ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ਼ੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਗੁਰਦਵਾਰਾ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਨੂੰ ਦਿਨੋ-ਦਿਨ ਭਾਰੀ ਹਿਮਾਇਤ ਮਿਲ ਰਹੀ ਹੈ।
ਫਰਾਂਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਦਾ ਕਹਿਣਾ ਹੈ ਕਿ ਜੇਕਰ ਕੌਂਮ ਗੁਰਦਵਾਰਿਆਂ ਨੂੰ ਬਾਦਲ ਪਰਿਵਾਰ 'ਤੋਂ ਅਜ਼ਾਦ ਕਰਵਾਉਣੀ ਚਾਹੁੰਦੀ ਹੈ ਤਾਂ ਭਾਈ ਵਡਾਲਾ ਵੱਲੋਂ ਸੁਰੂ ਕੀਤੀ ਗੁਰਦਵਾਰਾ ਸੁਧਾਰ ਲਹਿਰ ਨੂੰ ਹਿਮਾਇਤ ਕਰੇ ਕਿਉਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ੍ਰੋਮਣੀ ਗੁਰਦਵਾਰਾ ਕਮੇਟੀ ਨੂੰ ਬਾਦਲ ਪਰਿਵਾਰ ਟੇਡੇ ਢੰਗ ਨਾਲ ਲੁੱਟ ਰਿਹਾ ਹੈ। ਗੋਲਕ ਦੀ ਲੁੱਟ ਦੇ ਨਾਲ-ਨਾਲ ਹਰਸਿਮਰਤ ਕੌਰ ਨੂੰ ਦਿੱਤੇ ਮੰਤਰੀ ਪਦ ਬਦਲੇ ਸਿੱਖ ਸੰਸਥਾਵਾਂ ਤੇ ਆਰ ਐਸ ਐਸ ਦਾ ਕਬਜਾ ਕਰਵਾਉਣ ਵੀ ਬਾਦਲ ਪਰਿਵਾਰ ਵੱਲੋਂ ਭਾਜਪਾ ਨਾਲ ਕੀਤੇ ਸਮਝੌਤੇ ਵਿੱਚ ਸਾਮਲ ਹੈ। ਭਾਈ ਪੈਡਰੋ ਨੇ ਕਿਹਾ ਕਿ ਪਿਛਲੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਮੇਂ ਵੀ ਸ੍ਰੋਮਣੀ ਕਮਟੀ ਦਾ ਰੋਲ ਕੋਈ ਵਧੀਆ ਨਹੀ ਰਿਹਾ ਜਿਸ ਕਰਕੇ ਸਾਨੂੰ ਚਾਹੀਦਾ ਹੈ ਕਿ ਇਕੱਠੇ ਕੇ ਇਹਨਾਂ ਮਸੰਦਾਂ 'ਤੋਂ ਗੁਰੂਘਰ ਅਜ਼ਾਦ ਕਰਵਾਏ ਜਾਣ। ਭਾਈ ਪੈਡਰੋ ਨੇ ਕਿਹਾ ਸਾਡੇ ਪੁਰਖਿਆਂ ਨੇ ਵੀ ਗੁਰੂਘਰ ਅਜ਼ਾਦ ਕਰਵਾਉਣ ਹਿੱਤ ਸ਼ਹਾਦਤਾਂ ਦਿੱਤੀਆਂ ਸਨ ਤੇ ਸਾਂਨੂੰ ਹੁਣ ਫਿਰ ਇੱਕ ਹੰਭਲਾ ਮਾਰਨਾ ਚਾਹੀਦੀ ਹੈ ਤਾਂ ਸ੍ਰੋਮਣੀ ਕਮੇਟੀ ਦਾ ਪ੍ਰਬੰਧ ਸੁਹਿਰਦ ਅਤੇ ਗੁਰੂ ਮਰਿਆਦਾ ਤੇ ਸਿੱਖੀ ਸਿਧਾਤਾਂ ਤੇ ਚੱਲਣ ਵਾਲੇ ਯੋਗ ਸਿੱਖਾਂ ਹੱਥ ਆ ਸਕੇ।
