5 ਫਰਬਰੀ ਨੂੰ ਪੁਰਤਗੇਜ਼ੀ ਦੂਤਾਵਾਸਾਂ ਨੂੰ ਮੈਮੋਰੰਡਮ ਦੇਣ ਲਈ ਹੁੰਮ-ਹੁੰਮਾ ਕੇ ਪਹੁੰਚੇ ਸਿੱਖ ਸੰਗਤ: ਜਥੇਦਾਰ ਰੇਸ਼ਮ ਸਿੰਘ

ਮਾਮਲਾ ਇੰਗਲੈਂਡ ਵਾਸੀ ਭਾਈ ਪੰਮਾਂ ਦੀ ਗ੍ਰਿਫਤਾਰੀ ਦਾ 
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਸੰਬਰ ਮਹੀਨੇ ਬੱਚਿਆਂ ਸਮੇਤ ਪੁਰਤਗਾਲ ਵਿੱਚ ਛੁੱਟੀਆਂ ਕੱਟਣ ਆਏ ਇੰਗਲੈਂਡ ਵਾਸੀ ਸਿੱਖ ਆਗੂ ਭਾਈ ਪ੍ਰਮਜੀਤ ਸਿੰਘ ਪੰਮਾਂ ਨੂੰ ਭਾਰਤ ਸਰਕਾਰ ਦੇ ਇਸ਼ਾਰੇ 'ਤੇ ਇੰਟਰਪੋਲ ਨੇ ਇੱਕ ਹੋਟਲ ਵਿੱਚੋਂ ਗ੍ਰਿਫਤਾਰ ਕਰ ਲਿਆ ਸੀ। 18 ਦਸੰਬਰ 'ਤੋਂ ਪੁਰਤਗਾਲ ਪੁਲਿਸ ਦੀ ਹਿਰਾਸਤ ਵਿੱਚ ਭਾਈ ਪ੍ਰਮਜੀਤ ਸਿੰਘ ਪੰਮਾਂ ਦੀ ਰਿਹਾਈ ਲਈ ਪੁਰਤਗੇਜ਼ੀ ਸਰਕਾਰ ਉੱਪਰ ਦਬਾਅ ਬਣਾਉਣ ਹਿੱਤ ਯੂਰਪ ਸਮੇਤ ਦੁਨੀਆਂ ਭਰ ਦੇ ਸਿੱਖ 5 ਫਰਬਰੀ ਨੂੰ ਪੁਰਤਗੇਜ਼ੀ ਦੂਤਾਵਾਸਾਂ ਵਿੱਚ ਮੈਮੋਰੰਡਮ ਦੇ ਰਹੇ ਹਨ। 
ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਦੁਨੀਆਂ ਭਰ ਦੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਭਾਈ ਪ੍ਰਮਜੀਤ ਸਿੰਘ ਪੰਮਾਂ ਦੀ ਨਜ਼ਾਇਜ ਹਿਰਾਸਤ ਦਾ ਵਿਰੋਧ ਕਰਦਿਆਂ ਉਹਨਾਂ ਦੀ ਰਿਹਾਈ ਲਈ 5 ਫਰਬਰੀ ਨੂੰ ਦਿੱਤੇ ਜਾ ਰਹੇ ਮੈਮੋਰੰਡਮਾਂ ਸਮੇਂ ਵੱਡੀ ਗਿਣਤੀ ਵਿੱਚ ਆਪੋ ਅਪਣੇ ਦੇਸ਼ਾਂ ਵਿਚਲੇ ਪੁਰਤਗੇਜ਼ੀ ਦੂਤਘਰਾਂ ਵਿੱਖੇ ਪਹੁੰਚ ਕੇ ਪੰਥਕ ਏਕਤਾ ਦਾ ਸਬੂਤ ਦਿੱੰਦੇ ਹੋਏ ਪੁਰਤਗਾਲ ਸਰਕਾਰ 'ਤੇ ਦਬਾਅ ਬਣਾਈਏ। ਬੱਬਰ ਖਾਲਸਾ ਜਰਮਨੀ ਦੇ ਪ੍ਰਮੁੱਖ ਜਥੇਦਾਰ ਹੋਰਾਂ ਕਿਹਾ ਕਿ ਬੇਸੱਕ ਸਿੱਖਸ ਫਾਰ ਜਸਟਿਸ ਦੇ ਚੋਟੀ ਦੇ ਵਕੀਲਾਂ ਦੀ ਟੀਮ ਡਟੀ ਹੋਈ ਹੈ ਪਰ ਸਾਨੂੰ ਹਰ ਪੱਧਰ ਤੇ ਉਹਨਾਂ ਦੀ ਰਿਹਾਈ ਲਈ ਕੋਸ਼ਿਸਾਂ ਕਰਨੀਆਂ ਚਾਹੀਦੀਆਂ ਹਨ।
ਜਥੇਦਾਰ ਰੇਸ਼ਮ ਸਿੰਘ ਹੋਰਾਂ ਆਖਿਆਂ ਕਿ ਭਾਰਤ ਸਰਕਾਰ ਬਨਾਮ ਸਿੱਖ ਕੌਂਮ ਦਰਮਿਆਨ ਲੜੀ ਜਾ ਰਹੀ ਇਸ ਕਾਨੂੰਨੀ ਲੜਾਈ ਲਈ ਹਰ ਪੰਥ ਦਰਦੀ ਅਪਣਾ ਬਣਦਾ ਹਿੱਸਾ ਜਰੂਰ ਪਾਵੇ ਤਾਂ ਕਿ ਇੱਕ ਨਿਰਦੋਸ਼ ਸਿੱਖ ਨੂੰ ਭਾਰਤ ਸਰਕਾਰ ਦੇ ਬੇਕਿਰਕ ਪੁਲਿਸ ਤਸੱਦਦ 'ਤੋਂ ਬਚਾ ਸਕੀਏ। ਜਥੇਦਾਰ ਹੋਰਾਂ ਅੱਗੇ ਕਿਹਾ ਕਿ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਉਦਾਹਰਨ ਸਾਡੇ ਸਾਹਮਣੇ ਹੈ ਕਿ ਕਿਵੇਂ ਭਾਰਤੀ ਨਿਜ਼ਾਮ ਨੇ ਉਹਨਾਂ ਨੂੰ ਸਰੀਰਕ ਅਤੇ ਮਾਨਸਿੱਕ ਤਸੀਹੇ ਦੇ ਦੇ ਕੇ ਹੱਡੀਆਂ ਦਾ ਪਿੰਜਰ ਬਣਾ ਦਿੱਤਾ। ਉਹਨਾਂ ਕਿਹਾ ਕਿ ਬੇਸੱਕ ਹੁਣ ਤੱਕ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਕੋਈ ਠੋਸ ਸਬੂਤ ਨਹੀ ਪੇਸ਼ ਕਰ ਸਕੀ ਅਤੇ ਉਹਨਾਂ ਨੂੰ ਵਾਪਸ ਲਿਜਾਣ ਆਈ ਪੁਲਿਸ ਪਾਰਟੀ ਵੀ ਵਾਪਸ ਚਲੀ ਗਈ ਹੈ ਪਰ ਪਰ ਭਾਈ ਪੰਮਾਂ ਦੀ ਰਿਹਾਈ ਤੱਕ ਇਹ ਮੁੰਹਿਮ ਚਲਦੀ ਰੱਖਣੀ ਹੈ ਤਾਂ ਜੋ ਭਾਰਤ ਸਰਕਾਰ ਨੂੰ ਅੰਤਰਰਾਸਟਰੀ ਭਾਈਚਾਰੇ ਵਿੱਚ ਹਰਾ ਕੇ ਉਸਦੀਆਂ ਸਿੱਖ ਵਿਰੋਧੀ ਗਤੀਵਿਧੀਆਂ ਲਈ ਨੰਗਾਂ ਕਰ ਸਕੀਏ।