ਯੂਰਪ ਵਿੱਚ ਰਹਿ ਕੇ ਵੀ ਨਰਕ ਭਰੀ ਜਿੰਦਗੀ ਜਿਉਂ ਰਹੀਆਂ ਹਨ ਕਈ ਪੰਜਾਬੀਆਂ ਕੁੜੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੱਛਮ ਵਿੱਚ ਸਵਰਗ ਵਰਗੀ ਜਿੰਦਗੀ ਦੀਆਂ ਖ਼ਬਰਾਂ ਅਤੇ ਕਹਾਣੀਆਂ ਸੁਣ ਬਹੁਤੇ ਪੰਜਾਬੀ ਮਾਪਿਆਂ ਦੀ ਤਮੰਨਾਂ ਹੁੰਦੀ ਹੈ ਕਿ ਮੇਰੇ ਬੱਚੇ ਵੀ ਇਸ ਸਵਰਗ ਜਰੂਰ ਪਹੁੰਚਣ। ਅਜਿਹੇ ਸਵਰਗ ਨੂੰ ਹਾਸਲ ਕਰਨ ਲਈ ਹਰ ਢੰਗ ਤਰੀਕਾ ਅਪਣਾਇਆਂ ਜਾਦਾਂ ਰਿਹਾ ਹੈ ਅਤੇ ਅਪਣਾਇਆ ਵੀ ਜਾ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਇਸ ਮੰਜਿਲ ਲਈ ਤੁਰਿਆਂ ਵਿੱਚੋਂ ਕਿੰਨੇ ਬਰਫ਼ਾਂ ਦੀ ਤਹਿ ਹੇਠ ਦਫਨ ਹੋ ਗਏ ਅਤੇ ਕਿੰਨੇ ਸਮੁੰਦਰਾਂ ਦੇ ਡੂੰਘੇਂ ਪਾਣੀਆਂ ਦੀ ਭੇਟ ਚੜ ਗਏ। ਬਚ ਬਚਾ ਪਹੁੰਚੇਂ ਅਤੇ ਪੱਕੇ ਹੋਇਆਂ ਵੱਲੋਂ ਪਾਈਆਂ ਕੋਠੀਆਂ ਅਤੇ ਪੰਜਾਬ ਫੇਰੀ ਸਮੇਂ ਮਹਿੰਗੀਆਂ ਗੱਡੀਆਂ ਦੇ ਝੂਟੇ ਲੈਂਦਿਆਂ ਦੇਖ ਹਰ ਮੁਟਿਆਰ ਚਾਹੁੰਦੀ ਹੈ ਕਿ ਉਸ ਦਾ ਵਿਆਹ ਵੀ ਕਿਸੇ ਪ੍ਰਵਾਸੀ ਪੰਜਾਬੀ ਨਾਲ ਹੀ ਹੋਵੇ। ਪਰ ਵਿਦੇਸ਼ੀ ਵਿਆਹੀਆਂ ਇਹਨਾਂ ਮੁਟਿਅਰਾਂ ਨੂੰ ਕਈ ਅਜਿਹੇ ਲੰਡਰ ਵੀ ਟੱਕਰ ਜਾਂਦੇ ਹਨ ਜੋ ਇਹਨਾਂ ਵਿਕਸਤ ਮੁਲਕਾਂ ਵਿੱਚ ਰਹਿੰਦੇਂ ਹੋਏ ਵੀ ਰੂੜੀਵਾਦੀ ਸੋਚ ਦਾ ਪੱਲਾ ਨਹੀ ਛੱਡ ਸਕਦੇ ਅਤੇ ਅਪਣੀ ਸ਼ਰੀਕੇ ਹਯਾਤ 'ਤੇ ਸਰੀਰਕ ਅਤੇ ਮਾਂਨਸਿਕ ਤਸੱਦਦ ਕਰ ਅਪਣੀ ਮਰਦਾਨਗੀ ਦਾ ਮਜ਼ਾ ਲੁਟਦੇ ਹਨ। ਅਜਿਹਾ ਹੀ ਇੱਕ ਵਾਕਿਆ ਵਾਪਰਿਆ ਹੈ ਬੈਲਜ਼ੀਅਮ ਦੇ ਲੀਅਜ਼ ਸ਼ਹਿਰ ਵਿਆਹੀ ਇੱਕ ਪੰਜਾਬੀ ਲੜਕੀ ਨਾਲ। ਲੜਕੀ ਦੇ ਆਸਟਰੇਲੀਆ ਰਹਿੰਦੇ ਭਰਾ ਨੇ ਭਰੇ ਮਨ ਨਾਲ ਅਪਣੀ ਦੁਖਿਆਰੀ ਭੈਣ ਦੀ ਕਹਾਣੀ ਸੁਣਾਉਦਿਆਂ ਦੱਸਿਆ ਕਿ ਵਾਹਿਗੁਰੂ ਤੇ ਟੇਕ ਰੱਖਣ ਵਾਲੀ ਮੇਰੀ ਭੈਣ ਅੱਜ ਇੱਕ ਕੈਦਣ ਦਾ ਜੀਵਨ ਜਿਉਂ ਰਹੀ ਹੈ ਜਿਸ ਨੂੰ ਅਪਣੇ ਮਾਂ-ਬਾਪ ਜਾਂ ਕਿਸੇ ਰਿਸਤੇਦਾਰ ਨਾਲ ਗੱਲ ਕਰਨ ਦੀ ਇਜਾਜਤ ਤਾਂ ਕੀ ਹੋਣੀ ਸੀ ਉਸਨੂੰ ਤਾਂ ਖਿੜਕੀ ਵਿੱਚੋਂ ਬਾਹਰ ਝਾਕਣ ਦੀ ਵੀ ਇਜਾਜਤ ਨਹੀ। ਭਰਾ ਮੁਤਾਬਕ ਪ੍ਰਾਹੁਣਾ ਸਾਹਿਬ ਜਿਥੇ ਨਿਆਸਰਾ ਲੜਕੀ ਦੇ ਹੱਡ ਸੇਕਦੇ ਰਹਿੰਦੇਂ ਹਨ ਉੱਥੇ ਉਸ ਦੇ ਬਾਪ ਨੂੰ ਫੋਨ ਕਰ ਇਹ ਵੀ ਦੱਸਦੇ ਹਨ ਕਿ ਅੱਜ ਤੁਹਾਡੀ ਬੇਟੀ ਕਿੰਨੇ ਵਾਰ ਕੁੱਟੀ ਅਤੇ ਘਰੋਂ ਕੱਢ ਦਿੱਤੀ ਸੀ। ਸਹੁਰਿਆਂ ਦੀ ਭਲੇਮਾਣਸੀ ਦਾ ਫਾਇਦਾ ਉਠਾ ਰਹੇ ਇਸ ਪ੍ਰਾਹੁਣੇ ਦਾ ਹੌਸਲਾ ਤਾਂ ਐਨਾਂ ਕੁ ਵਧ ਗਿਆ ਹੈ ਕਿ ਜਦ ਲੜਕੀ ਦਾ ਭਰਾ ਜਾਂ ਭਰਜਾਈ ਫੋਨ ਕਰ ਪੀੜਤ ਲੜਕੀ ਦਾ ਹਾਲ ਜਾਨਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਅੱਗੋਂ ਗਾਲ੍ਹਾਂ ਦਾ ਮੀਂਹ ਵਰਾ ਦਿੰਦਾਂ ਹੈ। ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿ ਰਹੀ ਇਸ ਲੜਕੀ ਨੂੰ ਦਿੱਤੀ ਗਈ ਇਕ ਧਮਕੀ ਹੀ ਉਸ ਨੂੰ ਜੁਲਮ ਸਹਿਣ ਲਈ ਮਜਬੂਰ ਕਰ ਰਹੀ ਹੈ ਕਿ ਕਿ "ਜੇ ਤੂੰ ਮੂੰਹ ਖੋਲ੍ਹਿਆ ਤਾਂ ਤੈਂਨੂੰ ਅਤੇ ਤੇਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ" । ਬੈਲਜ਼ੀਅਮ ਦੇ ਇੱਕ ਖੇਡ ਕਲੱਬ ਦੇ ਸਰਗਰਮ ਆਗੂ ਵੱਲੋਂ ਜਦ ਇਸ ਜਾਲਮ ਪੰਜਾਬੀ ਪਤੀ ਨਾਲ ਇਸ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਸਨੇ ਦਾਦਾਗਿਰੀ ਦਿਖਾਉਦਿਆਂ ਅੱਗੋਂ ਬਕਵਾਸ ਸੁਰੂ ਕਰ ਦਿੱਤਾ ਕਿ ਉਸਦਾ ਸਹੁਰੇ ਪਰਿਵਾਰ ਨਾਲ ਝਗੜਾ ਹੈ ਅਤੇ ਉਸਦਾ ਕੋਈ ਕੁੱਝ ਨਹੀ ਵਿਗਾੜ ਸਕਦਾ। ਕੱਲ ਸਾਂਮ ਤੱਕ ਇਸ ਪੱਤਰਕਾਰ ਵੱਲੋਂ ਜਦ ਯੂਰਪ ਵਿੱਚ ਸਰਗਰਮ ਪੰਥਕ ਜਥੇਬੰਦੀਆਂ ਦੇ ਆਗੂਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ ਪੁਰਖੇ ਤਾਂ ਬਿਗਾਨੀਆਂ ਧੀਆਂ ਭੈਣਾਂ ਦੀ ਇੱਜਤ ਗਜਨੀ ਦੇ ਬਜ਼ਾਰਾਂ 'ਚੋ ਵੀ ਬਚਾ ਲਿਆਏ ਸਨ ਇਹ ਤਾਂ ਪੰਜਾਬ ਸੂਬੇ ਨਾਲੋ ਵੀ ਛੋਟਾ ਜਿਹਾ ਮੁਲਕ ਬੈਲਜ਼ੀਅਮ ਹੈ ਇਸ ਕਰਕੇ ਇਸ ਅਬਲਾ ਨੂੰ ਬਚਾਉਣਾ ਸਾਡਾ ਧਰਮ ਹੈ ਅਤੇ ਅਸੀਂ ਅਜਿਹਾ ਜੁਲਮ ਕਦੇ ਨਹੀ ਹੋਣ ਦੇਵਾਗੇਂ।