ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ਰਹਿੰਦੇਂ ਸਿੱਖ ਆਗੂ ਭਾਈ ਪ੍ਰਮਜੀਤ ਸਿੰੰਘ ਪੰਮਾਂ ਜਿਹੜੇ ਪਿਛਲੇ ਦਿਨੀ ਪਰਿਵਾਰ ਸਮੇਤ ਪੁਰਤਗਾਲ ਛੁੱਟੀਆਂ ਮਨਾਉਣ ਗਏ ਸਨ ਨੂੰ ਇੰਟਰਪੋਲ ਵੱਲੋਂ ਇੱਕ ਹੋਟਲ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਦੀ ਰਿਹਾਈ ਲਈ ਯੂਰਪ ਵਿੱਚ ਸਰਗਰਮ ਸਿੱਖ ਅਤੇ ਕਸ਼ਮੀਰੀ ਜਥੇਬੰਦੀਆਂ ਨੇ ਉਪਰਾਲੇ ਆਰੰਭ ਕਰ ਦਿੱਤੇ ਹਨ। ਜਰਮਨ ਸਰਕਾਰ ਵੱਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤ ਹਵਾਲੇ ਕਰਨ ਉਪਰੰਤ ਸਾਲਾਂ ਬੱਧੀ ਨਰਕ ਵਰਗੀ ਜੇਲ੍ਹ ਹੰਢਾਉਣ ਬਾਅਦ ਅਜੇ ਤੱਕ ਵੀ ਰਿਹਾਅ ਨਾਂ ਕਰਨ ਕਾਰਨ ਸਿੱਖ ਜਥੇਬੰਦੀਆਂ ਭਾਈ ਪੰਮਾਂ ਦੀ ਭਾਰਤ ਹਵਾਲਗੀ ਹਰ ਹਾਲਤ ਵਿੱਚ ਰੋਕਣ ਲਈ ਕੋਸ਼ਿਸ਼ ਕਰ ਰਹੀਆਂ ਹਨ।
ਬੱਬਰ ਖਾਲਸਾ ( ਸ਼ਹੀਦ ਤਲਵਿੰਦਰ ਸਿੰਘ ) ਬੈਲਜ਼ੀਅਮ ਦੇ ਆਗੂ ਭਾਈ ਗੁਰਦਿਆਲ ਸਿੰਘ ਢਕਾਣਸੂ ਹੋਰਾਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਰਪ ਵਿੱਚ ਅਪਣੀਆਂ ਕੌਂਮਾਂ ਦੀ ਅਜ਼ਾਦੀ ਲਈ ਸਰਗਰਮ ਸਿੱਖ ਅਤੇ ਕਸ਼ਮੀਰੀ ਜਥੇਬੰਦੀਆਂ ਬੱਬਰ ਖਾਲਸਾ, ਦਲ ਖਾਲਸਾ ਅਤੇ ਕਸ਼ਮੀਰ ਪੀਸ ਫੋਰਮ ਵੱਲੋਂ ਯੂਰਪੀਨ ਪਾਰਲੀਮੈਂਟ ਵਿੱਚ ਮਨੁੱਖੀ ਅਧਿਕਾਰ ਕਮੇਟੀ ਦੇ ਕੋਆਰਡੀਨੇਟਰ ਮਾਰਕ ਦਮਿਸਮਾਈਕਰ, ਇੰਗਲੈਂਡ Ḕਤੋਂ ਯੂਰਪੀਨ ਪਾਰਲੀਮੈਂਟ ਮੈਂਬਰ ਅਫਜ਼ਲ ਖਾਂਨ ਅਤੇ ਅਮਜਦ ਬਸ਼ੀਰ ਐਮ ਈ ਪੀ ਸਮੇਤ ਸੌ ਦੇ ਕਰੀਬ ਯੂਰਪੀਨ ਅਤੇ ਬੈਲਜ਼ੀਅਮ ਪਾਰਲੀਮੈਂਟ ਮੈਂਬਰਾਂ ਨੂੰ ਪੱਤਰ ਲਿਖ ਕੇ ਭਾਈ ਪ੍ਰਮਜੀਤ ਸਿੰਘ ਪੰਮਾਂ ਦੀ ਨਜਾਇਜ ਗ੍ਰਿਫਤਾਰੀ ਬਾਰੇ ਜਾਣੂ ਕਰਵਾਉਦਿਆਂ ਉਹਨਾਂ ਦੀ ਜਲਦ ਰਿਹਾਈ ਲਈ ਪਹੁੰਚ ਕਰਨ ਦੀ ਬੇਨਤੀ ਗਈ ਹੈ। ਭਾਈ ਢਕਾਣਸੂ ਹੋਰਾਂ ਦਾ ਕਹਿਣਾ ਹੈ ਕਿ ਕਈ ਆਗੂਆਂ ਵੱਲੋਂ ਆਏ ਜਵਾਬ ਵਿੱਚ ਉਹਨਾਂ ਭਾਈ ਪੰਮਾਂ ਦੀ ਰਿਹਾਈ ਲਈ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਜਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਭਾਈ ਬਲਵਿੰਦਰ ਸਿੰਘ ਜਟਾਣਾ ਨਾਲ ਸਬੰਧਾਂ ਦੇ ਸ਼ੱਕ ਵਿੱਚ ਚੁੱਕ ਕੇ ਮਾਰ ਖਪਾਏ ਭਾਈ ਪ੍ਰਮਿੰਦਰ ਸਿੰਘ ਉਰਫ ਰਾਜਾ ਬੌਸ ਦੇ ਭਰਾ ਭਾਈ ਪ੍ਰਮਜੀਤ ਸਿੰਘ ਪੰਮਾਂ ਜਿਹੜੇ ਭਾਰੀ ਪੁਲਿਸ ਤਸੱਦਦ ਬਾਅਦ ਕਿਸੇ ਤਰੀਕੇ ਬਚ ਕੇ ਇੰਗਲੈਂਡ ਪਹੁੰਚ ਗਏ ਸਨ ਨੂੰ ਰਾਸਟਰੀ ਸਿੱਖ ਸੰਗਤ ਦੇ ਰੁਲਦਾ ਸਿੰਘ ਕਤਲ ਕੇਸ ਵਿੱਚ ਨਾਮਜਦ ਕੀਤਾ ਹੋਇਆ ਹੈ ਜਿਸ ਲਈ ਮੋਦੀ ਨੇ ਅਪਣੀ ਇੰਗਲੈਂਡ ਫੇਰੀ ਸਮੇਂ ਭਾਰਤ ਹਵਾਲਗੀ ਦੀ ਮੰਗ ਕੀਤੀ ਸੀ।
