ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਬਾਕੀ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਵੱਲੋਂ ਸਿੱਖ ਵਿਰੋਧੀਆਂ ਦੇ ਹੁਕਮਾਂ ਤੇ ਫੁੱਲ ਚੜਾਉਦਿਆਂ ਸੌਦਾ ਸਾਧ ਨੂੰ ਦਿੱਤੀ ਮੁਆਫੀ ਬਾਰੇ ਦੇਸ਼-ਵਿਦੇਸ਼ ਵਿੱਚ ਤਿੱਖਾਂ ਪ੍ਰਤੀਕਰਮ ਹੋ ਰਿਹਾ ਹੈ।
ਫਰਾਂਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਜਾਰੀ ਬਿਆਨ ਵਿੱਚ ਅੱਜ ਦੇ ਅਖੌਤੀ ਜੱਫੇਮਾਰਾਂ ਨੂੰ ਆਰ ਐਸ ਐਸ ਵਿੱਚ ਸਾਮਲ ਹੋਣ ਦੀ ਸਲਾਹ ਦਿੱਤੀ ਹੈ ਤਾਂ ਜੋ ਅਪਣੇ ਬਣ ਰਹੇ ਪੰਜ ਤਾਰਾ ਹੋਟਲਾਂ ਦੀ ਉਸਾਰੀ ਨੂੰ ਸਿਰੇ ਚੜਾ ਸਕਣ। ਸੌਦਾ ਸਾਧ ਨੂੰ ਦਿੱਤੀ ਗਈ ਵੀ ਆਈ ਪੀ ਮੁਆਫੀ ਬਾਰੇ ਗੱਲ ਕਰਦਿਆਂ ਭਾਈ ਪੈਡਰੋ ਨੇ ਕਿਹਾ ਕਿ ਸਿੱਖੀ ਪ੍ਰੰਪਰਾਵਾਂ ਅਤੇ ਸਿੱਖ ਸਿਧਾਤਾਂ ਦੇ ਅਸੂਲਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਇਸ ਦੁਖਦਾਈ ਕਾਰਵਾਈ 'ਤੋਂ ਬਾਅਦ ਇਹਨਾਂ ਨੂੰ ਜਥੇਦਾਰ ਨਹੀ ਕਿਹਾ ਜਾ ਸਕਦਾ। ਭਾਈ ਪੈਡਰੋ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਘਟਾਉਣ ਲਈ ਭਾਰਤੀ ਖੁਫੀਆ ਇਜੰਸੀਆਂ ਅਤੇ ਆਰ ਐਸ ਐਸ ਦੇ ਦਲਾਲ ਬਣ ਗਏ ਹਨ ਅਜੋਕੇ ਜਥੇਦਾਰ ਜਿਨ੍ਹਾਂ ਨੂੰ ਜਲਦੀ ਹੀ ਜੈਡ ਸਕਿਉਰਟੀ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਹਨ। ਪੈਰਿਸ ਦੇ ਇੱਕ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਰਹੇ ਭਾਈ ਪੈਡਰੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਕੌਂਮ ਇਕੱਮੁਠਤਾ ਦਾ ਮੁਜ਼ਾਹਰਾ ਕਰਦੀ ਹੋਈ ਇੱਕ ਵਿਸ਼ਾਲ ਇਕੱਠ ਸੱਦ ਕੇ ਕੇ ਇਹਨਾਂ ਜੱਫੇਮਾਰਾਂ ਨੂੰ ਪਵਿੱਤਰ ਅਸਥਾਨ 'ਤੋਂ ਫਾਰਗ ਕਰ ਘਰੇ ਤੋਰ ਦੇਵੇ। ਭਾਈ ਪੈਡਰੋ ਮੁਤਾਬਕ ਇਹ ਜੱਫੇਮਾਰ ਜਾਂ ਬਾਦਲ ਦਲੀਏ ਸੌਦਾ ਸਾਧ ਨੂੰ ਮੁਆਫ ਕਰ ਸਕਦੇ ਹਨ ਪਰ ਪੂਰੀ ਕੌਂਮ ਨੇ ਉਸਨੂੰ ਮੁਆਫ ਨਹੀ ਕੀਤਾ ਕਿਉਕਿ ਉਸਦਾ ਗੁਨਾਹ ਨਾਂ ਕਾਬਲੇ ਬਰਦਾਸ਼ਤ ਹੈ।
