ਭਾਈ ਪੰਮਾਂ ਦੀ ਗ੍ਰਿਫਤਾਰੀ ਲਈ ਜਿੰਮੇਵਾਰ ਭਾਰਤ ਸਰਕਾਰ ਦੀ ਸਿੱਖ ਜਥੇਬੰਦੀਆਂ ਵੱਲੋਂ ਨਿਖੇਧੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਪੁਰਤਗਾਲ ਵਿੱਚ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਗਏ ਸਮੇਂ ਗ੍ਰਿਫਤਾਰ ਕੀਤੇ ਇੰਗਲੈਂਡ ਰਹਿੰਦੇਂ ਸਿੱਖ ਆਗੂ ਭਾਈ ਪ੍ਰਮਜੀਤ ਸਿੰੰਘ ਪੰਮਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਜਿੰਮੇਬਾਰ ਭਾਰਤ ਸਰਕਾਰ ਦੀ ਯੂਰਪ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਇੰਗਲੈਂਡ ਰਹਿ ਕੇ ਜਮਹੂਰੀਅਤ ਤਰੀਕੇ ਨਾਲ ਸੰਘਰਸ਼ੀਲ ਭਾਈ ਪੰਮਾਂ ਨੂੰ ਇੰਟਰਪੋਲ ਰਾਂਹੀ ਗ੍ਰਿਫਤਾਰ ਕਰਵਾਉਣਾ ਭਾਰਤ ਸਰਕਾਰ ਦੀ ਘੱਟ ਗਿਣਤੀਆਂ ਨੂੰ ਖਤਮ ਕਰਨ ਵਾਲੀ ਮਕਾਰੀ ਨੀਤੀ ਦਾ ਹੀ ਹਿੱਸਾ ਹੈ। ਯੂਰਪ ਵਿੱਚ ਸਰਗਰਮ ਸਿੱਖ ਜਥੇਬੰਦੀਆਂ ਦਲ ਖਾਲਸਾ ਅਤੇ ਬੱਬਰ ਖਾਲਸਾ ( ਸ਼ਹੀਦ ਤਲਵਿੰਦਰ ਸਿੰਘ ਬੱਬਰ ) ਵੱਲੋਂ ਜਰਮਨੀ 'ਤੋਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ, ਸਵਿੱਟਜ਼ਰਲੈਂਡ 'ਤੋਂ ਭਾਈ ਪ੍ਰਿਤਪਾਲ ਸਿੰਘ ਖਾਲਸਾ, ਬਾਬਾ ਸੁਰਜੀਤ ਸਿੰਘ ਸੁੱਖਾ, ਇੰਗਲੈਂਡ 'ਤੋਂ ਭਾਈ ਮਨਜੀਤ ਸਿੰਘ ਹੇਲਰਾਂ, ਬੈਲਜ਼ੀਅਮ 'ਤੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਭਾਈ ਪੰਮਾਂ ਨੂੰ ਭਾਰਤ ਲਿਜਾਣ ਵਿਰੁੱਧ ਹਰ ਮੁਹਾਜ ਤੇ ਕਾਨੂੰਨੀ ਅਤੇ ਕੂਟਨੀਤਿਕ ਲੜਾਈ ਲੜਨਗੇ। ਉਪਰੋਕਤ ਆਗੂਆਂ ਨੇ ਸਿੱਖ਼ਜ ਫਾਰ ਜਸਟਿਸ ਦੇ ਉੱਘੇ ਵਕੀਲ ਗੁਰਪਤਵੰਤ ਸਿੰਘ ਪੰਨੂੰ ਅਮਰੀਕਾ ਅਤੇ ਇੰਗਲੈਂਡ 'ਤੋਂ ਅਮਰਜੀਤ ਸਿੰਘ ਭੱਚੂ ਵੱਲੋਂ ਲੜੀ ਜਾ ਰਹੀ ਕਾਨੂੰਨੀ ਲੜਾਈ ਦੀ ਸਲਾਘਾ ਕੀਤੀ ਹੈ। 
ਇਹਨਾਂ ਸਿੱਖ ਆਗੂਆਂ ਨੇ ਕਿਹਾ ਭਾਈ ਪੰਮਾਂ ਦੀ ਗ੍ਰਿਫਤਾਰੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸੀ ਫੇਰੀਆਂ ਸਮੇਂ ਉਹਨਾਂ ਸਵਾਗਤ ਕਰਨ ਜਾਂ ਕਰਵਾਉਣ ਵਾਲੇ ਅਖੌਤੀ ਸਿੱਖ ਆਗੂਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਹੜੇ ਵਤਨ ਵਾਪਸੀ ਸਮੇਂ ਕਾਲੀ ਸੂਚੀ ਵਾਲਿਆਂ ਲਈ ਮੋਦੀ 'ਤੋਂ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤੇ ਜਾਣ ਦੀ ਉਡੀਕ ਕਰ ਰਹੇ ਸਨ। ਜਿਕਰਯੋਗ ਹੈ ਕਿ ਭਾਈ ਪ੍ਰਮਜੀਤ ਸਿੰਘ ਪੰਮਾਂ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਬੱਬਰ ਦੇ ਮਸੇਰੇ ਭਰਾ ਅਤੇ ਭਾਈ ਪ੍ਰਮਿੰਦਰ ਸਿੰਘ ਉਰਫ ਰਾਜਾ ਬੌਸ ਦੇ ਭਰਾ ਹਨ ਜਿਨ੍ਹਾਂ ਨੁੰ ਭਾਰਤੀ ਹਕੂਮਤ ਨੇ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ ਸੀ।