25 ਸਾਲਾਂ 'ਤੋਂ ਜਲਾਵਤਨੀ ਕੱਟ ਰਹੇ ਭਾਈ ਢਕਾਣਸੂ ਦੇ ਮਾਤਾ ਜੀ ਨੂੰ ਸਿੱਖ ਜਥੇਬੰਦੀਆਂ ਵੱਲੋਂ ਸ਼ਰਧਾਜ਼ਲੀਆਂ

ਮਾਤਾ ਲਾਜ ਕੌਰ ਜੀ ਦੀ ਆਤਮਿਕ ਸਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਰਹਿੰਦੇ ਪੰਥਕ ਆਗੂ ਭਾਈ ਗੁਰਦਿਆਲ ਸਿੰਘ ਢਕਾਣਸੂ ਦੇ ਮਾਤਾ ਲਾਜ ਕੌਰ ਜੀ ਜੋ ਪਿਛਲੇ ਮਹੀਨੇ 16 ਜਨਵਰੀ ਨੂੰ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਦੀ ਯਾਦ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਮੌਕੇ ਯੂਰਪ ਭਰ ਦੀਆਂ ਪੰਥਕ ਸਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਇਹ ਸ਼ਰਧਾਜ਼ਲੀ ਸਮਾਗਮ ਪੰਥਕ ਜਥੇਬੰਦੀਆਂ ਦਲ ਖਾਲਸਾ ਅਤੇ ਬੱਬਰ ਖਾਲਸਾ ਵੱਲੋਂ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਕਰਵਾਇਆ ਗਿਆ ਸੀ। ਇਸ ਮੌਕੇ ਸ੍ਰਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਬਾਬਾ ਰਾਜਿੰਦਰ ਸਿੰਘ ਹੋਰਾਂ ਨੇ ਮਾਤਾ ਲਾਜ ਕੌਰ ਜੀ ਨੂੰ ਸ਼ਰਧਾਜ਼ਲੀ ਭੇਟ ਕਰਦਿਆਂ ਜਲਾਵਤਨੀ ਕਾਰਨ ਇੱਕ ਮਾਂ ਦੇ ਅਪਣੇ ਪੁੱਤਰ ਨੂੰ ਨਾਂ ਮਿਲ ਸਕਣ ਕਾਰਨ ਵਿਛੋੜੇ ਬਾਰੇ ਅਪਣੇ ਵਿਚਾਰ ਰੱਖੇ। ਜਰਮਨੀ 'ਤੋਂ ਵਿਸ਼ੇਸ਼ 'ਤੌਰ ਤੇ ਪਹੁੰਚੇ ਗੁਰਦਵਾਰਾ ਸਾਹਿਬ ਫਰੈਂਕਫਰਟ ਦੇ ਪ੍ਰਧਾਨ ਸ ਦਵਿੰਦਰ ਸਿੰਘ ਘਲੋਟੀ ਨੇ ਸੰਖੇਪ ਵਿੱਚ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੇਸੱਕ ਸਿੱਖ ਧਰਮ ਵਿੱਚ ਮਰਨ-ਜੰਮਣ ਦੀਆਂ ਖੁਸ਼ੀਆਂ ਗਮੀਆਂ ਕੋਈ ਮਾਅਣੇ ਨਹੀ ਰਖਦੀਆਂ ਪਰ ਅਸੀਂ ਉਸ ਅਵਸਥਾ ਵਿੱਚ ਅਜੇ ਨਹੀ ਪਹੁੰਚ ਸਕੇ ਅਤੇ ਦੁਨਿਆਵੀ ਰਸਮਾਂ ਮੁਤਾਬਕ ਚੱਲ ਰਹੇ ਹੋਣ ਕਾਰਨ ਅਪਣੇ ਨਜਦੀਕੀਆਂ ਦੇ ਇਸ ਜਹਾਨੋ ਤੁਰ ਜਾਣ ਦਾ ਦੁੱਖ ਮਹਿਸੂਸ ਕਰ ਸਕਦੇਂ ਹਾਂ, ਉਹਨਾਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ। ਸਵਿੱਟਜ਼ਰਲੈਂਡ 'ਤੋਂ ਪਹੁੰਚੇ ਭਾਈ ਪ੍ਰਿਤਪਾਲ ਸਿੰਘ ਖਾਲਸਾ ਹੋਰਾਂ ਗੁਰਬਾਣੀ ਦੀਆਂ ਉਦਾਹਰਨਾਂ ਦਿੰਦੇ ਹੋਏ ਮਰਨ ਦੀ ਸਚਾਈ ਅਤੇ ਜਿਊਣ ਨੂੰ ਝੂਠ ਕਹਿੰਦਿਆਂ ਇਸ ਅਣਮੁੱਲੇ ਜੀਵਨ ਵਿੱਚ ਬਿਨਾ ਸਮਾਂ ਗਵਾਇਆਂ ਕੁੱਝ ਕਰ ਗੁਜਰਨ ਦਾ ਸੰਦੇਸ਼ ਦਿੰਦਿਆਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਹਨਾਂ ਮਾਂ-ਪੁੱਤ ਦੇ ਢਾਈ ਦਹਾਕਿਆਂ ਦੇ ਵਿਛੋੜੇ ਅਤੇ ਆਖਰੀ ਸਮੇਂ ਵੀ ਨਾਂ ਮਿਲ ਸਕਣ ਦੀ ਪੀੜ ਨੂੰ ਬਿਆਨਦਿਆਂ ਕਿਹਾ ਇਹ ਇਕੱਲੇ ਭਾਈ ਢਕਾਣਸੂ ਹੋਰਾਂ ਦੀ ਹੀ ਤਰਾਸਦੀ ਨਹੀ ਹੈ ਉਹਨਾਂ ਕਿਹਾ ਕਿ ਅਜਿਹੀ ਪੀੜ ਖੁਦ ਮੈਂ ਵੀ ਹੰਢਾ ਰਿਹਾਂ ਹਾਂ ਅਤੇ ਸੈਂਕੜੇ ਹੋਰ ਸਿੰਘ ਵੀ ਜਰ ਰਹੇ ਹਨ।
ਫਰਾਂਸ 'ਤੋ ਉਚੇਚੇ ਤੌਰ ਤੇ ਮਾਤਾ ਲਾਜ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਪਰਿਵਾਰ ਸਮੇਤ ਪਹੁੰਚੇ ਭਾਈ ਬਸੰਤ ਸਿੰਘ ਪੰਜਹੱਥਾ ਨੇ ਮਾਂ-ਪੁੱਤ ਦੇ ਇਸ ਢਾਈ ਦਹਾਕੇ ਦੇ ਵਿਛੋੜੇ ਅਤੇ ਆਖਰੀ ਸਮੇਂ ਵੀ ਮਿਲਾਪ ਨਾਂ ਹੋਣ ਦੇ ਕਾਰਨਾਂ ਅਤੇ ਸਿੱਖ ਸੰਘਰਸ਼ ਦੀ ਸੁਰੂਆਤ 'ਤੋਂ ਲੈ ਕੇ ਪੜਾਅ ਦਰ ਪੜਾਅ ਆਗੂਆਂ ਵੱਲੋਂ ਕੀਤੇ ਧੋਖਿਆਂ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਧਰਮ ਯੁੱਧ ਮੋਰਚੇ 'ਤੋਂ ਲੈ ਕੇ ਹੁਣ ਤੱਕ ਜਦ ਕੌਂਮ ਤੇ ਕੋਈ ਭੀੜ ਆ ਬਣਦੀ ਹੈ ਤਾਂ ਆਂਮ ਸਿੱਖ ਹੀ ਸ਼ਹਾਦਤਾਂ ਅਤੇ ਕੁਰਬਾਨੀਆਂ ਦਿੰਦੇਂ ਜਾਂ ਜਲਾਵਤਨੀਆਂ ਕੱਟਦੇ ਆ ਰਹੇ ਹਨ ਜਦ ਕਿ ਮੋਢੀ ਆਗੂਆਂ ਦੇ ਬੱਚੇ ਵਿਦੇਸ਼ਾਂ ਵਿੱਚ ਪੜਾਈ ਕਰ ਰਹੇ ਹੁੰਦੇ ਹਨ ਜੋ ਬਾਅਦ ਵਿੱਚ ਰਾਜਭਾਗ ਜਾਂ ਮੰਤਰੀਆਂ ਦੇ ਅਹੁਦਿਆਂ ਤੇ ਬਿਰਾਜਮਾਂਨ ਹੁੰਦੇ ਆਏ ਹਨ। ਉਹਨਾਂ ਕਿਹਾ ਕਿ ਮੋਰਚੇ ਸੁਰੂ ਕਰਨ ਵਾਲੇ ਆਗੂ ਗੱਦੀਆਂ ਦਾ ਨਿੱਘ ਮਾਣਦੇ ਨੇ ਤੇ ਕੌਂਮ ਲਈ ਜੂਝਣ ਲਈ ਘਰੋਂ ਤੁਰਿਆਂ ਨੂੰ ਸਰਕਾਰ ਵੱਲੋਂ ਰੈਡ ਕਾਰਨਰ ਨੋਟਿਸਾਂ ਨਾਲ ਸਨਮਾਂਨਿਆਂ ਜਾਦਾਂ ਹੈ। ਭਾਈ ਪੰਜਹੱਥਾ ਨੇ ਕਿਹਾ ਕਿ ਕੌਂਮ ਨੂੰ ਇਨਸਾਫ਼ ਉੱਨਾਂ ਚਿਰ ਨਹੀ ਮਿਲ ਸਕਦਾ ਜਿਨ੍ਹਾਂ ਚਿਰ ਅਸੀਂ ਆਪੋ-ਅਪਣੀਆਂ ਧੜੇਬੰਦੀਆਂ ਛੱਡ ਇੱਕ ਪਲੇਟਫਾਰਮ ਤੇ ਇਕੱਠੇ ਨਹੀ ਹੋ ਜਾਂਦੇਂ। ਸਟੇਜ ਦੀ ਕਾਰਵਾਈ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਬਾਖੂਬੀ ਨਿਭਾਉਦਿਆਂ ਮਾਤਾ ਲਾਜ ਕੌਰ ਦੀ ਜਿੰਦਗੀ ਤੇ ਚਾਨਣਾ ਪਾਉਦਿਆਂ ਦੱਸਿਆ ਕਿ ਕਿਵੇਂ ਮਾਤਾ ਜੀ ਸਾਰੀ ਜਿੰਦਗੀ ਗੁਰਬਾਣੀ ਨਾਲ ਜੁੜੇ ਰਹੇ ਸਨ ਅਤੇ ਉਹਨਾਂ ਆਖਰੀ ਸਮੇਂ ਵੀ ਗੁਰਬਾਣੀ ਉਚਾਰਨ ਕਰਦਿਆਂ ਪ੍ਰਾਣ ਤਿਆਗੇ। ਭਾਈ ਮੰਡ ਹੋਰਾਂ ਆਖਿਆ ਕਿ ਅਜਿਹੀਆਂ ਮਹਾਨ ਮਾਵਾਂ ਸਦਕਾ ਹੀ ਭਾਈ ਗੁਰਦਿਆਲ ਸਿੰਘ ਵਰਗੇ ਸੂਰਮੇ ਪੁੱਤ ਅਜ਼ਾਦੀ ਲਈ ਜੂਝ ਰਹੇ ਹਨ ਜਿਨ੍ਹਾਂ ਸਰਕਾਰਾਂ ਨਾਲ ਸਮਝੌਤੇ ਕਰ ਵਾਪਸ ਪਰਤਣ ਦੀ ਬਜਾਏ ਜਲਾਵਤਨੀ ਕੱਟਣ ਨੂੰ ਤਰਹੀਜ ਦਿੱਤੀ। ਇਸ ਸਮੇਂ ਹੋਰਨਾਂ 'ਤੋਂ ਇਲਾਵਾ ਜਰਮਨੀ 'ਤੋਂ ਭਾਈ ਅੰਗਰੇਜ਼ ਸਿੰਘ, ਭਗਵੰਤ ਸਿੰਘ ਘਲੋਟੀ ਅਤੇ ਭਾਈ ਪ੍ਰਤਾਪ ਸਿੰਘ, ਭਾਈ ਸੁਰਜੀਤ ਸਿੰਘ ਸੁੱਖਾ ਸਵਿੱਟਜ਼ਰਲੈਂਡ ਸਮੇਤ ਭਾਈ ਹਰਵਿੰਦਰ ਸਿੰਘ ਭਤੇੜੀ, ਬਾਬਾ ਹਰਜਿੰਦਰ ਸਿੰਘ ਬਲੂਮੈਂਨ, ਬਲਿਹਾਰ ਸਿੰਘ, ਭਾਈ ਜਸਵੀਰ ਸਿੰਘ ਧੰਦੋਈ, ਸ ਕਰਮ ਸਿੰਘ ਔਲਖ ਅਤੇ ਵਿਕਰਮ ਸਿੰਘ ਬਿੱਟੂ ਸਮੇਤ ਬਹੁਤ ਸਾਰੀਆਂ ਸੰਗਤਾਂ ਅਤੇ ਆਗੂ ਹਾਜਰ ਸਨ। ਅਖੀਰ 'ਚ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਘਰ ਦੇ ਵਜੀਰ ਨੇ ਭਾਈ ਗੁਰਦਿਆਲ ਸਿੰਘ ਢਕਾਣਸੂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ।