ਮਾਘੀ ਮੇਲੇ ਚ ਤਰਕਸ਼ੀਲਾਂ ਨੇ ਦਿੱਤਾ ਭਰਮ ਮੁਕਤ ਤੇ ਬਰਾਬਰੀ ਦੇ ਸਮਾਜ ਦਾ ਸੱਦਾ
*ਮਨਦੀਪ ਖੁਰਮੀ ਦੇ ਗੀਤ 'ਓ ਪੰਜਾਬ ਸਿਆਂ' ਅਧਾਰਤ ਕੋਰੀਓਗਰਾਫੀ ਨੇ ਦਰਸ਼ਕ ਸੋਚੀਂ ਪਾਏ*
ਸ੍ਰੀ ਮੁਕਤਸਰ ਸਾਹਿਬ 17 ਜਨਵਰੀ () ਮਾਘੀ ਮੇਲੇ ਤੇ ਲੋਕਾਂ ਨੂੰ ਅਗਿਆਨਤਾ ਤੇ ਅੰਧਵਿਸ਼ਵਾਸ਼ਾਂ ਦੇ ਚੁੰਗਲ ਚੋ ਬਾਹਰ ਕੱੰੰਢਣ ਲਈ ਤੇ ਪੁਸਤਕ ਸਭਿਆਚਾਰ ਰਾਹੀਂ ਜ਼ਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਲਈ ਤਰਕਸ਼ੀਲ ਨਾਟਕ ਮੇਲਾ ਅੱਜ ਨਾਟਕਾਂ, ਗੀਤਾਂ ਤੇ ਕੋਰੀਓਗਰਾਫੀਆਂ ਰਾਹੀਂ ਭਰਮ ਮੁਕਤ ਤੇ ਬਰਾਬਰੀ ਦੇ ਸਮਾਜ ਦਾ ਸੱਦਾ ਦਿੰਦਾ ਹੋਇਆ ਸਮਾਪਤ ਹੋ ਗਿਆ। ਸ਼ਹੀਦ ਭਗਤ ਸਿੰਘ ਤੇ ਉੱਘੇ ਲੋਕ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਸੁਪਨਿਆਂ ਤੇ ਆਦਰਸ਼ਾਂ ਨੂੰ ਸਮਰਪਿਤ ਇਸ ਨਾਟ ਮੇਲੇ ਚ ਅੱਜ ਅਦਾਕਾਰ ਮੰਚ ਮੁਹਾਲੀ ਵੱਲੋਂ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾਂ ਹੇਠ ਦੋ ਨਾਟਕ 'ਲੀਰਾਂ' ਤੇ 'ਟੋਆ' ਦਾ ਸਫ਼ਲ ਮੰਚਨ ਕੀਤਾ ਗਿਆ, ਜਿੰਨਾਂ ਵਿਚ ਸਿਆਸਤ ਤੇ ਸਮਾਜਕ ਨਾ ਬਰਾਬਰੀ ਉਪਰ ਚੋਟ ਕੀਤੀ ਗਈ ਸੀ। ਨੌਜਵਾਨ ਨਾਟਕਕਾਰ ਡਾ. ਸਾਹਿਬ ਸਿੰਘ ਨੇ ਨਾਟਕਾਂ ਦਾ ਮੰਚਨ ਕਰਦਿਆਂ ਕਲਾ ਤੇ ਕਿਰਤ ਦੀ ਸਾਂਝ ਨੂੰ ਪਕੇਰੀ ਕਰਨ ਲਈ ਕਲਾ ਨਾਲ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਦੀ ਤਾਈਦ ਕੀਤੀ। ਮੇਲੇ ਵਿਚ ਪਰਵਾਸੀ ਭਾਰਤੀ ਮਨਦੀਪ ਖੁਰਮੀ ਹਿੰਮਤਪੁਰਾ ਦੇ ਚਰਚਿਤ ਗੀਤ 'ਓ ਪੰਜਾਬ ਸਿਆਂ ਤੇਰਾ ਅੱਲਾ ਵੀ ਨੀ ਬੇਲੀ' ਉਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਕੋਰੀਓਗਰਾਫੀ ਨੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕੀਤਾ। ਦਿਨ ਭਰ ਸੁਖਦੇਵ ਮਲੂਕਪੁਰੀ ਮੇਲੀਆਂ ਦੀ ਜੁੜੀ ਭੀੜ ਨੂੰ ਜਾਦੂ ਕਲਾ ਦੇ ਭੇਦ ਸਮਝਾਉਦਾ ਰਿਹਾ। ਚੇਤਨਾ ਕਲਾ ਮੰਚ ਮਲੂਕਪੁਰ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਕੋਰੀਓਗਰਾਫੀਆਂ ਤੇ ਭਗਤ ਸਿੰਘ ਤੇਰਾ ਦੇਸ਼ ਵੀ ਦਰਸ਼ਕਾਂ ਦੀ ਪਸੰਦ ਬਣੀਆਂ। ਮੇਲੇ ਚ ਮਾਨਵ ਕਲਾ ਮੰਚ ਲੰਬੀ ਵੱਲੋਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ਕੁਰਸੀ ਮੋਰਚਾ ਤੇ ਹਵਾ ਚ ਲਟਕਦੇ ਲੋਕ ਵੀ ਖੇਡਿਆ ਗਿਆ। ਨਾਟ ਮੇਲੇ ਵਿਚ ਵੇਦ ਪ੍ਰਕਾਸ਼ ਸੋਨੀ ਨੇ ਬਰੇਨ ਪੀਡੀਆ ਦੇ ਨਾਂ ਤੇ ਬਾਲਾਂ ਦੀ ਯਾਦ ਸ਼ਕਤੀ ਕਰਨ ਤੇ ਅੱਖਾਂ ਤੇ ਪੱਟੀ ਬੰਨ੍ਹ ਕੇ ਦਾਅਵਿਆਂ ਦੀ ਅਸਲੀਅਤ ਦਰਸ਼ਕਾਂ ਸਾਹਵੇਂ ਰੱਖੀ। ਨਾਟ ਮੇਲੇ ਚ ਜੁੜੇ ਸੈਕੜੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂਆਂ ਰਾਮ ਸਵਰਨ ਲੱਖੇਵਾਲੀ ਤੇ ਮਾਸਟਰ ਕੁਲਜੀਤ ਨੇ ਸਮਾਜ ਦੇ ਵਿਕਾਸ ਲਈ ਤਰਕਸ਼ੀਲ ਸੋਚ ਅਪਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਪੁਸਤਕਾਂ ਸੰਗ ਦੋਸਤੀ ਕਰਕੇ ਨੌਜਵਾਨ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ ਦਾ ਸੱਦਾ ਦਿੱਤਾ। ਤਰਕਸ਼ੀਲ ਤੇ ਸਾਹਿਤਕ ਪੁਸਤਕਾਂ ਦੀ ਸਟਾਲ ਤੇ ਦਿਨ ਭਰ ਮੇਲੀਆਂ ਦੀ ਭੀੜ ਜੁੜੀ ਰਹੀ। ਮੇਲੇ ਚ ਮੰਚ ਸੰਚਾਲਨ ਦੀ ਭੂਮਿਕਾ ਬੂਟਾ ਸਿੰਘ ਵਾਕਫ਼ ਨੇ ਨਿਭਾਈ ਜਦ ਕਿ ਮੇਲੇ ਦੀ ਸਫਲਤਾ ਲਈ ਗੁਰਮੀਤ ਭਲਵਾਨ, ਪਰਵੀਨ ਜੰਡ ਵਾਲਾ, ਲਖਵਿੰਦਰ ਸ਼ਰੀਂਹਵਾਲਾ, ਸ਼ਿਵਰਾਜ ਖੁੰਡੇ ਹਲਾਲ, ਡਾ. ਸੁਖਚੈਨ ਸੈਦੋਕੇ ਤੇ ਪਰਮਿੰਦਰ ਖੋਖਰ ਨੇ ਭਰਵਾਂ ਸਾਥ ਦਿੱਤਾ। ਇਸ ਨਾਟ ਮੇਲੇ ਦੀ ਵਿਲੱਖਣ ਗੱਲ ਇਹ ਵੀ ਰਹੀ ਕਿ ਤਿੰਨ ਦਿਨ ਸ਼ਾਮ ਨੂੰ ਮੰਚ ਤੋਂ ਤਰਕਸ਼ੀਲ ਡਾਕੂਮੈਟਰੀ ਫਿਲਮ ਵੀ ਵਿਖਾਈ ਗਈ ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਤਰਕਸ਼ੀਲਾਂ ਵੱਲੋਂ ਸਮਾਜਕ ਚੇਤਨਾ ਲਈ ਲਗਾਇਆ ਗਿਆ ਤਿੰਨ ਰੋਜ਼ਾ ਨਾਟ ਮੇਲਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ ਤੇ ਆਮ ਲੋਕ ਵੀ ਉਤਸ਼ਾਹ ਨਾਲ ਪੁਸਤਕਾਂ ਖਰੀਦਦੇ ਵੇਖੇ ਗਏ।
