ਯੂਰਪ ਭਰ ਦੀਆਂ ਪੰਥਕ ਜਥੇਬੰਦੀਆਂ ਦੇ ਜਰਮਨ ਵਿੱਚ ਹੋਏ ਇਕੱਠ ਨੇ ਗੈਰ ਸਿਧਾਂਤਕ ਹੁਕਮਨਾਮੇ ਨੂੰ ਕੀਤਾ ਰੱਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖਤ ਸਾਹਿਬ 'ਤੋਂ ਸੱਤਾਧਾਰੀ ਬਾਦਲ ਪਰਿਵਾਰ ਦੇ ਗੁਲਾਮ ਜੱਫੇਮਾਰਾਂ ਵੱਲੋਂ ਪਿਛਲੇ ਦਿਨੀ ਸੌਦਾ ਸਾਧ ਰਾਮ ਰਹੀਮ ਨੂੰ ਨਾਗਪੁਰੀ ਤਖਤ ਦੇ ਆਦੇਸ਼ਾਂ ਅਨੁਸਾਰ ਮੁਆਫੀ ਦੇ ਕੇ ਤਖਤ ਸਾਹਿਬ ਦੀਆਂ ਮਹਾਨ ਪੰਪਰਾਵਾਂ ਤੇ ਪੰਥਕ ਮਰਿਆਦਾ ਦੇ ਕੀਤੇ ਘੋਰ ਅਪਮਾਨ ਕਾਰਨ ਦੁਨੀਆਂ ਭਰ ਦੇ ਸਿੱਖਾਂ ਦੇ ਹਿਰਦੇ ਵਲੂਧਰੇ ਗਏ ਹਨ। ਜਰਮਨੀ ਦੇ ਗੁਰਦਵਾਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਜਰਮਨ ਭਰ ਦੀਆਂ ਪੰਥਕ ਜਥੇਬੰਦੀਆਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਪੰਥ ਹਿਤੈਸ਼ੀ ਸੰਸਥਾਵਾਂ ਵੱਲੋਂ ਵਿਸ਼ਾਲ ਇਕੱਠ ਬੁਲਾਇਆ ਗਿਆ ਜਿਸ ਵਿੱਚ ਯੂਰਪ ਭਰ Ḕਤੋਂ ਪੰਥਕ ਆਗੂਆਂ ਨੇ ਹਾਜਰੀ ਭਰੀ। ਹਫਤਾਵਾਰੀ ਦੀਵਾਨ ਵਿੱਚ ਭਾਈ ਅਮਰੀਕ ਸਿੰਘ ਕਠਿਆਲੀ ਜੀ ਦੇ ਜਥੇ ਵੱਲੋਂ ਅਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਭਾਈ ਸੰਦੀਪ ਸਿੰਘ ਖਾਲੜਾ ਵੱਲੋਂ ਅਜੋਕੇ ਹਾਲਾਤਾਂ ਨੂੰ ਮੁੱਖ ਰਖਦਿਆਂ ਗੁਰਬਾਣੀ ਦੀ ਰੌਸ਼ਨੀ ਵਿੱਚ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। 
ਯੂਰਪ ਭਰ ਵਿੱਚੋਂ ਪਹੁੰਚੇ ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਥ ਦੀ ਮੌਜੂਦਾ ਸਥਿਤੀ ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਭਾਈ ਗੁਰਚਰਨ ਸਿੰਘ ਗੁਰਾਇਆ, ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭੁਪਿੰਦਰ ਸਿੰਘ ਮਨਹਾਈਮ, ਜਗਤਾਰ ਸਿੰਘ ਮਾਹਲ, ਨਰਿੰਦਰ ਸਿੰਘ ਘੋਤੜਾ, ਕਮਲਜੀਤ ਸਿੰਘ ਰਾਏ, ਬਲਕਾਰ ਸਿੰਘ, ਦਵਿੰਦਰ ਸਿੰਘ ਘਲੋਟੀ, ਭਾਈ ਗੁਰਦੀਪ ਸਿੰਘ ਪ੍ਰਦੇਸ਼ੀ ਹਾਈਜੈਕਰ, ਹਰਜੀਤ ਸਿੰਘ ਹੌਲੈਂਡ, ਜਗਮੋਹਣ ਸਿੰਘ ਮੰਡ ਬੈਲਜ਼ੀਅਮ ਅਤੇ ਭਾਈ ਪ੍ਰਿਤਪਾਲ ਸਿੰਘ ਸਵਿੱਟਜ਼ਰਲੈਂਡ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਮਾੜੀ ਕਾਰੁਜਗਾਰੀ ਨੂੰ ਰੋਕਣ ਲਈ ਨਵੇਂ ਹੁਕਮਨਾਂਮੇ ਨੂੰ ਮੂਲੋ ਹੀ ਰੱਦ ਕਰ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਪਾਲ ਸਿੰਘ ਬੱਬਰ, ਸੁਰਿੰਦਰ ਸਿੰਘ ਸੇਖੋਂ, ਹਰਵਿੰਦਰ ਸਿੰਘ ਭਤੇੜੀ, ਗੁਰਦਿਆਲ ਸਿੰਘ ਢਕਾਣਸੂ, ਹੀਰਾ ਸਿੰਘ ਮੱਤੇਵਾਲ, ਬੱਬਾ ਸਿੰਘ ਗਿੱਲ, ਬਾਬਾ ਕ੍ਰਿਪਾਲ ਸਿੰਘ, ਪ੍ਰਤਾਪ ਸਿੰਘ ਬੱਬਰ, ਰਾਜਿੰਦਰ ਸਿੰਘ ਬੱਬਰ ਅਤੇ ਸੁਰਜੀਤ ਸਿੰਘ ਸੁੱਖਾ ਆਦਿ ਹਾਜਰ ਸਨ। ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਭਾਈ ਗੁਰਦਿਆਲ ਸਿੰਘ ਲਾਲੀ ਨੇ ਬਾਖੂਬੀ ਨਿਭਾਈ। 
ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ, ਬੱਬਰ ਖਾਲਸਾ ਇੰਟਰਨੈਸ਼ਨਲ ਜਰਮਨੀ, ਦਲ ਖਾਲਸਾ ਇੰਟਰਨੈਸ਼ਨਲ  ਜਰਮਨੀ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਰਮਨੀ, ਸਿੰਘ ਸਭਾ ਜਰਮਨੀ, ਗੁਰਦਵਾਰਾ ਸਿੱਖ ਸੈਂਟਰ ਫਰੈਂਕਫੋਰਟ ਦੀ ਕਮੇਟੀ 'ਤੋਂ ਇਲਾਵਾ ਮਨਹਾਈਮ, ਵੁਰਸਬਰਗ, ਨਿਉਨਬਰਗ, ਮਿਊਚਨ, ਲਈਪਸਿਕ, ਔਕਸਬਰਗ, ਬਰਲਿਨ, ਕੋਲਨ ਅਤੇ ਰੀਗਨਸਬਰਗ ਦੇ ਗੁਰਦਵਾਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਬਾਬਾ ਮੱਖਣ ਸ਼ਾਹ ਲੁਬਾਣਾ ਵੈਲਫੇਅਰ, ਬਾਬਾ ਜੀਵਨ ਸਿੰਘ ਵੈਲਫੇਅਰ, ਬਾਬਾ ਦੀਪ ਸਿੰਘ ਸੰਸਥਾ, ਪੰਜਾਬ ਸਪੋਰਟਸ਼ ਅਕੈਡਮੀ, ਜਾਗੀ ਮਨੁੱਖਤਾ, ਮੀਡੀਆ ਪੰਜਾਬ, ਸਿੱਖ ਸੰਘਰਸ਼ ਡਾਟ ਕਾਮ ਆਦਿ ਸੰਸਥਾਵਾਂ ਦੀ ਸਹਿਮਤੀ ਨਾਲ 4 ਮਤੇ ਪਾਸ ਕੀਤੇ ਗਏ ਜਿਨਾਂ ਨੂੰ ਸੰਗਤਾਂ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ। ਮਤਾ ਨੰਬਰ ਇੱਕ: ਅੱਜ ਦਾ ਇਹ ਪੰਥਕ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਅਟੱਲ ਸਿਧਾਤ ਨੂੰ ਪੂਰੀ ਤਰਾਂ ਸਮਰਪਤਿ ਹੈ ਪਰ ਇਸ ਮਹਾਨ ਅਸਥਾਨ 'ਤੋਂ ਰਾਜਸੀ ਦਬਾਅ ਹੇਠ ਜਾਰੀ ਹੋਏ ਗੈਰ ਸਿਧਾਂਤਕ ਹੁਕਮਨਾਂਮਿਆਂ ਤੇ ਰਾਮ ਰਹੀਮ ਦਾ ਮੁਆਫੀਨਾਵਾਂ ਵੀ ਸਿੱਖ ਪ੍ਰੰਪਰਾਵਾਂ ਅਤੇ ਸਿਧਾਤਾਂ ਦੀ ਕਸਵੱਟੀ ਉੱਪਰ ਖਰਾ ਨਹੀ ਉਤਰਦਾ ਜਿਸ ਕਰਕੇ ਪੂਰਨ ਤੌਰ ਤੇ ਰੱਦ ਕੀਤਾ ਜਾਂਦਾ ਹੈ। 
ਮਤਾ ਨੰਬਰ ਦੋ: ਸਿੱਖ ਕੌਂਮ ਦੀ ਸਰਬੋਤਮ ਸੰਸ਼ਥਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੱਜ ਸੰਪੂਰਨ ਰੂਪ ਵਿੱਚ ਬਾਦਲ ਪਰਿਵਾਰ ਦੇ ਅਧੀਨ ਹੋ ਚੁੱਕੀ ਹੈ ਜੋ ਸੱਤਾ ਦੀ ਲਾਲਸਾ ਕਾਰਨ ਇਹਨਾਂ ਮਹਾਨ ਸੰਸਥਾਵਾਂ ਨੂੰ ਨਾਗਪੁਰੀ ਸੋਚ ਅਨੁਸਾਰ ਢਾਲ ਕੇ ਸਿੱਖਾਂ ਦੀ ਮਹਾਨ ਪ੍ਰੰਪਰਾਵਾਂ ਦਾ ਘੋਰ ਅਪਮਾਨ ਕਰ ਰਿਹਾ ਹੈ ਜਿਸ ਲਈ ਇਹਨਾਂ ਸੰਸਥਾਵਾਂ ਨੂੰ ਹਰ ਹੀਲੇ ਸਿਆਸੀ ਗਲਬੇ ਹੇਠੋਂ ਅਜ਼ਾਦ ਕਰਵਾਉਣ ਲਈ ਬਣਦਾ ਯੋਗਦਾਨ ਪਾਇਆ ਜਾਵੇਗਾ। 
ਮਤਾ ਨੰਬਰ ਤਿੰਨ: ਅੱਜ ਦਾ ਇਹ ਵਿਸ਼ਾਲ ਇਕੱਠ ਰਾਜਸੀ ਲੋਕਾਂ ਦੇ ਗੁਲਾਮ ਤਖਤਾਂ ਦੇ ਜਥੇਦਾਰਾਂ ਨੂੰ ਵਿਦੇਸ਼ੀ ਦੌਰਿਆਂ ਦੌਰਾਂਨ ਕਿਸੇ ਵੀ ਗੁਰਦਵਾਰਾ ਸਾਹਿਬਾਨ ਵਿੱਚ ਬੋਲਣ ਦੀ ਇਜਾਜਤ ਨਹੀ ਦਿੱਤੀ ਜਾਵੇਗਾ ਅਤੇ ਸਖਤੀ ਨਾਲ ਵਿਰੋਧ ਕੀਤਾ ਜਾਵੇਗਾ। ਮਤਾ ਨੰਬਰ ਚਾਰ: ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਕੱਠੀਆਂ ਹੋਈਆਂ ਪੰਥਕ ਜਥੇਬੰਦੀਆਂ ਵੱਲੋਂ ਬੰਦੀ ਛੋੜ ਦਿਵਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸੱਦ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਚੁਣਨ ਲਈ ਲਏ ਗਏ ਫੈਸਲੇ ਦੀ ਪੂਰਨ ਹਿਮਾਇਤ ਕਰਦਾ ਹੈ।
ਇਸ ਮੌਕੇ ਬੱਬਰ ਖਾਲਸਾ ਮੁੱਖੀ ਜਥੇਦਾਰ ਵਧਾਵਾ ਸਿੰਘ ਬੱਬਰ ਦਾ ਆਇਆ ਸੰਦੇਸ਼ ਵੀ ਸੰਗਤਾਂ ਨੂੰ ਪੜ ਕੇ ਸੁਣਾਇਆ ਗਿਆ ਜਿਸ ਵਿੱਚ ਉਹਨਾਂ ਨੇ ਜਥੇਦਾਰਾਂ ਦੀ ਡੇਰਾ ਸੌਦਾ ਬਾਰੇ ਕਾਰਵਾਈ ਨੂੰ ਮੁੱਢੋ ਹੀ ਰੱਦ ਕਰਦਿਆਂ ਪੰਥਕ ਜਥੇਬੰਦੀਆਂ ਦੀ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ ਹੈ।