ਪੰਜਾਬ ਦੀ ਧਰਤੀ 'ਤੇ ਕਰਵਾਏ ਗਏ ਵਰਲਡ ਕਬੱਡੀ ਕੱਪ ਦੀ ਅਪਾਰ ਸਫ਼ਲਤਾ ਤੋਂ ਬਾਅਦ ਹੁਣ ਪਰ
ਲਜ਼ ਗਰੁੱਪ ਨੇ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਵੀ ਪੈਰ ਧਰ ਲਿਆ ਹੈ ਅਤੇ ਪਰਲਜ਼ ਇੰਟਰਟੇਨਮੈਂਟ ਦੇ ਬੈਨਰ ਹੇਠ ਉਹਨਾਂ ਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ 'ਤੇਰੇ ਇਸ਼ਕ ਨਚਾਇਆ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਨਿਰਮਾਤਾ ਕੇਸਰ ਸਿੰਘ ਦੀ ਇਸ ਪਲੇਠੀ ਫ਼ਿਲਮ ਨੂੰ 'ਜੱਟ ਜਿਉਣਾ ਮੌੜ', 'ਬਦਲਾ ਜੱਟੀ ਦਾ', 'ਮਿਰਜ਼ਾ ਜੱਟ', 'ਸਿਕੰਦਰਾ' ਅਤੇ 'ਮਜਾਜਣ' ਜਿਹੀਆਂ ਪੰਜਾਬੀ ਫ਼ਿਲਮਾਂ ਬਣਾ ਚੁੱਕੇ ਨਿਰਦੇਸ਼ਕ ਰਵਿੰਦਰ ਰਵੀ ਨੇ ਨਿਰਦੇਸ਼ਤ ਕੀਤਾ ਹੈ। ਇਸ ਫ਼ਿਲਮ ਦਾ ਹੀਰੋ ਵੀ ਰਵੀ ਦੀ ਪਿਛਲੀ ਰਿਲੀਜ਼ ਹੋਈ ਫ਼ਿਲਮ 'ਮਜਾਜਣ' ਵਾਲਾ ਗੈਵੀ ਚਾਹਲ ਹੀ ਹੈ ਅਤੇ ਉਸਦੀ ਹੀਰੋਇਨ ਵਜੋਂ ਰੰਗਮੰਚ ਦੀ ਉੱਘੀ ਅਦਾਕਾਰਾ ਮੰਨਤ ਸਿੰਘ (ਸੁੱਖੀ ਪਵਾਰ) ਨਜ਼ਰੀਂ ਆਵੇਗੀ। ਹੋਰਨਾਂ ਸਿਤਾਰਿਆਂ ਵਿੱਚ ਕੰਵਲਜੀਤ ਸਿੰਘ, ਦੀਪ ਢਿੱਲੋਂ, ਅਮਰ ਨੂਰੀ, ਸਰਬਜੀਤ ਮਾਂਗਟ, ਪ੍ਰਮੋਦ ਪੱਬੀ ਅਤੇ ਦਖਸ਼ ਅਜੀਤ ਸਿੰਘ ਆਦਿ ਸ਼ਾਮਿਲ ਹਨ।ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਉੱਘੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਅਤੇ ਰਵਿੰਦਰ ਰਵੀ ਦੀ ਸੋਚ ਦੀ ਉਪਜ ਹਨ ਜਦਕਿ ਫ਼ਿਲਮ ਦੇ ਖੂਬਸੂਰਤ ਅਤੇ ਕਲਾਤਮਕ ਦ੍ਰਿਸ਼ਾਂ ਨੂੰ ਕੈਮਰੇ ਵਿੱਚ ਕੈਦ ਕਰਨ ਦੀ ਜ਼ਿੰਮੇਵਾਰੀ ਉੱਘੇ ਕੈਮਰਾਮੈਨ ਅਕਰਮ ਸ਼ੇਖ ਨੇ ਨਿਭਾਈ ਹੈ। ਸੰਗੀਤ ਨੂੰ ਫ਼ਿਲਮ ਦਾ ਅਹਿਮ ਅੰਗ ਮੰਨਦਿਆਂ ਨਿਰਮਾਤਾ ਨੇ ਫ਼ਿਲਮ ਦੇ ਸੰਗੀਤ 'ਤੇ ਬਹੁਤ ਜ਼ਿਆਦਾ ਮਿਹਨਤ ਅਤੇ ਪੈਸਾ ਖਰਚ ਕੀਤਾ ਹੈ। ਫ਼ਿਲਮ ਦਾ ਸੰਗੀਤ ਰਾਜ ਗਾਇਕ ਪਦਮ ਸ੍ਰੀ ਹੰਸ ਰਾਜ ਹੰਸ ਅਤੇ ਉਹਨਾਂ ਦੇ ਸਪੁੱਤਰ ਨਵਰਾਜ ਹੰਸ ਨੇ ਤਿਆਰ ਕੀਤਾ ਹੈ ਅਤੇ ਚਰਚਿਤ ਗੀਤਕਾਰ ਰਾਜ ਕਾਕੜ ਦੇ ਲਿਖੇ ਗੀਤਾਂ ਨੂੰ ਪ੍ਰਸਿੱਧ ਗਾਇਕਾਂ ਕੈਲਾਸ਼ ਖੇਰ, ਮੀਕਾ, ਲਾਭ ਜੰਜੂਆ, ਉਦਿਤ ਨਰਾਇਣ, ਸੁਨਿਧੀ ਚੌਹਾਨ, ਜਸਪਿੰਦਰ ਨਰੂਲਾ ਅਤੇ ਰਿਚਾ ਸ਼ਰਮਾਂ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ।
ਪੰਜਾਬ, ਹਿਮਾਚਲ, ਦਿੱਲੀ ਅਤੇ ਬੈਂਕਾਕ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫ਼ਿਲਮਾਈ ਗਈ ਇਹ ਫ਼ਿਲਮ ਇੱਕ ਰੁਮਾਂਟਿਕ ਪ੍ਰੇਮ ਕਹਾਣੀ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪੇਸ਼ ਕਰਦੀ ਹੈ ਜਿਸ ਨੂੰ ਵੇਖ ਕੇ ਦਰਸ਼ਕ ਗਦਗਦ ਹੋ ਜਾਣਗੇ। ਪਾਲੀ ਭੁਪਿੰਦਰ ਰੰਗਮੰਚ ਦਾ ਇੱਕ ਚਰਚਿਤ ਹਸਤਾਖਰ ਹੈ ਜਿਸਦੇ ਲਿਖੇ ਅਤੇ ਨਿਰਦੇਸ਼ਤ ਕੀਤੇ ਨਾਟਕਾਂ ਨੇ ਦੇਸ਼-ਵਿਦੇਸ਼ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਬਤੌਰ ਫ਼ਿਲਮੀ ਲੇਖਕ ਇਹ ਉਹਨਾਂ ਦੀ ਪਹਿਲੀ ਫ਼ਿਲਮ ਹੈ ਅਤੇ ਇਸ 'ਤੇ ਉਹਨਾਂ ਨੇ ਆਪਣੇ ਲੇਖਣੀ ਜੀਵਨ ਦਾ ਪੂਰਾ ਤਜਰਬਾ ਲਗਾ ਦਿੱਤਾ ਹੈ। ਅਜਿਹੇ ਸਮੇਂ ਵਿੱਚ ਜਦ ਹਰ ਨਿਰਮਾਤਾ ਪੰਜਾਬੀ ਗਾਇਕਾਂ ਨੂੰ ਹੀਰੋ ਲੈ ਕੇ ਫ਼ਿਲਮ ਬਣਾ ਰਿਹਾ ਹੈ ਤਾਂ ਇਸ ਮਾਹੌਲ ਵਿੱਚ ਇਸ ਫ਼ਿਲਮ ਦੇ ਹੀਰੋ ਗੈਵੀ ਚਾਹਲ ਲਈ ਵੀ ਇਹ ਫ਼ਿਲਮ ਆਪਣੀ ਉਪਯੋਗਤਾ ਸਿੱਧ ਕਰਨ ਲਈ ਬਹੁਤ ਅਹਿਮ ਸਥਾਨ ਰੱਖਦੀ ਹੈ। ਵੈਸੇ ਗੈਵੀ ਚਾਹਲ ਇਸ ਤੋਂ ਪਹਿਲਾਂ ਆਪਣੀਆਂ ਲਗਾਤਾਰ ਦੋ ਸਫ਼ਲ ਫ਼ਿਲਮਾਂ 'ਮਹਿੰਦੀ ਵਾਲੇ ਹੱਥ' ਅਤੇ 'ਮਜਾਜਣ' ਰਾਹੀਂ ਆਪਣੇ ਆਪ ਨੂੰ ਸਿੱਧ ਕਰ ਚੁੱਕਾ ਹੈ। ਐਨੇ ਖੂਬਸੂਰਤ ਸਿਤਾਰਿਆਂ ਅਤੇ ਬਿਹਤਰੀਨ ਸੰਗੀਤ ਨਾਲ ਸਜੀ ਇਹ ਫ਼ਿਲਮ ਜਲਦੀ ਹੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਅਤੇ ਨਿਸ਼ਚੇ ਹੀ ਦਰਸ਼ਕ ਇਸ ਨੂੰ ਪਸੰਦ ਵੀ ਕਰਨਗੇ।
ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਮੋਬਾਇਲ-9464008008
ਈ-ਮੇਲ-harinderbhullar420@yahoo.com