ਭਾਈ ਪੰਮਾਂ ਦੀ ਇੰਟਰਪੋਲ ਦੁਆਰਾ ਗ੍ਰਿਫਤਾਰੀ ਦਾ ਮਾਮਲਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ਰਹਿੰਦੇਂ ਸਿੱਖ ਆਗੂ ਭਾਈ ਪ੍ਰਮਜੀਤ ਸਿੰੰਘ ਪੰਮਾਂ ਜਿਹੜੇ ਪਿਛਲੇ ਦਿਨੀ ਪਰਿਵਾਰ ਸਮੇਤ ਪੁਰਤਗਾਲ ਛੁੱਟੀਆਂ ਮਨਾਉਣ ਗਏ ਨੂੰ ਇੰਟਰਪੋਲ ਵੱਲੋਂ ਇੱਕ ਹੋਟਲ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਦੀ ਰਿਹਾਈ ਲਈ ਦੁਨੀਆਂ ਭਰ ਦੇ ਸਿੱਖ ਕੋਸ਼ਿਸ਼ਾਂ ਕਰ ਹੇ ਹਨ। ਬੱਬਰ ਖਾਲਸਾ ਜਰਮਨੀ ਦੇ ਪ੍ਰਮੁੱਖ ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਨੇ ਜਾਰੀ ਪ੍ਰੈਸ ਬਿਆਨ ਵਿੱਚ ਆਖਿਆ ਕਿ ਹੁਣ ਇੰਗਲੈਂਡ ਦੀਆਂ ਸਮੂਹ ਪੰਥਕ, ਮਨੁੱਖੀ ਅਧਿਕਾਰ ਅਤੇ ਸਮਾਜਿਕ ਜਥੇਬੰਦੀਆਂ ਲਈ ਪਰਖ ਦੀ ਘੜੀ ਹੈ ਕਿ ਉਹ ਕਦੋਂ ਭਾਈ ਪੰਮਾਂ ਨੂੰ ਇੰਟਰਪੋਲ ਦੀ ਹਿਰਾਸਤ ਵਿੱਚੋਂ ਅਜ਼ਾਦ ਕਰਵਾਉਣਗੀਆਂ। ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਨੇ ਆਖਿਆ ਕਿ ਇੰਗਲੈਂਡ ਦੇ ਸੂਝਵਾਂਨ ਸਿੱਖਾਂ Ḕਤੋ ਬਹੁਤ ਉਮੀਦ ਹੈ ਕਿ ਬਰਤਾਨਵੀ ਸਰਕਾਰ ਉੱਪਰ ਦਬਾਅ ਬਣਾ ਕੇ ਭਾਈ ਪੰਮਾਂ ਨੂੰ ਭਾਰਤੀ ਇਜੰਸੀਆਂ ਦੇ ਵਿਛਾਏ ਜਾਲ Ḕਚੋਂ ਅਜ਼ਾਦ ਕਰਵਾਉਣ ਕਿਉਕਿ ਇੰਗਲੈਂਡ ਵਿੱਚ ਭਾਰੀ ਸਿੱਖ ਵਸੋਂ ਅਤੇ ਉੱਥੋਂ ਦੇ ਸਿੱਖ ਆਗੂਆਂ ਦੀ ਸਰਕਾਰ ਨਾਲ ਚੰਗੇ ਰਾਜਨੀਤਿਕ ਸਬੰਧਾਂ ਕਾਰਨ ਅਜਿਹਾ ਮੁਮਕਨ ਹੋ ਸਕਦਾ ਹੈ। ਜਥੇਦਾਰ ਹੋਰਾਂ ਅੱਗੇ ਕਿਹਾ ਕਿ ਪਹਿਲਾਂ ਭਾਈ ਜਗਤਾਰ ਸਿੰਘ ਤਾਰਾ ਅਤੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤ ਲਿਜਾਣ ਦੀ ਸਫਲਤਾ ਬਾਅਦ ਭਾਰਤ ਸਰਕਾਰ ਵਿਦੇਸ਼ੀ ਵਸਦੇ ਸਰਗਰਮ ਸਿੱਖਾਂ ਨੂੰ ਡਰਾਉਣ ਹਿੱਤ ਝੂਠੇ ਮੁਕੱਦਮੇ ਦਰਜ ਕਰ ਅਜ਼ਾਦੀ ਦੀ ਲਹਿਰ ਨੂੰ ਕੁਚਲਣ ਦਾ ਭਰਮ ਪਾਲ ਰਹੀ ਹੈ। ਬੱਬਰ ਖਾਲਸਾ ਆਗੂ ਨੇ ਕਿਹਾ ਕਿ ਪਿਛਲੇ ਦਿਨੀ ਪਿੰਕੀ ਕੈਟ ਵੱਲੋਂ ਕੀਤੇ ਖੁਲਾਸਿਆਂ ਵਿੱਚ ਵੀ ਉਹਨੇ ਮੰਨਿਆ ਕਿ ਕਿਸ ਤਰਾਂ ਜੁਝਾਰੂ ਆਗੂਆਂ ਦੇ ਪਰਿਵਾਰਾਂ ਤੇ ਪੁਲਿਸ ਨੇ ਜਬਰ ਢਾਹਿਆ ਸੀ ਜਿਸ ਨੂੰ ਦੇਖਦੇ ਹੋਏ ਭਾਈ ਪੰਮਾਂ ਦੀ ਰਿਹਾਈ ਹਰ ਹਾਲਤ ਵਿੱਚ ਜਰੂਰੀ ਹੈ।