ਲੀਅਜ਼ ਬੈਲਜ਼ੀਅਮ ਵਿਖੇ ਮਨਾਇਆ ਗਿਆ ਸ਼ਹੀਦੀ ਸਮਾਗਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਬਹੁਤ ਸਾਰੇ ਗੁਰੂਘਰਾਂ ਵਿੱਚ ਉਸ ਸਮੇਂ ਦੀ ਹਕੂਮਤ ਵੱਲੋਂ ਵਰਤਾਏ ਗਏ ਅਣਚਿਤਵੇ ਕਹਿਰ ਦੌਰਾਂਨ ਸ਼ਹੀਦ ਹੋਏ ਬੇਗੁਨਾਹ ਯਾਤਰੀਆਂ ਅਤੇ ਗੁਰਧਾਮਾਂ ਦੀ ਬੇਹੁਰਮਤੀ ਵਿਰੁੱਧ ਜੂਝ ਕੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਨ ਹਿੱਤ ਇੱਕ ਸ਼ਹੀਦੀ ਸਮਾਗਮ ਬੈਲਜ਼ੀਅਮ ਦੇ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਲੀਅਜ਼ ਵਿਖੇ ਕਰਵਾਇਆ ਜਾ ਗਿਆ। 
ਇਸ ਸ਼ਹੀਦੀ ਸਮਾਗਮ ਵਿੱਚ ਇੰਗਲੈਂਡ 'ਤੋਂ ਭਾਈ ਪਲਵਿੰਦਰ ਸਿੰਘ ਅਤੇ ਭਾਈ ਸਤਵਿੰਦਰ ਸਿੰਘ ਹੋਰਾਂ ਦੇ ''ਜਾਗੋ ਵਾਲੇ ਸਿੰਘਾਂ ਦਾ ਜਥਾ'' ਦੇ ਨਾਂਮ ਨਾਲ ਬਹੁਚਰਚਿੱਤ ਕਵੀਸ਼ਰੀ ਜਥਾ ਵਿਸ਼ੇਸ਼ 'ਤੌਰ ਪਹੁੰਚਿਆਂ। ਜਥੇ ਨੇ ਕਈ ਘੰਟੇਂ ਸੰਗਤਾਂ ਨੂੰ ਸਿੱਖ ਸੰਘਰਸ਼ ਦੇ ਮਾਣਮੱਤੇ ਇਤਿਹਾਸ ਬਾਰੇ ਜਾਣੂ ਕਰਵਾਉਦਿਆਂ ਅਪਣਾ ਮਸਹੂਰ ਪ੍ਰਸੰਗ ''ਜਾਗੋ ਆਈ ਆ'' ਗਾ ਕੇ ਸੁਣਾਇਆ। ਸ ਉਂਕਾਰ ਸਿੰਘ ਅਤੇ ਪ੍ਰਿਥੀਪਾਲ ਸਿੰਘ ਪਟਵਾਰੀ ਨੇ ਦੱਸਿਆ ਕਿ ਇਹ ਸਮਾਗਮ ਸਥਾਨਕ ਸਿੱਖ ਸੰਗਤ ਵੱਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਦਾ ਕੀਰਤਨ ਅਤੇ ਕਵੀਸ਼ਰੀ ਜਥੇ ਨੇ ਗੁਰ ਇਤਿਹਾਸ ਅਤੇ ਮੌਜੂਦਾ ਸਿੱਖ ਸੰਘਰਸ਼ ਬਾਰੇ ਕਵੀਸ਼ਰੀ ਪੇਸ਼ ਕੀਤੀ ਜਿਸ ਨੂੰ ਸੰਗਤ ਨੇ ਬੜੇ ਉਤਸਾਹ ਅਤੇ ਪ੍ਰੇਮ ਨਾਲ ਸਰਵਣ ਕੀਤਾ।
ਇੰਗਲੈਂਡ 'ਤੋਂ ਉੱਘੇ ਸਿੱਖ ਆਗੂ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਦਵਿੰਦਰਜੀਤ ਸਿੰਘ, ਫਰਾਂਸ 'ਤੋਂ ਬਾਬਾ ਕਸ਼ਮੀਰ ਸਿੰਘ, ਭਾਈ ਰਘੁਵੀਰ ਸਿੰਘ ਕੁਹਾੜ, ਜਰਮਨੀ 'ਤੋਂ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਹੋਰਾਂ ਨੇ ਆਪੋ ਅਪਣੇ ਸੰਬੋਧਨਾਂ ਵਿੱਚ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਿੱਖ ਸੰਗਤ ਨੂੰ ਮਹਾਂਨ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ। ਭਾਈ ਦਵਿੰਦਰਜੀਤ ਸਿੰਘ ਹੋਰਾਂ ਦੱਸਿਆ ਕਿ ਬੇਸੱਕ ਮੋਦੀ ਸਰਕਾਰ ਸਿੱਖਾਂ ਨੂੰ ਪੁਚਕਾਰਨ ਹਿੱਤ ਕਈ ਘਿਨਾਉਣੇ ਹੱਥਕੰਡੇ ਵਰਤ ਰਹੀ ਹੈ ਪਰ ਪ੍ਰਵਾਸੀ ਸਿੱਖਾਂ ਵੱਲੋਂ ਸਾਂਤਮਈ ਅਤੇ ਜਮਹੂਰੀਅਤ ਢੰਗ ਨਾਲ ਕੀਤੇ ਜਾ ਰਹੇ ਰਹੇ ਸੰਘਰਸ਼ ਅੱਗੇ ਭਗਵਿਆਂ ਨੂੰ ਕਈ ਕੂਟਨੀਤਿਕ ਹਾਰਾਂ ਦਾ ਸਾਹਮਣਾ ਕਰਨਾਂ ਪਿਆ ਜਿਵੇਂ ਭਾਈ ਪ੍ਰਮਜੀਤ ਸਿੰਘ ਪੰਮਾਂ ਦੀ ਹਵਾਲਗੀ ਰੁਕਣਾ ਅਤੇ ਕਈ ਸਾਲਾਂ 'ਤੋਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਤੇ ਲੱਗੀ ਪਾਬੰਦੀ ਨੂੰ ਵਲੈਤੀ ਸਰਕਾਰ ਵੱਲੋਂ ਹਟਾ ਲੈਣਾ ਭਾਰਤੀ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸ਼ਹੀਦੀ ਸਮਾਗਮ ਸਾਡੀ ਅਜ਼ਾਦੀ ਲਈ ਤਾਂਘ ਦੀ ਗਵਾਹੀ ਹਨ ਤੇ ਅਜਿਹੇ ਸਮਾਗਮ ਕਰਵਾਉਣ ਵਾਲੇ ਨੌਜਵਾਨ ਵਧਾਈ ਦੇ ਪਾਤਰ ਹਨ ਜਿਹੜੇ ਅਜ਼ਾਦੀ ਦੇ ਦੀਵੇ ਨੂੰ ਬਲਦਾ ਰੱਖ ਰਹੇ ਹਨ।
ਸਟੇਜ ਦੀ ਕਾਰਵਾਈ ਜਰਮਨ 'ਤੋਂ ਪਹੁੰਚੇ ਫੈਡਰੇਸ਼ਨ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਹੋਰਾਂ ਬਾਖੂਬੀ ਨਿਭਾਈ। ਜਾਗੋ ਵਾਲੇ ਸਿੰਘਾਂ ਦੇ ਕਵੀਸ਼ਰੀ ਜਥੇ ਅਤੇ ਵਿਦੇਸਾਂ ਵਿੱਚੋਂ ਵਿਸ਼ੇਸ਼ 'ਤੌਰ ਤੇ ਪਹੁੰਚੇ ਪੰਥਕ ਆਗੂਆਂ ਨੂੰ ਗੁਰੂਘਰ ਵੱਲੋਂ ਸਿਰੋਪਾਉ ਬਖ਼ਸਿਸ਼ ਕਰ ਕੇ ਸਨਮਾਨਿਤ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਜੱਜ ਹੋਰਾਂ ਨੇ ਆਈਆਂ ਸੰਗਤਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ। ਭਾਰੀ ਗਿਣਤੀ ਵਿੱਚ ਪਹੁੰਚੀ ਸੰਗਤ ਕਾਰਨ ਇਸ ਸਮਾਗਮ ਨੂੰ ਮਹਾਨ ਸ਼ਹੀਦੀ ਸਮਾਗਮ ਕਹਿਣਾ ਵੀ ਕੋਈ ਅਤਿ ਅਥਨੀ ਨਹੀ ਹੋਵੇਗੀ ਕਿਉਕਿ ਸੰਗਤ ਦੀ ਭਾਰੀ ਗਿਣਤੀ ਕਾਰਨ ਲੰਗਰ ਵੀ ਦੋ ਵਾਰੀ ਬਣਾਉਣਾ ਪਿਆ ਪਰ ਪ੍ਰਬੰਧਕਾਂ ਦਾ ਪ੍ਰਬੰਧ ਕਾਬਲੇ ਤਾਰੀਫ ਸੀ।