ਼ੋ-ਹਵਾਸ ਨਾਲ ਇਹ ਨੋਟ ਲਿਖ ਰਿਹਾ ਹਾਂ , ਕਿ ਮੈਂ ਹੀ ਉਹ ਲੇਖਕ ਹਾਂ ਜਿਸਨੇ 9 ਸਾਲ ਪਹਿਲਾਂ " ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ " ਗੀਤ ਲਿਖਿਆ ਸੀ । " ਕੁੜੀਆਂ ਤਾਂ ਕੁੜੀਆਂ ਨੇ " , "ਸਿੱਲੀ ਸਿੱਲੀ ਹਵਾ " , "ਦੁੱਖ ਬੋਲ ਕੇ ਜੇ ਦੱਸਿਆ " , "ਪਰਦੇਸਣ ਧੀਆਂ" , "ਇਹ ਪੰਜਾਬ ਵੀ ਮੇਰਾ ਏ.." ਵਰਗੇ ਹੋਰ ਅਨੇਕ ਗੀਤ ਵੀ ਮੈਂ ਲਿਖੇ ਤੇ ਹੰਸ ਰਾਜ ਹੰਸ ਨੇ ਗਾਏ ਨੇ.....ਪਰ ਬਹੁਤ ਸਾਰੇ "ਦੋਸਤ" ਸਿਰਫ "ਅੱਗ ਤੁਰੀ ਜਾਂਦੀ ਹੈ" ਦੀ ਗੱਲ ਹੀ ਕਰਦੇ ਨੇ...ਤਾਂ ਕਰਕੇ ਮੈਂ ਇਹ ਸ਼ਪਸ਼ਟੀਕਰਨ / ਮੁਆਫੀਨਾਮਾ ਲਿਖ ਰਿਹਾ ਹਾਂ ! "ਅੱਗ" ਗੀਤ 'ਚ ਮੈਂ "ਅੱਗ" ਦਾ ਬਿੰਬ ਉਸ ਤਰਾਂ ਵਰਤਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ "ਅੱਗ ਤੁਰੀ ਪਰਦੇਸ" 'ਚ ਵਰਤਿਆ ਸੀ ਇਹ ਬਿੰਬ...ਪਰ ਮੈਂ ਬੁਰੀ ਤਰਾਂ ਨਾਕਾਮ ਰਿਹਾ ..ਤੇ ਇਹ ਗੀਤ "ਲੱਚਰ" ਸਿੱਧ ਹੋ ਗਿਆ...ਇਸਦੇ ਪਿੱਛੇ ਹੋਰ ਵੀ ਕਈ ਕਾਰਨ ਸਨ ਕਿ ਸਿਰਫ ਇਸ ਗੀਤ ਤੇ ਹੀ ਕਿਉਂ ਐਨਾਂ ਤਵਾ ਲੱਗਿਆ....ਖੈਰ ਮੈਂ ਉਨਾਂ ਕਾਰਨਾਂ 'ਚ ਨਹੀਂ ਜਾਣਾ ਚਾਹੁੰਦਾ... ਮੈਂ ਸਿਰਫ ਇਹ ਦੱਸਣ ਲਈ ਇਹ ਨੋਟ ਲਿਖਿਆ ਹੈ ਕਿ ਮੈਂ ਇਸ ਗੀਤ ਨੂੰ ਲਿਖਣ ਦਾ ਗੁਨਾਹਗਾਰ ਹਾਂ ਤੇ ਆਪ ਸਭ ਪੰਜਾਬੀਆਂ ਤੋਂ ਇਸ ਲਈ ਮੁਆਫੀ ਮੰਗਦਾ ਹਾਂ , ਮੈਂ ਇਹ ਗੀਤ ਆਪਣੇ ਗੀਤ-ਸੰਗ੍ਰਿਹ "ਸਿੱਲੀ ਸਿੱਲੀ ਹਵਾ" 'ਚ ਵੀ ਸ਼ਾਮਿਲ ਨਹੀਂ ਕੀਤਾ , ਕੀ ਮੇਰੀ ਇੱਕ ਗਲਤੀ ਮੁਆਫ ਨਹੀਂ ਕੀਤੀ ਜਾ ਸਕਦੀ ? ਜੇ ਤੁਸੀਂ ਇਹ ਸਮਝਦੇ ਹੋ ਕਿ ਪੰਜਾਬੀ 'ਚ ਮੈਂ ਹੀ ਸਭ ਤੋਂ ਮਾੜਾ ਗੀਤ ਲਿਖਿਆ ਹੈ ਜਾਂ ਪੰਜਾਬੀ ਗੀਤਕਾਰੀ 'ਚ ਸਿਰਫ ਮੇਰੇ ਇਸ ਗੀਤ ਕਾਰਨ ਹੀ "ਗੰਦ" ਪਿਆਂ ਹੈ ਤਾਂ ਤੁਸੀਂ ਮੇਰੇ ਜੁੱਤੀਆਂ ਮਾਰ ਸਕਦੇ ਹੋ...ਮੈਨੂੰ ਗਾਲਾਂ ਕੱਢ ਸਕਦੇ ਹੋ..ਮੈਂ ਸੰਗਤ ਦਾ ਹਰ ਫੈਸਲਾ ਸਿਰ ਮੱਥੇ ਮੰਨਾਂਗਾ ! ਮੇਰਾ ਨੰਬਰ 99882 62870 ਹੈ , ਮੈਂ ਪੰਜਾਬੀ ਮਾਂ ਬੋਲੀ ਦਾ ਜੁੰਮੇਵਾਰ ਪੁੱਤਰ ਹਾਂ , ਇੱਕ ਜੁੰਮੇਵਾਰ ਅਣਖੀ ਬਾਪ ਦਾ ਬੇਟਾ ਹਾਂ , ਮੈਂ ਜਾਣ ਬੁੱਝ ਕੇ ਲੱਚਰ ਗੀਤ ਕਿਉਂ ਲਿਖਾਂਗਾ ? ਮੇਰੇ ਕੋਲ ਤੁਹਾਡੇ ਹਰ ਇਮਾਨਦਾਰ ਸਵਾਲ ਦਾ ਇਮਾਨਦਾਰ ਜਵਾਬ ਹੈ ! ਮੇਰੇ ਤੋਂ ਜੋ ਗਲਤੀ ਹੋਈ ਹੈ ਅਣਜਾਣੇ 'ਚ ਹੋਈ ਹੈ ਉਸਦੀ ਮੈਂ 8 ਸਾਲ ਪਹਿਲਾਂ ਵੀ ਮਾਫੀ ਮੰਗ ਚੁੱਕਾ ਹਾਂ ਅੱਜ ਫੇਰ ਮੰਗਦਾ ਹਾਂ ਕਿਰਪਾ ਕਰਕੇ ਮੇਰੀ ਇੱਕ ਗਲਤੀ ਕਾਰਨ ਮੇਰੇ ਸਾਰੇ ਕੀਤੇ ਕਰਾਏ ਤੇ ਪਾਣੀ ਨਾ ਫੇਰੋ ਦੋਸਤੋ ! ਇਹ ਇਨਸਾਫ ਨਹੀਂ ਹੈ....ਤੁਸੀਂ ਹਰ ਲੱਚਰ ਲਿਖਣ ਤੇ ਗਾਉਣ ਵਾਲੇ ਤੋਂ ਮੁਆਫੀਨਾਮਾ ਲਿਖਵਾਓ ਮੈਂ ਸਭ ਤੋਂ ਪਹਿਲਾਂ ਤੁਹਾਡੀ ਕਚਿਹਰੀ 'ਚ ਖੜਾ ਹੋਵਾਂਗਾ....ਇਨਸਾਫ ਕਰੋ ਦਾਨਿਸ਼ਵਰੋ....ਜਾਤੀ ਕਿੜ ਨਾ ਕੱਢੋ ! ਮੇਰੇ ਇਸ ਨੋਟ ਤੇ ਕੁਮੈਂਟ ਜਰੂਰ ਕਰਨਾ..... ਤੁਹਾਡਾ ਸਭ ਸੂਝਵਾਨ ਪੰਜਾਬੀਆਂ ਦਾ , ਪੰਜਾਬੀ ਮਾਂ ਬੋਲੀ ਦਾ ਗੁਨਾਹਗਾਰ : ਅਮਰਦੀਪ ਗਿੱਲ , ਬਠਿੰਡਾ