ਮਾਮਲਾ ਸੌਦਾ ਸਾਧ ਨੂੰ ਮੁਆਫੀ ਦਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਬਾਕੀ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਵੱਲੋਂ ਬਾਦਲ ਪਰਿਵਾਰ ਦੇ ਹੁਕਮਾਂ ਤੇ ਫੁੱਲ ਚੜਾਉਦਿਆਂ ਸੌਦਾ ਸਾਧ ਨੂੰ ਦਿੱਤੀ ਮੁਆਫੀ ਬਾਰੇ ਦੇਸ਼-ਵਿਦੇਸ਼ ਵਿੱਚ ਤਿੱਖਾਂ ਪ੍ਰਤੀਕਰਮ ਹੋ ਰਿਹਾ ਹੈ।
ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਚੇਅਰਮੈਨ ਭਾਈ ਜਗਦੀਸ਼ ਸਿੰਘ ਭੂਰਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸੌਦਾ ਸਾਧ ਨੂੰ ਦਿੱਤੀ ਮੁਆਫੀ ਬਾਅਦ ਇਹਨਾਂ ਜਥੇਦਾਰਾਂ ਦੇ ਇਸ ਕਾਰਨਾਮੇ ਨੂੰ ਇਤਿਹਾਸ ਵਿੱਚ ਕਾਲੇ ਅੱਖ਼ਰਾਂ ਨਾਲ ਲਿਖਿਆ ਜਾਵੇਗਾ ਅਤੇ ਕੌਂਮ ਇਹਨਾਂ ਨੂੰ ਕਦੇ ਵੀ ਮੁਆਫ ਨਹੀ ਕਰੇਗੀ। ਭਾਈ ਭੂਰਾ ਨੇ ਕੌਂਮ ਨੂੰ ਸੱਦਾ ਦਿੱਤਾ ਕਿ ਜਿਥੇ ਕਿਤੇ ਵੀ ਇਹ ਜੱਫੇਮਾਰ ਟੱਕਰਨ ਤਾਂ ਵਿਰੋਧਤਾ ਕਰਦਿਆਂ ਇਹਨਾਂ ਦੀ ਭੁਗਤ ਜਰੂਰ ਸਵਾਰੀ ਜਾਵੇ ਅਤੇ ਉਹਨਾਂ ਇਹ ਵੀ ਐਲਾਂਨ ਕੀਤਾ ਕਿ ਯੂਰਪ ਵੀ ਧਰਤੀ ਤੇ ਇਹਨਾਂ ਨੂੰ ਪੈਰ ਨਹੀ ਪਾਉਣ ਦਿੱਤਾ ਜਾਵੇਗਾ। ਭੂਰਾ ਨੇ ਕਿਹਾ ਕਿ ਨਵਜੋਤ ਸਿੱਧੂ ਮਾਮਲੇ ਵਿੱਚ ਸੁਣਵਾਈ ਕਰਨ 'ਤੋ ਬਚਣ ਲਈ ਜਥੇਦਾਰ ਕਹਿ ਕੇ ਟਾਲਾ ਮਾਰ ਗਏ ਸਨ ਕਿ ਉਸ ਨੂੰ ਸਿੱਖ ਹੀ ਨਹੀ ਮੰਨਦੇ ਪਰ ਕੀ ਆਹ ਬਲਾਤਕਾਰੀ ਸਾਧ ਸਿੱਖੀ ਅਸੂਲਾਂ ਵਿੱਚ ਕੁੱਝ ਜਿਆਦਾ ਹੀ ਪ੍ਰਪੱਕ ਹੈ? ਜਿਸ ਨੂੰ ਘਰੇ ਬੈਠਿਆਂ ਹੀ ਮੁਆਫੀ ਦੇ ਦਿੱਤੀ। ਇਸ ਸੌਦਾ ਸਾਧ ਮਾਮਲੇ ਵਿੱਚ ਤਿੰਨ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ ਪਰ ਜਥੇਦਾਰਾਂ ਨੂੰ ਆਰ ਐਸ ਐਸ ਦਾ ਹੁਕਮ ਹੀ ਇਲਾਹੀ ਜਾਪ ਰਿਹਾ ਹੈ।
ਅੱਜ ਦੇ ਜਥੇਦਾਰਾਂ ਨੂੰ "ਭਾੜੇ ਦੇ ਬ੍ਰਾਹਮਣ" ਕਰਾਰ ਦਿੰਦਿਆਂ ਭਾਈ ਭੂਰਾ ਨੇ ਤਾੜਨਾ ਕੀਤੀ ਕਿ ਉਹ ਅਪਦਾ ਬਣ ਰਿਹਾ ਪੰਜ ਤਾਰਾ ਹੋਟਲ ਮੁਕੰਮਲ ਕਰਵਾਉਣ ਲਈ ਕੌਂਮ ਨੂੰ ਬੀਜੇਪੀ ਕੋਲ ਵੇਚਣ 'ਤੋਂ ਵਾਲੀਆਂ ਹਰਕਤਾਂ 'ਤੋਂ ਬਾਝ ਆਵੇ ਵਰਨਾਂ ਇਸਦੇ ਬਹੁਤ ਮਾੜੇ ਨਤੀਜੇ ਨਿਕਲਣਗੇ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਬੁਲਾ ਕੇ ਇਹਨਾਂ ਅਖੌਤੀ ਜਥੇਦਾਰਾਂ ਨੂੰ ਘਰੇ ਤੋਰ ਦੇਣਾ ਚਾਹੀਦਾਂ ਹੈ ਅਤੇ ਇਹਨਾਂ ਦੇ ਲਏ ਫੈਸਲੇ ਰੱਦ ਕਰ ਦੇਣੇ ਚਾਹੀਦੇਂ ਹਨ ਤਾਂ ਜੋ ਤਖਤ ਸਾਹਿਬਾਨਾਂ ਵਿੱਚ ਕੌਂਮ ਦਾ ਭਰੋਸਾ ਮੁੜ ਬਹਾਲ ਹੋ ਸਕੇ।
