ਅਨੀਤ ਕਾਹਲੋਂ ਨੇ ਕਰਾਟਿਆਂ ਵਿੱਚ ਫਿਰ ਜਿੱਤਿਆ ਸੋਨ ਤਗਮਾਂ

ਜਰਮਨ 'ਚ ਪੰਜਾਬੀ ਕੁੜੀ ਮੁੜ ਬਣੀ ਸਟੇਟ ਚੈਂਪੀਅਨ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਜਰਮਨੀ ਦੇ ਸੂਬੇ ਨੌਰਥ ਰਾਈਨ ਵੈਸਟਫਾਲਨ ਦੇ ਸ਼ਹਿਰ ਹਾਗਨ ਵਿੱਚ ਕਰਾਟਿਆਂ ਦਾ ਸਟੇਟ ਚੈਂਪੀਅਨਸ਼ਿੱਪ ਕੱਪ ਵਿਚ ਕਰਵਾਇਆ ਗਿਆ ਜਿਸ ਵਿੱਚ 800 ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬੀ ਮੂਲ ਦੀ ਅਨੀਤ ਕਾਹਲੋਂ ਦੇ ਗਰੁੱਪ ਵਿੱਚ 22 ਲੜਕੀਆਂ ਸਨ। ਅਨੀਤ ਪਹਿਲੀਆਂ ਚਾਰ ਫਾਈਟਾਂ 8-0 ਦੇ ਬੇਜੋੜ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਅਤੇ ਫਾਈਨਲ ਵਿੱਚ ਅਨੀਤ ਨੇ ਵਿਰੋਧੀ ਖਿਡਾਰਨ ਨੂੰ 7-0 ਨਾਲ ਹਰਾਉਦਿਆਂ ਇੱਕ ਨਵਾਂ ਰਿਕਾਰਡ ਬਣਾ ਦਿੱਤਾ। ਕਾਹਲੋਂ ਪਰਿਵਾਰ ਦੀ ਇਸ ਬੱਚੀ ਲਈ ਇਹ ਪਲ ਬੇਹੱਦ ਮਾਣ ਵਾਲਾ ਰਿਹਾ ਕਿਉਕਿ ਇਸ ਸੂਬੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਇੱਕ ਜੇਤੂ ਖਿਡਾਰਨ ਤੇ ਵਿਰੋਧੀ ਖਿਡਾਰਨਾਂ ਇੱਕ ਵੀ ਨੰਬਰ ਨਾਂ ਬਣਾ ਸਕੀਆਂ ਹੋਣ। ਕੋਚ ਵੁਲਫਗੈਂਗ ਹੈਂਕਲ ਨੂੰ ਵੀ ਅਨੀਤ ਨੂੰ ਕਰਵਾਈ ਉੱਚ ਪੱਧਰੀ ਤਿਆਰੀ ਬਦਲੇ ਵਿਸ਼ੇਸ਼ ਤੌਰ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਅਨੀਤ ਕਾਹਲੋਂ ਦੇ ਮਾਤਾ ਪਿਤਾ ਤਰਲੋਚਨ ਸਿੰਘ ਕਾਹਲੋਂ ਅਤੇ ਸਰਦਾਰਨੀ ਰਾਜਬੀਰ ਕੌਰ ਨੇ ਬੱਚੀ ਦੀ ਇਸ ਕਾਮਯਾਬੀ ਤੇ ਵਾਹਿਗੁਰੂ ਦਾ ਸ਼ੁਕਰਾਨਾਂ ਕਰਦਿਆਂ ਕਿਹਾ ਬੱਚਿਆਂ ਤੇ ਗੁਰੂ ਦੀ ਕ੍ਰਿਪਾ ਹੀ ਕਹੀ ਜਾ ਸਕਦੀ ਜਿਸ ਕਾਰਨ ਇਹ ਹਰ ਦਿਨ ਨਵੀਆਂ ਬੁਲੰਦੀਆਂ ਛੋਹ ਰਹੇ ਹਨ। ਕਾਹਲੋਂ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਨੇ ਕਿਹਾ ਕਿ ਅਨੀਤ ਅਤੇ ਦੂਜੇ ਦੋਨਾਂ ਭੈਣ ਭਰਾਵਾਂ ਦੀਆਂ ਜਿੱਤਾਂ ਨਾਲ ਜਿੱਥੇ ਮਾਤਾ-ਪਿਤਾ ਦਾ ਨਾਂਮ ਰੌਸ਼ਨ ਹੁੰਦਾਂ ਹੈ Aੁੱਥੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ।