ਯੂਰੋ ਸਟਾਰ ਸੱਪ ਵਾਂਗ ਸੁਰੰਗਾਂ ਵਿਚੋਂ ਲੰਘਦੀ ਆਪਣੀ ਵਾਟ ਵੱਢਦੀ ਜਾ ਰਹੀ ਸੀ। ਜਦ ਛੂਕਦੀ ਟਰੇਨ ਸੁਰੰਗ ਵਿਚੋਂ ਨਿਕਲ਼ਦੀ ਤਾਂ ਤੁਫ਼ਾਨੀ ਰਫ਼ਤਾਰ ਦੇਖ ਕੇ ਇੱਕ ਵਾਰੀ ਤਾਂ ਬੰਦੇ ਦੇ 'ਹੌਲ' ਜਿਹਾ ਪੈ ਜਾਂਦਾ ਹੈ। ਲੰਡਨ ਤੋਂ ਚੱਲ ਕੇ ਯੂਰੋ ਸਟਾਰ ਸਿਰਫ਼ ਇੱਕ ਜਗਾਹ 'ਤੇ ਹੀ ਰੁਕੀ ਸੀ। ਹੁਣ ਉਸ ਨੇ ਸਿਰਫ਼ ਪੈਰਿਸ ਦੇ ਉੱਤਰੀ ਸਟੇਸ਼ਨ 'ਤੇ ਜਾ ਕੇ ਹੀ ਰੁਕਣਾਂ ਸੀ! ਰਲ਼-ਮਿਲ਼ਾ ਕੇ ਤਕਰੀਬਨ ਦੋ ਘੰਟੇ ਅਤੇ ਦਸ ਮਿੰਟ ਲੱਗਣੇ ਸਨ। ਜਦ ਪੈਰਿਸ ਦਾ ਸਟੇਸ਼ਨ ਨਜ਼ਦੀਕ ਆਉਣ ਲੱਗਿਆ ਤਾਂ ਲੋਕ ਅੱਚਵੀ ਜਿਹੀ ਮਹਿਸੂਸ ਕਰਨ ਲੱਗ ਪਏ। ਇਹ ਸਾਡੀ ਆਮ ਭੈੜ੍ਹੀ ਆਦਤ ਹੈ ਕਿ ਸਫ਼ਰ ਚਾਹੇ ਅਸੀਂ ਦਸ ਘੰਟੇ ਦਾ ਕਰਨਾ ਹੋਵੇ, ਟਿਕ ਕੇ ਬੈਠੇ ਰਹਿੰਦੇ ਹਾਂ। ਪਰ ਜਦ ਸਾਡਾ 'ਅੱਡਾ' ਨੇੜੇ ਆ ਜਾਵੇ ਤਾਂ ਨਸ਼ੇ ਟੁੱਟੇ ਵਾਲ਼ੇ ਅਮਲੀ ਵਾਂਗ 'ਤੋੜ' ਜਿਹੀ ਕਰਨ ਲੱਗ ਪੈਂਦੇ ਹਾਂ! ਅਖ਼ੀਰ ਦਿੱਤੇ ਸਮੇਂ ਅਨੁਸਾਰ ਪੈਰਿਸ ਦੇ ਦੁਪਿਹਰ ਦੋ ਵੱਜ ਕੇ ਸੰਤਾਲ਼ੀ ਮਿੰਟ 'ਤੇ ਯੂਰੋ ਸਟਾਰ ਸੱਤ ਨੰਬਰ ਪਲੇਟਫ਼ਾਰਮ 'ਤੇ ਜਾ ਲੱਗੀ। ਮੈਂ ਆਪਣਾ ਬੈਗ ਚੁੱਕ ਕੇ ਵਿਸ਼ਾਲ ਹਾਲ ਵਿਚ ਆ ਖੜ੍ਹਾ।
ਤਕਰੀਬਨ ਵੀਹ ਕੁ ਮਿੰਟ ਖੜ੍ਹਾ ਉਡੀਕਦਾ ਰਿਹਾ। ਪਰ ਕੋਈ ਵੀ ਮੈਨੂੰ ਲੈਣ ਨਾ ਆਇਆ। ਮੈਂ ਮਜੌਰਾਂ ਦੀ ਮਾਂ ਵਾਂਗ ਖ਼ਾਲੀ-ਖ਼ਾਲੀ ਝਾਕ ਰਿਹਾ ਸੀ। ਮਜੌਰਾਂ ਤੋਂ ਮੈਨੂੰ ਗੱਲ ਯਾਦ ਆ ਗਈ। ਕਿਸੇ ਨੇ ਮੇਰਾ ਨਾਵਲ ਪੜ੍ਹ ਕੇ ਪੁੱਛ ਲਿਆ ਕਿ ਬਾਈ ਜੀ ਇਹ 'ਮਜੌਰ' ਕੀ ਹੁੰਦੇ ਨੇ? ਜਿੰਨ੍ਹਾਂ ਨੂੰ ਤਾਂ ਪਤਾ ਹੈ, ਠੀਕ ਹੈ, ਤੇ ਜਿੰਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿੰਦਾ ਹਾਂ ਕਿ 'ਮਜੌਰ' ਮੁੰਜ ਕੁੱਟਣ ਵਾਲ਼ਿਆਂ ਨੂੰ ਆਖਦੇ ਨੇ! ਅੱਧੇ ਘੰਟੇ ਦੀ ਉਡੀਕ ਬਾਅਦ ਅਖ਼ੀਰ ਭੈਣ ਕੁਲਵੰਤ ਕੌਰ ਚੰਨ ਦੇ ਘਰ ਫ਼ੋਨ ਕੀਤਾ। ਫ਼ੋਨ ਉਹਨਾਂ ਦੀ ਨੂੰਹ ਸੁਖ਼ਵੀਨ ਕੌਰ ਨੇ ਚੁੱਕਿਆ। ਉਹਨਾਂ ਨੇ ਦੱਸਿਆ ਕਿ 'ਮੰਮ' ਤਾਂ ਪ੍ਰੋਗਰਾਮ 'ਤੇ ਚਲੇ ਗਏ ਹਨ, ਮੈਂ ਉਹਨਾਂ ਨੂੰ ਮੋਬਾਇਲ ਫ਼ੋਨ 'ਤੇ ਫ਼ੋਨ ਕਰ ਕੇ ਦੱਸ ਦਿੰਦੀ ਹਾਂ। ਮੇਰੀ ਜਾਣਕਾਰੀ ਅਨੁਸਾਰ ਪ੍ਰੋਗਰਾਮ ਤਿੰਨ ਵਜੇ ਸ਼ੁਰੂ ਹੋਣਾਂ ਸੀ। ਪਰ ਤਿੰਨ ਤਾਂ ਮੈਨੂੰ ਇੱਥੇ ਸਟੇਸ਼ਨ 'ਤੇ ਹੀ ਵੱਜ ਗਏ ਸਨ। ਇੱਕ ਪੰਗਾ ਹੈ, ਨਾ ਤਾਂ ਮੈਨੂੰ ਫ਼ਰੈਂਚ ਆਉਂਦੀ ਹੈ ਅਤੇ ਨਾ ਹੀ ਮੈਂ ਕਦੇ ਸਿੱਖਣ ਦੀ ਕੋਸ਼ਿਸ਼ ਕੀਤੀ ਹੈ! ਲੰਮੀ ਉਡੀਕ ਤੋਂ ਬਾਅਦ ਮੇਰੇ ਮੋਬਾਇਲ 'ਤੇ ਬਾਈ ਇਕਬਾਲ ਸਿੰਘ ਭੱਟੀ ਦਾ ਫ਼ੋਨ ਆ ਗਿਆ।
-"ਕੁੱਸਾ ਸਾਹਿਬ, ਸਾਸਰੀਕਾਲ਼.!"
-"ਸਾਸਰੀਕਾਲ, ਬਾਈ ਜੀ...!" ਇਕਬਾਲ ਸਿੰਘ ਭੱਟੀ ਨਾਲ਼ ਜ਼ਿੰਦਗੀ ਵਿਚ ਪਹਿਲੀ ਵਾਰ ਗੱਲ ਹੋ ਰਹੀ ਸੀ। ਉਹਨਾਂ ਦਾ ਨਾਮ ਤਾਂ ਮੈਂ ਅਖ਼ਬਾਰਾਂ ਵਿਚ ਪੜ੍ਹਿਆ ਹੋਇਆ ਸੀ। ਪਰ ਕਦੇ ਗੱਲ ਕਰਨ ਦਾ ਕੋਈ ਸਬੱਬ ਨਹੀਂ ਬਣਿਆਂ ਸੀ।
-"ਤੁਸੀਂ ਇਉਂ ਕਰੋ, ਜੇ ਅਸੀਂ ਤੁਹਾਨੂੰ ਲੈਣ ਆਏ ਤਾਂ ਸਾਨੂੰ ਆਉਣ ਜਾਣ ਵਿਚ ਹੋਰ ਦੇਰ ਹੋ ਜਾਊਗੀ, ਤੁਸੀਂ ਸਟੇਸ਼ਨ ਤੋਂ ਬਾਹਰ ਨਿਕਲ਼ੋ ਤੇ ਕਿਸੇ ਟੈਕਸੀ ਵਾਲ਼ੇ ਨਾਲ਼ ਮੇਰੀ ਫ਼ੋਨ 'ਤੇ ਈ ਗੱਲ ਕਰਵਾਓææ!" ਉਹਨਾਂ ਦੀ ਗੱਲ ਸੁਣ ਕੇ ਮੈਂ ਭੂਚਾਲ਼ ਵਿਚ ਪੈ ਗਿਆ, ਕਿਉਂਕਿ ਬਾਹਰ ਜਾਣ ਦੇ ਰਸਤੇ ਵੀ ਤਿੰਨ ਸਨ, ਅਤੇ ਸੀ ਵੀ ਗੋਰਖ਼ ਦੇ ਟਿੱਲੇ ਵਾਲ਼ੇ, ਕਿਹੜੇ ਰਸਤੇ ਰਾਹੀਂ ਬਾਹਰ ਜਾਂਦਾ? ਜਦ ਇਹ ਔਕੜ ਮੈਂ ਉਹਨਾਂ ਨੂੰ ਦੱਸੀ ਤਾਂ ਉਹਨਾਂ ਨੇ ਮੈਨੂੰ ਰਾਹ ਪਾਇਆ, "ਕੁੱਸਾ ਸਾਹਿਬ, ਜਿੱਥੇ ਤੁਸੀਂ ਉੱਤਰੇ ਸੀ, ਓਸ ਦੇ ਨਾਲ਼ ਸੱਜੇ ਪਾਸੇ ਇੱਕ ਵੱਡਾ ਗੇਟ ਹੈ, ਤੁਸੀਂ ਉਸ ਗੇਟ ਰਾਹੀਂ ਬਾਹਰ ਨਿਕਲ਼ੋ ਤੇ ਮੇਰੀ ਕਿਸੇ ਟੈਕਸੀ ਵਾਲ਼ੇ ਨਾਲ਼ ਗੱਲ ਕਰਵਾਓ!"
ਇਕਬਾਲ ਸਿੰਘ ਭੱਟੀ ਦੇ ਦੱਸਣ ਅਨੁਸਾਰ ਮੈਂ ਚਿਤੌੜਗੜ੍ਹ ਦੇ ਕਿਲ੍ਹੇ ਵਰਗਾ ਗੇਟ ਪਾਰ ਕਰਕੇ ਬਾਹਰ ਆ ਗਿਆ। ਬਾਹਰ ਟੈਕਸੀਆਂ ਖੜ੍ਹੀਆਂ ਸਨ। ਇੱਕ ਟੈਕਸੀ ਡਰਾਈਵਰ ਨੂੰ ਇਸ਼ਾਰਾ ਕਰ ਕੇ ਮੈਂ ਆਪਣਾ ਮੋਬਾਇਲ ਫ਼ੋਨ ਕੁੱਕੜ ਵਾਂਗ ਉਸ ਦੇ ਹੱਥ ਜਾ ਫ਼ੜਾਇਆ। ਇਕਬਾਲ ਸਿੰਘ ਭੱਟੀ ਨੇ ਉਸ ਨਾਲ਼ ਗੱਲ ਕੀਤੀ ਅਤੇ ਅਸੀਂ ਚੱਲ ਪਏ। ਟੈਕਸੀ ਡਰਾਈਵਰ ਬੜੀ ਵਧੀਆ ਅੰਗਰੇਜ਼ੀ ਬੋਲਦਾ ਸੀ ਅਤੇ ਸੀ ਵੀ ਹੱਸਮੁਖ ਅਤੇ ਖ਼ੁਸ਼ਦਿਲ ਬੰਦਾ। ਉਸ ਨੇ ਮੈਨੂੰ ਦੱਸਿਆ ਕਿ ਆਪਾਂ ਆਪਣੇ ਨਿਸ਼ਾਨੇ ਵੱਲ ਚੱਲ ਪਏ ਹਾਂ। ਪਰ ਪੂਰਾ ਐਡਰੈਸ ਜਲਦੀ ਤੁਹਾਨੂੰ ਤੁਹਾਡੇ ਮੋਬਾਇਲ ਫ਼ੋਨ 'ਤੇ 'ਟੈਕਸਟ' ਰਾਹੀਂ ਆ ਰਿਹਾ ਹੈ। ਉਸ ਦੇ ਦੱਸਣ ਅਨੁਸਾਰ ਇੱਥੋਂ ਸਾਰਾ ਪੰਦਰਾਂ-ਵੀਹ ਕੁ ਮਿੰਟ ਦਾ ਹੀ ਰਸਤਾ ਹੈ। ਉਸ ਦੀ ਟੈਕਸੀ ਵਿਚ ਰੇਡੀਓ ਚੱਲ ਰਿਹਾ ਸੀ ਅਤੇ ਮੈਨੂੰ 'ਗੱਦਾਫ਼ੀ' ਜਾਂ 'ਲਿਬੀਆ' ਤੋਂ ਬਿਨਾਂ ਕੁਝ ਸਮਝ ਨਹੀਂ ਆ ਰਿਹਾ ਸੀ।
ਉਹਨਾਂ ਦਿਨਾਂ ਵਿਚ ਲਿਬੀਆ ਵਿਚ ਪੂਰਾ 'ਘੜਮੱਸ' ਮੱਚਿਆ ਹੋਇਆ ਸੀ। ਉਸ ਸਮੇਂ ਸਾਰੀ ਦੁਨੀਆਂ ਨੂੰ ਇਹ ਸੀ ਕਿ ਗੱਦਾਫ਼ੀ ਆਪਣਾ ਦੇਸ਼ ਛੱਡ ਕੇ ਜਲਦੀ ਫ਼ਰਾਰ ਹੋ ਜਾਵੇਗਾ। ਉਸ ਨੇ ਮੈਨੂੰ ਦੱਸਿਆ ਕਿ ਗੱਦਾਫ਼ੀ ਦੀਆਂ ਫ਼ੌਜਾਂ 'ਬਾਗ਼ੀਆਂ' ਨਾਲ਼ ਪੂਰੀ ਟੱਕਰ ਲੈ ਰਹੀਆਂ ਸਨ ਅਤੇ ਗੱਦਾਫ਼ੀ ਬੁਰੀ ਤਰ੍ਹਾਂ ਅੜਿਆ ਹੋਇਆ ਸੀ। 'ਬਾਗ਼ੀ' ਵੀ 'ਰਾਜ-ਪਲਟੇ' ਤੋਂ ਬਿਨਾਂ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ! ਮੈਨੂੰ ਡਰਾਈਵਰ ਦੀ ਗੱਲ ਵਿਚੋਂ ਇਹ ਸਮਝ ਨਹੀਂ ਲੱਗੀ ਕਿ ਉਹ ਗੱਦਾਫ਼ੀ ਦੇ ਹੱਕ ਵਿਚ ਸੀ ਜਾਂ ਖ਼ਿਲਾਫ਼ææ? ਇਸ ਲਈ ਮੈਂ ਵੀ ਬੇਧਿਆਨਾਂ ਜਿਹਾ ਹੋ ਗਿਆ। ਜਦ ਕਿਸੇ ਦੀ ਕਿਸੇ ਵਿਸ਼ੇ ਵੱਲ ਦਿਲਚਸਪੀ ਹੀ ਨਾ ਹੋਵੇ ਤਾਂ ਕੋਈ ਵੀ ਗੱਲ ਕੱਟੇ ਮੂਹਰੇ ਵੰਝਲੀ ਵਜਾਉਣ ਵਾਲ਼ੀ ਹੋ ਜਾਂਦੀ ਹੈ। ਕਿਉਂਕਿ ਕੱਟੇ ਨੂੰ ਸੁਰਾਂ ਦਾ ਨਹੀਂ ਪਤਾ ਹੁੰਦਾ! ਉਸ ਨੂੰ ਤਾਂ ਮੋਕ ਨਾਲ਼ ਲਿੱਬੜੀ ਪੂਛ ਘੁੰਮਾ ਕੇ ਮੂੰਹ 'ਤੇ ਮਾਰਨ ਦੀ 'ਜਾਂਚ' ਹੁੰਦੀ ਹੈ।
ਇਤਨੇ ਚਿਰ ਨੂੰ ਮੈਨੂੰ ਬਾਈ ਇਕਬਾਲ ਸਿੰਘ ਭੱਟੀ ਦਾ 'ਟੈਕਸਟ' ਆ ਗਿਆ। ਮੈਂ ਅਨਪੜ੍ਹ ਬੁੜ੍ਹੀ ਦੇ ਡਾਕੀਏ ਤੋਂ ਚਿੱਠੀ ਪੜ੍ਹਾਉਣ ਵਾਂਗ ਡਰਾਈਵਰ ਅੱਗੇ ਕਰ ਦਿੱਤਾ। ਮੇਰੇ ਲਈ ਤਾਂ ਕਾਲ਼ਾ ਅੱਖ਼ਰ ਭੈਂਸ ਬਰਾਬਰ ਹੀ ਸੀ। ਪੜ੍ਹ ਕੇ ਡਰਾਈਵਰ ਨੇ ਦੱਸਿਆ ਕਿ ਐਥੋਂ ਸਿਰਫ਼ ਪੰਜ ਕੁ ਮਿੰਟ ਦਾ ਰਸਤਾ ਹੈ। ਵਾਕਿਆ ਹੀ ਅਸੀਂ ਤਕਰੀਬਨ ਪੰਜ ਕੁ ਮਿੰਟ ਵਿਚ ਇੱਕ ਵਿਸ਼ਾਲ ਇਮਾਰਤ ਅੱਗੇ ਜਾ ਖੜ੍ਹੇ। ਸਲੀਕੇ ਨਾਲ਼ ਬਣੀ ਇਮਾਰਤ ਕਿਸੇ ਸਕੂਲ ਹੋਣ ਦਾ ਸੰਕੇਤ ਦੇ ਰਹੀ ਸੀ। ਬਾਹਰ ਇੱਕ ਲੰਮਾ-ਚੌੜਾ ਗਰਾਊਂਡ ਸੀ। ਇਕਬਾਲ ਸਿੰਘ ਭੱਟੀ ਇੱਕ ਹੋਰ ਲੜਕੇ ਨਾਲ਼ ਬਾਹਰ ਆ ਗਏ ਅਤੇ ਉਹਨਾਂ ਨੇ ਟੈਕਸੀ ਦਾ ਬਿੱਲ ਦੇ ਕੇ ਮੈਨੂੰ ਜੱਫ਼ੀ ਵਿਚ ਜਕੜ ਲਿਆ।
ਅਸੀਂ ਅੰਦਰ ਗਏ ਤਾਂ ਕਵੀ ਅਤੇ ਪੱਤਰਕਾਰ ਸੁਖ਼ਵੀਰ ਸਿੰਘ ਕੰਗ, ਬਿੱਟੂ ਬੰਗੜ, ਸੋਮਨਾਥ ਧਾਲ਼ੀਵਾਲ਼, ਪਰਮਜੀਤ ਪੰਮਾਂ, ਦੀਪ ਸਿੰਘ, ਮੇਰੇ ਵੱਡੇ ਵੀਰ ਅਤੇ ਪੁਰਾਣੇ ਜਿਗਰੀ ਮਿੱਤਰ ਸੱਤਪਾਲ ਸੰਤੋਖਪੁਰੀ ਅਤੇ ਸੁਖ਼ਬੀਰ ਸਿੰਘ ਸੰਧੂ ਹਾਜ਼ਰ ਸਨ। ਬਾਈ ਰਣਜੀਤ ਸਿੰਘ ਚੰਨ ਵੀ ਮੈਨੂੰ ਦੇਖ ਕੇ ਬਾਹਰ ਆ ਗਏ। ਮੈਂ ਬਾਈ ਰਣਜੀਤ ਸਿੰਘ ਚੰਨ ਦਾ ਬਹੁਤ ਸਤਿਕਾਰ ਕਰਦਾ ਹਾਂ। ਉਹ ਫ਼ਕੀਰ ਸੁਭਾਹ ਵਾਲ਼ੇ ਸਾਧੂ ਬੰਦੇ ਹਨ! ਬੀਬੀ ਇੰਦੂ ਕਪੂਰ ਦੇਖਣ ਪਰਖ਼ਣ ਤੋਂ ਤਾਂ ਮੈਨੂੰ ਕੋਈ ਸੁਲਝੀ ਹੋਈ ਕਾਵਿਤੱਰੀ ਜਾਪੀ, ਪਰ ਉਹਨਾਂ ਨੇ ਆਪਣੀ ਕੋਈ ਵੀ ਰਚਨਾ ਨਹੀਂ ਪੇਸ਼ ਕੀਤੀ ਅਤੇ ਨਾ ਹੀ ਉਹਨਾਂ ਦੀ ਕਿਸੇ ਨੇ ਜਾਣ-ਪਹਿਚਾਣ ਕਰਵਾਈ। ਅਜੀਤ ਜਲੰਧਰ ਅਤੇ ਪੰਜਾਬ ਟਾਈਮਜ਼ ਇੰਗਲੈਂਡ ਦਾ 'ਕਾਰਟੂਨਿਸਟ' ਤੇਜਿੰਦਰ ਮਨਚੰਦਾ ਸਭ ਤੋਂ ਅੱਗੇ ਖੜ੍ਹਾ ਸੀ। ਮੇਰਾ ਨਿੱਕਾ ਵੀਰ ਤੇਜਿੰਦਰ ਮਨਚੰਦਾ ਪ੍ਰਸਿੱਧ ਕਵੀ ਬਾਈ ਰਾਜਿੰਦਰ ਪ੍ਰਦੇਸੀ ਦਾ ਲਾਡਲਾ ਫ਼ਰਜ਼ੰਦ ਹੈ। ਇਸ ਪ੍ਰੀਵਾਰ ਦੀ ਭੈਣ ਕੁਲਵੰਤ ਕੌਰ ਚੰਨ ਦੇ ਪ੍ਰੀਵਾਰ ਨਾਲ਼ ਬਹੁਤ ਗੂੜ੍ਹੀ ਪ੍ਰੀਵਾਰਕ ਸਾਂਝ ਹੈ! ਬਹੁਤ ਹੀ ਸਾਊ ਅਤੇ ਨਿੱਘੇ ਸੁਭਾਹ ਵਾਲ਼ੇ ਤੇਜਿੰਦਰ ਮਨਚੰਦਾ ਨਾਲ਼ ਮੇਰੀ ਬੜੀ ਯਾਰੀ ਹੈ! ਹੈ ਤਾਂ ਉਹ ਮੇਰੇ ਬੱਚਿਆਂ ਵਰਗਾ, ਪਰ ਮੈਂ ਉਸ ਨੂੰ ਹਮੇਸ਼ਾ 'ਛੋਟੇ ਵੀਰ' ਜਾਂ 'ਨਿੱਕਿਆ' ਆਖ ਕੇ ਹੀ ਬੁਲਾਉਂਦਾ ਅਤੇ ਸਤਿਕਾਰਦਾ ਹਾਂ।
ਸੁਖ਼ਬੀਰ ਸੰਧੂ ਨਾਲ਼ ਵੀ ਮੇਰੇ ਬੜੇ ਪੁਰਾਣੇ ਪ੍ਰੀਵਾਰਕ ਸਬੰਧ ਹਨ! ਜਦ ਸਾਡੀ ਯਾਰੀ ਪਈ, ਉਸ ਦੇ ਬੱਚੇ ਛੋਟੇ-ਛੋਟੇ ਸਨ, ਅੱਜ ਗੁਰੂ ਕਿਰਪਾ ਨਾਲ ਜੁਆਨ ਹੋ ਚੁੱਕੇ ਹਨ ਅਤੇ ਸੰਧੂ ਹੁਣ ਇੱਕ ਪੋਤਰੀ ਦਾ ਦਾਦਾ ਵੀ ਹੈ। ਸੰਧੂ ਦੇ ਗਾਇਕ ਪੁੱਤਰ 'ਸਤ ਸੰਧੂ' ਦਾ ਜ਼ਿਕਰ ਮੈਂ ਅੱਗੇ ਚੱਲ ਕੇ, ਖੁੱਲ੍ਹ ਕੇ ਕਰੂੰਗਾ। ਸੰਧੂ ਦੇ ਲੜਕੇ ਸਤ ਸੰਧੂ ਨੇ ਮੈਨੂੰ 'ਅੰਕਲ ਜੀ' ਆਖ ਕੇ ਸੰਬੋਧਨ ਕੀਤਾ ਤਾਂ ਮੈਂ ਉਸ ਨੂੰ ਬੜੇ ਪਿਆਰ ਨਾਲ਼ ਕਿਹਾ, "ਕੋਈ ਤਾਇਆ-ਚਾਚਾ ਆਖ ਲਿਆ ਕਰ ਪੁੱਤææ! ਆਹ ਅੰਕਲ-ਅੰਕਲ ਕਾਹਨੂੰ ਰਿੜਕੀ ਜਾਨੈਂææ?" ਉਹ ਮੇਰੇ ਕਹਿਣ 'ਤੇ ਹੱਸ ਪਿਆ। ਮੈਂ ਫ਼ਿਰ ਮਜ਼ਾਕ ਨਾਲ਼ ਕਿਹਾ, "ਤੂੰ ਮੈਨੂੰ ਚਾਚਾ ਈ ਆਖ ਲਿਆ ਕਰ, ਕਿਉਂਕਿ ਤੇਰੀ ਮਾਂ ਮੈਥੋਂ ਘੁੰਡ ਨੀ ਕੱਢਦੀ, ਮੈਂ ਤਾਂ ਤੇਰਾ ਚਾਚਾ ਬਣਿਆਂ ਬੈਠੈਂ...!" ਸਾਰੇ ਹੱਸ ਪਏ। ਪਹਿਲੇ ਦਿਨ ਤੋਂ ਹੀ ਸੁਖ਼ਬੀਰ ਸੰਧੂ ਦਾ ਪ੍ਰੀਵਾਰ ਮੈਨੂੰ ਕਦੇ 'ਬਿਗਾਨਾ' ਲੱਗਿਆ ਹੀ ਨਹੀਂ, ਹਮੇਸ਼ਾ ਆਪਣਾ-ਆਪਣਾ ਜਿਹਾ ਲੱਗਿਆ ਹੈ! ਸੁਖ਼ਬੀਰ ਸੰਧੂ ਅਤੇ ਉਸ ਦਾ ਭਰਾ ਜਗਰੂਪ ਸੰਧੂ ਪੰਜਾਬੀ ਕਲਾਕਾਰਾਂ ਦੇ 'ਪ੍ਰਮੋਟਰ' ਹਨ! ਉਹ ਬਾਈ ਗੁਰਦਾਸ ਮਾਨ ਤੋਂ ਲੈ ਕੇ ਬਾਈ ਕੁਲਦੀਪ ਮਾਣਕ ਤੱਕ ਨੂੰ ਪੈਰਿਸ ਲਿਆ ਕੇ ਸ਼ੋਅ ਕਰਵਾ ਚੁੱਕੇ ਹਨ! ਮੇਰੇ ਜਾਣ ਤੋਂ ਇਕ ਦਿਨ ਪਹਿਲਾਂ ਬਾਈ ਜਰਨੈਲ ਸਿੰਘ ਕਿਸੇ ਨਾ ਟਾਲ਼ੇ ਜਾਣ ਵਾਲ਼ੇ ਕੰਮ ਕਾਰਨ ਭਾਰਤ ਨੂੰ ਚੁੱਭੀ ਮਾਰ ਗਿਆ ਸੀ। ਬਾਈ ਜਰਨੈਲ ਸਿੰਘ ਅਤੇ ਧਰਮਵੀਰ ਨਾਗਪਾਲ ਨੂੰ ਨਾ ਮਿਲਣ ਦਾ ਮੈਨੂੰ ਉਹਨਾਂ ਦੇ ਮਿਲਣ ਤੱਕ ਅਫ਼ਸੋਸ ਰਹੇਗਾ!
ਪ੍ਰੋਗਰਾਮ ਚਾਰ ਵਜੇ ਸ਼ੁਰੂ ਹੋਇਆ।
ਸਟੇਜ਼ ਦੀ ਜ਼ਿੰਮੇਵਾਰੀ ਭੈਣ ਕੁਲਵੰਤ ਕੌਰ ਚੰਨ ਜੀ ਨਿਭਾਅ ਰਹੇ ਸਨ। ਉਹਨਾਂ ਦੀ ਸਟੇਜ਼ੀ ਸੰਭਾਲ਼ ਦੀ ਕਮਾਲ ਦਾ ਮੈਂ ਕਾਇਲ ਹੋਇਆ ਬੈਠਾ ਸਾਂ। ਉਹ ਹਰ ਬੁਲਾਰੇ ਨੂੰ ਸਟੇਜ਼ 'ਤੇ ਬੁਲਾਉਣ ਵੇਲ਼ੇ ਢੁਕਵਾਂ ਸ਼ੇਅਰ, ਗੀਤ ਜਾਂ ਕਵਿਤਾ ਬੋਲਦੇ ਅਤੇ ਫ਼ੇਰ ਬੁਲਾਰੇ ਨੂੰ ਪੇਸ਼ ਕਰਦੇ। ਪੱਤਰਕਾਰ ਅਤੇ ਕਵੀ ਸੁਖ਼ਵੀਰ ਸਿੰਘ ਕੰਗ, ਬਿੱਟੂ ਬੰਗੜ, ਸੋਮਨਾਥ ਧਾਲ਼ੀਵਾਲ਼, ਪਰਮਜੀਤ ਪੰਮਾਂ, ਦੀਪ ਸਿੰਘ ਹੋਰਾਂ ਨੇ ਆਪਣੀ-ਆਪਣੀ ਕਲਮ ਦਾ ਜਾਦੂ ਬਖ਼ੇਰਿਆ। ਸੱਤਪਾਲ ਸੰਤੋਖਪੁਰੀ ਨੇ ਦਸਤਾਰ ਸਬੰਧੀ ਅਤੇ ਫ਼ਿਰ ਬ੍ਰਿਹੋਂ ਦੀ ਰਚਨਾਂ ਪੇਸ਼ ਕੀਤੀ। ਸੁਖ਼ਬੀਰ ਸੰਧੂ ਨੇ 'ਬੁੱਢੇ ਲਾੜਿਆਂ' ਤੇ ਰਚਨਾ ਸੁਣਾ ਕੇ ਢਿੱਡੀਂ ਪੀੜਾਂ ਪਾ ਦਿੱਤੀਆਂ। ਉਸ ਦੀ ਟਕੋਰ ਵਿਚ ਇੱਕ ਇਤਿਹਾਸਕ ਅਤੇ ਅੱਕ ਦੇ ਦੁੱਧ ਵਰਗਾ ਕੌੜਾ ਸੱਚ ਛੁਪਿਆ ਹੋਇਆ ਸੀ। ਦਸਤਾਰ ਸੰਘਰਸ਼ ਕਮੇਟੀ ਵੱਲੋਂ ਸਾਰੇ ਕਵੀ-ਜਨਾਂ ਨੂੰ ਸਨਮਾਨਤ ਕੀਤਾ ਗਿਆ। ਮਾਣ-ਸਨਮਾਨ ਤੋਂ ਬਾਅਦ ਪ੍ਰੋਗਰਾਮ ਪੂਰੇ ਛੇ ਵਜੇ ਸਮਾਪਤ ਹੋਇਆ। ਹਾਲ ਤੋਂ ਬਾਹਰ ਗਰਾਊਂਡ ਵਿਚ ਆ ਕੇ ਜਦ ਗਰੁੱਪ ਫ਼ੋਟੋ ਹੋਈ ਤਾਂ ਬਾਈ ਰਣਜੀਤ ਸਿੰਘ ਚੰਨ ਅਤੇ ਹੋਰ ਦੋਸਤਾਂ ਵੱਲੋਂ ਮੈਨੂੰ ਇੱਕ ਆਦਮ-ਕੱਦ 'ਟਰਾਫ਼ੀ' ਭੇਂਟ ਕੀਤੀ ਗਈ। ਉਹੀ ਟਰਾਫ਼ੀ ਮੈਂ ਆਪਣੇ ਵੱਲੋਂ ਅਦਬ-ਸਤਿਕਾਰ ਅਤੇ ਸਨਮਾਨ ਵਜੋਂ ਸਭ ਦੇ ਸਾਹਮਣੇ ਭੈਣ ਕੁਲਵੰਤ ਕੌਰ ਚੰਨ ਨੂੰ ਅੱਗੇ ਭੇਂਟ ਕਰ ਦਿੱਤੀ।
ਪ੍ਰੋਗਰਾਮ ਤੋਂ ਬਾਅਦ ਮੈਂ, ਸੱਤਪਾਲ ਸੰਤੋਖ਼ਪੁਰੀ ਅਤੇ ਸੁਖਬੀਰ ਸੰਧੂ ਨਾਲ਼ ਸੰਧੂ ਦੇ ਘਰ ਆ ਗਏ। ਸਾਰੇ ਟੱਬਰ ਨੂੰ ਜਿਵੇਂ ਚਾਅ ਚੜ੍ਹ ਗਿਆ। ਭਰਜਾਈ ਰਾਜਿੰਦਰ ਕੌਰ ਸੰਧੂ ਨੇ ਸਾਡੇ ਸਾਹਮਣੇ ਜੂਸ ਲਿਆ ਰੱਖਿਆ। ਜੂਸ ਦਾ ਮੈਂ ਬਹੁਤ ਘੱਟ ਗਾਹਕ ਹਾਂ, ਪਰ ਚਾਹ ਦਾ ਸ਼ੌਕੀਨ!
-"ਮੈਂ ਤਾਂ ਚਾਹ ਪੀਣੀਂ ਐਂ, ਭਰਜਾਈ...!" ਮੈਂ ਸਿੱਧਾ ਹੀ ਆਖ ਦਿੱਤਾ। ਜਿੱਥੇ ਵੀ ਮੈਂ ਜਾਵਾਂ, ਕਦੇ ਸੰਗ-ਸ਼ਰਮ ਨਹੀਂ ਕੀਤੀ।
ਨਾਲ਼ ਦੀ ਨਾਲ਼ ਮਠਿਆਈ, ਗਰਮ-ਗਰਮ ਪਕੌੜੇ ਅਤੇ ਭਾਫ਼ਾਂ ਛੱਡਦੀ ਚਾਹ ਆ ਗਈ। ਚਾਹ ਪੀਣ ਤੋਂ ਬਾਅਦ ਸੰਧੂ ਦਾ ਵੱਡਾ ਮੁੰਡਾ ਵਿੱਕੀ ਸੰਧੂ ਅਤੇ ਛੋਟਾ 'ਸਤ ਸੰਧੂ' ਮੈਨੂੰ ਬਾਹਰ ਗਾਰਡਨ ਵਾਲ਼ੇ ਪਾਸੇ ਬਣਾਏ ਆਪਣੇ ਹਾਲਨੁਮਾਂ ਕਮਰੇ ਵਿਚ ਲੈ ਗਏ। ਉਥੇ ਹਰ ਤਰ੍ਹਾਂ ਦਾ ਪੰਜਾਬੀ ਸਾਜ਼ ਅਤੇ ਅੰਦਾਜ਼ ਮੌਜੂਦ ਸੀ। ਢੋਲ ਤੋਂ ਲੈ ਕੇ ਹਰਮੋਨੀਅਮ ਤੱਕ! ਭੰਗੜੇ ਦੀ ਟੀਮ ਦੀਆਂ ਫ਼ੁੱਲਾਂ ਵਾਲ਼ੀਆਂ ਜਾਕਟਾਂ ਤੋਂ ਲੈ ਕੇ ਰੰਗਲੇ ਚਾਦਰਿਆਂ ਤੱਕ! ਟੌਰੇ ਵਾਲ਼ੀਆਂ ਪੱਗਾਂ ਤੋਂ ਲੈ ਕੇ ਅਲਗੋਜ਼ਿਆਂ ਅਤੇ ਖੂੰਡਿਆਂ ਤੱਕ! ਮੈਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਕਿ ਮੈਂ ਯੂਰਪ ਵਿਚ ਜੰਮੇ-ਪਲ਼ੇ ਅਤੇ ਉਡਾਰ ਹੋਏ ਮੁੰਡਿਆਂ ਦੇ ਕਮਰੇ ਵਿਚ ਖੜ੍ਹਾ ਹਾਂ! ਮੈਨੂੰ ਤਾਂ ਇਹੀ ਮਹਿਸੂਸ ਹੋ ਰਿਹਾ ਸੀ ਕਿ ਮੈਂ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਕਿਸੇ ਸ਼ਾਗਿਰਦ ਦੇ ਕਮਰੇ 'ਚ ਆ ਗਿਆ ਹਾਂ! ਇਹ ਸੁਖ਼ਬੀਰ ਸੰਧੂ ਦੀ ਲਗਨ ਤੋਂ ਬਾਅਦ ਇੱਕ ਪ੍ਰਾਪਤੀ ਹੀ ਹੈ, ਜੋ ਆਪਣੀ ਔਲ਼ਾਦ ਨੂੰ ਇਤਨੀ ਪੀਡੀ ਤਰ੍ਹਾਂ ਨਾਲ਼ ਪੰਜਾਬੀ ਸੱਭਿਆਚਾਰ 'ਤੇ ਮੋਹਿਤ ਕਰੀ ਬੈਠੀ ਹੈ ਅਤੇ ਉਹ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣ ਅਤੇ ਫ਼ੈਲਾਉਣ ਦਾ ਪ੍ਰਣ ਮਨ ਵਿਚ ਲਈ ਮਾਰੋ-ਮਾਰ ਅੱਗੇ ਵਧ ਰਹੇ ਹਨ! ਇਸ ਲਈ ਬਾਈ ਸੰਧੂ ਅਤੇ ਉਹਨਾਂ ਦੀ ਸੁਪਤਨੀ ਰਾਜਿੰਦਰ ਕੌਰ ਸੰਧੂ ਮੁਬਾਰਕਬਾਦ ਦੇ ਹੱਕਦਾਰ ਹਨ, ਜਿਹਨਾਂ ਨੇ ਆਪਣੀ ਔਲ਼ਾਦ ਨੂੰ ਸੁਚੱਜੇ ਤਰੀਕੇ ਨਾਲ਼ ਪਾਲ਼ਿਆ ਅਤੇ ਫ਼ਿਰ ਸੰਭਾਲ਼ਿਆ ਹੋਇਆ ਹੈ! ਉਹਨਾਂ ਨੂੰ ਸੇਧਦਾਰ ਜੀਵਨ ਜਾਂਚ ਦਿੱਤੀ ਅਤੇ ਆਪਣੇ ਵਿਰਸੇ ਅਤੇ ਸੱਭਿਆਚਾਰ ਦੇ ਅਨੁਸਾਰ ਤੁਰਨਾਂ ਅਤੇ ਫ਼ਿਰ ਪੈੜਾਂ ਕਰਨੀਆਂ ਵੀ ਸਿਖਾਈਆਂ। ਸੁਖ਼ਬੀਰ ਸੰਧੂ ਦਾ ਸਾਰਾ ਪ੍ਰੀਵਾਰ ਹੀ ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਨਾਲ਼ ਬੜੀ ਸ਼ਿੱਦਤ ਨਾਲ਼ ਜੁੜਿਆ ਹੋਇਆ ਹੈ। ਸੁਖ਼ਬੀਰ ਸੰਧੂ ਦਾ ਛੋਟਾ ਭਰਾ ਸੁਰਜੀਤ ਸੰਧੂ ਅਲਕੜਾ ਲੁਧਿਆਣੇ ਤੋਂ ਪੱਤਰਕਾਰ ਹੈ! ਸੁਖ਼ਬੀਰ ਸੰਧੂ ਦਾ ਬਠਿੰਡੇ ਜਿਲ੍ਹੇ ਵਿਚ ਪਿੰਡ 'ਅਲਕੜਾ' ਹੈ!
ਸਤ ਸੰਧੂ ਨੂੰ ਗਾਉਣ ਦਾ ਸ਼ੌਕ ਵੀ ਹੈ ਅਤੇ ਉਸ ਨੇ ਇਸ ਸ਼ੌਕ ਵਿਚ ਵੜ ਕੇ ਮੱਲਾਂ ਵੀ ਮਾਰੀਆਂ ਹਨ! ਆਪਣੇ ਪਿਉ ਦਾ ਤੀਹ ਸਾਲ ਪਹਿਲਾਂ ਲਿਖਿਆ, "ਖਿੱਚੀ ਕਜਲੇ ਦੀ ਧਾਰ, ਹੋ ਕੇ ਨੱਚੀ ਪੱਬਾਂ ਭਾਰ, ਪਰੀ ਅੰਬਰਾਂ ਤੋਂ ਆਈ, ਬੈਠਾ ਸੋਚਾਂ ਵਾਰ-ਵਾਰ" ਗੀਤ 'ਦਿਲ ਧੱਕ-ਧੱਕ' (ਪੰਜਾਬੀ) ਦੇ ਟਾਈਟਲ ਹੇਠ ਰਿਕਾਰਡ ਹੋ ਚੁੱਕਿਆ ਹੈ। ਇਹ ਗੀਤ 'ਬਰਿੱਟ ਏਸ਼ੀਆ' ਟੀ.ਵੀ. 'ਤੇ ਵੱਜਦਾ ਆਮ ਹੀ ਸੁਣਿਆਂ ਜਾ ਸਕਦਾ ਹੈ ਅਤੇ ਯੂ-ਟਿਊਬ 'ਤੇ ਵੀ ਉਪਲੱਭਦ ਹੈ! ਚਾਹੇ ਅੱਜ ਤੋਂ ਤੀਹ ਸਾਲ ਪਹਿਲਾਂ ਸੰਧੂ ਨੇ ਇਹ ਗੀਤ ਕਿਸੇ 'ਟੁੱਟ ਪੈਣੀ' ਨੂੰ ਸੰਬੋਧਿਤ ਹੋ ਕੇ ਹੀ ਲਿਖਿਆ ਹੋਵੇ, ਪਰ ਅੱਜ ਉਸ ਦੇ ਆਪਣੇ ਮੁੰਡੇ ਦੇ ਗਾਉਣ ਨਾਲ਼ ਘੱਟੋ-ਘੱਟ ਭਰਜਾਈ ਜੀ ਦੇ 'ਘੋਟਣਿਆਂ' ਤੋਂ ਬਚਾਅ ਜ਼ਰੂਰ ਹੋ ਗਿਆ ਹੋਣੈਂ! ਸੰਧੂ ਬਾਈ..! ਯਾਦ ਰੱਖੀਂ, ਚਲਾਵੇਂ ਘੋਟਣੇ ਦੀ ਸੱਟ ਘਾਤਿਕ ਹੁੰਦੀ ਐ..! ਵੇਲ਼ਣਾਂ ਓਦੂੰ ਵੀ ਮਾਰੂ ਹੁੰਦੈ..! ਜਿੰਨਾਂ ਨਿੱਕਾ, ਓਨਾਂ ਤਿੱਖਾ..! ਖੜ੍ਹ ਕੇ ਖਾ ਲੈਣ ਵਿਚ ਹੀ ਭਲਾ ਹੈ! ਮਾੜਾ ਮੋਟਾ ਨੀਲ ਜਿਆ ਤਾਂ ਭਰਜਾਈ ਦਾ ਪਾਊਡਰ ਲਾ ਕੇ ਵੀ ਢਕਿਆ ਜਾ ਸਕਦੈ! ਪਰ ਸਿਰ ਵਿਚ ਪਿਆ ਪਾੜ ਤਾਂ 'ਚੇਪੇ' ਨਾਲ਼ ਈ ਬੰਦ ਹੋਊਗਾ..! ਭਰਜਾਈ ਦੇ ਉੱਚੀ ਅੱਡੀ ਵਾਲ਼ੇ ਸੈਂਡਲ਼ ਦੀ ਨੋਕ ਕਪਾਲ਼ ਦੇ ਪਤਾਲ਼ ਤੱਕ ਮਾਰ ਕਰਨ ਦੀ ਸਮਰੱਥਾ ਰੱਖਦੀ ਐ..! ਬਚ ਕੇ ਮੋੜ ਤੋਂ...! ਕਿਤੇ ਤੇਰੀ ਤੰਦਰੁਸਤੀ ਵਾਸਤੇ ਆਖੰਡ ਪਾਠ ਨਾ ਰਖਵਾਉਣਾ ਪਵੇ...! ਗੀਤ ਬਾਈ ਬਣਕੇ ਹੁਣ ਸੋਚ ਕੇ ਲਿਖਿਆ ਕਰ! ਹੁਣ 'ਦਿਲ ਧੱਕ-ਧੱਕ' ਵਾਲ਼ੇ ਗੀਤ ਤੇਰੇ ਸਿਰ 'ਚ ਮਧਾਣੀ ਚੀਰਾ ਨਾ ਪੁਆ ਦੇਣ! ਸਾਡੀ ਭਰਜਾਈ ਰਾਜਿੰਦਰ ਕੌਰ ਜੀ ਨੂੰ ਵੀ ਬੇਨਤੀ ਹੈ ਕਿ ਭਰਜਾਈ ਜੀ, ਕਲਮ ਵਾਲ਼ੇ ਬੰਦੇ ਦੀਆਂ ਵਿਗੜੀਆਂ ਆਦਤਾਂ ਛੇਤੀ ਨਹੀਂ ਸੁਧਰਦੀਆਂ! ਦਸਾਂ-ਪੰਦਰਾਂ ਕੁ ਸਾਲਾਂ ਤੱਕ ਇਹ ਆਪੇ 'ਬੰਦਾ' ਜਿਹਾ ਬਣ ਜਾਊ, ਜਦੋਂ ਭੰਗੜੇ ਵਾਲ਼ੇ 'ਖੂੰਡੇ' ਦੀ ਜਗਾਹ ਇਸ ਦੇ ਹੱਥ 'ਖੂੰਡੀ' ਫ਼ੜਾ ਦਿੱਤੀ! ਸਾਲਾਂ ਦਾ ਹੀ ਹੇਰ-ਫ਼ੇਰ ਐ, 'ਬੰਦਾ' ਤਾਂ ਬਾਈ ਨੇ ਬਣ ਈ ਜਾਣੈਂ, ਅੱਗੋ ਕੀ ਤੇ ਪਿੱਛੋਂ ਕੀ..? ਇਹਨੂੰ ਲੋਕਾਂ ਦੀ 'ਸੇਵਾ' ਕਰੀ ਜਾਣ ਦਿਓ..! ਸੇਵਾ, ਜਾਣੀ ਗਾਉਣ-ਪਾਣੀ ਦੀ...! ਹੋਰ ਇਹਨੇ ਕਿਹੜਾ ਲੋਕਾਂ ਦੀਆਂ ਲੱਤਾਂ ਘੁੱਟਣੀਐਂ..?
ਸਤ ਸੰਧੂ ਦੀ ਇਕ ਹੋਰ ਐਲਬਮ ਜੂਨ-ਜੁਲਾਈ ਵਿਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਅਜੇ ਤੱਕ ਨਾਮਕਰਣ ਨਹੀਂ ਕੀਤਾ ਗਿਆ। ਇਸ ਪੁੱਤਰ ਦੀ ਇਹ ਪ੍ਰਾਪਤੀ ਹੈ ਕਿ ਇਸ ਨੇ ਗੋਰਿਆਂ ਦੇ ਸੰਗੀਤ 'ਤੇ ਦੇਸੀ 'ਕੰਪੋਜ਼ੀਸ਼ਨ' ਕੀਤੀ ਹੈ। ਉਸ ਨੇ ਆਪਣਾ 'ਬਰਿੱਟ ਏਸ਼ੀਆ' 'ਤੇ ਆਮ ਵੱਜਦਾ ਗੀਤ 'ਦਿਲ ਧੱਕ-ਧੱਕ' ਮੈਨੂੰ ਸੁਣਾਇਆ ਵੀ, ਜਿਸ ਦੀ ਸ਼ੂਟਿੰਗ ਪੈਰਿਸ ਵਿਚ ਹੀ ਹੋਈ ਹੈ ਅਤੇ ਢੋਲ ਦੀ ਧਮਕ ਨਾਲ਼ ਪੈਰਿਸ ਦੀਆਂ ਗਲ਼ੀਆਂ ਅਤੇ ਸੜਕਾਂ ਦਾ ਕਾਲ਼ਜਾ ਕੱਢਿਆ ਹੈ! ਗੋਰੀਆਂ ਨਾਲ਼ ਥਰਕਦੇ ਇਸ ਗੱਭਰੂ ਦੀ ਅਵਾਜ਼ ਵਿਚ ਇਤਨੀ ਕਸ਼ਿਸ਼ ਹੈ ਕਿ ਇਸ ਦੇ ਗਾਏ ਗੀਤ ਹਰ ਕਿਸੇ ਵਰਗ ਦੇ ਦਿਲ ਵਿਚ ਧੂਹ ਪਾਉਣ ਦੀ ਸਮਰੱਥਾ ਰੱਖਦੇ ਨੇ! ਵਿੱਕੀ ਅਤੇ ਸਤ ਸੰਧੂ ਨੇ ਬਾਲਪਨ ਤੋਂ ਜੁਆਨੀ ਦੀ ਪੌੜੀ ਚੜ੍ਹਦਿਆਂ ਸੰਨ 2005 ਵਿਚ ਪੈਰਿਸ ਵਿਚ ਹੀ 'ਸ਼ਾਮ ਪੰਜਾਬ ਦੀ' ਪ੍ਰੋਗਰਾਮ ਦੀ ਸਫ਼ਲ ਪੇਸ਼ਕਾਰੀ ਕਰ ਕੇ ਨਾਮਣਾਂ ਖੱਟਿਆ ਸੀ ਅਤੇ ਮੁੜ ਇਹਨਾਂ ਪੁੱਤਰਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਾਹਣ ਵਾਂਗ ਖੁਰਗੋ ਪੱਟਦੇ ਜਾ ਰਹੇ ਹਨ!
ਅਸੀਂ ਅਜੇ ਗੱਲਾਂ-ਬਾਤਾਂ ਕਰ ਹੀ ਰਹੇ ਸੀ ਕਿ ਭੈਣ ਕੁਲਵੰਤ ਕੌਰ ਚੰਨ ਦਾ ਫ਼ੋਨ ਆ ਗਿਆ। ਬੀਬੀ ਇੰਦੂ ਕਪੂਰ ਮੈਨੂੰ ਮਿਲਣਾ ਚਾਹੁੰਦੀ ਸੀ ਅਤੇ ਉਹ ਬੜੀ ਤੇਜ਼ੀ ਵਿਚ ਸੀ। ਮੈਂ ਸੱਤਪਾਲ ਸੰਤੋਖ਼ਪੁਰੀ ਅਤੇ ਸੁਖਬੀਰ ਸੰਧੂ ਭੈਣ ਜੀ ਦੇ ਘਰ ਨੂੰ ਚੱਲ ਪਏ। ਰਸਤੇ ਵਿਚ ਸੰਧੂ ਦਾ 'ਨੈਵੀਗੇਟਰ' ਕਿਸੇ ਬਿਰਧ ਦੇ ਦਿਲ ਵਾਂਗ 'ਮਿੱਸ' ਜਿਹਾ ਮਾਰਨ ਲੱਗ ਪਿਆ। ਉਸ ਦੀ 'ਢੀਸ-ਘੜ੍ਹੀਸ' ਦੀ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਸੀ। ਪਰ ਸੱਤਪਾਲ ਸੰਤੋਖ਼ਪੁਰੀ ਦੇ ਦੱਸਣ ਅਨੁਸਾਰ ਉਹ ਸਾਨੂੰ ਬਿਨਾਂ ਗੱਲੋਂ 'ਮੋਰਾਂਵਾਲ਼ੀ' ਵਾਲ਼ੇ 'ਖੇਤ' ਨੂੰ ਦੱਬੀ ਜਾ ਰਿਹਾ ਸੀ। ਸਹੇ ਦਾ ਸ਼ਿਕਾਰ ਕਰਨ ਵਾਂਗ ਸੰਧੂ ਨੇ ਗੱਡੀ ਇਕ ਪਾਸੇ ਲਾ ਕੇ ਕੰਨ-ਬੜਿੱਕੇ ਜਿਹੇ ਭੰਨੇ!
-"ਕਿੰਨੀ ਕੁ ਦੂਰ ਐ ਅਜੇ?" ਮੈਂ ਪੁੱਛਿਆ।
-"ਹੈ ਤਾਂ ਨੇੜੇ ਜੇ ਈ ਬਾਈ, ਪਰ ਸਾਲ਼ਾ ਐਥੇ ਕਿਜੇ ਆ ਕੇ ਐਂਈਂ ਕਰਨ ਲੱਗ ਜਾਂਦੈ..!" ਸੰਧੂ ਦੇ ਕਹਿਣ ਦੀ ਦੇਰ ਸੀ, ਨੈਵੀਗੇਟਰ ਸਾਹਿਬ ਫ਼ਿਰ ਰੌਲ਼ਾ ਜਿਹਾ ਪਾਉਣ ਲੱਗ ਪਏ।
-"ਹੁਣ ਕੀ ਕਹਿੰਦੈ?" ਮੈਂ ਸੱਤਪਾਲ ਸੰਤੋਖ਼ਪੁਰੀ ਨੂੰ ਪੁੱਛਿਆ।
-"ਬੱਸ ਆ'ਗੇ-ਆ'ਗੇ ਬਾਈ..!" ਤੇ ਸੰਧੂ ਨੇ ਗੱਡੀ ਮੋੜ ਕੇ ਵੱਡੀ ਸੜਕ 'ਤੇ ਪਾ ਲਈ।
ਰਾਤ ਦੇ ਦਸ ਕੁ ਵਜੇ ਅਸੀਂ ਭੈਣ ਕੁਲਵੰਤ ਕੌਰ ਚੰਨ ਦੇ ਘਰੇ ਪਹੁੰਚ ਗਏ।
(ਚਲਦਾ....ਬਾਕੀ ਅਗਲੇ ਹਫ਼ਤੇ)