ਬਰੱਸਲਜ਼ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ਤੇ ਆਤਮਘਾਤੀ ਹਮਲੇ ਵਿੱਚ 34 ਦੀ ਮੌਤ, 250 ਜਖ਼ਮੀ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਮੰਗਲਵਾਰ ਸਵੇਰੇ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਸਾਵਨਤਮ ਹਵਾਈ ਅੱਡੇ 'ਤੇ 14 ਅਤੇ ਮਾਲਬੀਕ ਮੈਟਰੋ ਸਟੇਸ਼ਨ ਤੇ ਹੋਏ ਆਤਮਘਾਤੀ ਹਮਲਿਆਂ ਵਿੱਚ 20 ਯਾਤਰੀ ਮਾਰੇ ਗਏ ਅਤੇ 250 'ਤੋਂ ਜਿਆਦਾ ਗੰਭੀਰ ਜਖ਼ਮੀ ਹੋ ਗਏ। ਹਮਲਿਆਂ ਬਾਅਦ ਬਰੱਸਲਜ਼ ਹਵਾਈ ਅੱਡਾ ਬੁੱਧਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਹਵਾਈ ਉਡਾਣਾ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਮੰਗਲਵਾਰ ਨੂੰ ਹੋਏ ਇਹਨਾਂ ਹਮਲਿਆਂ ਕਾਰਨ ਪੂਰੇ ਦੇਸ਼ ਵਿੱਚ ਹਾਈ ਅਲਰਟ ਜਾਰੀ ਕਰਦਿਆਂ ਲੇਵਲ 4 ਕਰ ਦਿੱਤਾ ਹੈ। ਹਵਾਈ ਅੱਡੇ ਤੇ ਹਮਲੇ ਵਿੱਚਲੇ ਦੋ ਹਮਲਾਵਰਾਂ ਵਿੱਚੋਂ ਇੱਕ ਨੇ ਤਾਂ ਖੁਦ ਨੂੰ ਬੰਬ ਨਾਲ ਉਡਾ ਲਿਆ ਜਦਕਿ ਦੂਸਰੇ ਦੀ ਮ੍ਰਿਤਕ ਦੇਹ ਕੋਲੋ ਇੱਕ ਅਸਾਲਟ ਰਾਈਫਲ ਮਿਲੀ ਹੈ ਜਦਕਿ ਤੀਸਰੇ ਸ਼ੱਕੀ ਹਮਲਾਵਰ ਦੇ ਬੰਬ ਨਾਂ ਫਟਣ ਬਾਅਦ ਬਚ ਨਿਕਲਣ ਦੀ ਖ਼ਬਰ ਹੈ ਜਿਸ ਨੂੰ ਲੱਭਣ ਲਈ ਸਕਿਉਰਟੀ ਕੈਮਰਿਆਂ ਦੀਆਂ ਤਸਵੀਰਾਂ ਬੈਲਜ਼ੀਅਮ ਸਰਕਾਰ ਨੇ ਜਾਰੀ ਕੀਤੀਆਂ ਹਨ। ਇਹਨਾਂ ਅੱਤਵਾਦੀਆਂ ਨੂੰ ਹਵਾਈ ਅੱਡੇ ਪਹੁੰਚਾਉਣ ਵਾਲੇ ਟੈਕਸੀ ਡਰਾਇਵਰ ਦੀ ਮੱਦਦ ਨਾਲ ਦੇਰ ਰਾਤ ਤੱਕ ਪੁਲਿਸ ਨੇ ਇੱਕ ਛਾਪੇ ਦੌਰਾਂਨ ਸ਼ਾਰੇਬੀਕ ਇਲਾਕੇ ਵਿਚਲੇ ਇੱਕ ਘਰ 'ਚੋਂ ਇਸਲਾਮਿਕ ਸਟੇਟ ਦਾ ਝੰਡਾਂ, ਬੰਬ ਅਤੇ ਹਥਿਆਰ ਫੜੇ ਹਨ। ਇਹਨਾਂ ਹਮਲਿਆਂ ਨੂੰ ਪਿਛਲੇ ਦਿਨੀ ਪੈਰਿਸ ਹਮਲਿਆਂ ਦੇ ਇੱਕੋ-ਇੱਕ ਜਿੰਦਾਂ ਫੜੇ ਗਏ ਜਿੰਮੇਬਾਰ ਅਬਦੇਸਲਾਮ ਸਲਾਹ ਦੀ ਗ੍ਰਿਫਤਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਕੁੱਝ ਸੂਤਰਾਂ ਦਾ ਕਹਿਣਾ ਹੈ ਕਿ ਜੇ ਉਹ ਨਾਂ ਫੜਿਆਂ ਜਾਦਾਂ ਤਾਂ ਉਸ ਨੇ ਵੀ ਇਹਨਾਂ ਵਾਰਦਾਤਾਂ ਵਿੱਚ ਸਾਮਲ ਹੋਣਾ ਸੀ। ਧਮਾਕੇ ਵਾਲਾ ਮੈਟਰੋ ਸਟੇਸ਼ਨ ਯੂਰਪੀਨ ਯੁਨੀਅਨ ਅਤੇ ਯੂਰਪੀਨ ਪਾਰਲੀਮੈਂਟ ਦੀ ਇਮਾਰਤਾਂ ਦੇ ਨਜਦੀਕ ਹੈ। ਇਸ ਦੁਖਦਾਈ ਘਟਨਾ ਦੀ ਦੁਨੀਆਂ ਭਰ ਦੇ ਆਗੂਆਂ ਨੇ ਨਿਖੇਧੀ ਕੀਤੀ ਕੀਤੀ ਹੈ। ਕਿਊਬਾ ਦੌਰੇ ਤੇ ਅਮਰੀਕਨ ਰਾਸਟਰਪਤੀ ਬਰਾਕ ਉਬਾਮਾ ਨੇ ਇਹ ਘਟਨਾਂ ਦੀ ਜੋਰਦਾਰ ਨਿੰਦਾਂ ਕਰਦਿਆਂ ਅੱਤਵਾਦ ਵਿਰੁੱਧ ਇੱਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ ਹੈ। ਯੂਰਪੀਨ ਯੁਨੀਅਨ ਦੀ ਵਿਦੇਸੀ ਮਾਮਲਿਆਂ ਦੀ ਮੁਖੀ ਫੇਰੇਰੀਕਾ ਮੋਗਰੀਨੀ ਅਪਣੇ ਜੌਰਡਨ ਦੌਰੇ ਤੇ ਅਮਾਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਂਨ ਇਸ ਘਟਨਾ ਦੀ ਨਿੰਦਾਂ ਕਰਦੀ ਹੋਈ ਰੋ ਪਈ ਅਤੇ ਪ੍ਰੈਸ ਕਾਨਫਰੰਸ ਵਿਚਕਾਰ ਹੀ ਰੋਕਣੀ ਪਈ। ਇਹਨਾਂ ਘਟਨਾਵਾਂ ਬਾਅਦ ਯੂਰਪ ਸਮੇਤ ਦੁਨੀਆਂ ਭਰ ਦੇ ਹਵਾਈ ਅੱਡਿਆਂ ਦੀ ਸੁਰੱਖਿਆਂ ਸਖ਼ਤ ਕਰ ਦਿੱਤੀ ਗਈ ਹੈ। ਬੈਲਜ਼ੀਅਮ ਦੇ ਰਾਜੇ ਫਿਲਿਪ ਨੇ ਰਾਸਟਰ ਨੂੰ ਸੰਬੋਧਨ ਕਰਦਿਆਂ ਪੀੜਤਾਂ ਨਾਲ ਹਮਦਰਦੀ ਜਤਾਈ ਹੈ। ਸਰਕਾਰ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਂਨ ਕੀਤਾ ਹੈ ਅਤੇ ਅੱਜ ਬੁੱਧਵਾਰ ਨੂੰ ਦੁਪਿਹਰੇ 12 ਵਜੇ ਇੱਕ ਮਿੰਟ ਦਾ ਮੋਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਜਲੀ ਭੇਟ ਕੀਤੀ ਜਾਵੇਗੀ।
