ਸਿੱਖਾਂ ਅਤੇ ਕਸ਼ਮੀਰੀਆਂ ਨੇ ਮੋਦੀ ਦੇ ਵਿਰੋਧ ਵਿੱਚ ਯੂਰਪੀਨ ਪਾਰਲੀਮੈਂਟ ਅੱਗੇ ਕੀਤਾ ਰੋਸ ਪ੍ਰਦਰਸ਼ਨ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਗਲੈਂਡ ਅਤੇ ਤੁਰਕੀ ਫੇਰੀ ਦੇ ਵਿਰੋਧ ਵਿੱਚ ਲੰਡਨ 'ਤੋਂ ਇਲਾਵਾ ਹੋਰ ਕਈ ਥਾਵਾਂ ਤੇ ਵੀ ਰੋਸ ਪ੍ਰਦਰਸ਼ਨ ਕੀਤੇ ਗਏ। ਭਾਰਤ 'ਤੋਂ ਅਜ਼ਾਦੀ ਦੀ ਮੰਗ ਕਰ ਰਹੇ ਬੈਲਜ਼ੀਅਮ ਰਹਿੰਦੇਂ ਸਿੱਖਾਂ ਅਤੇ ਕਸ਼ਮੀਰੀਆਂ ਨੇ ਵੀ ਯੂਰਪੀਨ ਪਾਰਲੀਮੈਂਟ ਸਾਹਮਣੇ ਮੋਦੀ ਦੀ ਆਮਦ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਅਪਣੇ ਹੱਥਾਂ ਵਿੱਚ ਮੋਦੀ ਕਾਤਲ, ਮੋਦੀ ਅੱਤਵਾਦੀ ਆਦਿ 'ਤੋਂ ਇਲਾਵਾ ਸਿੱਖ ਬੰਦੀਆਂ ਦੀ ਤਸਵੀਰਾਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਸ ਮੁਜ਼ਾਹਰੇ ਵਿੱਚ ਕਸ਼ਮੀਰੀ ਭਾਈਚਾਰੇ ਦੀ ਅਗਵਾਹੀ ਕਰ ਰਹੇ ਅਲੀ ਰਾਜਾ ਸਈਦ, ਸ਼ਾਹ ਜਹਾਨ, ਇਮਰਾਨ ਬੇਗ ਅਤੇ ਬੈਲਜ਼ੀਅਮ ਦੇ ਸਿੱਖਾਂ ਵੱਲੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ, ਬਖਤਾਵਰ ਸਿੰਘ ਬਾਜਵਾ, ਜਸਵੀਰ ਸਿੰਘ ਧੰਦੋਈ, ਅਮਰੀਕ ਸਿੰਘ ਮੀਕਾ, ਰਛਪਾਲ ਸਿੰਘ ਹੋਰਾਂ ਸਮੇਤ ਕਈ ਸਿੰਘਾਂ ਨੇ ਹਿੱਸਾ ਲਿਆ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਘੱਟਗਿਣਤੀਆਂ ਦਾ ਕਾਤਲ ਹੈ ਜਿਸ ਕਰਕੇ ਬਹੁਤ ਸਮਾਂ ਉਸਨੂੰ ਅਮਰੀਕਾ ਦਾ ਵੀਜ਼ਾ ਦੇਣ 'ਤੋਂ ਵੀ ਇਨਕਾਰ ਕਰੀ ਰੱਖਿਆ ਸੀ ਪਰ ਹੁਣ ਸੱਤਾ ਵਿੱਚ ਹੋਣ ਕਾਰਨ ਪੱਛਮੀ ਦੇਸ਼ ਵੀ ਅਪਣਾ ਕਾਰੋਬਾਰ ਵਧਾਉਣ ਦੇ ਨਜ਼ਰੀਏ Ḕਤੋਂ ਉਸਦਾ ਸਵਾਗਤ ਕਰ ਰਹੇ ਹਨ ਪਰ ਮੋਦੀ ਦੇ ਕੀਤੇ ਜ਼ੁਲਮ ਅਤੇ ਉਸਦੀ ਆਰ ਐਸ ਐਸ ਵੱਲੋਂ ਘੱਟ ਗਿਣਤੀਆਂ ਨੂੰ ਖਤਮ ਕਰਨ ਦੀ ਨੀਤੀ ਦਾ ਵਿਰੋਧ ਅਸੀਂ ਸਦਾ ਕਰਦੇ ਰਹਾਂਗੇ ਤਾਂ ਜੋ ਪੂਰੀ ਦੁਨੀਆਂ ਨੂੰ ਉਸਦਾ ਅਸਲੀ ਚਿਹਰਾ ਨਜ਼ਰ ਆ ਸਕੇ।
