ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 13 ਨਵੰਬਰ ਨੁੰ ਪੈਰਿਸ ਵਿੱਚ ਹੋਏ ਆਤਮਘਾਤੀ ਹਮਲਿਆਂ ਲਈ ਅਤਿ ਲੋੜੀਦੇਂ 26 ਸਾਲਾ ਨੌਜਵਾਨ ਅਬਦੇਲਸਾਮ ਸਲਾਅ ਨੂੰ ਕੱਲ ਸੁੱਕਰਵਾਰ ਨੂੰ ਬੈਲਜ਼ੀਅਮ ਪੁਲਸ ਨੇ ਇੱਕ ਵੱਡੇ ਅਪ੍ਰੇਸ਼ਨ ਦੌਰਾਂਨ ਗ੍ਰਿਫਤਾਰ ਕਰ ਲਿਆ। ਪੈਰਿਸ ਵਿੱਚ 129 ਲੋਕਾਂ ਦੇ ਮਾਰੇ ਅਤੇ 350 ਦੇ ਜਖ਼ਮੀ ਹੋਣ ਬਾਅਦ ਦੁਨੀਆਂ ਭਰ ਦੇ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣੀ ਇਹ ਗ੍ਰਿਫਤਾਰੀ ਲਈ ਅਮਰੀਕਨ ਰਾਸਟਰਪਤੀ ਬਰਾਕ ਉਬਾਮਾ ਨੇ ਬੈਲਜ਼ੀਅਮ ਪ੍ਰਧਾਨ ਮੰਤਰੀ ਚਾਰਲਸ ਮਿਸ਼ਾਈਲ ਨੂੰ ਫੋਨ ਕਰ ਕੇ ਵਧਾਈ ਦਿੱਤੀ ਹੈ।
ਪਿਛਲੇ ਤਕਰੀਬਨ ਪੰਜ ਮਹੀਨਿਆਂ 'ਤੋਂ ਇਸ ਅੱਤਵਾਦੀ ਭਾਲ ਵਿਚ ਸਰਗਰਮ ਬੈਲਜ਼ੀਅਮ ਅਤੇ ਫਰਾਂਸ ਪੁਲਿਸ ਨੇ ਕੁੱਝ ਦਿਨ ਪਹਿਲਾਂ ਵੀ ਇੱਕ ਸਾਂਝੀ ਛਾਪੇਮਾਰੀ ਕੀਤੀ ਸੀ ਜਿਸ ਦੌਰਾਂਨ ਇੱਕ ਗੈਰਕਾਂਨੂੰਨੀ ਅਲਜੀਰੀਅਨ ਮੁਸਲਿਮ ਨਾਗਰਿਕ ਮਾਰਿਆ ਗਿਆ ਸੀ ਤੇ ਦੋ ਭੱਜਣ ਵਿੱਚ ਸਫਲ ਹੋ ਗਏ ਸਨ। ਕੱਲ ਸਵੇਰ 'ਤੋਂ ਅੰਤਰਾਸਟਰੀ ਮੀਡੀਏ ਵਿੱਚ ਇਹ ਖ਼ਬਰ ਜੋਰਾਂ ਤੇ ਸੀ ਕਿ ਸਭ 'ਤੋਂ ਲੋੜੀਦੇ ਅੱਤਵਾਦੀ ਅਬਦੇਲਸਾਮ ਸਲਾਅ ਦੇ ਉਗਲਾਂ ਦੇ ਨਿਸਾਨ ਛਾਪੇ ਵਾਲੀ ਜਗ੍ਹਾ ਤੋਂ ਮਿਲੇ ਹਨ। ਅੱਜ ਸਾਢੇ 12 ਵਜੇ ਸੁਰੂ ਹੋਏ ਇੱਕ ਵੱਡੇ ਪੁਲਿਸ ਅਪ੍ਰੇਸ਼ਨ ਸਮੇਂ ਪੁਲਸ ਨੂੰ ਉਹ ਸਫਲਤਾ ਆਖਰ ਮਿਲ ਹੀ ਗਈ ਜਿਸ ਲਈ ਕਈ ਮਹੀਨਿਆਂ ਤੋਂ ਅਟਕਲਾ ਦਾ ਬਜ਼ਾਰ ਗਰਮ ਸੀ ਕਿ ਅਬਦੇਲਸਾਮ ਯੂਰਪ ਛੱਡ ਸਹੀ ਸਲਾਮਤ ਸੀਰੀਆ ਪਹੁੰਚ ਗਿਆ ਹੈ। ਖਾਲੀ ਹੱਥੀ ਗ੍ਰਿਫਤਾਰ ਇਸ ਸਖ਼ਸ ਨੂੰ ਕਾਬੂ ਕਰਨ ਲਈ ਸੈਂਕੜੇ ਘਰਾਂ ਦੀ ਤਲਾਸੀ ਲਈ ਗਈ ਅਤੇ ਬੇਹਿਸਾਬ ਗ੍ਰਿਫਤਾਰੀਆਂ ਕੀਤੀਆਂ ਗਈਆਂ ਇੱਥੋ ਤੱਕ ਕੇ ਕਈ ਵਾਰ ਯੂਰਪ ਹੋਰਨਾਂ ਸ਼ਹਿਰਾਂ ਤੱਕ ਅਜਿਹੇ ਟਰੱਕਾਂ ਦਾ ਪਿੱਛਾ ਵੀ ਕੀਤਾ ਗਿਆ ਕਿ ਸਾਇਦ ਯੂਰਪ ਦਾ ਸਭ 'ਤੋਂ ਲੋੜੀਦਾਂ ਅੱਤਵਾਦੀ ਜਾ ਰਿਹਾ ਹੈ।
ਸਲਾਅ ਦਾ ਨਾਂਮ ਸਾਹਮਣੇ ਆਉਣ ਨਾਲ ਬਰੱਸਲਜ਼ ਦੇ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਮੋਲਨਬੀਕ ਨੂੰ ਪੂਰੀ ਦੁਨੀਆਂ ਵਿੱਚ ਘ੍ਰਿਣਾ ਨਾਲ ਦੇਖਿਆ ਜਾਣ ਲੱਗ ਪਿਆ ਸੀ ਕਿਉਕਿ ਮੁੱਢਲੀ ਪੁਲਿਸ ਜਾਂਚ ਮੁਤਾਬਕ ਸ਼ਾਜਿਸ ਇੱਥੋਂ ਹੀ ਰਚੀ ਗਈ ਸੀ। ਇਸੇ ਬਦਨਾਮੀ ਕਾਰਨ ਅਮਰੀਕਾ ਦੇ ਰਾਸਟਰਪਤੀ ਦੀ ਦੌੜ ਵਿੱਚ ਬਹੁਚਰਚਿੱਤ ਡੋਨਲਡ ਟਰੰਪ ਵੀ ਬਰੱਸਲਜ਼ ਬਾਰੇ ਵਿਅੰਗ ਕਸ ਚੁੱਕੇ ਹਨ। ਫਰਾਂਸ ਦੇ ਰਾਸਟਰਪਤੀ ਨੇ ਵੀ ਬੈਲਜ਼ੀਅਮ ਸੁਰੱਖਿਆਂ ਬਲਾਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਫਰਾਂਸ ਜਲਦੀ ਹੀ ਸਲਾਅ ਦੀ ਫਰਾਂਸ ਹਵਾਲਗੀ ਦੀ ਮੰਗ ਕਰੇਗਾ। ਲੱਤ ਵਿੱਚ ਗੋਲੀ ਲੱਗਣ ਕਾਰਨ ਗ੍ਰਿਫਤਾਰੀ ਦੇ ਤੁਰੰਤ ਬਾਅਦ ਸਲਾਅ ਨੂੰ ਹਸਪਤਾਲ ਲਿਜਾਇਆ ਗਿਆ ਪਰ ਅੱਜ ਦੀ ਰਾਤ ਹੀ ਉਸ ਨੂੰ ਬਰੱਗੇ ਜ਼ੇਲ੍ਹ ਵਿੱਚ ਲਿਜਾਏ ਜਾਣ ਦੀ ਸੰਭਾਵਨਾ ਹੈ।
