ਅਮ੍ਰਿਤ ਅਤੇ ਅਮਨ ਕਾਹਲੋਂ ਨੇ ਕਰਾਟਿਆਂ ਵਿੱਚ ਫਿਰ ਗੱਡੇ ਝੰਡੇਂ

ਅਮ੍ਰਿਤ ਬਣਿਆ 11ਵੀਂ ਵਾਰ ਸਟੇਟ ਚੈਂਪੀਅਨ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਬੱਚੇ ਕਰਾਟਿਆਂ ਦੇ ਚੋਟੀ ਦੇ ਖਿਡਾਰੀ ਹੋਣ ਕਾਰਨ ਖ਼ਬਰਾਂ ਦਾ ਸਿੰਗਾਂਰ ਬਣਦੇ ਰਹਿੰਦੇਂ ਹਨ। ਕੱਲ ਜਰਮਨੀ ਦੀ ਸਭ 'ਤੋਂ ਵੱਧ (16 ਮਿਲੀਅਨ) ਅਬਾਦੀ ਵਾਲੀ ਨੌਰਥ ਰਾਈਨ ਵੈਸਟਫਾਲਨ ਸਟੇਟ ਚੈਂਪੀਅਨਸਿੱਪ ਮੌਕੇ ਅਮ੍ਰਿਤ ਕਾਹਲੋਂ ਨੇ ਖੁੱਲ੍ਹੇ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਅਪਣੇ ਸੂਬੇ ਨੂੰ 11ਵੀਂ ਵਾਰ ਇਹ ਖਿਤਾਬ ਅਤੇ ਸੋਨ ਤਗਮਾਂ ਜਿੱਤ ਕੇ ਦਿੱਤਾ। ਇਸ ਚੈਂਪੀਅਨਸਿੱਪ ਸਮੇਂ ਅਮ੍ਰਿਤ ਨੇ ਪਹਿਲੀ ਫਾਈਟ 6-4, ਦੂਜੀ 5-2, ਤੀਜੀ 7-1 ਅਤੇ ਚੌਥੀ ਆਖਰੀ ਫਾਈਟ 5-2 ਦੇ ਫਰਕ ਨਾਲ ਜਿੱਤ ਕੇ ਪੰਜਾਬਣ ਮਾਂ ਦੇ ਚੁੰਘੇ ਦੁੱਧ ਦਾ ਜੋਰ ਦਿਖਾਇਆ। ਇਸ ਜਿੱਤ ਬਾਅਦ ਅਮ੍ਰਿਤ ਵੀ ਅਪਣੀ ਵੱਡੀ ਭੈਣ ਅਨੀਤ ਵਾਂਗ ਜਰਮਨੀ ਦੇ ਚੋਟੀ ਦੇ ਖਿਡਾਰੀਆਂ ਵਿੱਚ ਸਾਮਲ ਹੋ ਗਿਆ ਹੈ। ਕਾਹਲੋਂ ਪਰਿਵਾਰ ਦੀ ਛੋਟੀ ਧੀ ਅਮਨ ਕਾਹਲੋਂ ਨੇ 68 ਕਿਲੋ ਭਾਰ ਵਰਗ ਵਿੱਚ ਹਿੱਸਾ ਲਿਆ ਤੇ ਪਹਿਲੀ ਫਾਈਟ 1-1 ਨਾਲ ਬਰਾਬਰ ਰਹਿ ਗਈ ਤੇ ਰੈਫਰੀਆਂ ਨੇ ਵਿਰੋਧੀ ਖਿਡਾਰਨ ਨੂੰ ਜੇਤੂ ਐਲਾਨ ਦਿੱਤਾ ਪਰ ਅਮਨ ਨੇ ਇਹ ਫੈਸਲਾ ਮਨਜੂਰ ਨਹੀ ਕੀਤਾ ਤਾਂ ਰੈਫਰੀਆਂ ਵੱਲੋਂ ਦੂਸਰਾ ਮੁਕਾਬਲਾ ਕਰਵਾਇਆ ਗਿਆ ਜੋ ਅਮਨ 2-1 ਦੇ ਫਰਕ ਨਾਲ ਜੇਤੂ ਰਹੀ ਫਿਰ ਤੀਜੀ ਫਾਈਟ 4-1 ਨਾਲ ਜਿੱਤ ਕੇ ਕਾਂਸੀ ਦਾ ਤਗਮਾਂ ਜਿੱਤਿਆ। ਅਮਨ ਕਾਹਲੋਂ ਇਸ ਟੂਰਨਾਂਮੈਂਟ ਵਿੱਚ ਭਾਗ ਲੈਣ ਵਾਲੀ 17ਸਾਲਾਂ ਸਭ'ਤੋਂ ਛੋਟੀ ਉਮਰ ਦੀ ਖਿਡਾਰਨ ਸੀ। 
ਅਨੀਤ ਅਤੇ ਅਮ੍ਰਿਤ ਜਰਮਨੀ ਦੀ ਨੈਸ਼ਨਲ ਟੀਮ ਵਿੱਚ ਸਾਂਨਦਾਰ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਭੈਣ-ਭਰਾ ਹਨ ਜ੍ਹਿਨਾਂ ਨੇ ਸਖ਼ਤ ਮਿਹਨਤ ਨਾਲ ਮਾਤਾ-ਪਿਤਾ ਅਤੇ ਪੰਜਾਬੀਆਂ ਦਾ ਨਾਂਮ ਰੌਸ਼ਨ ਕਰਨ ਦਾ ਮਾਣ ਖੱਟਿਆ ਹੈ। ਅਮਨ ਕਰਾਟਿਆਂ ਦੇ ਨਾਲ-ਨਾਲ ਬੌਕਸਿੰਗ ਦੀ ਵੀ ਖਿਡਾਰਨ ਹੈ ਜੋ ਅਗਲੇ ਦਿਨਾਂ ਵਿੱਚ ਪੰਜਵਾਂ ਅਤੇ ਅਹਿਮ ਮੈਚ ਖੇਡਣ ਜਾ ਰਹੀ ਹੈ। 
ਕਾਹਲੋਂ ਪਰਿਵਾਰ ਦੇ ਇਹਨਾਂ ਬੱਚਿਆਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਤੇ ਉਹਨਾਂ ਦੇ ਦੋਸਤਾਂ-ਮਿੱਤਰਾਂ ਅਤੇ ਰਿਸਤੇਦਾਰਾਂ ਵੱਲੋਂ ਸਰਦਾਰਨੀ ਰਾਜਬੀਰ ਕੌਰ ਅਤੇ ਸ: ਤਰਲੋਚਨ ਸਿੰਘ ਕਾਹਲੋਂ ਨੂੰ ਵਧਾਈਆਂ ਦੇਣ ਵਾਲਿਆਂ ਤਾਂਤਾ ਲੱਗਾ ਹੋਇਆ ਹੈ। ਸ: ਤਰਲੋਚਨ ਸਿੰਘ ਕਾਹਲੋਂ ਵਾਹਿਗੁਰੂ ਦਾ ਸੁਕਰਾਨਾਂ ਕਰਦੇ ਹੋਏ ਕਹਿੰਦੇ ਹਨ ਸਾਡੀਆਂ ਬੱਚੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਸਾਡਾ ਸਮਾਜ ਅਪਣੀਆਂ ਬੇਟੀਆਂ ਨੂੰ ਵੀ ਚੰਗੀ ਸੇਧ ਦੇ ਅਗਾਂਹ ਵਧਣ ਦੇ ਮੌਕੇ ਪ੍ਰਦਾਨ ਕਰੇ ਤਾਂ ਕੁੜੀਆਂ ਵੀ ਮੁੰਡਿਆਂ ਵਾਂਗ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਸਕਦੀਆਂ ਹਨ।