ਥੰਮੀਆਂ ( ਮਿੰਨੀ ਕਹਾਣੀ ).....ਲਾਲ ਸਿੰਘ ਦਸੂਹਾ.

ਉਂਝ ਤਾਂ ਸਰਦਾਰ ਹੁਣੀ ਆਮ ਕਰਕੇ ਫ਼ਸਲ ਬਾੜੀ ਦਾ ਹਿਸਾਬ ਰੱਖਣ ਲਈ ਫਾਰਮ ‘ਤੇ ਹੀ ਰਹਿੰਦੇ ਹਨ , ਪਰ ਕੁੜੀਆਂ ਦੇ ਸਕੂਲ ਅਤੇ ਕਾਲਜ ਦੇ ਕਰਤਾ-ਧਰਤਾ ਹੋਣ ਕਰਕੇ , ਦੂਜੇ ਚੌਥੇ ਅਧਿਆਪਕਾਂ ਦੇ ਆਉਣ ਜਾਣ ਦਾ ਸਮਾਂ ਚੈੱਕ ਕਰਨ ਲਈ ਜੀਪ ਦੁੜਾਣੀ ਪੈ ਜਾਂਦੀ ਏ , ਜਾਂ ਤਨਖਾਹ ਦੇ ਚੈੱਕ ਦੇਣ ਤੋਂ ਪਹਿਲਾਂ ਕਟੌਤੀ ਦੀ ਰਕਮ ਨਕਦ ਵਸੂਲ ਕਰ ਕੇ ਖਾਤੇ ਵਿੱਚ ਪਾਉਂਦਿਆਂ ਈ ਦਿਹਾੜੀ ਲੱਗ ਜਾਂਦੀ ਏ , ਜਾਂ ਚਰਿਤਰਹੀਣਤਾ ਦੇ ਦੋਸ਼ ਹੇਠ ਕੱਢ ਕੇ ਨਵੀਂ ਅਧਿਆਪਕਾ ਭਰਤੀ ਕਰਨ ਲਈ ਸ਼ਹਿਰ ਗਿਆਂ ਥੋੜ੍ਹਾ ਬਹੁਤ ਸਮਾਂ ਲੱਗ ਹੀ ਜਾਂਦਾ ਆ ।
ਉਂਝ ਤਾਂ ਸਰਦਾਰ ਹੁਣੀ ਡੇਰ੍ਹੀ ਵਿਚਲੀਆਂ ਵਿਦੇਸ਼ੀ ਜਿਣਸ ਦੀਆਂ ਮੱਝਾਂ ਗਾਈਆਂ ਦਾ ਧਿਆਨ ਰੱਖਣ ਲਈ ਆਮ ਕਰਕੇ ਫਾਰਮ ‘ਤੇ ਹੀ ਰਹਿੰਦੇ ਹਨ , ਪਰ ਮੱਸਿਆਂ , ਪੁੰਨਿਆਂ , ਸੰਗਰਾਦ , ਗੁਰਪੁਰਬ ਤੇ ਹੋਰ ਦਿਨ-ਦਿਹਾੜੇ , ਆਪਣੇ ਨਾਂ ਥੱਲੇ ਉਸਾਰੇ ਗੁਰਦਵਾਰੇ ਵਿਚ ਰੱਖੇ ਪਾਠ ਦੇ ਭੋਗ ਸਮੇਂ ਆਪਣੇ ਸਕੂਲ ਦੇ ਬੱਚੇ ਗੁਰਦਵਾਰੇ ਬਿਠਾ ਕੇ ,ਢਾਡੀਆਂ ਦੀਆਂ ਵਾਰਾਂ ਸੁਣਨ ਅਤੇ ਪ੍ਰਸ਼ਾਦ ਵਰਤਣ ਤੱਕ ਉਹਨਾਂ ਨੂੰ ਆਪ ਵੀ ਉਥੇ ਹੀ ਬਿਰਾਜੇ ਰਹਿਣਾ ਪੈਂਦਾ ਏ , ਜਾਂ ਦੇਸ਼-ਵਿਆਪੀ ਪ੍ਰਬੰਧਕ ਕਮੇਟੀ ਦੇ ਕਾਰਕੁਨ ਹੋਣ ਨਾਤੇ ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਦਾ ਨਰੀਖਸ਼ਣ ਕਰਨ ਲਈ ਸਮੇਂ ਸਮੇਂ ਲੰਮੇ ਦੌਰਿਆਂ ‘ਤੇ ਜਾਣਾ ਈ ਪੈਂਦਾ ਐ ।
ਉਂਝ ਤਾਂ ਸਰਦਾਰ ਹੋਣਾਂ ਨੂੰ ਫਾਰਮ ਵਿਚ ਚਲਦੇ ਮੁਰਗੀਖਾਨੇ ਦਾ ਵੀ ਫਿਕਰ ਐ ਪਰ ਇਲਾਕੇ ਦੇ ਇਕੋ ਇਕ ਜਨ-ਸੇਵਕ ਹੋਣ ਕਰਕੇ ਸਰਕਾਰੇ । ਦਰਬਾਰੇ , ਅਦਾਲਤੀਂ ,ਦਫ਼ਤਰੀਂ ਕਿਸੇ ਨਾ ਕਿਸੇ ਨਾ ਗਿਆਂ , ਕੁਝ ਇਕ ਦਿਨ ਰਾਜਧਾਨੀਆਂ ਵਿਚ ਰਹਿ ਕੇ ਵੀ ਲੋਕਾਂ ਦੇ ਕਾਰਜ ਸੁਆਰਨੇ ਈ ਪੈਂਦੇ ਹਨ ।

ਉਂਝ ਤਾਂ ਸਰਦਾਰ ਹੋਰੀਂ ਫਾਰਮ ਵਿਚ ਚਲਦੇ ਤਿੰਨ ਟਰੈਕਟਰਾਂ , ਜੀਪ , ਕਾਰ , ਮੋਟਰਸਾਇਕਲ ਦੀ ਮਸ਼ੀਨਰੀ ਨੂੰ ਵਿਗੜਨ ਤੋਂ ਬਚਾਈ ਰੱਖਣ ਦਾ ਪੂਰਾ ਪੂਰਾ ਯਤਨ ਕਰਦੇ ਹਨ ਪਰ ਗੁਰੂ ਦੀ ਨਗਰੀ ਵਿਚ ਚਲਦੇ ਸੋਲਾਂ ਸਤਾਰਾਂ ਟਰੱਕਾਂ ਵਿਚੋਂ ਕਿਸੇ ਨਾ ਕਿਸੇ ਦੀ ਕੀਤੀ ਘਟਨਾ-ਦੁਰਘਟਨਾ ਨੂੰ ਸੰਭਾਲਣ ਲਈ ਵੀ ਸਮਾਂ ਖ਼ਰਚ ਕਰਨ ਈ ਪੈਂਦਾ ਹੈ , ਜਾਂ ਫਾਰਮ ‘ਚੋਂ ਆਲੂ ਭਰ ਕੇ ਕਲਕੱਤੇ , ਬੰਬਈ , ਜੈਪੁਰ ਲੱਥੀਆਂ ਗੱਡੀਆਂ ਦੀ ਰਕਮ ਵਸਲੂਣ ਲਈ ਗਿਆਂ ਨੂੰ ਫਾਰਮੀ ਸੂਰਾਂ ਦੀ ਵਧੀ ਗਿਣਤੀ ਤੋਂ ਪੱਲਾ ਛੁਡਵਾਉਣ ਲਈ ਇਕ ਅੱਧ ਮਹੀਨਾ ਰੁਕਣਾ ਵੀ ਪੈਂ ਜਾਂਦਾ ਹੈ ।

ਆਪਣੀ ਛੱਤਰ-ਛਾਇਆ ਹੇਠ ਚਲਦੀਆਂ ‘ਸੰਸਥਾਵਾਂ ’ ਦੀ ਮਾਲੀ ਸਹਾਇਤਾਂ ਲਈ ਉਗਰਾਹੀ ਕਰਨ ਲਈ ਕਿਤੇ ਦੂਰ ਪਾਰ ਦੇਸ਼ਾਂ ਨੂੰ ਗਏ ਹੋਣ ਤਾਂ ਵੀ ਸਭ ਕਿਸਮ ਦੀਆਂ ਸਰਕਾਰਾਂ ਦਾ ਆਇਆ ਗਿਆ ਮੰਤਰੀ ਉਹਨਾਂ ਕੋਲ ਹੀ ਠਹਿਰਦਾ ਹੈ , ਇਸ ਲਈ ਸਭਨਾਂ ਦਾ ਵਿਚਾਰ ਇਹੋ ਕਿ ਆਮ ਕਰਕੇ ਸਰਦਾਰ ਹੋਂਰੀ ਫਾਰਮ ਵਿਚ ਹੀ ਰਹਿੰਦੇ ਹਨ , ਉਂਝ ।