ਅਮ੍ਰਿਤ ਕਾਹਲੋਂ ਬਣਿਆ ਜਰਮਨ ਕਰਾਟੇ ਹੈਵੀਵੇਟ ਚੈਂਪੀਅਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 11 ਅਤੇ 12 ਜੂਨ ਨੂੰ ਜਰਮਨੀ ਦੇ ਸ਼ਹਿਰ ਏਅਰਫੁਰਥ ਵਿਖੇ ਕਰਾਟਿਆਂ ਦੀ ਜਰਮਨ ਚੈਂਪੀਅਨਸਿੱਪ ਕਰਵਾਈ ਗਈ। ਇਸ ਚੈਂਪੀਅਨਸਿੱਪ ਵਿੱਚ 16 ਸੂਬਿਆਂ ਦੇ ਕਰਾਟੇ ਖਿਡਾਰੀਆਂ ਨੇ ਭਾਗ ਲਿਆ। ਪਿਛਲੇ ਮਹੀਨੇ ਅਪਣੇ ਸੂਬੇ ਨੌਰਥ ਰਾਈਨ ਵੈਸਟਫਾਲਨ ਦੀ ਸਟੇਟ ਚੈਂਪੀਅਨਸਿੱਪ ਜਿੱਤਣ ਬਾਅਦ ਅਮ੍ਰਿਤ ਕਾਹਲੋ ਨੇ ਇਹਨਾਂ ਮੁਕਾਬਲਿਆਂ ਵਿੱਚ ਅਪਣੇ ਸੂਬੇ ਦੀ ਨੁੰਮਾਇਦਗੀ ਕਰਦਿਆਂ ਖੁੱਲੇ ਭਾਰ ਵਰਗ ਵਿੱਚ ਹਿੱਸਾ ਲਿਆ। ਅਮ੍ਰਿਤ ਦਾ ਭਾਰ 98 ਕਿੱਲੋ ਅਤੇ ਉਸਦਾ ਕੱਦ 6 ਫੁੱਟ ਚਾਰ ਇੰਂਚ ਹੈ। ਇਹਨਾਂ ਮੁਕਾਬਲਿਆਂ ਨੂੰ ''ਸਾਨਾਂ ਨੇ ਭੇੜ'' ਕਹਿਣਾ ਵੀ ਕੋਈ ਅਤਿਕਥਨੀ ਨਹੀ ਹੋਵੇਗੀ ਕਿਉਕਿ ਇਹ ਜਰਮਨੀ ਭਰ ਵਿੱਚੋਂ ਚੁਣ ਕੇ ਆਏ ਚੋਟੀ ਦੇ ਖਿਡਾਰੀਆਂ ਵਿਚਕਾਰ ਹੁੰਦੇ ਹਨ। ਕਾਹਲੋਂ ਪਰਿਵਾਰ ਦੇ ਫਰਜੰਦ ਅਮ੍ਰਿਤ ਨੇ ਇੱਕ ਵਾਰ ਇਤਿਹਾਸ ਰਚਦਿਆਂ ਚਾਰੇ ਮੁਕਾਬਲਿਆਂ ਵਿੱਚ ਕਿਸੇ ਵੀ ਵਿਰੋਧੀ ਖਿਡਾਰੀ ਨੂੰ ਅਪਣੇ ਉੱਪਰ ਨੰਬਰ ਨਹੀ ਬਣਾਉਣ ਦਿੱਤਾ। ਪਹਿਲੇ ਮੁਕਾਬਲੇ ਵਿੱਚ ਅਮ੍ਰਿਤ ਨੇ 5-0, ਦੂਜੇ ਮੁਕਾਬਲੇ ਵਿੱਚ ਵਿਰੋਧੀ ਖਿਡਾਰੀ ਦੇ ਫੱਟੜ ਹੋਣ ਕਾਰਨ ਅਤੇ ਨਾਂ ਖੇਡਣ ਕਾਰਨ ਵੀ ਅਮ੍ਰਿਤ ਹੀ ਜੇਤੂ ਰਿਹਾ, ਤੀਜੇ ਮੁਕਾਬਲਾ 4-0 ਅਤੇ ਫਾਈਨਲ 1-0 ਨਾਲ ਜਿੱਤ ਕੇ ਅਪਣੀ ਸਖ਼ਤ ਮਿਹਨਤ ਦਾ ਸਾਂਨਦਾਰ ਪ੍ਰਦਸ਼ਨ ਕਰਦਿਆਂ ਗੋਰਿਆਂ ਨੁੰ ਹੈਰਾਨ ਕਰ ਦਿੱਤਾ। ਫਾਈਨਲ ਮੁਕਾਬਲੇ ਵਿੱਚ ਬੇਸੱਕ ਵਿਰੋਧੀ ਖਿਡਾਰੀ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਪਰ ਆਖਰੀ ਪੰਜ ਸੈਕਿਡਾਂ ਵਿੱਚ ਅਮ੍ਰਿਤ ਨੇ ਇੱਕ ਨੰਬਰ ਬਣਾ ਕੇ ਜਿੱਤ ਦਾ ਝੰਡਾਂ ਗੱਡ ਦਿੱਤਾ। ਇਸ ਜਿੱਤ ਬਾਅਦ ਅਮ੍ਰਿਤ ਕਾਹਲੋਂ ਜਰਮਨੀ ਦਾ ਸਭ 'ਤੋਂ ਚੋਟੀ ਦਾ ਖਿਡਾਰੀ ਬਣ ਗਿਆ ਹੈ। ਸਾਲ 2016 ਦੀ ਚੈਂਪੀਨਸਿੱਪ ਜਿੱਤਣ ਬਾਅਦ ਅਮ੍ਰਿਤ ਨੇ ਵਿਸ਼ਵ ਪੱਧਰ ਦੇ ਕਰਾਟੇ ਟੂਰਨਾਂਮੈਂਟ ਖੇਡਣ ਲਈ ਕੁਆਲੀਫਾਈ ਵੀ ਕਰ ਲਿਆ ਹੈ ਅਤੇ ਉਸਦੀ ਅਗਲੇ ਮੁਕਾਬਲਿਆਂ ਲਈ ਪੂਰੀ ਤਿਆਰੀ ਹੈ। ਅਮ੍ਰਿਤ ਦੇ ਕੋਚ ਅਤੇ ਮਾਤਾ-ਪਿਤਾ ਨੂੰ ਇਸ ਬੱਚੇ ਦੀਆਂ ਕਾਮਯਾਬੀਆਂ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗਾ ਹੋਇਆ ਹੈ ਪਰ ਅਮ੍ਰਿਤ ਦੇ ਮਾਤਾ ਪਿਤਾ ਸਰਦਾਰਨੀ ਰਾਜਵੀਰ ਕੌਰ ਅਤੇ ਸ ਤਰਲੋਚਨ ਸਿੰਘ ਇਹਨਾਂ ਕਾਮਯਾਬੀਆਂ ਨੂੰ ਗੁਰੂ ਮਾਹਰਾਜ ਦੀ ਹੀ ਦੇਣ ਕਹਿੰਦੇ ਹੋਏ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਉਹ ਬੱਚਿਆਂ ਨੂੰ ਖੇਡਾਂ ਵੱਲ ਉਤਸਾਹਤ ਕਰਨ ਤਾਂ ਜੋ ਬੱਚੇ ਨਸ਼ਿਆਂ 'ਤੋ ਰਹਿਤ ਰਹਿ ਕੇ ਸਨਮਾਂਨਯੋਗ ਜਿੰਦਗੀ ਜਿਊਣ ਦੇ ਕਾਬਲ ਬਣ ਸਕਣ।