ਰਿਹਾਅ ਹੋ ਰਹੇ ਸਿੱਖ ਕੈਦੀ ਬਾਪੂ ਸੂਰਤ ਸਿੰਘ ਦੇ ਸਿਰੜ ਦਾ ਨਤੀਜਾ: ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਜ਼ਾਵਾਂ ਪੂਰੀਆਂ ਕਰਨ ਬਾਅਦ ਵੀ ਜ਼ੇਲਾਂ ਕੱਟ ਰਹੇ ਸਿੱਖ ਕੈਦੀਆਂ ਦੀ ਰਿਹਾਈ ਲਈ ਸਾਲ ਭਰ 'ਤੋਂ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਹੋਰਾਂ ਦੇ ਸਿਰੜ ਨੂੰ ਬੂਰ ਪੈਣਾ ਸੁਰੂ ਹੋ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਫਰਾਂਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ ਜਿਹੜੇ ਸਿੰਘ ਰਿਹਾਅ ਜਾਂ ਪੈਰੋਲ ਉੱਪਰ ਬਾਹਰ ਆ ਰਹੇ ਹਨ ਉਹਨਾਂ ਦੀ ਰਿਹਾਈ ਦਾ ਸਿਹਰਾ ਬਾਪੂ ਸੂਰਤ ਸਿੰਘ ਜੀ ਨੂੰ ਜਾਦਾਂ ਹੈ। ਭਾਈ ਪੈਡਰੋ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਪਣੇ ਆਪ ਨੂੰ ਪੰਥਕ ਕਹਾਉਦੀ ਬਾਦਲ ਸਰਕਾਰ ਆਰ ਐਸ ਐਸ ਦੀ ਘੁਰਕੀ 'ਤੋਂ ਡਰਦੀ ਅਤੇ ਅਪਣੇ ਨਿੱਜ਼ੀ ਫਾਇਦਿਆਂ ਲਈ ਸਿੱਖ ਹਿੱਤਾਂ ਦੀ ਕੋਈ ਪਰਵਾਹ ਨਹੀ ਕਰ ਰਹੀ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਸੱਦਣ ਵਾਲੇ ਆਗੂਆਂ ਨੂੰ ਬਾਰ-ਬਾਰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਜ਼ੇਲ੍ਹੀ ਡੱਕਣ ਦੀ ਸੇਵਾ ਵੀ ਅਖੌਤੀ ਸਰਕਾਰ ਬਾਖੂਬੀ ਨਿਭਾ ਰਹੀ ਹੈ। ਬਾਦਲ ਦਲ ਵੱਲੋਂ ਸਿੱਖ ਕੌਂਮ ਨਾਲ ਕੀਤੇ ਜਾਂਦੇ ਐਨੇ ਧੱਕੇ ਬਾਅਦ ਵੀ ਕਈ ਅਜਿਹੇ ਲੋਕ ਹਨ ਜੋ ਉਹਨਾਂ ਨੂੰ ਫਖ਼ਰ-ਏ-ਕੌਂਮ ਮੰਨੀ ਜਾ ਰਹੇ ਹਨ। ਪਿਛਲੇ ਦਿਨੀ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਦਿੱਲੀ ਵਿਖੇ ਸੱਚੇ ਪਾਤਸ਼ਾਹ ਮਾਸਿਕ ਪਰਚੇ ਵੱਲੋਂ ਮਿਲੇ ਫ਼ਖ਼ਰ-ਏ-ਕੌਂਮ ਸਨਮਾਂਨ ਤੇ ਟਿਪਣੀ ਕਰਦਿਆਂ ਭਾਈ ਪੈਡਰੋ ਕਹਿੰਦੇ ਹਨ ਕਿ ਸ੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰਚਾਰ ਦੀ ਬਜਾਏ ਬਾਦਲ ਪਰਿਵਾਰ ਦਾ ਜਿਆਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ ਇਸ ਕਰਕੇ ਮੱਕੜ ਅਜਿਹੇ ਕਿਸੇ ਵੀ ਸਨਮਾਂਨ ਦਾ ਹੱਕਦਾਰ ਨਹੀ ਹੈ ਕਿਉਕਿ ਸ੍ਰੋਮਣੀ ਕਮੇਟੀ ਦੇ ਪ੍ਰਚਾਰ ਦੀ ਘਾਟ ਕਾਰਨ ਹੀ ਆਂਮ ਸਿੱਖ ਡੇਰੇਵਾਦ ਵੱਲੋਂ ਝੁਕ ਰਿਹਾ ਹੈ।