ਸਿੱਖ ਏਕਤਾ ਲਹਿਰ ਦੇ ਨੌਜਵਾਨਾਂ ਨੂੰ ਸਿੱਖੀ ਦੇ ਪ੍ਰਚਾਰ 'ਤੋਂ ਰੋਕਣ ਦਾ ਮਾਮਲਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਖੌਤੀ ਪੰਥਕ ਸਰਕਾਰ ਦੀ ਰਹਿਨੁਮਾਈ ਵਾਲੀ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨੂੰ ਸਿੱਖੀ ਦੇ ਪ੍ਰਚਾਰ 'ਤੋਂ ਰੋਕਣਾ, ਪੰਥ ਵਿਰੋਧੀ ਡੇਰਿਆਂ ਦੇ ਸ਼ਰਧਾਲੂਆਂ ਨੂੰ ਹੱਲਾਸ਼ੇਰੀ ਦੇਣੀ ਅਤੇ ਪੰਥ ਵਿਰੋਧੀ ਆਸੂਤੋਸ਼ ਵਰਗੇ ਦੀ ਮ੍ਰਿਤਕ ਦੇਹ ਨੂੰ ਪ੍ਰਧਾਨ ਮੰਤਰੀ ਦੇ ਬਰਾਬਰ ਦੀ ਸੁਰੱਖਿਆ ਦੇਣੀ ਆਦਿ ਸੇਵਾਵਾਂ ਬਾਖੂਬੀ ਨਿਭਾਈਆਂ ਜਾ ਰਹੀਆਂ ਹਨ ਜੋ ਅਸਿੱਧੇ ਰੂਪ ਵਿੱਚ ਆਰ ਐਸ ਐਸ ਦੇ ਲੁਕਵੇਂ ਇਜੰਡੇ ਨੂੰ ਗੁਰੂਆਂ ਪੀਰਾਂ ਦੀ ਧਰਤ ਪੰਜਾਬ ਵਿੱਚ ਲਾਗੂ ਕਰਨਾ ਹੈ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਸਿੱਖ ਏਕਤਾ ਲਹਿਰ ਦੇ ਨੌਜਵਾਨਾਂ ਭਾਈ ਜਗਜੀਤ ਸਿੰਘ ਹੇੜੀਕੇ, ਜਸਪ੍ਰੀਤ ਸਿੰਘ ਮੂਲੋਵਾਲ, ਦੀਪ ਸਿੰਘ ਕੱਕੜਵਾਲ, ਜਗਵਿੰਦਰ ਸਿੰਘ ਖਾਨਪੁਰ, ਸੰਸਾਰ ਸਿੰਘ ਸੰਧੂ ਸਰਪੰਚ ਧੂਰਾ ਅਤੇ ਖੁਸ਼ਪ੍ਰੀਤ ਸਿੰਘ ਖਾਲਿਸਤਾਨੀ ਹੋਰਾਂ ਨੂੰ ਦੇਸ ਭਗਤ ਕਾਲਜ ਬਰੜਵਾਲ ਧੂਰੀ ਵਿੱਚ ਪੈਫਲਿਟ ਵੰਡਣ 'ਤੋਂ ਨਾਦਰਸ਼ਾਹੀ ਤਰੀਕੇ ਨਾਲ ਰੋਕਣਾ ਇੱਕ ਸਿੱਧੀ ਸਰਕਾਰੀ ਗੁੰਡਾਗਰਦੀ ਹੈ। ਭਾਈ ਭੂਰਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇੱਕ ਪਾਸੇ ਦਲਿਤ ਨੌਜਵਾਨ ਕਨ੍ਹਈਆ ਕੁਮਾਰ ਦੀ ਜੁਬਾਨ ਕੱਟਣ ਅਤੇ ਉਸਦਾ ਸਿਰ ਕਲਮ ਕਰਨ ਦੀਆਂ ਧਮਕੀਆਂ ਦੇਣ ਵਾਲੇ ਮੰਨੂੰਵਾਦੀਆਂ ਖਿਲਾਫ ਕੋਈ ਖਾਸ ਕਾਰਵਾਈ ਨਹੀ ਕੀਤੀ ਜਾ ਰਹੀ ਤੇ ਦੂਜੇ ਪਾਸੇ ਸਾਂਤਮਈ ਤਰੀਕੇ ਨਾਲ ਪ੍ਰਚਾਰ ਕਰ ਰਹੇ ਇਹਨਾਂ ਸਿੱਖ ਨੌਜਵਾਨਾਂ ਨੂੰ ਸਰਕਾਰੀ ਹੈਂਕੜਵਾਜੀ ਨਾਲ ਕਾਲਜ 'ਤੋਂ ਬਾਹਰ ਧੱਕਿਆ ਜਾ ਰਿਹਾ ਹੈ ਜੋ ਅਖੌਤੀ ਮਹਾਨ ਭਾਰਤ ਵਿੱਚ ਘੱਟਗਿਣਤੀਆਂ ਦੇ ਅਸੁਰੱਖਿਅਤ ਹੋਣ ਦੀ ਨਿਸਾਨੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਉ ਬਾਰੇ ਗੱਲ ਕਰਦਿਆਂ ਭਾਈ ਭੂਰਾ ਨੇ ਅੱਗੇ ਕਿਹਾ ਕਿ ਕੌਂਮ ਦੀ ਸੇਵਾ ਕਰ ਰਹੇ ਇਹ ਨੌਜਵਾਨ ਕੌਂਮ ਦੀ ਅਮਾਨਤ ਹਨ ਅਤੇ ਉਹਨਾਂ ਨਾਲ ਕਿਸੇ ਕਿਸਮ ਦਾ ਧੱਕਾ ਕਦਾਚਿਤ ਬਰਦਾਸ਼ਤ ਨਹੀ ਕੀਤਾ ਜਾਵੇਗਾ।
