ਵਾਲ਼ਾਂ ਤੋਂ ਬਣਦੀ ਹੈ ਲਿੱਟ,
ਕੱਢੇ ਜਾਂਦੇ ਨੇ ਸਿੱਧੇ-ਵਿੰਗੇ ਚੀਰ,
ਬਣਾਏ ਜਾਂਦੇ ਨੇ ਛਮਕ-ਲੁੱਡੇ!
ਵਾਲ਼ਾਂ ਤੋਂ ਮੜ੍ਹੀਆਂ ਜਾਂਦੀਆਂ ਨੇ ਚਿੜੀਆਂ,
ਤੇ ਵਾਲ਼ਾਂ ਤੋਂ ਹੁੰਦੀਆਂ ਨੇ ਗੁੱਤਾਂ!
ਕੀਤੀਆਂ ਜਾਂਦੀਆਂ ਨੇ ਮੀਢੀਆਂ,
ਤੇ ਗੁੰਦਿਆ ਜਾਂਦਾ ਹੈ ਜਲੇਬੀ ਜੂੜਾ!
ਵਾਲ਼ਾਂ ਦੀ ਕੀਤੀ ਜਾਂਦੀ ਹੈ ਸਿਫ਼ਤ,
ਕਾਲ਼ੀਆਂ ਘਟਾਵਾਂ ਤੇ ਹੋਰ ਪਤਾ ਨਹੀਂ,
ਕੀ-ਕੀ ਆਖ-ਪੁਕਾਰ ਕੇ!
ਪਰ, ਜਦ ਉਹੀ ਵਾਲ਼,
ਸਾਡੀ ਜੀਭ 'ਤੇ ਆ ਚੜ੍ਹਦੈ,
ਤਾਂ ਜੀਅ ਕਿਹੋ ਜਿਹਾ ਹੁੰਦੈ..?
ਜਦ ਉਹੀ ਵਾਲ਼,
ਦੇਖ ਲੈਂਦੇ ਹਾਂ ਰੋਟੀ ਵਿਚ,
ਤਾਂ 'ਦੇਵਤਾ' ਕਹੇ ਜਾਂਦੇ,
ਅੰਨ ਨੂੰ ਵੀ ਵਗਾਹ ਮਾਰਦੇ ਹਾਂ!
ਵਾਲ਼ ਤਾਂ ਵਾਲ਼ ਹੀ ਹੈ ਨ੍ਹਾਂ?
ਪਰ ਸਾਡਾ ਮਜ਼ਾ ਬਦਲ ਜਾਂਦਾ ਹੈ!
ਬੱਸ ਇਹੀ ਫ਼ਿਤਰਤ ਇਨਸਾਨ ਦੀ ਹੈ!