ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਣਦੀਆਂ ਸਜ਼ਾਵਾਂ ਤੋਂ ਵੱਧ ਸਮਾਂ ਜ਼ੇਲ੍ਹਾਂ ਅੰਦਰ ਕੱਟ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਗੁਰਬਖ਼ਸ ਸਿੰਘ ਵੱਲੋਂ ਅਰਦਾਸ ਕਰ ਅੱਧਵਾਟੇ ਛੱਡੀ ਭੁੱਖ ਹੜਤਾਲ ਦਾ ਕਲੰਕ ਨਾਂ ਸਹਾਰਦੇ ਹੋਏ ਇੱਕ ਅਣਖੀ ਬਜੁਰਗ ਸਿੱਖ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਪਿਛਲੇ 270 ਦਿਨਾਂ 'ਤੋਂ ਜਾਰੀ ਭੁੱਖ ਹੜਤਾਲ ਦਾ ਵਿਦੇਸੀ ਸਿੱਖਾਂ ਵੱਲੋਂ ਵੀ ਭਾਰੀ ਸਮਰਥਨ ਕੀਤਾ ਜਾ ਰਿਹਾ ਹੈ। ਜਿਥੇ ਇਹ ਪ੍ਰਵਾਸੀ ਸਿੱਖ ਭਾਰਤੀ ਦੂਤਘਰਾਂ ਅੱਗੇ ਰੋਸ ਮੁਜਾਹਰੇ ਕਰ ਰਹੇ ਹਨ ਉੱਥੇ ਕੂਟਨੀਤਿਕ ਪੱਧਰ ਤੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੱਲ ਬਰੱਸਲਜ਼ ਵਿਖੇ ਯੂਰਪੀਨ ਪਾਰਲੀਮੈਂਟ ਵਿੱਚ ਮਨੁੱਖੀ ਅਧਿਕਾਰ ਕਮੇਟੀ ਦੇ ਕੋਆਰਡੀਨੇਟਰ ਅਤੇ ਯੂਰਪੀਨ ਪਾਰਲੀਮੈਂਟ ਮੈਂਬਰ ਮਿਸਟਰ ਮਾਰਕ ਦਮਿਸਮਾਈਕਰ ਨਾਲ ਸਿੱਖਾਂ ਦੇ ਇੱਕ ਵਫਦ ਵੱਲੋਂ ਪਾਰਲੀਮੈਂਟ ਵਿੱਚਲੇ ਉਹਨਾਂ ਦੇ ਦਫਤਰ ਵਿੱਚ ਮੁਲਾਕਾਤ ਕਰ ਬਾਪੂ ਸੂਰਤ ਸਿੰਘ ਵੱਲੋਂ ਰੱਖੀ ਭੁੱਖ ਹੜਤਾਲ ਅਤੇ ਉਹਨਾਂ ਦੀ ਨਜ਼ਾਇਜ ਹਿਰਾਸਤ ਦਾ ਮੁੱਦਾ ਉਠਾਇਆ ਗਿਆ। ਯੂਰਪ ਦੇ 28 ਮੁਲਕਾਂ ਦੇ 751 ਪਾਰਲੀਮੈਂਟ ਮੈਂਬਰਾਂ ਦੀ ਚੁਣੀ ਹੋਈ ਇਹ ਪਾਰਲੀਮੈਂਟ ਜੋ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਦਾ ਭਵਿੱਖ ਸਵਾਰਨ ਜਾਂ ਵਿਗਾੜਨ ਦੀ ਤਾਕਤ ਰਖਦੀ ਹੈ ਨਾਲ ਸਿੱਖਾਂ ਦੀ ਇਸ ਮਸਲੇ ਬਾਰੇ ਬੈਠਕ ਖਾਸ ਮਹੱਤਤਾਂ ਰਖਦੀ ਹੈ।
ਸਵਿੱਟਜ਼ਰਲੈਂਡ 'ਤੋਂ ਆਏ ਦਲ ਖਾਲਸਾ ਇੰਟਰਨੈਸ਼ਨਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਆਗੂ ਭਾਈ ਪ੍ਰਿਤਪਾਲ ਸਿੰਘ ਖਾਲਸਾ ਅਤੇ ਫਰਾਂਸ 'ਤੋਂ ਨੌਜਵਾਨ ਸਿੱਖ ਆਗੂ ਸਰਦਾਰ ਰਣਜੀਤ ਸਿੰਘ ਹੋਰਾਂ ਨੇ 1947 'ਤੋਂ ਪਹਿਲਾ ਸਿੱਖਾਂ ਨਾਲ ਹਿੰਦੁਸਤਾਨ ਵੱਲੋਂ ਕੀਤੇ ਵਾਅਦੇ ਅਤੇ ਮੁੜ ਵਾਅਦੇ ਪੁਗਾਉਣ ਦੀ ਜਗ੍ਹਾ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਂਮ ਦੇ ਦਿੱਤੇ ਖਿਤਾਬ ਸਮੇਤ ਜੂਨ ਅਤੇ ਨਵੰਬਰ 1984 ਵਿਚਲੀ ਸਿੱਖ ਨਸਲਕੁਸ਼ੀ ਦੌਰਾਂਨ ਸਿੱਖਾਂ ਦੇ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਵੇਰਵਾ ਵਿਸਥਾਰ ਨਾਲ ਦਿੰਦੇ ਹੋਏ ਉਸ ਸਾਰੇ ਘਟਨਾਂਕ੍ਰਮ ਵਿੱਚੋਂ ਉਪਜੇ ਵਿਰੋਧ ਵਿੱਚ ਸਾਮਲ ਸਿੱਖ ਨੌਜਵਾਨਾਂ ਦੀ ਕਹਾਣੀ ਵੀ ਬਿਆਨ ਕੀਤੀ ਗਈ ਜੋ ਬਣਦੀਆਂ ਸਜ਼ਾਵਾਂ ਨਾਲੋ ਵੱਧ ਕੱਟਣ ਦੇ ਬਾਵਜੂਦ ਵੀ ਜ਼ੇਲ੍ਹਾਂ ਵਿੱਚ ਦਹਾਕੇ ਗੁਜਾਰ ਚੁੱਕੇ ਹਨ। ਇਹਨਾਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਅਮਰੀਕਾ ਦੀ ਸੁੱਖਭਰੀ ਜਿੰਦਗੀ ਛੱਡ ਕੌਂਮ ਦੇ ਇਹਨਾਂ ਜੁਝਾਰੂਆਂ ਦੀ ਬੰਦ ਖਲਾਸੀ ਲਈ ਪਿਛਲੇ 6 ਮਹੀਨਿਆਂ 'ਤੋਂ ਭੁੱਖ ਹੜਤਾਲ ਰੱਖ ਹੱਡੀਆਂ ਦੀ ਮੁੱਠ ਬਣੇ ਬਾਪੂ ਸੂਰਤ ਸਿੰਘ ਖਾਲਸਾ ਦੀਆਂ ਜਾਇਜ ਮੰਗਾਂ ਲਈ ਯੂਰਪੀਨ ਪਾਰਲੀਮੈਂਟ ਦਾ ਸਹਿਯੋਗ ਮੰਗਿਆਂ ਗਿਆ। ਇਸ ਬੈਠਕ ਦੌਰਾਂਨ ਮਿਸਟਰ ਦਮਿਸਮਾਈਕਰ ਨੇ ਸਿੱਖਾਂ ਦੇ ਇਸ ਮਸਲੇ ਨੂੰ ਬਹੁਤ ਹੀ ਗੰਭੀਰਤਾਂ ਨਾਲ ਲੈਂਦਿਆਂ ਕਮੇਟੀ ਦੀ ਅਗਲੀ ਬੈਠਕ ਵਿੱਚ ਇਹ ਮੁੱਦਾ ਵਿਚਾਰਨ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਗੁਰਦਵਾਰਾ ਪ੍ਰਬੰਧਕ ਕਮੇਟੀ ਵਿਲਵੋਰਦੇ ਦੇ ਬੁਲਾਰੇ ਸਰਦਾਰ ਗੁਰਮੀਤ ਸਿੰਘ ਓਸਟੰਡੇ ਵੱਲੋਂ ਆਯੋਜਤ ਇਸ ਬੈਠਕ ਵਿੱਚ ਦਲ ਖਾਲਸਾ ਆਗੂ ਭਾਈ ਜਗਮੋਹਣ ਸਿੰਘ ਮੰਡ ਅਤੇ ਬੱਬਰ ਖਾਲਸਾ ਦੇ ਭਾਈ ਗੁਰਦਿਆਲ ਸਿੰਘ ਢਕਾਣਸੂ ਹੋਰਾਂ ਨੇ ਵੀ ਯੂਰਪੀਨ ਪਾਰਲੀਮੈਂਟ ਦੀ ਮਨੁੱਖੀ ਅਧਿਕਾਰ ਕਮੇਟੀ ਦੇ ਮੁੱਖੀ ਨੂੰ ਬਾਪੂ ਸੂਰਤ ਸਿੰਘ ਦੀ ਰਿਹਾਈ ਅਤੇ ਬੰਦੀ ਸਿੱਖਾਂ ਸਮੇਤ ਸਮੂਹ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਜਲਦੀ ਕਾਰਵਾਈ ਕਰਨ ਲਈ ਬੇਨਤੀ ਕੀਤੀ। ਬੈਲਜ਼ੀਅਮ ਦੀ ਸੱਜੇ ਪੱਖੀ ਪਾਰਟੀ ਐਨ ਵੀ ਏ (ਜੋ ਵਿਦੇਸ਼ੀਆਂ ਦੀ ਸਖਤ ਵਿਰੋਧੀ ਸਮਝੀ ਜਾਂਦੀ ਹੈ) ਵੱਲੋਂ ਚੁਣੇ ਗਏ ਇਸ ਯੂਰਪੀਨ ਪਾਰਲੀਮੈਂਟ ਮੈਂਬਰ ਮਿਸਟਰ ਦਮਿਸਮਾਈਕਰ ਨੇ ਸਿੱਖ ਵਫਦ ਵੱਲੋਂ ਦਿੱਤੇ ਮੰਗ ਪੱਤਰ ਨੂੰ ਸਵੀਕਾਰਦਿਆਂ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਅਵਾਜ਼ ਉਠਾਉਣ ਦਾ ਭਰੋਸਾ ਦਿੱਤਾ।