ਬੈਲਜ਼ੀਅਮ ਵਿੱਚ ਆਪ ਸਮਰੱਥਕਾਂ ਨੇ ਇਕੱਠਾ ਕੀਤਾ ਚੋਣ ਫੰਡ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 4 ਫਰਬਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਵਿੱਚ ਇਸ ਵਾਰ ਪ੍ਰਵਾਸ਼ੀ ਪੰਜਾਬੀਆਂ ਵੱਲੋਂ ਇਤਿਹਾਸਿਕ ਰੋਲ ਅਦਾ ਕੀਤਾ ਜਾ ਰਿਹਾ ਹੈ। ਅਮਰੀਕਾ, ਕਨੇਡਾ ਸਮੇਤ ਬਹੁਤ ਸਾਰੇ ਪੱਛਮੀ ਦੇਸਾਂ ਵਿੱਚੋ ਪੰਜਾਬੀ ਇਹਨਾਂ ਚੋਣਾ ਵਿੱਚ ਹਿੱਸਾ ਲੈਣ ਪੰਜਾਬ ਪਹੁੰਚ ਚੁੱਕੇ ਹਨ। ਆਮ ਆਦਮੀ ਸਪੋਰਟਰ ਗਰੁੱਪ ਬੈਲਜ਼ੀਅਮ ਵੱਲੋਂ ਵੀ ਇੱਕ ਟੀਮ ਪੰਜਾਬ ਜਾ ਰਹੀ ਹੈ ਅਤੇ ਪਿਛਲੇ ਦਿਨੀ ਹੋਈ ਇਕੱਤਰਤਾ ਵਿੱਚ ਫੰਡ ਇਕੱਠਾ ਕੀਤਾ ਗਿਆ ਜਿਸ ਵਿੱਚ ਬੈਲਜ਼ੀਅਮ ਵਸਦੇ ਪੰਜਾਬੀ ਭਾਈਚਾਰੇ ਦਿਲ ਖੋਲ੍ਹ ਕੇ ਮਾਇਆ ਭੇਟ ਕੀਤੀ ਜੋ ਆਰਥਿਕ ਤੌਰ ਤੇ ਕਮਜੋਰ ਉਮੀਦਵਾਰਾਂ ਦੀ ਮੱਦਦ ਲਈ ਹੈ। ਅਗਲੇ ਦਿਨਾਂ ਵਿੱਚ ਇੱਕ ਟੀਮ ਪੰਜਾਬ ਜਾ ਕੇ ਜਿੱਥੇ ਉਮੀਦਵਾਰਾਂ ਨੂੰ ਚੋਣ ਫੰਡ ਦੇਵੇਗੀ ਉੱਥੇ ਚੋਣ ਪ੍ਰਚਾਰ ਵਿੱਚ ਵੀ ਸਰਗਰਮ ਭੂਮਿਕਾ ਨਿਭਾਏਗੀ ਕਿਉਕਿ ਆਪ ਸਮਰੱਥਕਾਂ ਦਾ ਕਹਿਣਾ ਹੈ ਕਿ ਅਜ਼ਾਦੀ 'ਤੋਂ ਬਾਅਦ ਹੁਣ ਤੱਕ ਦੋ ਰਿਵਾਇਤੀ ਪਾਰਟੀਆਂ ਹੀ ਪੰਜਾਬ ਨੂੰ ਦੋਵੇਂ ਹੱਥੀ ਲੁੱਟਦੀਆਂ ਆ ਰਹੀਆਂ ਹਨ ਅਤੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਨਸ਼ਿਆਂ 'ਤੋਂ, ਮਾਫੀਆ ਗਰੋਹਾਂ ਅਤੇ ਸਿਆਸੀ ਲੀਡਰਾਂ ਦੀ ਸਹਿ ਪ੍ਰਾਪਤ ਗੈਂਗਸਟਰਾਂ ਦੇ ਕਾਲੇ ਸਾਏ 'ਤੋਂ ਮੁਕਤ ਕਰਵਾਉਣ ਲਈ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਜਰੂਰ ਮੌਕਾ ਦੇਣਾ ਚਾਹੀਦਾਂ ਹੈ।