ਮੋਦੀ ਦੀ ਬਰੱਸਲਜ਼ ਫੇਰੀ ਸਮੇਂ ਸਵਾਗਤ ਅਤੇ ਵਿਰੋਧ ਦੀਆਂ ਤਿਆਰੀਆਂ ਜੋਰਾਂ 'ਤੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਸੇ ਮਹੀਨੇ 30 ਮਾਰਚ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਯੂਰਪੀਨ ਯੁਨੀਅਨ ਪਾਰਲੀਮੈਂਟ ਫੇਰੀ ਸਮੇਂ ਉਹਨਾਂ ਦੇ ਵਿਰੋਧ ਅਤੇ ਸਵਾਗਤ ਦੀਆਂ ਤਿਆਰੀਆਂ ਜੋਰਾਂ ਤੇ ਹਨ। ਭਰੋਸੇਯੋਗ ਸੂਤਰਾ ਮੁਤਾਬਕ ਜਿਥੇ ਸਰਕਾਰੀ ਪੱਧਰ ਤੇ ਉਹਨਾਂ ਦੇ ਸਵਾਗਤ ਲਈ ਭੀੜ ਜੁਟਾਉਣ ਲਈ ਕੋਸ਼ਿਸਾਂ ਅੰਦਰਖਾਤੇ ਜਾਰੀ ਹਨ ਉੱਥੇ ਭਾਰਤੀ ਹਕੂਮਤ ਦੇ ਜੁਲਮਾਂ 'ਤੋਂ ਸਤਾਈਆਂ ਕੌਮਾਂ ਸਿੱਖ, ਕਸ਼ਮੀਰੀ ਮੁਸਲਿਮ, ਦਲਿਤ ਅਤੇ ਇਸਾਈ ਭਾਈਚਾਰੇ ਵੱਲੋਂ ਨਰਿੰਦਰ ਮੋਦੀ ਦੇ ਅਪਰਾਧੀ ਪਿਛੋਕੜ ਅਤੇ ਮੋਦੀ ਦੀ ਅਗਵਾਹੀ ਵਾਲੀ ਭਾਜਪਾ ਸਰਕਾਰ ਵੱਲੋਂ ਪੂਰੇ ਮੁਲਕ ਵਿੱਚ ਲਾਗੂ ਕੀਤੇ ਜਾ ਰਹੇ ਆਰ ਐਸ ਐਸ ਦੇ ਲੁਕਵੇਂ ਇਜੰਡੇ ਨੂੰ ਯੂਰਪ ਅਤੇ ਦੁਨੀਆ ਭਰ ਦੇ ਮੀਡੀਆ ਅੱਗੇ ਰੱਖਣ ਲਈ ਬਕਾਇਦਾ ਮੁੰਹਿਮ ਚਲਾਈ ਜਾ ਰਹੀ ਹੈ।
ਭਾਰਤੀ ਪ੍ਰਧਾਨ ਮੰਤਰੀ ਦੀ ਇਸ ਫੇਰੀ ਬਾਅਦ ਇਹ ਜਰੂਰ ਸਾਹਮਣੇ ਆਏਗਾ ਕਿ ਸਰਕਾਰੀ ਜੋਰ ਨਾਲ ਮੋਦੀ ਦੇ ਸਵਾਗਤ ਲਈ ਵੱਧ ਭੀੜ ਇਕੱਠੀ ਕੀਤੀ ਗਈ ਸੀ ਜਾਂ ਮਨੁੱਖੀ ਹੱਕਾਂ ਲਈ ਸਰਗਰਮ ਜਥੇਬੰਦੀਆਂ ਨੇ ਰੋਸ ਮੁਜ਼ਾਹਰੇ ਵਿੱਚ ਜਿਆਦਾ ਇਕੱਠ ਕਰ ਭਾਰਤ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਚਿੱਠਾ ਭਰੇ ਬਜ਼ਾਰ ਖੋਲ੍ਹ ਦਿੱਤਾ। ਯੂਰਪ ਭਰ ਵਿੱਚ ਵਸਦੇ ਸਿੱਖਾਂ ਦੇ ਹੌਸਲੇ ਇਸ ਗੱਲੋਂ ਬੁਲੰਦ ਹਨ ਕਿ ਪਿਛਲੇ ਮਹੀਨੇ ਭਾਰਤ ਸਰਕਾਰ ਵੱਲੋਂ ਅੱਡੀ ਚੋਟੀ ਦੇ ਲਗਾਏ ਜੋਰ ਦੇ ਬਾਵਜੂਦ ਭਾਰਤੀ ਹਕੂਮਤ ਵੱਲੋਂ ਭਾਈ ਪ੍ਰਮਜੀਤ ਸਿੰਘ ਪੰਮਾਂ ਨੂੰ ਭਾਰਤ ਲਿਜਾਣ ਲਈ ਦਰਜ ਕੀਤੇ ਝੂਠੇ ਪਰਚਿਆਂ ਬਾਅਦ ਵੀ ਅੰਤਰਰਾਸਟਰੀ ਭਾਈਚਾਰੇ ਵਿੱਚ ਸਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ। ਮੋਦੀ ਵਿਰੋਧੀਆਂ ਦਾ ਕਹਿਣਾ ਹੈ ਕਿ ਕੋਈ ਵੀ ਜਾਗਦੀ ਜ਼ਮੀਰ ਵਾਲਾ ਮਨੁੱਖ ਮੋਦੀ ਦੇ ਸਵਾਗਤ ਲਈ ਅੱਗੇ ਨਹੀ ਆਵੇਗਾ ਕਿਉਕਿ ਜਿੱਥੇ ਮੋਦੀ ਦੀ ਰਹਿਨੁਮਾਈ ਹੇਠ ਗੁਗਰਾਤ ਦੰਗਿਆਂ ਦਾ ਕਲੰਕ ਮੋਦੀ ਦਾ ਪਿੱਛਾ ਛੱਡਣ ਦਾ ਨਾਂ ਨਹੀ ਲੈ ਰਿਹਾ ਉੱਥੇ ਪਿਛਲੇ ਦਿਨੀ ਜਵਾਹਰ ਲਾਲ ਨਹਿਰੂ ਦਿੱਲੀ ਯੁਨੀਵਰਸਿਟੀ ਦੇ ਦਲਿਤ ਪ੍ਰਧਾਨ ਨੌਜਵਾਨ ਆਗੂ ਕਨ੍ਹਈਆ ਕੁਮਾਰ ਦੀ ਅਵਾਜ਼ ਦਬਾਉਣ ਦਾ ਸਿਹਰਾ ਵੀ ਮੋਦੀ ਅਤੇ ਭਾਜਪਾ ਸਮੇਤ ਅਖੌਤੀ ਹਿੰਦੂਤਵੀ ਮੀਡੀਏ ਨੂੰ ਜਾਦਾਂ ਹੈ ਜਿਨ੍ਹਾਂ ਦੇ ਇਸ ਅਜ਼ਾਦੀ ਪਸੰਦ ਨੌਜਵਾਨ ਨੂੰ ਹਰ ਪੱਧਰ ਘੇਰਨ ਦੇ ਬਾਵਜੂਦ ਵੀ ਮਜਬੂਰੀ ਵੱਸ ਰਿਹਾਅ ਕਰਨਾ ਪਿਆ।