ਪੰਜ ਪਿਆਰਿਆਂ ਨੂੰ ਦਿੱਤਾ ਜਾਵੇਗਾ ਅਕਾਲੀ ਫੂਲਾ ਸਿੰਘ ਅਵਾਰਡ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਰਾਜਸਥਾਨ ਦੇ ਸਾਧ ਸੂਰਜਮੁਨੀ ਨੂੰ ਖ਼ਾਲਸਾਈ ਸਿਧਾਤਾਂ ਅਨੁਸਾਰ ਸੋਧਾ ਲਾਉਣ ਵਾਲੇ ਸਿੰਘ ਜੋ ਪਿਛਲੇ ਦਿਨੀ ਜਮਾਨਤ ਤੇ ਰਿਹਾਅ ਹੋ ਕੇ ਬਾਹਰ ਆਏ ਹਨ ਉਹਨਾਂ ਵਿਚੋਂ ਸਜ਼ਾ ਕੱਟਣ ਵਾਲੇ ਦੋਨਾਂ ਸਿੰਘਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਂਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਭਾਈ ਨਗਿੰਦਰ ਸਿੰਘ ਸ਼ਹਿਣਾ ਅਤੇ ਭਾਈ ਨਿਰਮਲ ਸਿੰਘ ਖ਼ਰਲੀਆਂ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਅਪਣਾ ਕੌਂਮੀ ਫ਼ਰਜ ਨਿਭਾਇਆ ਹੈ ਨੂੰ 26 ਫਰਬਰੀ ਨੂੰ ਪਿੰਡ ਸੋਹੀ ਦੇ ਇਤਿਹਾਸਿਕ ਗੁਰਦਵਾਰਾ ਛੱਲਾ ਸਾਹਿਬ ਵਿਖੇ ਪੰਥਕ ਸਮਾਂਗਮ ਸਮੇਂ ਸਨਮਾਂਨਿਆ ਜਾਵੇਗਾ। ਇਸੇ ਸਮਾਂਗਮ ਦੌਰਾਂਨ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਅਖੌਤੀ ਜਥੇਦਾਰਾਂ ਖਿਲਾਫ ਸਖ਼ਤ ਸਟੈਂਡ ਲੈਣ ਵਾਲੇ ਭਾਈ ਸਤਨਾਮ ਸਿੰਘ ਖੰਡਾਂ ਦੀ ਅਗਵਾਹੀ ਵਾਲੇ ਪੰਜਾਂ ਪਿਆਰਿਆਂ ਨੂੰ ਵੀ ਜਥੇਦਾਰ ਅਕਾਲੀ ਫੂਲਾ ਸਿੰਘ ਅਵਾਰਡ ਨਾਲ ਸਨਮਾਂਨਿਤ ਕੀਤਾ ਜਾਵੇਗਾ। ਪ੍ਰਵਾਸੀ ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਪਿੰਡ ਮੋਹੀ ਦੀ ਨੌਜਵਾਂਨ ਸਭਾ ਵੱਲੋਂ ਕਰਵਾਏ ਜਾ ਰਹੇ ਇਸ ਸਮਾਂਗਮ ਵਿੱਚ ਭਾਈ ਮਹਿਲ ਸਿੰਘ ਅਤੇ ਢਾਡੀ ਗੁਰਦਿਆਲ ਸਿੰਘ ਲੱਖਪੁਰ ਦੇ ਜਥੇ ਸਿੱਖ ਇਤਿਹਾਸ ਦਾ ਵਰਨਣ ਕਰਨਗੇ। ਇਸ ਸਮੇਂ ਦਸਤਾਰ ਅਤੇ ਦੁਮਾਲਾ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਯੋਗ ਇਨਾਮ ਅਤੇ ਸਨਮਾਨ ਦਿੱਤਾ ਜਾਵੇਗਾ। ਇਸ ਸਮਾਗਮ ਭਾਈ ਜਗਦੀਸ਼ ਸਿੰਘ ਭੂਰਾ ਅਤੇ ਬਲਿਹਾਰ ਸਿੰਘ ਬੈਲਜ਼ੀਅਮ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
