ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਖ਼ਾਲਸਾ ਸਿਰਜਣਾ ਦਿਹਾੜੇ ( ਵਿਸਾਖੀ ) ਨੂੰ ਸਮਰਪਤਿ ਨਗਰ ਕੀਰਤਨ ਐਤਵਾਰ 22 ਮਈ ਨੂੰ ਸਜਾਇਆ ਗਿਆ। ਨਗਰ ਕੀਰਤਨ ਮੌਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਗਤਕਾ ਅਕੈਡਮੀ ਇਟਲੀ ਦੀ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਭਾਈ ਅਵਤਾਰ ਸਿੰਘ ਜਰਮਨੀ ਦੇ ਕਵੀਸ਼ਰੀ ਜਥੇ ਨੇ ਸਿੱਖ ਇਤਿਹਾਸ ਅਤੇ ਖ਼ਾਲਸਾ ਸਿਰਜਣਾ ਦਿਵਸ ਦੀ ਮਹੱਤਤਾ Ḕਤੇ ਚਾਨਣਾ ਪਾਇਆ। ਇਸ ਮੌਕੇ ਵਿਲਵੋਰਦੇ ਦੇ ਮੇਅਰ ਵੱਲੋਂ ਨੀਲੀ ਦਸਤਾਰ ਸਜਾ ਕੇ ਖ਼ਾਲਸਾ ਸਿਰਜਣਾ ਦਿਵਸ ਦੀ ਸਿੱਖ ਕੌਂਮ ਨੂੰ ਵਧਾਈ ਦਿੰਦਿਆਂ ਨਗਰ ਕੀਰਤਨ ਮੌਕੇ ਕੀਤੇ ਜਾਂਦੇ ਸੁਚੱਜੇ ਪ੍ਰਬੰਧਾਂ ਅਤੇ ਸਫਾਈ ਲਈ ਵੀ ਧੰਨਵਾਦ ਕੀਤਾ। ਜੰਮੂ-ਕਸ਼ਮੀਰ ਮੁਸਲਿਮ ਫਰੰਟ ਦੇ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਕੁੱਝ ਬਾਰਸ਼ ਹੋਣ ਦੇ ਬਾਵਜੂਦ ਵੀ ਬੈਲਜ਼ੀਅਮ ਦੇ ਕੋਨੇ-ਕੋਨੇ ਵਿੱਚੋਂ ਸੰਗਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਗੁਰਦਵਾਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਪੰਜਾਬੀ ਅਤੇ ਸਿੱਖ ਧਰਮ ਦੀ ਸਿੱਖਿਆ ਲੈ ਰਹੇ ਬੱਚਿਆਂ ਨੇ ਰਿਵਾਇਤੀ ਖਾਲਸ਼ਾਈ ਪੁਸ਼ਾਕਾਂ ਪਾ ਕੇ ਹਿੱਸਾ ਲਿਆ ਜੋ ਖਿੱਚ ਦਾ ਕੇਂਦਰ ਸਨ ਇਹਨਾਂ ਬੱਚਿਆਂ ਵੱਲੋਂ ਸਟੇਜ਼ ਤੇ ਕਵਿਤਾਵਾਂ ਵੀ ਪੜੀਆਂ ਗਈਆਂ ਤੇ ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਸਮੇਤ ਸਿੱਖ ਸੰਘਰਸ਼ ਦੇ ਸਹੀਦਾਂ ਦੀਆਂ ਤਸਵੀਰਾਂ ਵੀ ਵਾਹਨਾਂ ਉੱਪਰ ਲਗਾਈਆਂ ਹੋਈਆਂ ਸਨ। ਅਕਾਲ ਚੈਨਲ ਲਈ ਕਵਰੇਜ਼ ਕਰਨ ਲਈ ਸਰਦਾਰ ਬਸੰਤ ਸਿੰਘ ਪੰਜਹੱਥਾਂ ਹੋਰੀਂ ਵਿਸ਼ੇਸ਼ ਤੌਰ ਤੇ ਫਰਾਂਸ 'ਤੋਂ ਪਹੁੰਚੇ ਹੋਏ ਸਨ। ਜਰਮਨੀ 'ਤੋਂ ਭਾਈ ਪ੍ਰਤਾਪ ਸਿੰਘ ਅਤੇ ਭਾਈ ਰਾਣਾ ਵੀ ਨੇ ਵੀ ਹਾਜਰੀਆਂ ਭਰੀਆਂ।
ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਵੱਲੋਂ ਬੈਲਜ਼ੀਅਮ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ, ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਲੀਅਜ਼ ਅਤੇ ਉਪਰਤਿੰਗਨ ਗੁਰੂਘਰ ਦੀ ਕਮੇਟੀ, ਖੇਡ ਕਲੱਬਾਂ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਅਤੇ ਸੰਸਥਾਵਾਂ ਦਾ ਨਗਰ ਕੀਰਤਨ ਵਿਚ ਸਾਮਲ ਹੋਣ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਹੈ।
