ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਤਲਾਂ, ਫਿਰੌਤੀਆਂ, ਧੀਆਂ ਭੈਣਾਂ ਦੇ ਬਲਾਤਕਾਰਾਂ ਅਤੇ ਬਜੁਰਗਾਂ 'ਤੇ ਅਣਮਨੁੱਖੀ ਤਸੱਦਦ ਲਈ ਜਿੰਮੇਬਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿਉਂ ਨੂੰ ਨਰਕਾਂ ਦੀ ਗੱਡੀ ਚਾੜ ਪੰਜਾਬ ਦੀ ਪਵਿੱਤਰ ਧਰਤੀ 'ਤੇ ਮੁੜ ਅਮਨ ਚੈਨ ਸਥਾਪਿਤ ਕਰਨ ਲਈ ਅਪਣੀ ਜਾਂਨ ਵਾਰ ਕੇ ਸਦਾ ਲਈ ਅਮਰ ਹੋ ਗਏ ਭਾਈ ਦਿਲਾਵਰ ਸਿੰਘ ਬੱਬਰ ਦੇ 20ਵੇਂ ਸ਼ਹੀਦੀ ਦਿਹਾੜੇ ਮੌਕੇ ਇੱਕ ਸ਼ਰਧਾਜ਼ਲੀ ਸਮਾਗਮ ਯੂਰਪ ਦੀ ਰਾਜਧਾਨੀ ਬਰੱਸਲਜ਼ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਸਾਹਿਬ ਵਿਲਵੋਰਦੇ ਵਿਖੇ ਕੱਲ 20 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।
ਕੱਲ ਸੁਕਰਵਾਰ ਨੂੰ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਐਤਵਾਰ 20 ਸਤੰਬਰ ਨੂੰ 10 ਵਜੇ ਪਾ ਜਾਣਗੇ। ਇਹ ਮਹਾਨ ਸ਼ਹੀਦੀ ਸਮਾਂਗਮ ਬੱਬਰ ਖਾਲਸਾ ( ਜਥੇਦਾਰ ਤਲਵਿੰਦਰ ਸਿੰਘ ) ਅਤੇ ਦਲ ਖਾਲਸਾ ਬੈਲਜ਼ੀਅਮ ਵੱਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਲਵੋਰਦੇ ਅਤੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮੇਂ ਯੂਰਪ ਭਰ ਵਿੱਚੋਂ ਪੰਥਕ ਆਗੂ ਅਤੇ ਬੁਲਾਰੇ ਸ਼ਹੀਦ ਦਿਲਾਵਰ ਸਿੰਘ ਬੱਬਰ ਸਮੇਤ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚ ਰਹੇ ਹਨ। ਇਟਲੀ 'ਤੋਂ ਭਾਈ ਮੇਜਰ ਸਿੰਘ ਹੋਰਾਂ ਦਾ ਪ੍ਰਸਿੱਧ ਢਾਡੀ ਜਥਾ ਸ਼ਹੀਦ ਸਿੰਘਾਂ ਦੀਆਂ ਜੀਵਨੀਆਂ ਵਰਨਣ ਕਰ ਕੇ ਸੰਗਤਾਂ ਨੂੰ ਨਿਹਾਲ ਕਰੇਗਾ।
ਭਾਈ ਗੁਰਦਿਆਲ ਸਿੰਘ ਢਕਾਣਸੂ ਹੋਰਾਂ ਨੇ ਜਾਰੀ ਬਿਆਨ ਵਿੱਚ ਬੈਲਜ਼ੀਅਮ ਅਤੇ ਯੌਰਪ ਭਰ ਦੀਆਂ ਸਮੂਹ ਨਾਨਕ ਲੇਵਾ ਸੰਗਤਾਂ ਨੂੰ ਹੁੰਮ-ਹੁੰਮਾ ਕੇ ਪਹੁੰਚਣ ਅਤੇ ਸ਼ਹੀਦਾਂ ਨੂੰ ਫੁੱਲ ਭੇਟ ਕਰਨ ਲਈ ਸਨਿਮਰ ਬੇਨਤੀ ਕੀਤੀ ਹੈ।
