ਬੈਲਜ਼ੀਅਮ ਵਿੱਖੇ ਮਨਾਇਆ ਗਿਆ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ

ਬਾਪੂ ਸੂਰਤ ਸਿੰਘ ਦੇ ਸੰਘਰਸ਼ ਨੂੰ ਭਾਰੀ ਹਿਮਾਇਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਲ ਖ਼ਾਲਸਾ ਅਤੇ ਬੱਬਰ ਖ਼ਾਲਸਾ ਬੈਲਜ਼ੀਅਮ ਵੱਲੋਂ ਭਾਈ ਦਿਲਾਵਰ ਸਿੰਘ ਬੱਬਰ ਦਾ 20ਵਾਂ ਸ਼ਹੀਦੀ ਦਿਹਾੜਾ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਟਲੀ 'ਤੋਂ ਵਿਸ਼ੇਸ਼ ਤੌਰ ਤੇ ਆਏ ਭਾਈ ਮੇਜਰ ਸਿੰਘ ਦੇ ਢਾਡੀ ਜਥੇ ਨੇ ਬੀਰ ਰਸੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਢਾਡੀ ਜਥੇ ਉਪਰੰਤ ਯੂਰਪ ਭਰ ਵਿੱਚੋ ਪਹੁੰਚੇ ਪੰਥਕ ਆਗੂਆਂ ਨੇ ਅਪਣੇ ਸੰਬੋਧਨ ਵਿੱਚ ਸ਼ਹੀਦ ਦਿਲਾਵਰ ਸਿੰਘ ਬੱਬਰ ਅਤੇ ਬਾਪੂ ਸੂਰਤ ਸਿੰਘ ਦੇ ਜਵਾਈ ਭਾਈ ਸਤਵਿੰਦਰ ਸਿੰਘ ਭੋਲੇ ਨੂੰ ਸ਼ਰਧਾਜ਼ਲੀ ਭੇਟ ਕਰਦਿਆਂ ਸਿੱਖ ਕੌਂਮ ਦੀਆਂ ਮੌਜੂਦਾ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ। ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਅਪਣੇ ਸੰਬੋਧਨ ਵਿੱਚ ਆਖਿਆ ਕਿ ਜੇਕਰ ਭਾਰਤ ਵਿੱਚ ਘੱਟ ਗਿਣਤੀਆਂ ਲਈ ਬਰਾਬਰ ਦਾ ਕਾਨੂੰਨ ਹੁੰਦਾਂ ਤਾਂ ਨਵੰਬਰ 1984 ਦੇ ਦੋਸ਼ੀਆਂ ਨੂੰ ਹੁਣ ਤੱਕ ਸਜ਼ਾਵਾਂ ਮਿਲ ਚੁੱਕੀਆਂ ਹੁੰਦੀਆਂ। ਜਥੇਦਾਰ ਹੋਰਾਂ ਕਿਹਾ ਕਿ ਹੁਣ ਤੱਕ ਦਾ ਇਤਿਹਾਸ ਗਵਾਅ ਹੈ ਕਿ ਹਿੰਦੋਸਤਾਨ ਵਿੱਚ ਫਾਂਸੀਆਂ ਸਿਰਫ ਘੱਟ ਗਿਣਤੀਆਂ ਲਈ ਹੀ ਰਾਖਵੀਆਂ ਹਨ। ਬੱਬਰ ਖਾਲਸਾ ਆਗੂ ਨੇ ਆਖਿਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਜਲੀਲ ਕਰਨ ਵਿੱਚ ਕੋਈ ਕਸ਼ਰ ਬਾਕੀ ਨਹੀ ਛੱਡੀ ਇਸ ਲਈ ਹੁਣ ਕੌਂਮ ਨੂੰ ਅਪਣੇ ਅਜ਼ਾਦ ਘਰ 'ਤੋਂ ਘੱਟ ਕੁੱਝ ਵੀ ਮਨਜੂਰ ਨਹੀ ਜਿਸ ਲਈ ਸਾਰੀਆਂ ਜਥੇਬੰਦੀਆਂ ਨੂੰ ਇੱਕਮੁੱਠ ਹੋ ਕੇ ਇਸ ਜੱਦੋਜਹਿਦ ਨੂੰ ਅੱਗੇ ਵਧਾਉਣਾ ਚਾਹੀਦਾਂ ਹੈ। ਸਵਿੱਟਜ਼ਰਲੈਂਡ 'ਤੋਂ ਆਏ ਭਾਈ ਪ੍ਰਿਤਪਾਲ ਸਿੰਘ ਖ਼ਾਲਸਾ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਬਜਿੱਦ ਬਾਦਲ ਸਰਕਾਰ ਦੀ ਨਿੰਦਾਂ ਕਰਦਿਆਂ ਕਿਹਾ ਕਿ ਅਖੌਤੀ ਪੰਥਕ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨ ਦੀ ਬਜਾਏ ਸਾਂਤਮਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ ਅਤੇ ਉਹਨਾਂ ਦੇ ਹਿਮਾਇਤੀਆਂ ਤੇ ਜੁਲਮ ਢਾਅ ਰਹੀ ਹੈ। ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਰਪ ਦੇ ਪ੍ਰਧਾਨ ਜਥੇਦਾਰ ਚੈਨ ਸਿੰਘ ਅਤੇ ਜਰਮਨੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਕੰਗ ਨੇ ਆਪੋ ਅਪਣੇ ਸੰਬੋਧਨਾਂ ਵਿੱਚ ਭਾਈ ਦਿਲਾਵਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਅਪੀਲ ਕੀਤੀ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਂਨ ਦੇ ਹੱਥ ਮਜਬੂਤ ਕੀਤੇ ਜਾਣ ਕਿਉਕਿ ਪੰਜਾਬ ਵਿੱਚ ਸਰਦਾਰ ਮਾਂਨ ਹੀ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਲਈ ਯਤਨਸ਼ੀਲ ਹਨ। ਭਾਈ ਹਰਜੀਤ ਸਿੰਘ ਹੌਲੈਂਡ ਨੇ ਭਾਰਤੀ ਖੁਫ਼ੀਆ ਇਜੰਸੀਆਂ ਤੇ ਦੋਸ਼ ਲਗਾਇਆ ਕਿ ਉਹਨਾਂ ਦੇ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਜਵਾਈ ਦਾ ਕਤਲ ਕਰਵਾਇਆ ਹੈ ਤਾਂ ਜੋ ਬਾਪੂ ਸੂਰਤ ਸਿੰਘ ਦੇ ਸੰਘਰਸ਼ ਨੂੰ ਕਮਜੋਰ ਕੀਤਾ ਜਾ ਸਕੇ ਪਰ ਉਹ ਬਜੁਰਗ ਅੱਜ ਵੀ ਅਪਣੇ ਨਿਸਾਂਨੇ ਤੇ ਦ੍ਰਿੜ ਹੈ ਬੇਸੱਕ ਬਹੁਤੇ ਅਖ਼ਬਾਰੀ ਸ਼ੇਰ ਉਹਨਾਂ ਨੂੰ ਭੁੱਲ ਵੀ ਚੁੱਕੇ ਹਨ। ਜਰਮਨੀ Ḕਤੋਂ ਦਲ ਖ਼ਾਲਸਾ ਆਗੂ ਭਾਈ ਸੁਰਿੰਦਰ ਸਿੰਘ ਸੇਖੋਂ ਨੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ 2020 ਵਿੱਚ ਹੋ ਰਹੇ ਰੈਫਰੰਡਮ ਲਈ ਤਿਆਰ ਰਹਿਣ ਅਤੇ ਅਪਣੇ ਜਮਹੂਰੀਅਤ ਅਧਿਕਾਰ ਦੀ ਵਰਤੋ ਕਰਦੇ ਹੋਏ ਅਪਣੀ ਅਜ਼ਾਦੀ ਲਈ ਵੋਟ ਦੀ ਵਰਤੋਂ ਕਰਨ। ਭਾਈ ਦਲਵਿੰਦਰ ਸਿੰਘ ਘੁੰਮਣ ਫਰਾਂਸ ਅਤੇ ਭਾਈ ਪ੍ਰਤਾਪ ਸਿੰਘ ਜਰਮਨੀ ਨੇ ਵੀ ਅਪਣੇ ਸੰਬੋਧਨ ਦੌਰਾਂਨ ਅਜ਼ਾਦ ਸਿੱਖ ਦੀ ਵਕਾਲਤ ਕਰਦੇ ਹੋਏ ਇੱਕਜੁਟਤਾ ਨਾਲ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਤਕਰੀਬਨ ਸਾਰੇ ਹੀ ਆਗੂਆਂ ਨੇ ਪੰਜਾਬ ਦੀ ਇੱਕ ਅਦਾਲਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭੇਜੇ ਗਏ ਸੰਮਣਾ ਦੀ ਕਰੜੀ ਨਿੰਦਾਂ ਕਰਦਿਆਂ ਇਸ ਕਾਰਵਾਈ ਨੂੰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਚਾਲ ਦੱਸਿਆ। ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਸਿੰਘਣੀ ਬੀਬੀ ਨਰਿੰਦਰ ਕੌਰ ਨੂੰ ਉਹਨਾਂ ਦੇ ਭਰਾਤਾ ਭਾਈ ਗੁਰਦੇਵ ਸਿੰਘ ਦੇਬੂ ਦੀ ਕੁਰਬਾਨੀ ਬਦਲੇ ਅਤੇ ਇੰਗਲੈਂਡ Ḕਤੋ ਆਏ ਭਾਈ ਮਨਜੀਤ ਸਿੰਘ ਹੇਲਰਾਂ ਨੂੰ ਵੀ ਉਹਨਾਂ ਦੇ ਸ਼ਹੀਦ ਭਰਾ ਦੀ ਕੁਰਬਾਨੀ ਬਦਲੇ ਸਿਰੋਪਾਉ ਬਖ਼ਸਿਸ ਕੀਤਾ ਗਿਆ। ਮੰਚ ਸੰਚਾਲਨ ਦੀ ਕਾਰਵਾਈ ਦਲ ਖ਼ਾਲਸਾ ਆਗੂ ਜਗਮੋਹਣ ਸਿੰਘ ਮੰਡ ਹੋਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਈ।