ਪੱਗਾਂ ਵਾਲੇ ਸਿਰ........ਇੰਦਰਜੀਤ ਸਿੰਘ ਜੋਧਪੁਰੀ

    
ਮੈਂ ਸਵੇਰੇ ਪੱਗ ਬੰਨ੍ਹ ਕੇ ਈ ਹਟਿਆ ਸੀ । ਮੈਂ ਥੋੜ੍ਹਾ ਧਿਆਨ ਨਾਲ ਪੱਗ ਵੱਲ ਵੇਖਿਆ ਤਾਂ ਅੱਜ ਪੱਗ ਦੀ ਖੂਬਸੂਰਤੀ ਕੁਝ ਵੱਖਰੀ ਹੀ ਨਜ਼ਰ ਆ ਰਹੀ ਸੀ । ਇਕੱਲਾ-ਇਕੱਲਾ ਪੇਚ ਬੜੀ ਸੁਚੱਜਤਾ ਨਾਲ ਚਿਣਿਆਂ ਹੋਇਆ ਸੀ । ਮੈਂ ਸੋਚ ਰਿਹਾ ਸੀ ਕਿ ਆ ਛੇ ਕੁ ਮੀਟਰ ਕੱਪੜੇ ਨੇ ਮੇਰੇ ਸਿਰ ਦੀ ਸ਼ਾਨ ਕਿੰਨੀ ਵਧਾ ਦਿੱਤੀ ਆ , ਹੁਣ ਮੈਂ ਜਿਥੇ ਵੀ ਜਾਊਂ ਓਥੇ ਈ ਲੋਕ ਮੈਨੂੰ ਸਰਦਾਰ ਜੀ ਦਾ ਖਿਤਾਬ ਦੇ ਦੇਣਗੇ।     ਇਸ ਤਰ੍ਹਾਂ ਸੋਚਦੇ ਨੂੰ ਯਾਦ ਆਈ ਉਨ੍ਹਾਂ ਸਿਰਾਂ ਦੀ ਜਿੰਨਾਂ ਨੇ ਇਸ ਕੱਪੜੇ ਨੂੰ ਤਾਜ ਬਣਾਉਣ ਦੇ ਲਈ ਆਪਣੇ ਸਿਰ ਧੜ ਦੀ ਬਾਜੀ ਲਾਈ ਸੀ ਤੇ ਇਸ ਨੂੰ ਇਨ੍ਹਾਂ ਅਮੋਲਕ ਬਣਾ ਦਿੱਤਾ ਕਿ ਦੁਨੀਆਂ ਦੀ ਕੋਈ ਵਸਤੂ ਇਹਦੇ ਤੁੱਲ ਨਹੀਂ ਰਹੀ। ਯਾਦ ਆਈ ਉਸ ਪੱਗ ਵਾਲੇ ਸਿਰ ਦੀ ਜਿਸ ਨੇ ਸਿਕੰਦਰ ,ਜਿਸਨੇ ਸਾਰਾ ਸੰਸਾਰ ਜਿੱਤਿਆ ਸੀ ਉਸ ਕੋਲੋਂ ਹਾਰ ਕੇ ਵੀ ਉਸ ਅੱਗੇ ਸਿਰ ਨੀ ਸੀ ਝੁਕਾਇਆ , ਉਸ ਸਿਰ ਦੀ ਵੀ ਜਿਸਨੂੰ ਸੂਦਰ ਕਹਿ ਕੇ ਰਾਜੇ ਦੇ ਦਰਬਾਰ ਅੰਦਰ ਕਈ ਵਾਰ ਮੌਤ ਦੀ ਸਜ਼ਾ ਸੁਣਾਈ ਗਈ ਪਰ ਨਾਂ ਤਾਂ ਉਹਦਾ ਕੋਈ ਸਿਰ ਝੁਕਾ ਸਕਿਆ ਤੇ ਨਾਂ ਉਸਦਾ ਵਾਲ ਵਿੰਗਾ ਕਰ ਸਕਿਆ। ਫਿਰ ਉਹ ਸਿਰ ਵੀ ਯਾਦ ਆਇਆ ਜਿਹੜਾ ਨਾਂ ਬਾਬਰ ਦੇ ਦਰਬਾਰ ਅੱਗੇ, ਨਾਂ ਹਿਮਾਯੂ ਦੀ ਤਲਵਾਰ ਅੱਗੇ, ਨਾ ਤੱਤੀ ਤਬੀ ਤੇ, ਨਾ ਜੰਗਾਂ ਦੇ ਮੈਦਾਨ ਵਿੱਚ, ਨਾ ਚਾਂਦਨੀ ਚੌਕ ਵਿਚ, ਨਾ ਆਰੇ ਹੇਠਾਂ, ਨਾ ਬਲਦੀ ਰੂੰ ਚ' ਤੇ ਨਾ ਬਲਦੀ ਹੋਈ ਦੇਗ਼ ਚ' ਬੈਠਿਆਂ ਕਦੇ ਨਹੀਂ ਝੁਕੇ।ਬੜੇ ਕਮਾਲ ਦੇ ਸਿਰ ਸਨ ਜਿਨ੍ਹਾਂ ਨੇ ਮਾੜੇ ਚੰਗੇ ਮੌਸਮਾਂ ਨੂੰ ਪਿੰਡੇ ਤੇ ਹੰਢਾਇਆ, ਨੀਹਾਂ ਚ' ਖੜੇ, ਜੰਗਾਂ ਵਿੱਚ ਲੜੇ, ਬੰਦ ਬੰਦ ਕਟਾਏ ਖੋਪਰ ਲੁਹਾਏ ਪਰ ਪੱਗ ਦੀ ਸ਼ਾਨ ਨੂੰ ਢਾਹ ਨਹੀਂ ਲੱਗਣ ਦਿੱਤੀ।
ਇਸ ਅਜ਼ਾਦੀ ਦੇ ਤਾਜ ਖਾਤਰ ਆਪਣੇ ਬੱਚਿਆਂ ਦੇ ਕਲੇਜੇ ਮੂੰਹ ਚ ਪਵਾਏ, ਕਦੇ ਬੋਟੀਆਂ ਦੇ ਹਾਰ ਗਲੀਂ ਪਵਾਏ ਕਦੇ ਨੇਜਿਆਂ ਤੇ ਬੱਚੇ ਟੰਗੇ ਗਏ ਪਰ ਇਸ ਸਿਰ ਦੇ ਤਾਜ ਦੇ ਰੰਗ ਹੋਰ ਵੀ ਨਿੱਖਰਦੇ ਰਹੇ।  ਉਹ ਸਿਰ ਵੀ ਅੱਖਾਂ ਸਾਹਵੇਂ ਘੁੰਮ ਰਹੇ ਸੀ, ਜਿਹੜਿਆਂ ਨੂੰ ਜੰਗਲਾਂ ਦਾ ਸਹਾਰਾ ਲੈ ਕੇ ਜਿੰਦਗੀ ਬਚਾਉਣੀ ਪੈ ਰਹੀ ਸੀ ਤੇ ਖਾਣ ਲਈ ਭਾਂਵੇ ਕਦੇ ਰੋਟੀ ਨਸੀਬ ਹੁੰਦੀ ਸੀ ਕਦੇ ਨਹੀਂ ਪਰ ਸਿਰੋਂ ਪੱਗ ਨੀ ਲਹਿਣ ਦਿੱਤੀ। ਇਹਨਾਂ ਸਿਰਾਂ ਨੇ ਕਦੇ  ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਬਚਾਈਆਂ, ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ ਚਾਹੇ ਫਿਰ ਤੋਪਾਂ ਅੱਗੇ ਖੜਨਾਂ ਪਿਆ ਚਾਹੇ ਫਾਂਸੀ ਚੜਨਾ ਪਿਆ। ਐਸੇ ਸਿਰ ਸਨ ਇਹ ਜਿੰਨ੍ਹਾਂ  ਦੇ ਕਦੇ ਪੂਰੇ ਉੱਤਰੀ-ਪੱਛਮੀ ਭਾਰਤ ਨੂੰ ਆਪਣਾ ਲੋਹਾ ਮੰਨਵਾ ਸ਼ੇਰੇ-ਪੰਜਾਬ ਦੇ ਖਿਤਾਬ ਹਾਸਲ ਕੀਤੇ ਤੇ ਕਦੇ ਇਕੱਲਿਆਂ ਸ਼ੇਰਾਂ ਦੇ ਸ਼ਿਕਾਰ ਕਰ ਨਲੂਏ ਦੇ। ਇਹ ਪੱਗ ਵਾਲੇ ਸਿਰਾਂ ਨੇ ਕਦੇ ਕਿਸੇ ਦੀ ਈਨ ਨਾਂ ਮੰਨੀ । ਜਿੱਥੇ ਇਹਨਾਂ ਦੀ ਕਿਰਪਾਨ ਨੇ ਵੈਰੀਆਂ ਦੀਆਂ ਗੋਡੀਆਂ ਲਵਾਈਆਂ ਓਥੇ ਗਿਆਨ ਚਰਚਾ ਵਿੱਚ ਵੀ ਕਹਿੰਦੇ ਕਹੁੰਦਿਆਂ ਦੀਆਂ ਗੋਡਣੀਆਂ ਲਵਾਈਆਂ। ਇਨ੍ਹਾਂ ਜੋ ਕਿਹਾ ਕਰ ਕੇ ਵਖਾਇਆ ਭਾਂਵੇ ਫਿਰ ਉਹ ਆਪਣਾ ਵੱਖਰਾ ਸੂਬਾ ਲੈਣਾ ਹੋਵੇ ਚਾਹੇ ਗੁਰੂ ਦਰਬਾਰਾਂ ਲਈ ਸ਼ਹੀਦੀ ਪਾਉਣ ਦੀ ਗੱਲ ਹੋਵੇ।ਇਨ੍ਹਾਂ ਪੱਗ ਆਲੇ ਸਿਰਾਂ ਦਾ ਇਖਲਾਕ ਐਸਾ ਸੀ ਕਿ ਦੁਸ਼ਮਣ ਵੀ ਇਹਨਾਂ ਦੀ ਤਾਰੀਫ ਕਰਨੋ ਰਹਿ ਨਾਂ ਸਕਿਆ।
ਐਸੇ ਪੱਗ ਵਾਲੇ ਸਿਰ ਮੇਰੀ ਸੋਚ ਵਿੱਚ ਆਉਂਦੇ-ਆਉਂਦੇ ਕੁਝ ਹੋਰ ਪੱਗ ਵਾਲੇ ਸਿਰ ਵੀ ਧਿਆਨ ਵਿੱਚ ਆਏ ਜਿੰਨ੍ਹਾਂ ਚੋਂ ਇਕ ਆਖ ਰਿਹਾ ਸੀ, "ਯਾਰ ਛੱਡ ਮਰਿਯਾਦਾ ਮਰਯੂਦਾ ਨੂੰ , ਤੂੰ ਦੇਖ ਪ੍ਰਧਾਨਗੀ ਬਚਦੀ ਆ ਕੁ ਨਹੀਂ"। ਇਕ ਆਖ ਰਿਹਾ ਸੀ ਪੰਥ ਦੀ ਬਾਅਦ ਚ' ਦੇਖਾਂਗੇ ਪਹਿਲਾਂ ਪੰਜਾਬ ਤੇ ਰਾਜ ਸਾਡਾ ਹੋਜੇ"। ਇਕ ਪੱਗ ਆਲਾ ਸਿਰ ਮਹਿੰਗੇ ਜਿਹੇ ਮੋਟਰਸਾਈਕਲ ਚੋਂ ਉੱਤਰਦਾ ਹੋਇਆ ਆਪਣੇ ਭਰਵੱਟਿਆਂ ਕੋਲੋਂ ਆਪਣੀ ਪੱਗ ਨੂੰ ਸੈੱਟ ਕਰਦਾ ਹੋਇਆ ਕਾਲਜ ਦੀ ਪਾਰਕਿੰਗ ਕੋਲੇ ਈ ਖੜੇ ਮੁਰਗੇ ਦੀ ਕਲਗੀ ਵਾਂਗ ਖੜ੍ਹੇ ਕੀਤੇ ਵਾਲਾਂ ਆਲੇ ਮੁੰਡਿਆਂ ਨੂੰ ਕਹਿੰਦਾ ਸੁਣਿਆਂ,"ਪੱਗ ਕਿਵੇਂ ਆ ਥੋਡੇ ਬਾਈ ਦੀ ਅੱਜ ਤਾਂ ਨੀਂ ਭਾਬੀ ਥੋਡੀ ਨਾਂਹ ਕਰਦੀ ਦੇਖ ਕੇ..?
  ਹੋਰ ਹੈਰਾਨੀ ਤਾਂ ਓਦੋ ਹੋਈ ਜਦੋਂ ਕੁਝ ਪੱਗ ਆਲੇ ਸਿਰਾਂ ਨੇ ਇਕ ਹੋਰ ਪੱਗ ਆਲੇ ਸਿਰ ਤੇ ਸਬੀਲ ਲਾ ਕੇ ਇਸ ਲਈ ਗੋਲੀਆਂ ਚਲਾ ਦਿੱਤੀਆਂ ਕਿਓਂਕਿ ਕੁਝ ਦਿਨ ਪਹਿਲਾਂ ਉਸਨੇ ਇਕ ਹੋਰ ਪੱਗ ਆਲੇ ਸਿਰ ਨੂੰ ਪੱਗ ਦੀ ਅਹਿਮੀਅਤ ਸਮਝਣ ਲਈ ਕਹਿ ਤਾ ਸੀ। ਮੈਂ ਬੜਾ ਹੈਰਾਨ ਹੋ ਰਿਹਾ ਸੀ ਬਈ ਕਿੱਥੇ ਉਹ ਪੱਗ ਆਲੇ ਸਿਰ ਸੀ ਜਿਹੜੇ ਪੱਗ ਦੀ ਸ਼ਾਨ ਉੱਚੀ ਕਰਨ ਲਈ ਆਪਣੀ ਜਾਨ ਤਲੀ ਤੇ ਧਰ ਲੈਂਦੇ ਸੀ ਪਰ ਅੱਜ ਦੇ ਪੱਗਾਂ ਆਲੇ ਸਿਰ ਇੱਕ ਦੂਜੇ ਦੀਆਂ ਪੱਗਾਂ ਚੌਧਰਾਂ ਦੀ ਖਾਤਰ ਹੀ ਪੈਰਾਂ ਚ'ਰੋਲ ਦਿੰਦੇ ਨੇ। ਇਨ੍ਹਾਂ ਅੱਗੇਪੱਗ ਦੀ ਇੱਜ਼ਤ ਦੀ ਨਹੀਂ ਸਗੋਂ ਆਪਣੀ ਹਿੰਡ ਮਨਵਾਉਣ ਦੀ ਜਿੱਦ ਜਿਆਦਾ ਰਹਿੰਦੀ ਆ।ਇਹਨਾਂ ਸਿਰਾਂ ਦੀ ਸਿਰਖਪਾਈ ਨੇ ਕਾਫੀ ਪਰੇਸ਼ਾਨੀ ਜਿਹੀ ਪੈਦਾ ਕਰ ਦਿੱਤੀ ਸੀ ਤਾਂ ਇੱਕ ਆਸ ਦੀ ਕਿਰਨ ਵਾਂਗ ਕੁਝ ਇਹੋ ਜਿਹੇ ਸਿਰ ਵੀ ਨਜ਼ਰੀਂ ਆਏ ਜਿਹੜਿਆਂ ਨੇ ਇਹਨਾਂ ਪੱਗਾਂ ਨੂੰ ਸਿਰਾਂ ਤੇ ਸਜਾਉਣ ਲਈ ਇਨ੍ਹੀ ਮਿਹਨਤ ਕੀਤੀ ਕਿ ਉਨ੍ਹਾਂ ਲੋਕਾਂ ਦੇ ਸਿਰਾਂ ਤੇ ਵੀ ਪੱਗਾਂ ਸਜਾ ਦਿੱਤੀਆਂ ਜਿਨ੍ਹਾਂ ਦੇ ਫੈਸ਼ਨਾਂ ਦੀ ਰੀਸ਼ ਕਰਦੇ-ਕਰਦੇ ਸਾਡੇ ਸਿਰਾਂ ਤੋਂ ਪੱਗਾਂ ਲਹਿ ਟੋਪੀਆਂ ਆ ਗਈਆਂ ਨੇ । ਕੁਝ ਕੁ ਖੁਸ਼ੀ ਜਿਹੀ ਮਨ ਚ' ਆਈ ਸੀ ਕਿ ਮੰਮੀ ਨੇ ਅਚਾਨਕ ਅਵਾਜ਼ ਦੇ ਦਿੱਤੀ, ਵੇ ਮੁੰਡਿਆਂ ਸ਼ੀਸ਼ੇ ਮੂਹਰੇ ਖੜ੍ਹਾ ਕੀ ਦੇਖੀ ਜਾਨਾ, ਰੋਟੀ ਥਾਲੀ ਚ ਪਾ ਕੇ ਰੱਖੀ ਨੂੰ ਘੰਟਾ ਹੋ ਗਿਆ , ਇਹ ਮੁੰਡਾ ਤਾਂ ਇਕ ਵਾਰ ਸਵੇਰੇ ਉੱਠ ਕੇ ਕਮਰੇ ਚ' ਵੜ ਜਾਂਦਾ ਮੁੜਕੇ ਨੀ ਨਾਂ ਲੈਂਦਾ ਨਿਕਲਣ ਦਾ....!
ਮੈਂ ਸੁਣਦੇ ਸਾਰ ਬਾਜ ਨੂੰ ਸਰਟ ਦੇ ਦੂਜੇ ਬਟਨ ਦੇ ਕਾਜ਼ ਵਿੱਚ ਟੰਗਦਾ ਹੋਇਆ ਛੇਤੀ ਨਾਲ ਜਾ ਕੇ ਡਿਓੜੀ ਚ'ਡਾਹੇ ਮੰਜੇ ਤੇ ਰੋਟੀ ਖਾਣ ਲਈ ਬੈਠ ਗਿਆ. ...
        ( ਇੰਦਰਜੀਤ ਸਿੰਘ ਜੋਧਪੁਰੀ )