ਭਾਈ ਪੰਮਾਂ ਦੀ ਰਿਹਾਈ ਲਈ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਜਥੇਬੰਦੀਆਂ ਅੱਗੇ ਆਉਣ: ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ਰਹਿੰਦੇਂ ਸਿੱਖ ਆਗੂ ਭਾਈ ਪ੍ਰਮਜੀਤ ਸਿੰੰਘ ਪੰਮਾਂ ਜਿਹੜੇ ਪਿਛਲੇ ਦਿਨੀ ਪਰਿਵਾਰ ਸਮੇਤ ਪੁਰਤਗਾਲ ਛੁੱਟੀਆਂ ਮਨਾਉਣ ਗਏ ਸਨ ਨੂੰ ਇੰਟਰਪੋਲ ਵੱਲੋਂ ਇੱਕ ਹੋਟਲ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਪੰਜਾਬ ਪੁਲਿਸ ਵੱਲੋਂ ਭਾਈ ਬਲਵਿੰਦਰ ਸਿੰਘ ਜਟਾਣਾ ਨਾਲ ਸਬੰਧਾਂ ਦੇ ਸ਼ੱਕ ਵਿੱਚ ਚੁੱਕ ਕੇ ਮਾਰ ਖਪਾਏ ਭਾਈ ਪ੍ਰਮਿੰਦਰ ਸਿੰਘ ਉਰਫ ਰਾਜਾ ਬੌਸ ਦੇ ਭਰਾ ਭਾਈ ਪ੍ਰਮਜੀਤ ਸਿੰਘ ਪੰਮਾਂ ਜਿਹੜੇ ਭਾਰੀ ਪੁਲਿਸ ਤਸੱਦਦ ਬਾਅਦ ਕਿਸੇ ਤਰੀਕੇ ਬਚ ਕੇ ਇੰਗਲੈਂਡ ਪਹੁੰਚ ਗਏ ਸਨ ਕੋਲ ਰਾਜਨੀਤਿਕ ਸ਼ਰਨ ਵਾਲਾ ਪਾਸਪੋਰਟ ਹੈ ਜਿਸ ਤੇ ਉਹ ਭਾਰਤ ਬਗੈਰ ਕਿਤੇ ਸਫਰ ਕਰ ਸਕਦੇ ਹਨ। ਫਰਾਂਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਖ਼ਦਸਾ ਜਾਹਿਰ ਕੀਤਾ ਕਿ ਜੇਕਰ ਅਸੀਂ ਇੱਕਜੁੱਟ ਹੋ ਕੇ ਭਾਈ ਪੰਮਾਂ ਦੀ ਰਿਹਾਈ ਲਈ ਹੰਭਲਾ ਨਾਂ ਮਾਰਿਆ ਤਾਂ ਭਾਰਤ ਸਰਕਾਰ ਉਹਨਾਂ ਦੀ ਜਿੰਦਗੀ ਵੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਵਾਂਗ ਜੇਲ੍ਹ ਵਿੱਚ ਰੋਲ ਸਕਦੀ ਹੈ। 
ਭਾਈ ਪੈਡਰੋ ਨੇ ਮਨੁੱਖੀ ਅਧਿਕਾਰ ਸੰਸਥਾਵਾਂ, ਸਿੱਖ ਜਥੇਬੰਦੀਆਂ ਅਤੇ ਦੁਨੀਆਂ ਭਰ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਭਾਈ ਪ੍ਰਮਜੀਤ ਸਿੰਘ ਪੰਮਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ। ਭਾਈ ਪੈਡਰੋ ਨੇ ਇਸ ਕਾਰਵਾਈ ਲਈ ਭਾਰਤ ਸਰਕਾਰ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਭਾਰਤ ਸਰਕਾਰ ਭਾਈ ਪੰਮਾਂ ਨੂੰ ਵਾਪਸ ਲਿਜਾਣ ਵਿੱਚ ਸਫਲ ਹੁੰਦੀ ਹੈ ਤਾਂ ਅੱਗੇ 'ਤੋਂ ਕਿਸੇ ਵੀ ਸਿੱਖ ਆਗੂ 'ਤੇ ਝੂਠੇ ਕੇਸ ਦਰਜ ਕਰ ਇੰਟਰਪੋਲ ਰਾਂਹੀ ਭਾਰਤ ਲਿਜਾਣ ਵਿੱਚ ਕਾਮਯਾਬ ਹੁੰਦੀ ਰਹੇਗੀ ਜਿਸ ਲਈ ਸਾਂਨੂੰ ਵਕਤ ਸਿਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਕਿ ਇਸ 'ਤੋਂ ਪਹਿਲਾਂ ਭਾਈ ਹਰਵਿੰਦਰ ਸਿੰਘ ਭਤੇੜੀ ਹੋਰਾਂ ਨੂੰ ਵੀ ਜਰਮਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਕਈ ਮਹੀਨਿਆਂ ਦੀ ਭਾਰੀ ਜੱਦੋਜਹਿਦ ਬਾਅਦ ਉਹ ਰਿਹਾਅ ਹੋਏ ਸਨ।