ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਗੁਰੂਘਰ ਵਿਖੇ ਮਨਾਇਆ ਗਿਆ ਘੱਲੂਘਾਰਾ ਦਿਵਸ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਨੂੰ ਭਾਰਤ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ 'ਤੇ ਵਰਤਾਏ ਗਏ ਅਣਮਨੁੱਖੀ ਕਹਿਰ ਦਾ ਸ਼ਿਕਾਰ ਹੋਏ ਸਮੂਹ ਸਿੱਖਾਂ ਨੂੰ ਯਾਦ ਕਰਨ ਹਿੱਤ 32ਵਾਂ ਘੱਲੂਘਾਰਾ ਦਿਵਸ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਮਨਾਇਆ ਗਿਆ। 
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਜਾਬ 'ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਗੁਰਦਿਆਲ ਸਿੰਘ ਲੱਖਪੁਰ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਅਤੇ ਮੌਜੂਦਾ ਸਿੱਖ ਸੰਘਰਸ਼ ਬਾਰੇ ਪ੍ਰਸੰਗ ਪੇਸ਼ ਕੀਤੇ। ਦਲ ਖਾਲਸਾ ਅਤੇ ਪੰਚ ਪ੍ਰਧਾਨੀ ਦੇ ਰਲੇਵੇਂ ਬਾਅਦ ਨਵ-ਨਿਯੁਕਤ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾਂ ਹੋਰਾਂ ਨੇ ਅਪਣੀ ਇਸ ਪਹਿਲੀ ਵਿਦੇਸ਼ ਫੇਰੀ ਸਮੇਂ ਇਸ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਉਪਰੋਕਤ ਦੋਵਾਂ ਜਥੇਬੰਦੀਆਂ ਵੱਲੋਂ ਕਿਸ ਤਰਾਂ ਨਾਲ ਸਿੱਖ ਸੰਘਰਸ਼ ਨੂੰ ਅੱਗੇ ਤੋਰਿਆ ਜਾ ਰਿਹਾ ਹੈ। ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਵੱਲੋਂ ਕਰਵਾਏ ਇਸ ਸਮਾਗਮ ਸਮੇਂ ਭਾਈ ਹਰਜੀਤ ਸਿੰਘ ਹੌਲੈਂਡ, ਬਿੰਦਰ ਸਿੰਘ ਹੌਲੈਂਡ, ਭਾਈ ਪ੍ਰਿਥੀਪਾਲ ਸਿੰਘ ਫਰਾਂਸ, ਸਤਨਾਮ ਸਿੰਘ, ਕੁਲਦੀਪ ਸਿੰਘ ਬਿੱਟੂ, ਜੱਸਾ ਭਾਟੀਆ, ਗੁਰਮੁੱਖ ਸਿੰਘ, ਬਲਜਿੰਦਰ ਸਿੰਘ ਰਾਜਵਿੰਦਰ ਸਿੰਘ, ਜਸਪਾਲ ਸਿੰਘ ਅਤੇ ਭਾਈ ਗੁਰਦੇਵ ਸਿੰਘ ਹੋਰੀਂ ਆਗੂਆਂ 'ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਦੀ ਕਾਰਵਾਈ ਭਾਈ ਜਗਦੀਸ਼ ਸਿੰਘ ਭੂਰਾ ਹੋਰਾਂ ਨੇ ਬਾਖੂਬੀ ਨਿਭਾਈ ਤੇ ਆਏ ਆਗੂਆਂ ਅਤੇ ਸਹਿਯੋਗ ਦੇਣ ਲਈ ਸੰਗਤਾਂ ਦਾ ਧੰਨਵਾਦ ਬਲਿਹਾਰ ਸਿੰਘ ਹੋਰਾਂ ਨੇ ਕੀਤਾ। ਸਮੂਹ ਬੁਲਾਰਿਆਂ ਨੇ ਜਿਥੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਲੀਆਂ ਦਿੱਤੀਆਂ ਉੱਥੇ ਸਿੱਖ ਕੌਂਮ ਦੇ ਭਖਦੇ ਮਸਲਿਆਂ ਬਾਰੇ ਵਿਚਾਰ-ਵਟਾਦਰਾਂ ਵੀ ਕੀਤਾ।