15 ਜੂਨ ਨੂੰ ਮੋਹੀ 'ਤੋਂ ਸ੍ਰੀ ਅਮ੍ਰਿਤਸਰ ਸਾਹਿਬ ਤੱਕ ਕੱਢੀ ਜਾਵੇਗੀ ਰੋਸ ਰੈਲੀ: ਜਥੇਦਾਰ ਭੂਰਾ

ਜੂਨ 1984 ਨੂੰ ਸਮਰਪਤਿ ਗੁਰਮਤਿ ਸਮਾਗਮ 13,14 ਅਤੇ 15 ਜੂਨ ਨੂੰ 
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਭੂਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਵਰਤਾਏ ਗਏ ਅਣਚਿਤਵੇ ਕਹਿਰ ਦੇ ਜਖ਼ਮ ਨੂੰ ਤਾਜ਼ਾ ਰੱਖਣ ਅਤੇ ਉਸ ਸਮੇਂ ਸ਼ਹੀਦ ਹੋਏ ਸਮੂਹ ਸਿੱਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਇੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਂਗਮ ਲੁਧਿਆਣੇ ਜ਼ਿਲੇ ਦੇ ਪਿੰਡ ਮੋਹੀ ਦੇ ਇਤਿਹਾਸਿਕ ਗੁਰਦਵਾਰਾ ਛੱਲਾ ਸਾਹਿਬ ਵਿਖੇ 13,14 ਅਤੇ 15 ਜੂਨ ਨੂੰ ਕਰਵਾਇਆ ਜਾਵੇਗਾ ਜਿਸ ਵਿੱਚ ਰਾਗੀ, ਢਾਡੀ, ਕਵੀਸ਼ਰੀ ਜਥੇ ਅਤੇ ਕਥਾਵਾਚਕ ਗੁਰਬਾਣੀ ਦਾ ਪ੍ਰਚਾਰ ਕਰਨਗੇ। ਭੋਗ ਉਪਰੰਤ 15 ਜੂਨ ਨੂੰ ਇੱਕ ਰੋਸ ਰੈਲੀ ਪਿੰਡ ਮੋਹੀ 'ਤੋਂ ਸ੍ਰੀ ਅਮ੍ਰਿਤਸਰ ਸਾਹਿਬ ਤੱਕ ਕੱਢੀ ਜਾਵੇਗੀ ਜਿਸ ਵਿੱਚ ਸੈਕੜੇ ਕਾਰਾਂ, ਜੀਪਾਂ, ਬੱਸਾਂ ਅਤੇ ਮੋਟਰਸਾਈਕਲ ਸਵਾਰ ਸਿੱਖ ਨੌਜਵਾਂਨ ਜੂਨ 1984 ਦੇ ਸ਼ਹੀਦਾਂ ਨੂੰ ਸਿਜਦਾ ਕਰਨ ਹਿੱਤ ਇੱਕ ਕਾਫਲੇ ਦੇ ਰੂਪ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਪਹੁੰਚਣਗੇ। ਇਹ ਕਾਫਲਾ ਪੰਜਾਬ ਅਤੇ ਕੇਂਦਰ ਸਰਕਾਰ ਨੂੰ 32 ਸਾਲਾਂ ਬਾਅਦ ਵੀ ਕੌਂਮ ਦੇ ਹਿਰਦਿਆਂ ਵਿੱਚ ਬਲ ਰਹੇ ਰੋਹ ਦੇ ਦੀਵੇ ਨੂੰ ਦਰਸਾਉਣ ਦਾ ਯਤਨ ਹੋਵੇਗਾ। 
ਭਾਈ ਭੂਰਾ ਨੇ ਦੱਸਿਆ ਕਿ ਕੱਲ 1 ਜੂਨ ਨੂੰ ਪਿੰਡ ਮੋਹੀ ਦੇ ਗੁਰਦਵਾਰਾ ਛੱਲਾ ਸਾਹਿਬ ਵਿਖੇ ਸਿੱਖ ਪ੍ਰਚਾਰ ਲਹਿਰ ਦੇ ਭਾਈ ਹਰਵਿੰਦਰਜੀਤ ਸਿੰਘ ਹੋਰਾਂ ਦੀ ਅਗਵਾਹੀ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਬਹੁਤ ਸਾਰੇ ਨੌਜਵਾਨਾਂ ਦੀ ਹੋਈ ਇਕੱਤਰਤਾ ਵਿੱਚ ਇਹ ਸਮਾਂਗਮ ਉਲੀਕਿਆ ਗਿਆ ਹੈ ਅਤੇ ਇਹਨਾਂ ਜਥੇਬੰਦੀਆਂ ਦੀ ਅਗਲੀ ਇਕੱਤਰਤਾ 4 ਜੂਨ ਇਸੇ ਅਸਥਾਨ ਤੇ ਦੁਬਾਰਾ ਹੋਵੇਗੀ ਜਿਸ ਵਿੱਚ ਸਾਮਲ ਹੋਣ ਲਈ ਸਮੂਹ ਪੰਥ ਪ੍ਰਸਤਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਕੌਂਮੀ ਜੱਦੋਜਹਿਦ ਨੂੰ ਇੱਕਜੁੱਟ ਹੋ ਕੇ ਅੱਗੇ ਵਧਾ ਸਕੀਏ। 
ਕੱਲ ਦੀ ਇਕੱਤਰਤਾ ਵਿੱਚ ਹਰਵਿੰਦਰਜੀਤ ਸਿੰਘ ਮੋਹੀ, ਸੁਖਪਾਲ ਸਿੰਘ ਫੁੱਲਾਂਵਾਲ, ਭਾਈ ਜੋਗਾ ਸਿੰਘ ਖਾਲਿਸਤਾਨੀ, ਵਿਸਾਖਾ ਸਿੰਘ ਗਿੱਲ, ਰਤਿੰਦਰ ਸਿੰਘ ਦੁੱਗਰੀ, ਗੁਰਵਿੰਦਰ ਸਿੰਘ ਹੇੜੀਕੇ, ਅਮ੍ਰਿਤਪਾਲ ਸਿੰਘ ਜੋਧਪੁਰੀ, ਹਰਜੀਤ ਸਿੰਘ ਚਕਰ, ਸੁਖਰਾਜ ਸਿੰਘ ਖਾਲਿਸਤਾਨੀ, ਜਗਰੂਪ ਸਿੰਘ ਖਾਲਿਸਤਾਨੀ, ਜਸਮੀਤ ਸਿੰਘ ਜੱਸੀ, ਗੁਰਜੀਤ ਸਿੰਘ ਖਾਲਸਾ, ਨਰਿੰਦਰ ਸਿੰਘ ਖਾਲਸਾ, ਪ੍ਰੀਤ ਸਿੰਘ ਬੱਲਾ, ਗੁਰਸੇਵਕ ਸਿੰਘ ਧੂੜਕੋਟ ਅਤੇ ਸਿਕੰਦਰ ਸਿੰਘ ਆਦਿ ਸਿੰਘਾਂ ਨੇ ਹਿੱਸਾ ਲਿਆ। ਪਹੁੰਚੀਆਂ ਸਮੂਹ ਜਥੇਬੰਦੀਆਂ ਅਤੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜਥੇਦਾਰ ਭੂਰਾ ਨੇ ਕਿਹਾ ਕਿ ਬੇਸੱਕ ਅਸੀਂ ਐਨ ਆਰ ਆਈ ਸਿੱਖ ਤੁਹਾਡੀ ਪਿੱਠ ਤੇ ਖੜਨ ਦਾ ਵਾਅਦਾ ਕਰਦੇ ਹਾਂ ਪਰ ਤੁਸੀ ਹੀ ਇਤਿਹਾਸ ਦੇ ਅਗਲੇ ਵਾਰਸ ਹੋਂ ਇਸ ਲਈ ਵੱਖ-ਵੱਖ ਜਥੇਬੰਦੀਆਂ ਜਾਂ ਸੰਸਥਾਵਾਂ ਦੇ ਨਾਂਮ ਹੇਠ ਵਿਚਰਨ ਦੀ ਬਜਾਏ ਇੱਕਜੁੱਟ ਹੋ ਕੇ ਸੰਘਰਸ਼ ਕਰੋ ਤਾਂਕਿ ਕੌਂਮ ਅਪਣੇ ਗਲੋ ਗੁਲਾਮੀ ਦਾ ਜੂਲਾ ਜਲਦੀ ਲਾਹ ਸਕੇ।