ਭਵਿੱਖ ਵਿੱਚ ਜਰਮਨੀ ਦਾ ਨਾਂਮ ਰੌਸ਼ਨ ਕਰਨਗੇ ਕਾਹਲੋਂ ਪਰਿਵਾਰ ਦੇ ਇਹ ਫਰਜੰਦ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਬੱਚਿਆਂ ਨੇ ਛੋਟੀਆਂ ਉਮਰਾਂ ਵਿੱਚ ਹੀ ਮਾਰਸ਼ਲ ਆਰਟਸ ਖੇਡ ਕਰਾਟਿਆਂ ਵਿੱਚ ਢੇਰ ਤਗਮੇਂ ਜਿੱਤੇ ਹਨ। ਇਹਨਾਂ ਵਿੱਚੋਂ ਵੱਡੇ ਦੋ ਭੈਣ-ਭਰਾ ਨੇ ਤਾਂ ਹੁਣ ਕਰਾਟੇ ਕੋਚ ਦਾ ਇਮਤਿਹਾਨ ਵੀ ਪਾਸ ਕਰ ਲਿਆ ਹੈ। ਜਰਮਨੀ ਕਰਾਟੇ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਕਰਨ ਵਾਲੀ ਪਹਿਲੀ ਪੰਜਾਬਣ ਅਤੇ ਸਿੱਖ ਲੜਕੀ ਅਨੀਤ ਕਾਹਲੋਂ ਅਤੇ ਉਸ Ḕਤੋਂ ਛੋਟੇ ਭਰਾ ਅਮ੍ਰਿਤ ਕਾਹਲੋਂ ਨੇ ਵੀ ਜਿੱਥੇ ਸੂਬਾ ਪੱਧਰੀ ਅਤੇ ਨੈਸ਼ਨਲ ਪੱਧਰ ਤੇ ਜਰਮਨੀ ਵਿੱਚ ਧੁੰਮਾਂ ਪਾਈਆਂ ਉੱਥੇ ਇਹਨਾਂ ਭੈਣ-ਭਰਾਵਾਂ ਨੇ ਅਪਣੀ ਸਖ਼ਤ ਮਿਹਨਤ ਸਦਕਾ ਅੰਤਰਾਸਟਰੀ ਪੱਧਰ ਤੇ ਵੀ ਅਪਣਾ ਨਾਂਮ ਖੂਬ ਚਮਕਾਇਆ ਹੈ।
ਪਿਛਲੇ ਦਿਨੀ ਜਰਮਨੀ ਦੇ ਸ਼ਹਿਰ ਲੈਮਗੋ ਵਿੱਚ ਦੋ ਦਿਨਾਂ ਸਖ਼ਤ ਇਮਤਿਹਾਨ ਪਾਸ ਕਰਦਿਆਂ ਇਹਨਾਂ ਨੇ ਬਲੈਕ ਬੈਲਟ ਅਤੇ ਤਿੰਨ ਸਾਲ ਦਾ ਕਰਾਟੇ ਕੋਚ ਦਾ ਡਿਪਲੋਮਾਂ ਵੀ ਹਾਸਲ ਕਰ ਲਿਆ ਹੈ। ਪੱਛਮੀ ਦੇਸ਼ ਜਰਮਨੀ ਵਿੱਚ ਵਸਦੇ ਕਾਹਲੋਂ ਪਰਿਵਾਰ ਦੀ ਅਗਲੀ ਮਾਣਮੱਤੀ ਪੀੜੀ ਦੇ ਇਹ ਫਰਜੰਦ ਹੁਣ ਮਾਰਸ਼ਲ ਆਰਟਸ ਕਰਾਟੇ, ਕਿੱਕਬੌਕਸਿੰਗ, ਬੌਕਸਿੰਗ ਅਤੇ ਸੈਲਫ ਡਿਫੈਸ਼ ਵਰਗੀਆਂ ਗੇਮਾਂ ਲਈ ਕੋਚ ਬਣ ਇੱਥੋਂ ਦੇ ਮੂਲ ਵਾਸੀ ਗੋਰਿਆਂ ਨੂੰ ਟਰੇਨਿੰਗ ਦੇਣ ਦੇ ਕਾਬਲ ਬਣ ਗਏ ਹਨ। ਸਾਲ 2015 ਵਿੱਚ ਇਹਨਾਂ ਕਾਹਲੋਂ ਭੈਣ-ਭਰਾਵਾਂ ਦੀ ਕੋਚਿੰਗ ਸਦਕਾ ਕਈ ਜਰਮਨ ਬੱਚੇ ਸਟੇਟ ਚੈਂਪੀਅਨਸਿੱਪ ਜਿੱਤ ਚੁੱਕੇ ਹਨ ਅਤੇ ਇਹਨਾਂ ਦੇ ਹੀ ਕਈ ਸਗਿਰਦ ਜਰਮਨ ਨੈਸ਼ਨਲ ਪੱਧਰ ਤੇ ਵੀ ਵਧੀਆ ਪ੍ਰਦਰਸ਼ਨ ਕਰ ਚੁੱਕੇ ਹਨ।
ਇਹਨਾਂ ਬੱਚਿਆਂ ਦੀਆਂ ਪ੍ਰਾਪਤੀਆਂ ਤੇ ਜਿੱਥੇ ਮਾਤਾ-ਪਿਤਾ ਸ: ਤਰਲੋਚਨ ਸਿੰਘ ਕਾਹਲੋਂ ਅਤੇ ਸਰਦਾਰਨੀ ਰਾਜਬੀਰ ਕੌਰ ਕਾਹਲੋਂ ਵਾਹਿਗੁਰੂ ਦਾ ਸੁਕਰ ਕਰਦੇ ਹਨ ਉੱਥੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਇਹ ਨੌਜਵਾਨ ਭੈਣ ਭਰਾ ਚਾਹੁੰਦੇਂ ਹਨ ਕਿ ਸਾਡੇ ਭਾਈਚਾਰੇ ਦੇ ਬੱਚੇ ਵੀ ਅੰਤਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈਣ ਅਤੇ ਅੱਗੇ ਵਧਣ। ਅਨੀਤ ਅਤੇ ਅਮ੍ਰਿਤ ਅਪਣੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਕੋਚਿੰਗ ਦੇਣ ਲਈ ਤੱਤਪਰ ਹਨ ਕਿਉਕਿ ਉਹਨਾ ਮੁਤਾਬਕ ਸਾਡੇ ਭਾਈਚਾਰੇ ਨੇ ਪੈਸੇ ਤਾਂ ਬੇਸ਼ੱਕ ਬਹੁਤ ਕਮਾ ਲਏ ਹਨ ਪਰ ਹਕੀਤਤ ਇਹ ਹੈ ਕਿ ਖੇਡਾਂ ਅਤੇ ਪੜਾਈ ਪੱਖੋਂ ਅਸੀਂ ਅਜੇ ਕੋਈ ਵੱਡੀ ਸਫਲਤਾ ਪ੍ਰਾਪਤ ਨਹੀ ਕਰ ਸਕੇਂ ਹਾਂ।
