ਰੋਕੋ ਕੈਂਸਰ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਧਾਲੀਵਾਲ ਨੇ ਅੰਨ੍ਹੀ ਮਾਂ ਅਤੇ ਧੀ ਦਾ ਜ਼ਿੰਦਗੀ ਭਰ ਸਾਥ ਦੇਣ ਦਾ ਲਿਆ ਅਹਿਦ।
ਪਰਵਾਸੀ ਵੀਰਾਂ ਨੂੰ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਲੋਕਾਂ ਦੀ ਬਾਂਹ ਫੜ੍ਹਨ ਦੀ ਅਪੀਲ।
ਲੰਡਨ, 3 ਅਪ੍ਰੈਲ- ਆਮ ਕਰਕੇ ਲੋਕ ਆਪਣੇ ਕੋੜਮੇ- ਕਬੀਲੇ ਨੂੰ ਹੀ ਵਧਦਾ ਫੁੱਲਦਾ ਵੇਖਣ ਦੀ ਮਨਸ਼ਾ ਨਾਲ ਜਿਉਂਦੇ ਹਨ ਪਰ ਕੁਝ ਕੁ ਆਟੇ Ḕਚ ਲੂਣ ਵਾਂਗ ਹੀ ਹੁੰਦੇ ਹਨ ਜੋ ਆਪਣੇ ਨਿੱਜ਼ ਨੂੰ ਪਾਸੇ ਰੱਖ ਕੇ ਲੋਕਾਈ ਲਈ ਸਮਰਪਿਤ ਹੁੰਦੇ ਹਨ। ਅਜਿਹੇ ਹੀ ਇਨਸਾਨਾਂ ਦੀ ਸ਼੍ਰੇਣੀ ਵਿੱਚ ਹੀ ਗਿਣਿਆ ਜਾ ਸਕਦਾ ਹੈ ਜਿਲ੍ਹਾ ਮੋਗਾ ਦੇ ਪਿੰਡ ਬੀੜ ਰਾਊਕੇ ਦੇ ਜੰਮਪਲ ਕੁਲਵੰਤ ਸਿੰਘ ਧਾਲੀਵਾਲ ਨੂੰ। ਇੰਗਲੈਂਡ ਵਸਦਿਆਂ ਰੋਕੋ ਕੈਂਸਰ ਸੰਸਥਾ ਦਾ ਅੰਤਰਰਾਸ਼ਟਰੀ ਰਾਜਦੂਤ ਹੋਣ ਦੇ ਬਾਵਜੂਦ ਵੀ ਆਪਣੀ ਮਿੱਟੀ ਨਾਲ ਇਸ ਕਦਰ ਜੁੜਿਆ ਹੋਇਆ ਹੈ ਕਿ ਕੁੱਲੀਆਂ ਨੂੰ ਵੀ ਮਹਿਲਾਂ ਵਰਗੀਆਂ ਦੇਖਣ ਦੀ ਲਾਲਸਾ ਪਾਲੀ ਬੈਠਾ ਹੈ। ਕੁਲਵੰਤ ਸਿੰਘ ਧਾਲੀਵਾਲ ਨੇ ਆਪਣੇ ਸਮਾਜਸੇਵੀ ਕਾਰਜ਼ਾਂ ਦੀ ਲੜੀ ਤਹਿਤ ਮੋਗਾ ਦੇ ਲਾਗਲੇ ਪਿੰਡ ਤਲਵੰਡੀ ਭੰਗੇਰੀਆਂ ਦੀ ਅੰਨ੍ਹੀਆਂ ਮਾਂ-ਧੀ (ਮਾਂ ਸੋਹਣ ਕੌਰ ਅਤੇ ਧੀ ਸਿਮਰ ਕੌਰ) ਨੂੰ ਆਪਣੀ ਰਹਿੰਦੀ ਜ਼ਿੰਦਗੀ ਤੱਕ ਆਰਥਿਕ ਪੱਖੋਂ ਨਾ ਥੁੜਨ ਦੇਣ ਦਾ ਅਹਿਦ ਲਿਆ ਹੈ। ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਕਤ ਮਾਂ-ਧੀ ਅੱਖੋਂ ਅੰਨ੍ਹੀਆਂ ਹਨ ਅਤੇ ਉਹਨਾਂ ਦਾ ਕਮਾਈ ਦਾ ਵੀ ਕੋਈ ਸਾਧਨ ਨਹੀਂ ਹੈ। ਮਾਤਾ ਸੋਹਣ ਕੌਰ ਨੇ ਆਪਣੀ ਇੱਕ ਹੋਰ ਧੀ ਦਾ ਬੇਟਾ (ਦੋਹਤਰਾ) ਆਪਣੇ ਕੋਲ ਰੱਖਿਆ ਹੋਇਆ ਹੈ ਜੋ ਉਹਨਾਂ ਦੀ ਮਦਦ ਕਰਦਾ ਹੈ। ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਜਦ ਮਾਤਾ ਸੋਹਣ ਕੌਰ ਤੇ ਭੈਣ ਸਿਮਰ ਕੌਰ ਦੀ ਦਰਦਨਾਕ ਹਾਲਤ ਦੇਖੀ ਤਾਂ ਮਨ ਪਸੀਜ਼ ਗਿਆ। ਉਹਨਾਂ ਸਮੂਹ ਪ੍ਰਵਾਸੀ ਵੀਰਾਂ ਨੂੰ ਅਪੀਲ ਕੀਤੀ ਕਿ ਜੇ ਉਹ ਆਪਣੇ ਪਿੰਡ ਨਾਲ ਮੋਹ ਰੱਖਦੇ ਹਨ ਤਾਂ ਪੰਜਾਬ ਫੇਰੀ ਦੌਰਾਨ ਅਜਿਹੇ ਲੋਕਾਂ ਦੇ ਦਰਾਂ ਅੰਦਰ ਝਾਕਣ ਦੀ ਖੇਚਲ ਵੀ ਜਰੂਰ ਕਰਨ। ਕਿਉਂਕਿ ਉਹ ਵੀ ਸਾਡੇ ਆਪਣੇ ਭੈਣ ਭਰਾ ਹਨ, ਜੇ ਉਹ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ ਤਾਂ ਫਿਰ ਸਾਡੀਆਂ ਸਰਦਾਰੀਆਂ ਕਿਸ ਕੰਮ? ਕਿਉਂਕਿ ਗੁਰੂ ਸਾਹਿਬਾਂ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਹੈ। ਜੇ ਅਸੀਂ ਸਿਰਫ ਦਿਖਾਵਿਆਂ ਲਈ ਹੀ ਦਾਨ ਪੁੰਨ ਕਰਦੇ ਹਾਂ ਤਾਂ ਸ਼ਾਇਦ ਆਪਣੀ ਹਉਮੈ ਨੂੰ ਹੀ ਪੱਠੇ ਪਾ ਰਹੇ ਹਾਂ। ਜੇ ਅਸੀਂ ਅਜਿਹੇ ਲੋੜਵੰਦ ਪਰਿਵਾਰ ਨਾਲ ਡਟ ਕੇ ਖਲੋ ਜਾਈਏ ਤਾਂ ਸ਼ਾਇਦ ਤੀਰਥ ਅਸਥਾਨਾਂ Ḕਤੇ ਜਾਣ ਦੀ ਵੀ ਲੋੜ ਮਹਿਸੂਸ ਨਾ ਹੋਵੇ। ਉਹਨਾਂ ਕਿਹਾ ਕਿ ਜੇ ਸਚਮੁੱਚ ਹੀ ਅਕਾਲ ਪੁਰਖ ਨੂੰ ਮਿਲਣਾ ਹੈ ਤਾਂ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਣਦਾ ਸਾਥ ਦੇਈਏ। ਸ੍ਰੀ ਧਾਲੀਵਾਲ ਦੇ ਇਸ ਉੱਦਮ ਦੀ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਦੇ ਬਾਨੀ ਆਗੂ ਡਾ. ਤਾਰਾ ਸਿੰਘ ਆਲਮ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਲੇਖਕ ਮਨਦੀਪ ਖੁਰਮੀ ਹਿਮਮਤਪੁਰਾ, ਰਵਿੰਦਰ ਰਵੀ ਨੱਥੋਵਾਲ, ਸਰਬਜੀਤ ਕੁਮਾਰ, ਅਮਨਦੀਪ ਪੱਪੂ ਆਦਿ ਨੇ ਭਰਪੂਰ ਸ਼ਲਾਘਾ ਕਰਦਿਆਂ ਉਹਨਾਂ ਦੇ ਇਸ ਕਦਮ ਨੂੰ ਮਨੁੱਖਤਾ ਦੀ ਭਲਾਈ ਵੱਲ ਪੁਖਤਾ ਕਦਮ ਦੱਸਿਆ।