ਭਾਈ ਪੰਮਾਂ ਬਾਅਦ ਕਈ ਹੋਰ ਪ੍ਰਵਾਸੀ ਸਿੱਖ ਆਗੂ ਵੀ ਭਾਰਤੀ ਹਕੂਮਤ ਦੇ ਨਿਸ਼ਾਨੇ 'ਤੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ਵਿੱਚ ਰਾਜਨੀਤਿਕ ਸ਼ਰਨ ਪ੍ਰਾਪਤ ਸਿੱਖ ਆਗੂ ਭਾਈ ਪ੍ਰਮਜੀਤ ਸਿੰੰਘ ਪੰਮਾਂ ਜਿਹਨਾਂ ਨੂੰ ਪਿਛਲੇ ਦਿਨੀ ਪੁਰਤਗਾਲ ਵਿੱਚ ਛੁੱਟੀਆਂ ਮਨਾਉਣ ਗਇਆਂ ਨੂੰ ਪਰਿਵਾਰ ਸਮੇਤ ਇੰਟਰਪੋਲ ਵੱਲੋਂ ਇੱਕ ਹੋਟਲ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਨਹੀ ਸੀ ਕਿ ਭਾਰਤ ਸਰਕਾਰ ਵੱਲੋਂ ਹੋਰ ਵੀ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਦਿਆਂ ਇੰਟਰਪੋਲ ਰਾਂਹੀ ਕੁੱਝ ਨਵੇਂ ਰੈਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ। 
ਭਾਰਤ ਵਿੱਚ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਖਿਲਾਫ ਅਪਣੀ ਕੌਂਮ ਦੀ ਅਵਾਜ਼ ਉਠਾਉਣ ਵਾਲੇ ਆਗੂਆਂ ਨੂੰ ਸਬਕ ਸਿਖਾਉਣ ਲਈ ਭਾਰਤੀ ਸੁਰੱਖਿਆਂ ਇਜੰਸੀਆਂ ਉਹਨਾਂ ਨੂੰ ਕਾਬੂ ਕਰਨ, ਡਰਾਉਣ, ਜਾਂ ਭਾਰਤ ਮਾਤਾ ਦੇ ਸਾਊ ਪੁੱਤ ਬਣ ਕੇ ਰਹਿਣ ਦਾ ਪਾਠ ਪੜਾਉਣ ਲਈ ਪਿਛਲੇ ਕਈ ਸਾਲਾਂ 'ਤੋਂ ਕੁੱਝ ਜਿਆਦਾ ਹੀ ਸਰਗਰਮ ਹੋ ਗਈਆਂ ਹਨ। ਜਿਸ ਦਾ ਨਤੀਜਾ ਵੀ ਸਾਹਮਣੇ ਆ ਰਿਹਾ ਹੈ ਕਿ ਕੁੱਝ ਚੁੱਪ ਕਰ ਗਏ, ਕੁੱਝ ਬਾਦਲਾਂ ਦੇ ਚਰਨੀ ਪੈ ਗਏ, ਕੁੱਝ ਚਲਵੇਂ ਜਿਹੇ ਬਿਆਨਾਂ ਨਾਲ ਸਾਰਨ ਲੱਗ ਗਏ, ਕੁੱਝ ਸਰਕਾਰ ਦੇ ਦਲਾਲਾਂ ਨਾਲ ਸਾਂਝ ਪਾਉਣ ਲੱਗ ਪਏ, ਕੁੱਝ ਭਾਰਤੀ ਸਵਿਧਾਨ ਅਧੀਨ ਚੋਣਾ ਲੜਨ ਜਾਂ ਲੜਾਉਣ ਦੇ ਸੁਪਨੇ ਪਾਲਣ ਲੱਗ ਪਏ ਪਰ ਕੁੱਝ ਅਜਿਹੇ ਵੀ ਨੇ ਜੋ ਕਹਿਦੇਂ ਨੇ ਘਰੋਂ ਸੰਘਰਸ਼ ਲਈ ਚੱਲੇ ਸੀ ਤੇ ਆਖਰੀ ਸ਼ਾਹ ਤੱਕ ਬਣਦਾ ਯੋਗਦਾਨ ਪਾਉਦੇਂ ਰਹਾਂਗੇ ਤਰੀਕਾ ਸਾਂਤਮਈ ਵੀ ਹੋ ਸਕਦਾ ਹੈ ਕਿਉਕਿ ਹਥਿਆਰਬੰਦ ਸੇਵਾ ਉਹ ਪਹਿਲਾਂ ਹੀ ਨਿਭਾ ਚੁੱਕੇ ਹਨ। 
ਯੂਰਪ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਦੁਆਰਾ ਰਲ ਕੇ ਚੱਲਣ ਦੇ ਲਏ ਗਏ ਅਹਿਦ ਬਾਅਦ ਯੂਰਪੀਨ ਪਾਰਲੀਮੈਂਟ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਮਸਲਾ ਜੋਰਦਾਰ ਢੰਗ ਨਾਲ ਉਠਾਉਣ ਦੇ ਦੋਸ਼ ਹੇਠ ਹੁਣ ਭਾਈ ਗੁਰਦਿਆਲ ਸਿੰਘ ਢਕਾਣਸੂ ਨੂੰ ਇਨਾਮ ਵਜੋਂ ਮੁੜ ਇੰਟਰਪੋਲ ਵੱਲੋਂ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਸੰਪਰਕ ਕਰਨ ਤੇ ਭਾਈ ਢਕਾਣਸੂ ਨੇ ਕਿਹਾ ਕੌਂਮ ਦੀ ਅਜ਼ਾਦੀ ਲਈ ਉਹ ਬਣਦਾ ਯੋਗਦਾਨ ਸੰਘਰਸ਼ ਵਿੱਚ ਪਾ ਚੁੱਕੇ ਹਨ ਅਤੇ ਯੂਰਪ ਵਿੱਚ ਰਹਿੰਦੇ ਹੋਏ ਉਹ ਜਮਹੂਰੀਅਤ ਤਰੀਕੇ ਨਾਲ ਹਰ ਸੰਭਵ ਯਤਨ ਕਰਦੇ ਹੋਏ ਜੂਝਦੇ ਰਹਿਣਗੇ ਬੇਸੱਕ ਇਜੰਸੀਆਂ ਉਹਨਾਂ ਵਿਰੁੱਧ ਜੋ ਮਰਜੀ ਪ੍ਰਚਾਰ ਕਰਦੀਆਂ ਰਹਿਣ ਕਿਉਕਿ ਅਜ਼ਾਦੀ ਮੰਗਣਾ ਅਤੇ ਮਨੁੱਖੀ ਅਧਿਕਾਰਾਂ ਦੀਆਂ ਹੋ ਰਹੀਆਂ ਉਲੰਘਣਾ ਦੇ ਘੋਰ ਅਪਰਾਧਾਂ ਵਿਰੁੱਧ ਅਵਾਜ਼ ਉਠਾਉਣਾ ਹਰ ਆਦਮੀ ਦਾ ਮੁੱਢਲਾ ਅਧਿਕਾਰ ਹੈ। ਜਿਕਰਯੋਗ ਹੈ ਕਿ ਫਰਬਰੀ 2013 ਵਿੱਚ ਬੈਲਜ਼ੀਅਮ ਨਿਵਾਸੀ ਭਾਈ ਹਰਵਿੰਦਰ ਸਿੰਘ ਭਤੇੜੀ ਵਿਰੁੱਧ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਯੂਰਪੀਨ ਸਰਕਾਰਾਂ ਨੇ ਭਾਰਤ ਸਰਕਾਰ ਦੀ ਸਿੱਖਾਂ ਵਿਰੁੱਧ ਘਟੀਆ ਸੋਚ ਸਮਝਦੇ ਹੋਏ ਨਜ਼ਰ ਅੰਦਾਜ ਕਰ ਦਿੱਤਾ ਸੀ।