ਚਾਰ ਵੱਜ ਚੁੱਕੇ ਸਨ. ਗੁਰਦੁਆਰੇ ਦਾ ਪਾਠੀ ਸਿੰਘ ਅਜੇ ਬੋਲਿਆ ਨਹੀਂ ਸੀ. ਸਾਰਾ ਪਿੰਡ ਸੁੱਤਾ ਹੋਇਆ ਸੀ. ਪਹੁ ਫ਼ੁਟਾਲੇ ਦੀ ਸ਼ਾਂਤੀ ਸੀ. ਏਅਰਪੋਰਟ ਤੋਂ ਲਈ ਟੈਕਸੀ ਹਰਦੇਵ ਨੂੰ ਉਸ ਦੇ ਘਰ ਅੱਗੇ ਲਾਹ ਕੇ ਮੁੜ ਗਈ. ਹਰਦੇਵ ਨੇ ਡਰਾਈਵਰ ਨੂੰ ਚਾਹ ਪਾਣੀ ਵੀ ਨਾ ਪੁੱਛਿਆ. ਘਰ ਸੀ ਹੀ ਕੌਣ? ਜਿਹੜਾ ਉਸ ਨੂੰ ਚਾਹ ਬਣਾ ਕੇ ਦਿੰਦਾ? ਵੈਸੇ ਉਸ ਨੇ ਡਰਾਈਵਰ ਨੂੰ ਸੌ ਰੁਪਏ ਕਿਰਾਏ ਤੋਂ ਇਲਾਵਾ ਚਾਹ ਪਾਣੀ ਲਈ ਦੇ ਦਿੱਤੇ ਸਨ. ਡਰਾਈਵਰ ਧੰਨਵਾਦ ਕਰ ਕੇ ਚਲਾ ਗਿਆ ਅਤੇ ਹਰਦੇਵ ਆਪਣੇ ਨਾਲ ਲਿਆਂਦੇ ਦੋ ਅਟੈਚੀ ਲੈ ਕੇ ਦਰਵਾਜੇ ਕੋਲ ਆ ਗਿਆ ਸੀ.
ਉਸ ਨੇ ਆਪਣਾ ਜੱਦੀ ਘਰ ਬੜੀ ਰੀਝ ਨਾਲ ਤੱਕਿਆ. ਇਕ ਤਰਾਂ ਨਾਲ ਅੱਖਾਂ ਵਿਚ ਹੰਝੂ ਭਰ ਕੇ ਸਜ਼ਦਾ ਹੀ ਤਾਂ ਕੀਤਾ ਸੀ, ਉਸ ਨੇ ਆਪਣੇ ਇਸ ਘਰ ਨੂੰ! ਇਸ ਘਰ ਵਿਚ ਉਹ ਜੰਮਿਆਂ, ਪਲਿਆ ਅਤੇ ਜਵਾਨ ਹੋਇਆ ਸੀ! ਬੜੀਆਂ ਤੱਤੀਆਂ-ਠੰਢੀਆਂ ਹਵਾਵਾਂ ਵਗੀਆਂ ਸਨ, ਇਸ ਘਰ ਉਤੇ! ਬੜੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਸਨ, ਇਸ ਘਰ ਨਾਲ! ਬੜੀਆਂ ਖ਼ੁਸ਼ੀਆਂ ਖੇੜੇ ਮਾਣੇ ਅਤੇ ਬੜੇ ਦਸੌਂਟੇ ਵੀ ਕੱਟੇ ਸਨ, ਇਸ ਘਰ ਨੇ!
ਹਰਦੇਵ ਨੇ ਆਪਣੇ ਘਰ ਦਾ ਜੰਗਾਲਿਆ ਜਿੰਦਰਾ ਖੋਲਿਆ. ਉਸ ਦੇ ਮਨ ਅੰਦਰ ਸੋਚਾਂ ਅਤੇ ਪੁਰਾਣੀਆਂ ਯਾਦਾਂ ਦਾ ਜਹਾਦ ਛਿੜਿਆ ਹੋਇਆ ਸੀ. ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਦਰਵਾਜਾ ਤਾਂ ਕਿਸੇ ਨੇ ਖੋਲਿਆ ਹੀ ਨਹੀਂ ਸੀ. ਬਾਪੂ ਮਰੇ ਤੋਂ ਤਾਂ ਉਹ ਆ ਹੀ ਨਹੀਂ ਸੀ ਸਕਿਆ. ਚੰਗੇ ਭਾਗਾਂ ਨੂੰ ਸਿਰਫ਼ ਮਰਨ ਕਿਨਾਰੇ ਪਈ ਮਾਂ ਦਾ ਮੂੰਹ ਦੇਖਣਾ ਹੀ ਹਰਦੇਵ ਨੂੰ ਨਸੀਬ ਹੋਇਆ ਸੀ. ਮਾਂ ਦਾ ਸਸਕਾਰ ਕਰਨ ਅਤੇ ਫ਼ੁੱਲ ਪਾਉਣ ਤੋਂ ਬਾਅਦ ਉਹ ਘਰ ਨੂੰ ਜਿੰਦਰਾ ਮਾਰ ਕੇ ਚਾਬੀ ਨਾਲ ਲੈ ਗਿਆ ਸੀ. ਸ਼ਰੀਕਾਂ ਨੇ ਬੜੇ ਖੇਡ ਖੇਡੇ, ਬੜੀਆਂ ਚਾਲਾਂ ਚੱਲੀਆਂ ਇਸ ਘਰ \'ਤੇ ਕਬਜ਼ਾ ਕਰਨ ਲਈ. ਪਰ ਹਰਦੇਵ ਦੀ ਵਾਕਫ਼ੀਅਤ ਕਰ ਕੇ ਉਹ ਕਾਮਯਾਬ ਨਹੀਂ ਹੋ ਸਕੇ ਸਨ. ਫਿਰ ਸ਼ਰੀਕਾਂ ਨੇ ਇਹ ਘਰ ਖਰੀਦਣ ਦਾ ਸ਼ੋਸ਼ਾ ਛੱਡਿਆ. ਪਰ ਖਿਝੇ ਹਰਦੇਵ ਨੇ ਪ੍ਰਤੱਖ ਨਾਂਹ ਕਰ ਦਿੱਤੀ. ਪਿੰਡ ਵਾਲਾ ਜੱਦੀ ਘਰ ਉਹ ਕੁਝ ਪੈਸਿਆਂ ਖਾਤਰ ਗੁਆਉਣਾ ਨਹੀਂ ਚਾਹੁੰਦਾ ਸੀ. ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਚੰਗੀਆਂ ਮੰਦੀਆਂ ਯਾਦਾਂ ਇਸ ਘਰ ਨਾਲ ਹੀ ਤਾਂ ਜੁੜੀਆਂ ਹੋਈਆਂ ਸਨ!
ਕਿੰਨੇ ਹੀ ਸਾਲ ਹੋ ਗਏ ਸਨ. ਇੰਡੀਆ ਉਸ ਦਾ ਗੇੜਾ ਹੀ ਨਹੀਂ ਵੱਜ ਸਕਿਆ ਸੀ. ਘਰ ਦੇ ਕੰਮਾ ਕਾਜਾਂ ਅਤੇ ਇੰਗਲੈਂਡ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਉਹ ਲੰਡਨ ਤੋਂ ਪੈਰ ਨਹੀਂ ਪੁੱਟ ਸਕਿਆ ਸੀ. ਬੱਚਿਆਂ ਦੀ ਪੜਾਈ ਖਰਾਬ ਹੋਣ ਦਾ ਖ਼ਿਆਲ ਅਤੇ ਘਰ ਦੀ ਮੌਰਗੇਜ ਮੋੜਨ ਦਾ ਧੰਦ ਉਸ ਦੇ ਪੈਰਾਂ ਦੀਆਂ ਬੇੜੀਆਂ ਬਣ ਜਾਂਦਾ. ਉਹ ਇੰਡੀਆ, ਖ਼ਾਸ ਕਰਕੇ ਪੰਜਾਬ ਲਈ ਤੜਪਦਾ ਵੀ ਪਿੰਡ ਚੱਕਰ ਨਹੀਂ ਮਾਰ ਸਕਿਆ ਸੀ. ਲੰਡਨ ਵਿਚ ਮੁਲਾਇਮ ਬੈੱਡਾਂ \'ਤੇ ਸੁੱਤੇ ਪਏ ਹਰਦੇਵ ਨੂੰ ਪਿੰਡ ਅਤੇ ਆਪਣੇ ਖੇਤਾਂ ਦੇ ਸੁਪਨੇ ਆਉਂਦੇ. ਸੁਪਨੇ ਵਿਚ ਉਹ ਸਾਰੀ-ਸਾਰੀ ਰਾਤ ਖੇਤਾਂ ਦੇ ਚੱਕਰ ਲਾਉਂਦਾ ਰਹਿੰਦਾ. ਬਰਸੀਨ ਨੂੰ ਸਿੰਜਦਾ ਰਹਿੰਦਾ. ਖੇਤਾਂ \'ਚੋਂ ਗੰਨੇ ਪੱਟਦਾ ਅਤੇ ਮੱਕੀ ਦੇ ਖੇਤ \'ਚੋਂ ਛੱਲੀਆਂ ਭੰਨ ਕੇ ਭੁੰਨਦਾ. ਪਰ ਜਦੋਂ ਉਸ ਦੀ ਅੱਖ ਖੁਲਦੀ ਤਾਂ ਉਸ ਨੂੰ ਆਪਣੀ ਜ਼ਿੰਦਗੀ ਬਗੈਰ ਨਾਲੇ ਤੋਂ ਪਾਈ ਹੋਈ ਨਿੱਕਰ ਵਰਗੀ ਲੱਗਦੀ. ਜਿਹੜੀ ਉਸ ਨੂੰ ਆਪਣੀ ਇੱਜ਼ਤ ਢਕਣ ਲਈ ਮਜ਼ਬੂਰੀ ਵੱਸ ਉਪਰ ਚੁੱਕਣੀ ਪੈਂਦੀ ਸੀ, ਨਹੀਂ ਤਾਂ ਉਹ ਜੱਗ ਜਹਾਨ ਵਿਚ ਨੰਗਾ ਹੁੰਦਾ ਸੀ! ਕੀ ਸੀ ਇਹ ਆਵਾਗੌਣ ਜ਼ਿੰਦਗੀ...?
ਜਦ ਉਸ ਨੇ ਘਰ ਦਾ ਦਰਵਾਜਾ ਖੋਲਿਆ ਤਾਂ ਲੱਕੜ ਦਾ ਦਰਵਾਜਾ ਇੰਜ ਚੀਕਿਆ, ਜਿਵੇਂ ਆਪਣੇ ਮਾਲਕ ਦੇ ਗਲ ਲੱਗ ਕੇ ਕੀਰਨਾ ਪਾਇਆ ਹੋਵੇ...! ਹਰਦੇਵ ਦੇ ਮਨ ਦੀ ਅਵਸਥਾ ਵੀ ਕੁਝ ਅਜਿਹੀ ਹੀ, ਧਾਹ ਮਾਰਨ ਵਾਲੀ ਹੋਈ ਪਈ ਸੀ. ਅੰਦਰ ਘੁੱਪ ਹਨੇਰਾ ਸੀ. ਪਰ ਹਰਦੇਵ ਦੇ ਆਪਣੇ ਜ਼ਿਹਨ ਵਿਚ ਇਕ ਅਜੀਬ ਚਾਨਣ, ਇਕ ਅਜੀਬ ਹੀ ਨੂਰ ਸੀ. ਉਹ ਵਰਾਂਡਾ ਲੰਘ ਕੇ ਅੰਦਰ ਗਿਆ ਤਾਂ ਸੈਂਕੜੇ ਯਾਦਾਂ ਨੇ ਉਸ ਨੂੰ ਘੇਰ ਲਿਆ...!
ਕਲਪਨਾ ਵਿਚ, ਮਰੀ ਮਾਂ ਨੇ ਉਸ ਨੂੰ ਬੜੇ ਪਿਆਰ ਨਾਲ ਬੁੱਕਲ ਵਿਚ ਲਿਆ. ਹੰਝੂ ਕੇਰੇ! ਨਹੋਰੇ ਦਿੱਤੇ. ਕਿੰਨਾ ਚਿਰ ਨਾ ਆਉਣ ਕਰ ਕੇ ਗੁੱਸਾ-iਗ਼ਲਾ ਵੀ ਕੀਤਾ. ਕਈ ਸਾਲ ਪਹਿਲਾਂ ਤੁਰ ਗਏ ਬਾਪੂ ਨੇ \"ਤਕੜੈਂ ਸ਼ੇਰਾ...?\" ਪੁੱਛ ਕੇ ਸਿਰ ਪਲੋਸਿਆ. ਕਿੱਥੋਂ ਕਿੱਥੇ ਪੁੱਜ ਗਿਆ ਸੀ ਹਰਦੇਵ...? ਸੱਤ ਸਮੁੰਦਰੋਂ ਪਾਰ...! ਗੋਰਿਆਂ ਦੀ ਧਰਤੀ \'ਤੇ...! ਜਿਸ ਨੂੰ ਲੋਕ ਪਰੀਆਂ ਦਾ ਦੇਸ਼ ਆਖਦੇ ਸਨ. ਪਰ ਉਸ ਪਰੀਆਂ ਦੇ ਦੇਸ਼ ਨੇ ਹਰਦੇਵ ਨਾਲ ਕਦੇ ਵੀ ਵਫ਼ਾ ਨਾ ਕੀਤੀ. ਸ਼ਾਇਦ ਪਰੀਆਂ ਦੇ ਦੇਸ਼ ਜਾਂ ਪਰਾਏ ਲੋਕਾਂ ਦਾ ਕਸੂਰ ਇਤਨਾ ਨਹੀਂ ਸੀ, ਜਿਤਨਾ ਕਸੂਰ ਉਸ ਦੇ \'ਆਪਣਿਆਂ\' ਦਾ ਸੀ! ਕਿੰਨੇ ਰਿਸ਼ਤੇਦਾਰ ਅਤੇ ਕਿੰਨੇ ਦੋਸਤ ਮਿੱਤਰ ਉਸ ਨੇ ਉਸ ਪਰੀਆਂ ਦੇ ਦੇਸ਼ ਵਿਚ ਬੁਲਾਏ. ਰਾਹਦਾਰੀਆਂ ਭੇਜੀਆਂ, ਜਹਾਜ ਦੀਆਂ ਟਿਕਟਾਂ ਪੱਲਿਓਂ ਖਰਚੀਆਂ, ਬੜੀ ਜੱਦੋਜਹਿਦ ਕੀਤੀ. ਅਖੇ ਮੇਰੇ ਰਿਸ਼ਤੇਦਾਰ, ਮੇਰੇ ਮਿੱਤਰ ਮੇਰੀਆਂ ਬਾਹਵਾਂ ਬਣਨਗੇ! ਕੀ ਬਣਿਆਂ...? ਇਸ ਖ਼ਰੀਂਢ ਨੂੰ ਉਚੇੜ ਕੇ ਹਰਦੇਵ ਆਪਣਾ ਹਿਰਦਾ ਮੁੜ ਤੋਂ ਜ਼ਖ਼ਮੀਂ ਨਹੀਂ ਕਰਨਾ ਚਾਹੁੰਦਾ ਸੀ. ਬੜੇ ਦੁਖੜੇ ਸਹੇ ਸਨ ਉਸ ਨੇ. ਬੜਾ ਉਚਾ ਸੋਚਿਆ ਸੀ ਉਸ ਨੇ ਆਪਣੇ ਰਿਸ਼ਤੇਦਾਰਾਂ ਖ਼ਾਤਿਰ! ਉਹ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਲੋਕਾਂ ਨਾਲੋਂ \'ਉੱਚਾ\' ਦੇਖਣਾ ਚਾਹੁੰਦਾ ਸੀ. ਪਰ ਕਮੀਨੇ ਰਿਸ਼ਤੇਦਾਰ ਅਤੇ ਖ਼ੁਦਗਰਜ਼ ਮਿੱਤਰ ਤਾਂ ਉਸ ਦੀਆਂ ਹੀ ਟੰਗਾਂ ਖਿੱਚਣ ਲੱਗ ਪਏ ਸਨ. ਉਸ ਨੂੰ ਹੀ ਪੁੱਠਾ ਘੜੀਸਣ ਲੱਗ ਪਏ ਸਨ. ਉਸ ਨੂੰ ਹੀ ਪੌੜੀ ਤੋਂ ਸੁੱਟਣ ਦੀਆਂ ਸਾਜ਼ਿਸ਼ਾਂ ਰਚਣ ਲੱਗ ਪਏ ਸਨ. ਸਿਆਣੇ ਆਖਦੇ ਹਨ ਕਿ ਭੱਜੀਆਂ ਬਾਂਹਾਂ ਗਲਾਂ ਨੂੰ ਆਈਆਂ! ਪਰ ਉਹ ਬਾਂਹਾਂ ਤਾਂ ਉਸ ਦੀ ਹੀ ਸੰਘੀ ਦਬਾਉਣ ਦੀਆਂ ਸਾਜ਼ਿਸ਼ਾਂ ਵਿਚ ਲੱਗ ਗਈਆਂ ਸਨ!
ਗੁਰਦੁਆਰੇ ਦਾ ਪਾਠੀ ਬੋਲਿਆ ਤਾਂ \"ਸਤਿਨਾਮ-ਸ੍ਰੀ ਵਾਹਿਗੁਰੂ...!\" ਦੇ ਪਵਿੱਤਰ ਸ਼ਬਦਾਂ ਨਾਲ ਹਰਦੇਵ ਦੀਆਂ ਸੋਚਾਂ ਦੀ ਤੰਦ ਟੁੱਟੀ...! ਪੰਛੀ ਚਹਿਕਣ ਲੱਗ ਪਏ ਸਨ. ਵਿਹੜੇ ਵਿਚ ਬਾਹਵਾ ਚਾਨਣ ਹੋ ਗਿਆ ਸੀ. ਉਸ ਨੇ ਵਿਹੜੇ ਵਿਚ ਖੜਾ ਨਲਕਾ ਚਲਾ ਕੇ ਦੇਖਿਆ ਤਾਂ ਉਹ ਪਾਣੀ ਤੋਂ ਸੱਖਣਾਂ, ਦਮੇਂ ਦੇ ਮਾਰੇ ਮਰੀਜ਼ ਵਾਂਗ \"ਘੜੱਚ-ਘੜੱਚ\" ਹੀ ਕਰੀ ਜਾਂਦਾ ਸੀ! ਨਲਕਾ ਉਸ ਨੂੰ ਕੁਪੱਤੀ ਸੱਸ ਵਾਂਗ ਮਿਹਣੇ ਜਿਹੇ ਮਾਰਦਾ ਪ੍ਰਤੀਤ ਹੋਇਆ. ਫਿਰ ਉਸ ਨੇ ਢਹੀਆਂ ਖ਼ੁਰਲੀਆਂ ਵੱਲ ਲੰਬੀ ਨਿਗਾਹ ਮਾਰੀ. ਖਾਲੀ ਖੁਰਲੀਆਂ ਦੇਖ ਕੇ ਉਸ ਨੂੰ ਹੌਲ ਜਿਹਾ ਪੈ ਗਿਆ. ਇਹਨਾਂ ਖੁਰਲੀਆਂ ਉਪਰ ਕਦੇ ਪੰਜ-ਪੰਜ ਸੱਜਰ ਸੂਈਆਂ ਮੱਝਾਂ ਅਤੇ ਕੰਨਾਂ ਵਿਚ ਭਾਂਤ ਸੁਭਾਂਤੇ ਫ਼ੁੱਲ ਪਾਈ, ਕੱਟਰੂ ਖੜੇ ਹੁੰਦੇ ਸਨ. ਵਿਹੜੇ ਦੇ ਦੂਜੇ ਖੂੰਜੇ ਨਾਰੇ ਬਲਦਾਂ ਦੀ ਇਕ ਜੋੜੀ ਬੰਨੀ ਹੁੰਦੀ ਸੀ. ਜਿਹਨਾਂ ਦੀਆਂ ਟੱਲੀਆਂ ਦੀ ਅਵਾਜ਼ ਸਵੇਰੇ-ਸਵੇਰੇ ਕੋਈ ਗ਼ੈਬੀ ਨਾਦ ਛੇੜਦੀ ਸੀ. ਜਦੋਂ ਵੀ ਹਰਦੇਵ ਨੇ ਘਰੇ ਆਉਣਾ ਤਾਂ ਬੱਲੀ ਮੱਝ ਨੇ ਰਿੰਗ ਕੇ ਉਸ ਦਾ ਸੁਆਗਤ ਕਰਨਾ. ਹਰਦੇਵ ਵੀ ਉਸ ਨੂੰ ਆਟੇ ਦਾ \'ਧੂੜਾ\' ਧੂੜੀ ਰੱਖਦਾ ਸੀ. ਬੇਬੇ ਨੇ ਬਥੇਰੀ ਦੁਹਾਈ ਦੇਣੀ, \"ਵੇ ਕਾਹਨੂੰ ਮੱਝ ਨੂੰ ਆਟਾ ਚਾਰੀ ਜਾਨੈ-ਖਾਵਾਂਗੇ ਕੀ...?\" ਪਰ ਉਸ ਨੇ ਸੁਣੀ, ਅਣਸੁਣੀ ਕਰ ਦੇਣੀ. ਹੁਣ ਇਹ ਸਾਰਾ ਘਰ ਉਜਾੜ ਅਤੇ ਰੋਹੀ ਬੀਆਬਾਨ ਜਿਹਾ ਬਣਿਆਂ ਪਿਆ ਸੀ, ਉਸ ਦੀ ਆਪਣੀ ਹੀ ਜ਼ਿੰਦਗੀ ਵਾਂਗ! ਬਾਪੂ ਦੀ ਗੜਕਵੀਂ ਅਵਾਜ਼ ਤੂੜੀ ਵਾਲੇ ਅੰਦਰੋਂ ਵੀ ਨਗਾਰੇ ਵਾਂਗ ਵੱਜਦੀ ਸੀ. ਮਾਂ ਦੀ ਮਿੱਠੀ ਅਵਾਜ਼ ਕੰਨਾਂ ਵਿਚ ਕੋਈ ਸ਼ਹਿਦ-ਰਸ ਘੋਲਦੀ ਸੀ. ਇਸ ਵਿਹੜੇ ਵਿਚ ਗੂੰਜਣ ਵਾਲੀਆਂ ਅਵਾਜ਼ਾਂ ਪਤਾ ਨਹੀਂ ਕਿਹੜੀ ਕੂਟੀਂ ਚੜ ਗਈਆਂ ਸਨ...?
ਵਿਹੜੇ ਵਿਚ ਲੋਹੜੇ ਦਾ ਘਾਹ ਉਗਿਆ ਪਿਆ ਸੀ. ਬੇਬੇ ਵੇਲੇ ਦੇ ਚੁੱਲਿਆਂ ਅਤੇ ਹਾਰਿਆਂ ਵਿਚ ਵੀ ਘਾਹ ਖੜਾ ਸੀ! ਖੁਰਲੀ \'ਤੇ ਚੜ ਕੇ ਉਸ ਨੇ ਆਪਣੇ ਘਰ ਦਾ ਪਿਛਵਾੜਾ ਤੱਕਿਆ. ਆਂਢੀ ਗੁਆਂਢੀਆਂ ਨੇ ਰੂੜੀ ਲਾਈ ਹੋਈ ਸੀ ਅਤੇ ਗੱਡੇ ਹੋਏ ਕਿੱਲਿਆਂ ਤੋਂ ਲੱਗਦਾ ਸੀ ਕਿ ਗੁਆਂਢੀ ਦਿਨੇ ਇੱਥੇ ਪਸ਼ੂ-ਡੰਗਰ ਬੰਨਦੇ ਸਨ. ਉਹ ਖੁਰਲੀ ਤੋਂ ਹੇਠਾਂ ਉਤਰ ਆਇਆ. ਉਸ ਦਾ ਦਿਲ ਅਥਾਹ ਦੁਖੀ ਹੋ ਗਿਆ. ਉਸ ਨੂੰ ਬਾਪੂ ਦੇ ਕਹੇ ਬਚਨ ਯਾਦ ਆਏ, \"ਕੀ ਕਰਨੈਂ ਇੱਥੇ ਕੋਠੀ ਪਾ ਕੇ ਸ਼ੇਰਾ? ਤੇਰੀ ਕੋਠੀ ਵਿਚ ਤਾਂ ਫੇਰ ਕੁੱਤੇ ਈ ਮੂਤਿਆ ਕਰਨਗੇ! ਅਸੀਂ ਕਿੰਨੇ ਕੁ ਰੋਜ ਐਂ? ਅੱਜ ਮਰੇ ਭਲਕੇ ਦੂਜਾ ਦਿਨ! ਨਾ ਪੈਸੇ ਬਰਬਾਦ ਕਰ! ਨਾਲੇ ਤੂੰ ਕਿਹੜਾ ਐਥੇ ਆ ਕੇ ਕੋਠੀ \'ਚ ਰਹਿਣੈਂ? ਤੇਰੀ ਔਲਾਦ ਤਾਂ ਬਾਹਰ ਜੰਮੀ, ਬਾਹਰ ਪਲੀ-ਉਹ ਤਾਂ ਐਥੋਂ ਦੀ ਭਾਸ਼ਾ ਨੀ ਜਾਣਦੇ-ਐਥੇ ਆ ਕੇ ਵਸਣਾ ਤਾਂ ਉਹਨਾਂ ਨੇ ਕੀ ਐ? ਦੁਨੀਆਂ ਦੀ ਵਡਿਆਈ ਨਾਲੋਂ ਐਵੇਂ ਈ ਚੰਗੇ ਐਂ...!\" ਜਦੋਂ ਉਸ ਨੇ ਕੋਠੀ ਪਾਉਣ ਬਾਰੇ ਬਾਪੂ ਨਾਲ ਸਲਾਹ ਕੀਤੀ ਸੀ ਤਾਂ ਬਾਪੂ ਨੇ ਉਸ ਨੂੰ ਕੋਠੀ ਨਾ ਪਾਉਣ ਦੀ ਰਾਇ ਹੀ ਦਿੱਤੀ ਸੀ. ਬਾਪੂ ਦੀ ਸਲਾਹ ਅੱਜ ਉਸ ਨੂੰ ਬਿਲਕੁਲ, ਸੋਲਾਂ ਆਨੇ ਸਹੀ ਹੀ ਤਾਂ ਜਾਪ ਰਹੀ ਸੀ. ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਪਿੱਛੋਂ ਪਤਾ ਲੱਗਦੈ!
ਗਹੁ ਨਾਲ ਦੇਖਣ ਤੋਂ ਪਤਾ ਲੱਗਦਾ ਸੀ ਕਿ ਪਿਛਲੀ, ਵੱਡੀ ਸਵਾਤ ਕਦੋਂ ਦੀ ਢਹਿ ਚੁੱਕੀ ਸੀ. ਇਸ ਸਵਾਤ ਹੇਠ ਉਹ ਬਚਪਨ ਤੋਂ ਲੈ ਕੇ ਜੁਆਨੀ ਤੱਕ ਮੰਜਾ ਡਾਹ ਕੇ ਸੌਂਦਾ ਰਿਹਾ ਸੀ. ਇਕ ਵਾਰ ਉਹ ਸਵਾਤ ਵਿਚ ਬੈਠਾ ਲੈਂਪ ਜਗਾ ਕੇ ਰਾਤ ਨੂੰ \'ਪ੍ਰੀਤੋ\' ਨੂੰ ਚਿੱਠੀ ਲਿਖ ਰਿਹਾ ਸੀ. ਘਰਦੇ ਅਨਪੜ ਹੋਣ ਕਰਕੇ ਇਹ ਹੀ ਸਮਝ ਰਹੇ ਸਨ ਕਿ ਹਰਦੇਵ ਸਿਉਂ ਪੜ ਰਿਹਾ ਹੈ. ਪਰ ਜਦ ਉਸ ਦਾ ਫ਼ੌਜੀ ਚਾਚਾ ਉਸ ਕੋਲ ਆਇਆ ਤਾਂ ਹਰਦੇਵ ਨੂੰ ਲੈਂਪ ਦੇ ਚਾਨਣ ਅੱਗੇ ਬੈਠੇ ਨੂੰ ਚਾਚੇ ਆਏ ਦਾ ਪਤਾ ਨਾ ਚੱਲਿਆ. ਉਸ ਦੇ ਭਾਅ ਦਾ ਤਾਂ ਬਾਪੂ ਜਾਂ ਬੇਬੇ ਹੀ ਆਈ ਸੀ. ਉਹ ਚਿੱਠੀ ਲਿਖਣ ਵਿਚ ਹੀ ਮਘਨ ਰਿਹਾ ਤਾਂ ਚਾਚੇ ਨੇ ਪੜ ਕੇ ਪੁੱਛ ਹੀ ਲਿਆ, \"ਆਹ, ਪੜਾਈ ਕਰਦੈਂ ਜਾਂ ਆਸ਼ਕੀ ਮਾਸ਼ੂਕੀ ਹੁੰਦੀ ਐ ਉਏ...?\" ਤੇ ਹਰਦੇਵ ਨੂੰ ਉਸ ਨੇ ਉਸ ਦੀ ਹਾਕੀ ਨਾਲ ਹੀ ਕੁੱਟ ਦਿੱਤਾ ਸੀ. ਚਾਚਾ ਉਸ ਨੂੰ ਘਤਿੱਤਾਂ ਤੋਂ ਰੋਕਦਾ ਅਤੇ ਪੜਨ ਲਈ ਆਖਦਾ ਸੀ. ਪਰ ਉਹ ਚਾਚੇ ਦੇ ਚਰਨ ਫੜ ਕੇ ਇਹ ਗੱਲ ਘਰਦਿਆਂ ਤੋਂ ਛੁਪਾਉਣ ਵਿਚ ਕਾਮਯਾਬ ਰਹਿ ਗਿਆ ਸੀ. ਉਸ ਨੇ ਚਾਚੇ ਅੱਗੇ ਕਸਮ ਖਾਧੀ, ਵਾਅਦਾ ਕੀਤਾ ਸੀ ਕਿ ਅੱਗੇ ਤੋਂ ਉਹ, ਪ੍ਰੀਤੋ ਨੂੰ ਚਿੱਠੀ ਪੱਤਰ ਤਾਂ ਕੀ ਲਿਖਣਾ ਸੀ? ਬੁਲਾਵੇਗਾ ਵੀ ਨਹੀਂ! ਪਰ ਪ੍ਰੀਤੋ ਨੂੰ ਉਹ ਕਿਵੇ ਭੁੱਲ ਸਕਦਾ ਸੀ...? ਪ੍ਰੀਤੋ ਵਿਚ ਦੀ ਤਾਂ ਉਸ ਨੂੰ ਸਾਹ ਆਉਂਦਾ ਸੀ! ਪ੍ਰੀਤੋ ਤਾਂ ਉਸ ਦੀ ਰੂਹ ਸੀ. ਉਸ ਦੀ ਜਿੰਦ ਸੀ. ਉਸ ਦਾ ਵਜੂਦ ਸੀ. ਉਸ ਦਾ ਸਭ ਕੁਝ ਸੀ. ਜੇ ਪ੍ਰੀਤੋ ਹੀ ਛੱਡ ਦਿੱਤੀ, ਤਾਂ ਇਸ ਜੱਗ \'ਤੇ ਕਾਹਦਾ ਜਿਉਣਾ ਰਹਿ ਗਿਆ? ਉਸ ਨੂੰ ਮਿਰਗ ਨੈਣਾਂ ਵਾਲੀ ਪ੍ਰੀਤੋ ਦੀ ਪਹਿਲੀ ਮਿਲਣੀ ਕਦੇ ਨਹੀਂ ਭੁੱਲੀ ਸੀ. ਇੰਗਲੈਂਡ ਵਿਚ ਵੀ ਯਾਦ ਆਉਂਦੀ ਰਹੀ ਸੀ.
ਹਰਦੇਵ ਮੋਗੇ ਡੀ. ਐੱਮ. ਕਾਲਜ ਵਿਚ ਦਾਖ਼ਲ ਹੋਇਆ ਸੀ ਅਤੇ ਪ੍ਰੀਤੋ ਦਸਵੀਂ ਵਿਚ ਸੀ. ਇਕ ਦਿਨ ਉਹ ਪ੍ਰੀਤੋ ਕੇ ਘਰ ਅੱਗੋਂ ਦੀ ਬਣ-ਠਣ ਕੇ ਸਾਈਕਲ \'ਤੇ ਕਾਲਜ ਜਾ ਰਿਹਾ ਸੀ ਕਿ ਪ੍ਰੀਤੋ ਅੰਦਰੋਂ ਗੰਦੇ ਪਾਣੀ ਦੀ ਬਾਲਟੀ ਡੋਲਣ ਬਾਹਰ ਆਈ. ਤੇਜ਼ੀ ਵਿਚ ਉਸ ਨੇ ਗੰਦਾ ਪਾਣੀ ਦੂਰੋਂ ਹੀ ਡੋਲਿਆ ਤਾਂ ਸਾਈਕਲ \'ਤੇ ਲੰਘਦੇ ਹਰਦੇਵ ਦੀ ਸਾਰੀ ਪੈਂਟ ਅਤੇ ਜੁੱਤੀ ਗੱਚ ਹੋ ਗਈ. ਉਸ ਦੀ ਸਾਰੀ ਟੌਹਰ ਘੱਟੇ ਵਿਚ ਰੁਲ ਗਈ. ਉਹ ਦੁਖੀ ਹੋਇਆ ਕੁੜੀ \'ਤੇ ਵਰ ਪਿਆ...!
-\"ਕੁੜੀਏ ਮੱਤ ਮਾਰੀ ਐ ਤੇਰੀ...? ਕੋਈ ਲੰਘਦਾ ਟੱਪਦਾ ਤਾਂ ਦੇਖ ਲਿਆ ਕਰ...! ਸਾਰੀ ਪੈਂਟ ਦਾ ਨਾਸ ਮਾਰ ਕੇ ਰੱਖਤਾ...ਯਧ-ਕਮਲੀ ਨਾ ਹੋਵੇ ਤਾਂ...!\" ਹਰਦੇਵ ਨੇ ਦਿਲ ਦੀ ਭੜਾਸ ਕੱਢ ਮਾਰੀ ਅਤੇ ਉਤਰ ਕੇ ਪੈਂਟ ਝਾੜਨ ਲੱਗ ਪਿਆ.
-\"ਵੇ ਦੇਵ...! ਕਾਲਜ ਈ ਚੱਲਿਐਂ! ਕਿਤੇ ਡੋਲਾ ਵਿਆਹੁੰਣ ਤਾਂ ਨੀ ਚੱਲਿਆ ਬਈ ਗਿੱਲੀ ਪੈਂਟ ਦੇਖ ਕੇ ਸਾਲੀਆਂ ਟਿੱਚਰਾਂ ਕਰਨਗੀਆਂ? ਤੂੰ ਤਾਂ ਇਉਂ ਭੂਸਰ ਗਿਆ-ਜਿਵੇਂ ਮੈਂ ਕੋਈ ਬਦਸ਼ਗਨੀ ਕਰਤੀ ਹੁੰਦੀ ਐ...?\" ਕੁੜੀ ਦੀਆਂ ਬਲੌਰੀ ਅੱਖਾਂ ਦੀ ਤਿਰਛੀ ਤੱਕਣੀਂ ਹਰਦੇਵ ਦੇ ਸੀਨੇ ਵਿਚੋਂ ਦੀ ਗਰਮ ਸਰੀਏ ਵਾਂਗ ਆਰ-ਪਾਰ ਲੰਘ ਗਈ. ਉਹ ਹਾਰੇ ਹੋਏ ਜੁਆਰੀਏ ਵਾਂਗ ਝੂਠਾ ਜਿਹਾ ਹੀ ਤਾਂ ਹੋ ਗਿਆ ਸੀ. ਕੋਲ ਕੁਝ ਕਹਿਣ ਲਈ ਨਹੀਂ ਬਚਿਆ ਸੀ. ਦੁਸ਼ਮਣ ਦੇ ਘੇਰੇ ਵਿਚ ਆਏ ਫ਼ੌਜੀ ਵਾਂਗ ਹਰਦੇਵ ਹਥਿਆਰ ਸੁੱਟਣ ਲਈ ਮਜ਼ਬੂਰ ਸੀ! ਹਥਿਆਰ ਸੁੱਟਣ ਬਿਨਾ ਕੋਈ ਚਾਰਾ ਵੀ ਨਹੀਂ ਸੀ. ਪਰ ਪ੍ਰੀਤੋ ਦੀ ਸੋਹਣੀ ਸ਼ਕਲ ਸੂਰਤ ਉਸ ਦੇ ਤਨ-ਮਨ ਅੰਦਰ ਬਿਜਲੀ ਦੇ ਝਟਕੇ ਵਾਂਗ ਉਤਰ ਗਈ ਸੀ! ਉਹ ਕਮਲਾ ਹੀ ਤਾਂ ਹੋ ਗਿਆ ਸੀ!
ਪ੍ਰੀਤੋ ਦੇ ਮਾਂ-ਬਾਪ ਕਿਸੇ ਬਾਹਰਲੇ ਪਿੰਡੋਂ ਆ ਕੇ ਇਸ ਪਿੰਡ ਵਿਚ ਵਸੇ ਸਨ. ਪ੍ਰੀਤੋ ਦਾ ਇਕ ਛੋਟਾ ਭਾਈ ਨੀਟੂ ਵੀ ਸੀ. ਜੱਦੀ-ਪੁਸ਼ਤੀ ਦੁਸ਼ਮਣੀ ਹੋਣ ਕਾਰਨ ਇਸ ਮੱਧ-ਵਰਗੀ ਪ੍ਰੀਵਾਰ ਨੇ ਆਪਣੇ ਪਿੰਡੋਂ ਆਪਣੀ ਜ਼ਮੀਨ ਵੇਚ ਕੇ ਇਸ ਪਿੰਡ ਵਿਚ ਆ ਜ਼ਮੀਨ ਖਰੀਦੀ ਸੀ. ਪ੍ਰੀਤੋ ਦੇ ਬਾਪ ਨੂੰ ਉਸ ਦੇ ਘਰਾਂ \'ਚੋਂ ਲੱਗਦੇ ਸੁਹਿਰਦ ਭਰਾ ਜੱਗਰ ਨੇ ਮੱਤ ਦਿੱਤੀ ਸੀ, \"ਬੰਤ ਸਿਆਂ! ਤੇਰੇ ਇੱਕੋ ਇਕ ਪੁੱਤ ਐ-ਪੁੱਤੀਂ ਗੰਢ ਪਵੇ ਸੰਸਾਰ! ਰੱਬ ਉਹਨੂੰ ਰਾਜੀ ਖੁਸ਼ੀ ਰੱਖੇ-ਹੁਣ ਤੂੰ ਇਉਂ ਕਰ-ਐਸ ਪਿੰਡੋਂ ਜ਼ਮੀਨ ਵੇਚ ਕੇ ਕਿਸੇ ਹੋਰ ਪਿੰਡ ਜਾ ਵਸ-ਤੇਰਾ \'ਕੱਲਾ \'ਕੱਲਾ ਪੁੱਤ ਐ-ਰੱਬ ਤੋਂ ਸੁੱਖਾਂ ਸੁਖ ਸੁਖ ਮਸਾਂ ਲਿਐ-ਗੁਰੂ ਬਾਬਾ ਇਹਦੀ ਲੰਮੀ ਉਮਰ ਕਰੇ! ਸ਼ਰੀਕਾਂ ਨੇ ਤੈਨੂੰ ਸ਼ਾਂਤੀ ਨਾਲ ਜਿਉਣ ਨੀ ਦੇਣਾ! ਆਬਦੇ \'ਕੱਲੇ \'ਕੱਲੇ ਪੁੱਤ ਦਾ ਖ਼ਿਆਲ ਕਰ! ਕੁਛ ਨੀ ਧਰਿਆ ਪਿਆ ਦੁਸ਼ਮਣੀਆਂ \'ਚ! ਰੱਬ ਨਾ ਕਰੇ, ਇਕ ਮਰੂ, ਦੂਜਾ ਫ਼ਾਹੇ ਲੱਗੂ? ਕੀ ਖੱਟਿਆ? ਤਬਾਹੀ...! ਘਰ ਤਾਂ ਉਜੜਜੂ ਨਾ ਫੇਰ? ਪਿਛਲੇ ਊਂ ਰੁਲ ਖੁਲ ਜਾਣਗੇ-ਸਿਆਣਾ ਬਣ ਤੇ ਐਸ ਪਿੰਡੋਂ ਕਿਨਾਰਾ ਕਰਜਾ! ਬੀਹ ਰਹੇਂਗਾ...!\" ਤੇ ਘਰਾਂ \'ਚੋਂ ਲੱਗਦੇ ਸਿਆਣੇ ਭਰਾ ਜੱਗਰ ਦੀ ਸਲਾਹ ਮੰਨ ਕੇ ਪ੍ਰੀਤੋ ਦੇ ਬਾਪੂ ਬੰਤ ਸਿੰਘ ਨੇ ਆਪਣੀ ਬੰਦੂਖ ਮੋਢਿਓਂ ਲਾਹ ਕੇ ਰੱਖ ਦਿੱਤੀ ਅਤੇ ਪਿੰਡੋਂ ਆਪਣੀ ਪੈਲੀ ਵੇਚ ਹਰਦੇਵ ਦੇ ਪਿੰਡ ਆ ਵਸੇਬਾ ਕੀਤਾ ਸੀ. ਜੱਦੀ ਪੁਸ਼ਤੀ ਪੈਲੀ ਵੇਚਣ ਵੇਲੇ ਲੋਕਾਂ ਨੇ ਬੜੇ ਤਾਹਨੇ ਮਿਹਣੇ ਕਸੇ ਸਨ, \"ਬੰਤ ਸਿਉਂ ਡਰਾਕਲ ਸੀ-ਡਰ ਗਿਆ...!\" ਪਰ ਉਸ ਨੇ ਕਿਸੇ ਗੱਲ ਦੀ, ਕਿਸੇ ਤਰਕ ਦੀ ਪ੍ਰਵਾਹ ਨਾ ਕੀਤੀ. ਕੰਨ ਨਾ ਧਰਿਆ. ਇਕ ਜੱਗਰ ਦੀ ਗੱਲ ਉਸ ਦੇ ਦਿਲ ਲੱਗ ਗਈ ਸੀ, \"ਬੰਤ ਸਿਆਂ, ਤੂੰ ਦੁਸ਼ਮਣਾਂ ਦਾ ਸਾਰਾ ਕੋੜਮਾਂ ਮਾਰ ਕੇ ਫ਼ਾਹੇ ਚੜਜਾ-ਦੁਨੀਆਂ ਨੇ ਤੈਨੂੰ ਫੇਰ ਵੀ ਸ਼ਾਬਾਸ਼ੇ ਨੀ ਦੇਣੀ...!\" ਤੇ ਉਹ ਕੰਨ ਅਤੇ ਅੱਖਾਂ ਮੁੰਦ ਕੇ, ਸਾਰਾ ਕੁਝ ਵੇਚ-ਵੱਟ ਕੇ ਆ ਗਿਆ ਸੀ.
-\"ਵੇ ਭਾਈ ਹਰਦੇਵ ਸਿਉਂ ਐ...?\" ਕਿਸੇ ਬਿਰਧ ਮਾਈ ਨੇ ਹਰਦੇਵ ਦੀ ਬਿਰਤੀ ਉਖੇੜੀ. ਉਹ ਦਰਵਾਜਾ ਖੁੱਲਾ ਦੇਖ ਕੇ ਅੰਦਰ ਆ ਗਈ ਸੀ. ਸੂਰਜ ਦਾ ਚੜਾਅ ਹੋ ਗਿਆ ਸੀ. ਮਾਈ ਦੀਆਂ ਬਿਰਧ, ਬੁਝੀਆਂ ਅੱਖਾਂ \'ਚ ਖ਼ੁਸ਼ੀ ਲਿਸ਼ਕ ਪਈ ਸੀ.
-\"ਆਹੋ ਤਾਈ! ਤਕੜੀ ਐਂ...?\" ਹਰਦੇਵ ਨੇ ਗੁਆਂਢਣ ਤਾਈ ਦੇ ਪੈਰੀਂ ਹੱਥ ਲਾਏ. ਤਾਈ ਨੇ ਅਸੀਸ ਦੇ ਕੇ ਹਰਦੇਵ ਨੂੰ ਛਾਤੀ ਨਾਲ ਲਾ ਕੇ ਘੁੱਟ ਲਿਆ. ਤਾਈ ਵਿਚੋਂ ਉਸ ਨੂੰ ਬੇਬੇ ਵਰਗਾ ਨਿੱਘ ਹੀ ਤਾਂ ਆਇਆ ਸੀ! ਨਿੱਕਾ ਹੁੰਦਾ ਉਹ ਇਹਨਾਂ ਦੇ ਵਿਹੜੇ ਵਿਚ ਤਾਂ ਖੇਡਦਾ ਰਿਹਾ ਸੀ. ਸ਼ਰਾਰਤਾਂ ਕਰਦਾ ਰਿਹਾ ਸੀ.
-\"ਹੋਰ ਪੁੱਤ, ਤੇਰਾ ਮਹੈਣ ਤਾਂ ਤਕੜੈ...?\" ਤਾਈ ਦੇ ਬੋਲਾਂ ਵਿਚ ਹੰਝੂ ਬੋਲੇ.
-\".........!\" ਬੋਲਿਆ ਹਰਦੇਵ ਤੋਂ ਵੀ ਨਾ ਗਿਆ. ਮਨ ਉਸ ਦਾ ਵੀ ਭਾਰਾ ਹੋ ਗਿਆ ਸੀ. ਭਰੇ ਗਲ ਨਾਲ ਉਸ ਨੇ ਸਿਰ ਹਿਲਾ ਕੇ ਹੀ ਹੁੰਗਾਰਾ ਜਿਹਾ ਭਰਿਆ ਅਤੇ ਚਿਹਰਾ ਨੀਵਾਂ ਕਰ ਕੇ ਭਰੀਆਂ ਅੱਖਾਂ ਪੂੰਝ ਲਈਆਂ.
-\"ਬੱਸ ਪੁੱਤ...! ਰੋਣਾ ਕਾਹਤੋਂ...? ਐਮੇ ਨੀ ਰੋਈਦਾ ਹੁੰਦਾ! ਹੈ ਕਮਲਾ ਪੁੱਤ...!\" ਤਾਈ ਖ਼ੁਦ ਅੱਖਾਂ ਪੂੰਝਦੀ ਆਖ ਰਹੀ ਸੀ. ਹਰਦੇਵ ਤਾਈ ਦੇ ਗਲ ਬੱਚੇ ਵਾਂਗ ਲੱਗਿਆ ਨਹੀਂ, ਇਕ ਤਰਾਂ ਚਿੰਬੜਿਆ ਹੋਇਆ ਸੀ. ਉਸ ਨੂੰ ਤਾਈ ਦੇ ਪਿੰਡੇ ਵਿਚੋਂ ਆਉਂਦੀ ਪਸੀਨੇ ਦੀ ਹੌਂਕ ਵੀ ਮਿੱਠੀ-ਮਿੱਠੀ ਜਿਹੀ ਲੱਗੀ ਸੀ. ਤਾਈ ਦਾ ਪਿੰਜਰ ਸਰੀਰ ਪਿਆਰਾ-ਪਿਆਰਾ ਜਿਹਾ ਜਾਪਿਆ ਸੀ. ਉਸ ਦੀਆਂ ਚੁਭਦੀਆਂ ਹੱਡੀਆਂ ਵਿਚੋਂ ਅਜੀਬ ਸਕੂਨ ਆਇਆ ਸੀ. ਤਾਈ ਵਿਚੋਂ ਉਸ ਨੂੰ ਮਾਂ ਹੀ ਤਾਂ ਨਜ਼ਰ ਆ ਰਹੀ ਸੀ. ਘਰਾਂ \'ਚੋਂ ਲੱਗਦੀ ਤਾਈ ਵੀ ਉਸ ਨੂੰ ਦਿਲੋਂ ਮੋਹ ਕਰਦੀ ਸੀ.
-\"ਤੂੰ ਠਹਿਰ ਪੁੱਤ ਮਾੜਾ ਜਿਆ! ਪਹਿਲਾਂ ਮੈਂ ਤੇਰੇ ਬੈਠਣ ਆਸਤੇ ਮੰਜਾ ਲੈ ਕੇ ਆਉਨੀ ਐਂ ਤੇ ਫੇਰ ਤੇਰੇ ਕੁਛ ਖਾਣ ਪੀਣ ਦਾ ਪ੍ਰਬੰਧ ਕਰਦੀ ਐਂ!\"
-\"ਨਹੀਂ ਤਾਈ ਰਹਿਣ ਦੇ...!\" ਉਸ ਨੇ ਤਾਈ ਨੂੰ ਰੋਕਣਾ ਚਾਹਿਆ.
ਪਰ ਤਾਈ ਜਾ ਚੁੱਕੀ ਸੀ.
ਉਸ ਨੇ ਆਪਣੇ ਪੋਤਿਆਂ ਹੱਥ ਕੁਰਸੀ, ਮੇਜ਼ ਅਤੇ ਦੋ ਮੰਜੇ ਭੇਜ ਦਿੱਤੇ.
-\"ਤੂੰ ਤਾਂ ਬਈ ਤਾਈ ਦਾ ਪੋਤਾ ਲੱਗਦੈਂ...?\" ਹਰਦੇਵ ਨੇ ਮੰਜਾ ਡਾਹ ਰਹੇ ਮੁੰਡੇ ਨੂੰ ਪੁੱਛਿਆ.
-\"ਹਾਂ ਜੀ!\" ਮੁੰਡੇ ਦੇ ਬੋਲਣ ਦਾ ਤਰੀਕਾ ਦੱਸਦਾ ਸੀ ਕਿ ਉਹ ਕਿਸੇ ਚੰਗੇ ਸਕੂਲ ਵਿਚ ਪੜਦਾ ਸੀ.
-\"ਕੀਹਦਾ ਮੁੰਡੈਂ ਤੂੰ? ਪੀਤੇ ਦਾ...?\"
-\"ਨਹੀਂ ਜੀ-ਮਾਸਟਰ ਦਾ...!\"
-\"ਅੱਛਾ...! ਪੁੱਤਰਾ ਮੈਨੂੰ ਤਾਂ ਗਏ ਨੂੰ ਤੀਹ ਸਾਲ ਹੋਗੇ ਐਥੋਂ-ਮੈਂ ਤੈਨੂੰ ਕਿੱਥੋਂ ਪਛਾਨਣਾ ਸੀ? ਤੂੰ ਤਾਂ ਜੰਮਿਆਂ ਵੀ ਮੈਥੋਂ ਬਾਅਦ ਈ ਹੋਵੇਂਗਾ!\" ਹਰਦੇਵ ਨੇ ਕਿਹਾ.
ਮੁੰਡਾ ਹੱਸ ਪਿਆ.
-\"ਤੂੰ ਭਤੀਜ ਅੱਜ ਇਉਂ ਕਰੀਂ! ਸਕੂਲ ਜਾਣ ਤੋਂ ਪਹਿਲਾਂ ਕਿਸੇ ਮਜਬਣ ਨੂੰ \'ਵਾਜ ਮਾਰਜੀਂ-ਸਫ਼ਾਈ ਸਫ਼ੂਈ ਕਰਦੂ ਘਰ ਦੀ-ਬਾਹਲਾ ਈ ਬੁਰਾ ਹਾਲ ਹੋਇਆ ਪਿਐ! ਮਾਰਦੇਂਗਾ ਨਾ \'ਵਾਜ ਕਿਸੇ ਨੂੰ...?\"
-\"ਮਾਰਦੂੰਗਾ ਜੀ...!\" ਤੇ ਉਹ ਚਲਾ ਗਿਆ.
ਜਿਉਂ-ਜਿਉਂ ਹਰਦੇਵ ਆਏ ਦਾ ਪਿੰਡ ਵਿਚ ਪਤਾ ਚੱਲਦਾ ਗਿਆ, ਪਿੰਡ ਵਾਲੇ ਡਾਰ ਬਣਾ ਕੇ ਵਹੀਰਾਂ ਘੱਤ ਆਉਂਦੇ ਰਹੇ. ਮਜਬਣ ਸਫ਼ਾਈ ਕਰਨ \'ਤੇ ਲੱਗੀ ਹੋਈ ਸੀ. ਹਰਦੇਵ ਨੇ ਢਹੀਆਂ ਖੁਰਲੀਆਂ ਅਤੇ ਮਾੜੀ ਮੋਟੀ ਖੜੀ ਸਵਾਤ ਵੀ ਮੁੰਡਿਆਂ ਤੋਂ ਢੁਹਾ ਕੇ ਪੱਧਰ ਕਰਵਾ ਲਈ ਸੀ. ਘਾਹ ਫ਼ੂਸ ਪੱਟ ਕੇ ਹੂੰਝ ਧਰਿਆ ਸੀ. ਵਿਹੜੇ ਵਿਚ ਪਾਣੀ ਦਾ ਛਿੜਕਾਅ ਕਰਵਾ ਕੇ ਘਰ ਬਾਹਵਾ ਬੈਠਣ ਉਠਣ ਜੋਕਰਾ ਕਰ ਲਿਆ ਸੀ. ਨਲਕੇ ਦੀ ਨਵੀਂ ਬੋਕੀ ਪੁਆ ਕੇ ਪਾਣੀ ਕੱਢ ਲਿਆ. ਮਾਸਟਰ ਕੇ ਘਰੋਂ ਬਿਜਲੀ ਦੀ ਆਰਜ਼ੀ ਤਾਰ ਲੈ ਲਈ ਅਤੇ ਨੀਲੂ ਤੋਂ ਤਿੰਨ ਬੱਲਬ ਫ਼ਿੱਟ ਕਰਵਾ ਲਏ. ਘਰ ਵਸਦਿਆਂ \'ਚ ਜਾਪਣ ਲੱਗ ਪਿਆ.
ਪਿੰਡ ਦੇ ਲੋਕ ਉਸ ਨੂੰ ਸਾਰੀ ਦਿਹਾੜੀ ਮਿਲਣ ਆਉਂਦੇ ਰਹੇ. ਦੁਖ ਸੁਖ ਕਰਦੇ ਰਹੇ. ਦੁਪਿਹਰ ਦੀ ਰੋਟੀ ਤਾਈ ਦੇ ਘਰੋਂ ਹੀ ਆ ਗਈ ਸੀ. ਤਾਈ ਨੇ ਉਸ ਨੂੰ ਹਦਾਇਤ ਕੀਤੀ ਸੀ ਕਿ ਜਿੰਨੀ ਦੇਰ ਉਹ ਪਿੰਡ ਰਹੇਗਾ, ਰੋਟੀ ਤਾਈ ਦੇ ਘਰੋਂ ਹੀ ਖਾਵੇਗਾ. ਕਿੰਨਾ ਚੰਗਾ-ਚੰਗਾ ਲੱਗ ਰਿਹਾ ਸੀ ਉਸ ਨੂੰ ਆਪਣਾ ਪਿੰਡ? ਇਸ ਪਿੰਡ ਵਿਚ ਲੰਡਨ ਵਾਂਗ ਖ਼ੁਦਗਰਜ਼ ਲੋਕ ਨਹੀਂ ਵਸਦੇ ਸਨ. ਲੰਡਨ ਤਾਂ ਘੁੱਗ ਵਸਦਾ ਵੀ ਉਸ ਨੂੰ ਉਜੜਿਆ-ਉਜੜਿਆ ਜਿਹਾ ਜਾਪਦਾ. ਜਿੱਥੇ ਬੰਦੇ ਦਾ ਕੋਈ ਹਾਲ ਚਾਲ ਪੁੱਛਣ ਵਾਲਾ ਵੀ ਨਹੀਂ. ਮਸ਼ੀਨਾਂ ਨਾਲ ਮਸ਼ੀਨ ਅਤੇ ਕੰਪਿਊਟਰਾਂ ਨਾਲ ਕੰਪਿਊਟਰ ਹੋਈ ਦੁਨੀਆਂ! ਤੇਜ਼ ਰੌਸ਼ਨੀਆਂ ਅਤੇ ਖੋਖਲੇ ਦਿਮਾਗ! ਹਰ ਪਾਸੇ ਆਪੋ ਧਾਪੀ! ਚਤਰ ਚਲਾਕ ਅਤੇ ਬੇਹੱਦ ਮਸ਼ਰੂਫ਼ ਦੁਨੀਆਂ! ਹੋਰ ਤਾਂ ਹੋਰ, ਇੰਗਲੈਂਡ ਵਿਚ ਤਾਂ ਮਰੇ ਮਾਨੁੱਖ ਦੀਆਂ ਅੰਤਿਮ ਰਸਮਾਂ ਵੀ ਐਤਵਾਰ ਨੂੰ ਹੀ ਪੂਰੀਆ ਕੀਤੀਆਂ ਜਾਂਦੀਆਂ ਹਨ. ਯਾਰਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਦੋ ਮਿੰਟ ਅਫ਼ਸੋਸ ਕੀਤਾ ਤੇ ਬੱਸ...! ਆਪੋ ਆਪਣੇ ਘਰੋ ਘਰੀ ਚਲੇ ਗਏ! ਵਸਣਾ ਤਾਂ ਪਿੰਡਾਂ ਦਾ ਹੈ. ਜਿੱਥੇ ਦੁਖ-ਸੁਖ ਮੌਕੇ ਹਰ ਬੰਦਾ ਥੰਮ ਬਣ ਕੇ ਨਾਲ ਆ ਖੜਦਾ ਹੈ.
ਦਿਨ ਦਾ ਛੁਪਾਅ ਹੋਇਆ ਤਾਂ ਹਰਦੇਵ ਨੇ ਤਾਈ ਦੇ ਪੋਤੇ ਨੂੰ ਬੁਲਾਇਆ.
-\"ਕੀ ਨਾਂ ਐਂ ਸ਼ੇਰਾ ਤੇਰਾ...?\"
-\"ਪ੍ਰੀਤ ਐ ਜੀ!\"
-\"ਗੱਲ ਸੁਣ ਬਈ ਪ੍ਰੀਤ! ਇਹ ਦੱਸ ਬਈ ਐਥੋਂ ਕਿਤੋਂ ਬੋਤਲ ਛੋਤਲ ਮਿਲੂ ਕਿ ਨਹੀਂ?\"
-\"ਬੋਤਲ ਤਾਂ ਬੱਧਨੀਓਂ ਈ ਮਿਲੂ ਜੀ!\"
-\"ਲਿਆ ਸਕਦੈਂ? ਹੈ ਕੋਈ ਸਕੂਟਰ ਸਕਾਟਰ ਕੋਲੇ?\"
-\"ਹੈਗੈ ਜੀ! ਪਰ ਡੈਡੀ ਨੂੰ ਪੁੱਛਣਾ ਪਊ.\"
-\"ਜਾਹ ਆਬਦੇ ਡੈਡੀ ਨੂੰ ਲਿਆ ਬੁਲਾ ਕੇ...!\"
ਮੁੰਡਾ ਡੈਡੀ ਨੂੰ ਬੁਲਾਉਣ ਚਲਾ ਗਿਆ.
-\"ਲੈ ਬਈ ਛੋਟੇ ਭਾਈ-ਭਤੀਜ ਨੂੰ ਦੇਹ ਸਕੂਟਰ-ਇਹਨੇ ਬੱਧਨੀਓਂ ਮੇਰੀ ਦੁਆਈ ਲੈ ਕੇ ਆਉਣੀ ਐਂ!\"
ਸਕੂਟਰ ਮਿਲ ਗਿਆ. ਦੁਆਈ ਇਕ ਨਹੀਂ, ਪੰਜ ਆ ਗਈਆਂ! ਪੂਰੀਆਂ ਪੰਜ ਬੋਤਲਾਂ ਮੰਗਵਾਈਆਂ ਸਨ ਹਰਦੇਵ ਨੇ. ਕਿੱਥੇ ਬਿੰਦੇ-ਬਿੰਦੇ ਭੱਜੇ ਫ਼ਿਰਾਂਗੇ? ਤਾਜ਼ੇ ਪਾਣੀ ਨਾਲ ਉਸ ਨੇ ਅਤੇ ਮਾਸਟਰ ਨੇ ਦਾਰੂ ਝੋਅ ਲਈ. ਉਹ ਵੱਡੀ ਰਾਤ ਤੱਕ ਪੀਂਦੇ ਰਹੇ. ਸਾਰੇ ਪਿੰਡ ਦੇ ਲੋਕਾਂ ਦੀਆਂ ਗੱਲਾਂ ਚੱਲਦੀਆਂ-ਚੱਲਦੀਆਂ ਆਖਰ \'ਪ੍ਰੀਤੋ\' \'ਤੇ ਆ ਕੇ ਖੜ ਗਈਆਂ.
-\"ਕੀ ਗੱਲ ਦੱਸਾਂ ਬਾਈ ਦੇਵ...?\" ਮਾਸਟਰ ਨੇ ਗੱਲ ਚਲਾਈ, \"ਪ੍ਰੀਤੋ ਵਿਚਾਰੀ ਨਾਲ ਤਾਂ ਬਾਹਲਾ ਈ ਧੱਕਾ ਹੋਇਆ!\" ਆਖ ਕੇ ਉਸ ਨੇ ਹਰਦੇਵ ਦੇ ਸੀਨੇ ਬਰਛੀ ਮਾਰੀ.
-\"ਕਿਉਂ...? ਕੀ ਗੱਲ ਹੋਗੀ....?\"
ਪੈੱਗ ਪੀਂਦਿਆਂ ਮਾਸਟਰ ਨੇ ਪ੍ਰੀਤੋ ਦੀ ਕਹਾਣੀ ਦੱਸਣੀ ਸ਼ੁਰੂ ਕੀਤੀ.......